ਕੰਗਨਾ ਰਨੌਤ: ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਅਦਾਕਾਰਾ ਦੇ 5 ਵਿਵਾਦਤ ਤੇ ਚਰਚਾ 'ਚ ਰਹੇ ਬਿਆਨ

ਫ਼ਿਲਮ ਅਦਾਕਾਰਾ ਕੰਗਨਾ ਰਨੌਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਹਨ। ਅਦਾਕਾਰਾ ਨੂੰ ਭਾਰਤ ਸਰਕਾਰ ਵੱਲੋਂ ਚਾਰ ਦਿਨ ਪਹਿਲਾਂ ਹੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।

ਜਿਸ ਤੋਂ ਬਾਅਦ ਉਨ੍ਹਾਂ ਨੇ ਆਜ਼ਾਦੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਜਿਸ ਉੱਤੇ ਵਿਵਾਦ ਛਿੜ ਗਿਆ ਹੈ।

ਇੱਕ ਮੀਡੀਆ ਚੈਨਲ 'ਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਅਗਸਤ 1947 ਵਿੱਚ ਜੋ ਅਜ਼ਾਦੀ ਮਿਲੀ ਸੀ ਉਹ ਭੀਖ ਦੀ ਅਜ਼ਾਦੀ ਸੀ ਜਦਕਿ ਦੇਸ਼ ਨੂੰ ਅਸਲੀ ਅਜ਼ਾਦੀ ਤਾਂ 2014 ਵਿੱਚ ਹੀ ਹਾਸਲ ਹੋਈ ਹੈ।

ਸਾਲ 2014 ਵਿੱਚ ਪਹਿਲੀ ਵਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ ਸਰਕਾਰ ਹਕੂਮਤ ਵਿੱਚ ਆਈ ਅਤੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ।

ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਹੈਸ਼ਟਗ ਕੰਗਨਾ ਪਦਮਸ਼੍ਰੀ ਵਾਪਿਸ ਕਰੋ ਟਰੈਂਡ (#कंगना_पद्मश्री_वापस_करो) ਕਰਨ ਲੱਗਾ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਲੋਕ ਕਈ ਤਰ੍ਹਾਂ ਦੇ ਮੀਮਜ਼ ਪੋਸਟ ਕਰਕੇ ਕੰਗਨਾ ਨੂੰ ਪਦਮ ਸ਼੍ਰੀ ਵਾਪਿਸ ਕਰਨ ਦੀ ਗੱਲ ਆਖ ਰਹੇ ਹਨ।

ਇਹ ਵੀ ਪੜ੍ਹੋ:

ਭਾਜਪਾ ਆਗੂ ਵਰੁਣ ਗਾਂਧੀ ਨੇ ਵੀ ਉਨ੍ਹਾਂ ਨੂੰ ਇਸ ਬਿਆਨ ਲਈ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਲਿਖਿਆ, ''ਕਦੇ ਮਹਾਤਮਾ ਗਾਂਧੀ ਜੀ ਦੇ ਤਿਆਗ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਅਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਭਗਤ ਸਿੰਘ, ਚੰਦਰਸ਼ੇਖ਼ਰ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਲੱਖਾਂ ਅਜ਼ਾਦੀ ਘੁਲਾਟੀਆਂ ਦਾ ਅਪਮਾਨ।

ਇਸ ਸੋਚ ਨੂੰ ਮੈਂ ਪਾਗਲ ਕਹਾਂ ਜਾਂ ਫਿਰ ਦੇਸ਼ਧ੍ਰੋਹ?''

ਅਦਾਕਾਰਾ ਸਵਾਰਾ ਭਾਸਕਰ ਨੇ ਲਿਖਿਆ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਉਹ ਕਿਹੜੇ ਮੂਰਖ ਹਨ ਜੋ ਤਾੜੀਆਂ ਮਾਰ ਰਹੇ ਹਨ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੰਗਨਾ ਰਨੌਤ ਨੇ ਇਸ ਤਰ੍ਹਾਂ ਦਾ ਵਿਵਾਦਿਤ ਬਿਆਨ ਦਿੱਤਾ ਹੋਵੇ। ਵਰਤਮਾਨ ਸਾਲ ਅਤੇ ਇਸ ਤੋਂ ਪਹਿਲਾਂ ਵੀ ਉਹ ਅਜਿਹੀ ਬਿਆਨਬਾਜ਼ੀ ਕਰਦੇ ਰਹੇ ਹਨ।

ਆਓ ਨਜ਼ਰ ਮਾਰਦੇ ਹਾਂ ਉਨ੍ਹਾਂ ਦੇ ਪੰਜ ਵਿਵਾਦਿਤ ਬਿਆਨਾਂ ਉੱਪਰ-

1. ਰਿਹਾਨਾ ਨੂੰ ਚੁੱਪ ਰਹਿਣ ਲਈ ਕਿਹਾ

ਕੌਮਾਂਤਰੀ ਪੋਪ ਸਟਾਰ ਰਿਹਾਨਾ ਨੇ ਫ਼ਰਵਰੀ 2021 ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਉਨ੍ਹਾਂ ਨੇ ਦਿੱਲੀ ਬਾਰਡਰਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਇੱਕ ਖ਼ਬਰ ਨੂੰ ਟਵੀਟ ਕਰਦਿਆਂ ਲਿਖਿਆ ਸੀ, "ਅਸੀਂ ਕਿਉਂ ਇਸ ਬਾਰੇ ਗੱਲ ਨਹੀਂ ਕਰ ਰਹੇ ਹਾਂ।"

ਕੰਗਨਾ ਰਨੌਤ ਨੇ ਇਸ ਦਾ ਜਵਾਬ ਦਿੰਦਿਆਂ ਲਿਖਿਆ ਸੀ, ''ਕੋਈ ਇਸ ਬਾਰੇ ਇਸ ਲਈ ਗੱਲ ਨਹੀਂ ਕਰ ਰਿਹਾ ਕਿਉਂਕਿ ਉਹ ਕਿਸਾਨ ਨਹੀਂ ਹਨ, ਉਹ ਅੱਤਵਾਦੀ ਹਨ ਜੋ ਭਾਰਤ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਤਾਂ ਜੋ ਚੀਨ ਇੱਕ ਟੁੱਟੇ ਹੋਏ ਦੇਸ਼ ਦਾ ਲਾਹਾ ਚੁੱਕ ਕੇ ਇਸ ਨੂੰ ਅਮਰੀਕਾ ਵਾਂਗ ਆਪਣੀ ਬਸਤੀ ਬਣਾ ਸਕੇ।''

ਉਨ੍ਹਾਂ ਨੇ ਰਿਹਾਨਾ ਨੂੰ ਲਿਖਿਆ ਸੀ, ''ਅਸੀਂ ਤੁਹਾਡੇ ਵਾਂਗ ਆਪਣਾ ਦੇਸ਼ ਨਹੀਂ ਵੇਚ ਰਹੇ ਹਾਂ।''

2. ਕੰਗਨਾ ਰਨੌਤ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਬੇਬੇ ਨੂੰ ਬਣਾਇਆ ਨਿਸ਼ਾਨਾ

ਦਸੰਬਰ 2020 ਵਿੱਚ ਕੰਗਨਾ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਬਾਅਦ ਡਿਲੀਟ ਵੀ ਕਰ ਦਿੱਤਾ ਸੀ।

ਇਸ ਟਵੀਟ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦਿਆਂ ਦੀ ਮਹਿੰਦਰ ਕੌਰ ਦੀ ਤਸਵੀਰ 'ਤੇ ਲਿਖਿਆ ਸੀ ਕਿ ਸ਼ਾਹੀਨ ਬਾਗ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਦਾਦੀ 100 ਰੁਪਏ ਦਿਹਾੜੀ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਹੈ।

ਬਾਅਦ ਵਿੱਚ ਫੈਕਟ ਚੈੱਕ ਕਰਨ ਵਾਲੀ ਸੰਸਥਾ ਆਲਟ ਨਿਊਜ਼ ਨੇ ਕੰਗਨਾ ਦੇ ਇਸ ਦਾਅਵੇ ਨੂੰ ਆਪਣੀ ਰਿਪੋਰਟ ਵਿੱਚ ਗ਼ਲਤ ਸਾਬਿਤ ਕਰ ਦਿੱਤਾ ਸੀ।

ਇਸ ਵਿਵਾਦ ਤੋਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਟਵਿੱਟਰ ਉੱਪਰ ਲੰਬਾ ਸਮਾਂ ਖਹਿਬਾਜ਼ੀ ਚੱਲਦੀ ਰਹੀ ਅਤੇ ਦੋਵਾਂ ਨੇ ਖੂਬ ਸੁਰਖੀਆਂ ਬਟੋਰੀਆਂ।

3. ਕੰਗਨਾ ਰਨੌਤ ਨੇ ਵੀਡੀਓ ਰਾਹੀਂ ਉਧਵ ਠਾਕਰੇ ਨੂੰ ਕੀਤਾ ਚੈਲੇਂਜ

ਸ਼ਿਵ ਸੈਨਾ ਨਾਲ ਚੱਲ ਰਹੀ ਲੜਾਈ ਦੌਰਾਨ ਸਤੰਬਰ 2020 ਵਿੱਚ ਕੰਗਨਾ ਰਨੌਤ ਨੇ ਮੁੰਬਈ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਦਾ ਛੱਜਾ ਢਾਹੇ ਜਾਣ ਦਾ ਵਿਰੋਧ ਕੀਤਾ ਸੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਵੀਡੀਓ ਰਾਹੀਂ ਚੇਤਾਵਨੀ ਦਿੱਤੀ ਸੀ।

ਇੱਕ ਟਵੀਟ ਵਿੱਚ ਕੰਗਨਾ ਨੇ ਕਿਹਾ ਸੀ, ''ਉਧਵ ਠਾਕਰੇ ਤੈਨੂੰ ਕੀ ਲੱਗਦਾ ਹੈ, ਤੂੰ ਫਿਲਮ ਮਾਫ਼ੀਆ ਨਾਲ ਮਿਲ ਕੇ, ਮੇਰਾ ਘਰ ਤੋੜ ਕੇ ਮੈਥੋਂ ਬਹੁਤ ਵੱਡਾ ਬਦਲਾ ਲਿਆ ਹੈ, ਅੱਜ ਮੇਰਾ ਘਰ ਟੁੱਟਿਆ ਹੈ, ਕੱਲ੍ਹ ਤੇਰਾ ਘਮੰਡ ਟੁੱਟੇਗਾ। ਇਹ ਵਕਤ ਦਾ ਪਹੀਆ ਹੈ, ਯਾਦ ਰੱਖਣਾ, ਇਹ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ।''

4. ਲਿੰਚਿੰਗ ਦੀਆਂ ਘਟਨਾਵਾਂ ਵਿੱਚ ਮੋਦੀ ਸਰਕਾਰ ਦਾ ਬਚਾਅ

ਸਾਲ 2018-19 ਦੌਰਾਨ ਭਾਰਤ ਵਿੱਚ ਭੀੜ ਹੱਥੋਂ ਕਤਲ ਦੇ ਮਾਮਲੇ ਅਤੇ ਕਥਿਤ ਕੱਟੜਤਾ ਦੇ ਵਧਦੇ ਪ੍ਰਭਾਵ ਤੋਂ ਚਿੰਤਤ 49 ਕਲਾਕਾਰਾਂ ਤੇ ਬੁੱਧੀਜੀਵੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਅਤੇ ਚਿੰਤਾ ਦਾ ਪ੍ਰਗਟਾਵਾ ਕੀਤੀ ਸੀ।

ਇਸ ਚਿੱਠੀ ਦਾ ਮੋਦੀ ਨੇ ਤਾਂ ਜਵਾਬ ਨਹੀਂ ਦਿੱਤਾ ਪਰ ਅਦਾਕਾਰਾ ਕੰਗਨਾ ਰਨੌਤ, ਲੇਖਕ ਤੇ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ, ਸੇਵਾਮੁਕਤ ਮੇਜਰ ਜਨਰਲ ਪੀ.ਕੇ. ਮਲਿਕ ਸਮੇਤ 62 ਹਸਤੀਆਂ ਨੇ ਪ੍ਰਧਾਨ ਮੰਤਰੀ ਅਤੇ ਸਰਕਾਰ ਦਾ ਬਚਾਅ ਕਰਦਿਆਂ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ।

5. ਘਰ ਦਾ ਕੰਮ ਕਰਦੀਆਂ ਔਰਤਾਂ ਨੂੰ ਤਨਖ਼ਾਹ ਦੇਣ ਦਾ ਮਾਮਲਾ

ਇੱਕ ਟਵੀਟ ਰਾਹੀਂ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਮਲ ਹਸਨ ਦੇ ਉਸ ਵਿਚਾਰ ਦਾ ਸਮਰਥਨ ਕੀਤਾ ਸੀ ਜਿਸ ਤਹਿਤ ਉਹ ਆਪਣੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਵੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਸੀ।

ਹਾਲਾਂਕਿ, ਕੰਗਨਾ ਨੇ ਉਸ ਦਾ ਵੀ ਵਿਰੋਧ ਕੀਤਾ ਸੀ ਅਤੇ ਸੋਸ਼ਲ ਮੀਡੀਆ 'ਤੇ ਕਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਉਨ੍ਹਾਂ ਕਿਹਾ ਸੀ, "ਆਪਣੇ ਪਿਆਰ ਦੇ ਨਾਲ ਸੈਕਸ ਕਰਨ ਦੀ ਕੀਮਤ ਨਾ ਲਗਾਓ, ਸਾਨੂੰ ਆਪਣੀ ਮਾਂ ਬਣਨ ਲਈ ਭੁਗਤਾਨ ਨਾ ਕਰੋ, ਸਾਨੂੰ ਆਪਣੇ ਘਰ ਦੀ ਰਾਣੀ ਬਣਨ ਲਈ ਤਨਖਾਹ ਦੀ ਲੋੜ ਨਹੀਂ।"

"ਹਰ ਚੀਜ਼ ਨੂੰ ਕਾਰੋਬਾਰ ਵਜੋਂ ਦੇਖਣਾ ਬੰਦ ਕਰੋ। ਆਪਣੀ ਔਰਤ ਅੱਗੇ ਸਮਰਪਣ ਕਰੋ। ਉਸ ਨੂੰ ਤੁਹਾਡੀ ਪੂਰੀ ਲੋੜ ਹੈ, ਨਾ ਕਿ ਸਿਰਫ ਤੁਹਾਡੇ ਪਿਆਰ ਜਾਂ ਸਤਿਕਾਰ ਜਾਂ ਤਨਖਾਹ ਦੀ।"

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵੀ ਸੋਸ਼ਲ ਮੀਡੀਆ 'ਤੇ ਲੰਬੀ ਚਰਚਾ ਸ਼ੁਰੂ ਹੋ ਗਈ ਸੀ।

'ਰਾਸ਼ਟਰਵਾਦੀ' ਕੰਗਨਾ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ?

ਪੱਤਰਕਾਰਾਂ ਨਾਲ ਝਗੜੇ, ਅੰਗਰੇਜ਼ੀ ਬੋਲਣ ਵਾਲਿਆਂ ਨਾਲ ਦਿੱਕਤ, ਰਾਸ਼ਟਰਵਾਦੀ ਫ਼ਿਲਮਾਂ, ਕਈ ਮੁੱਦਿਆਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਬੀਬੀਸੀ-ਹਿੰਦੀ ਪੱਤਰਕਾਰ ਸੁਰਿਆਂਸ਼ੀ ਪਾਂਡੇ ਦਾ ਇੰਟਰਵਿਊ।

ਹਾਲਾਂਕਿ, ਲਗਾਤਾਰ ਕੁਝ ਨਾ ਕੁਝ ਵਿਵਾਦਤ ਟਿੱਪਣੀਆਂ ਕਰਨ ਤੋਂ ਬਾਅਦ ਟਵਿੱਟਰ ਨੇ ਵੀ ਕੰਗਨਾ ਨੂੰ ਬੈਨ ਕਰ ਦਿੱਤਾ ਸੀ ਅਤੇ ਉਨ੍ਹਾਂ ਉੱਤੇ ਕਈ ਲੋਕਾਂ ਨੇ ਮਾਮਲੇ ਵੀ ਦਰਜ ਕਰਵਾਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)