ਪਰਮਬੀਰ ਸਿੰਘ: ਚੰਡੀਗੜ੍ਹ ਦੇ ਰਹਿਣ ਵਾਲੇ ਤੇ ਮਹਾਰਾਸ਼ਟਰ ਦੇ ਡੀਜੀ ਅਚਾਨਕ ਕਿੱਥੇ ਗਾਇਬ ਹੋ ਗਏ, ਜੋ ਪੁਲਿਸ ਨੂੰ ਲੱਭਣਾ ਪੈ ਰਿਹਾ

    • ਲੇਖਕ, ਸੌਤਿਕ ਵਿਸ਼ਵਾਸ ਅਤੇ ਮਯੰਕ ਭਾਗਵਤ
    • ਰੋਲ, ਬੀਬੀਸੀ ਪੱਤਰਕਾਰ

1 ਅਕਤੂਬਰ ਨੂੰ ਮਹਾਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਪੁਲਿਸ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਲਾਪਤਾ ਹਨ।

ਭਾਰਤ ਦੀ ਆਰਥਿਕ (ਵਿੱਤੀ) ਰਾਜਧਾਨੀ ਦੇ ਮੁਖੀ ਦੇ ਲਾਪਤਾ ਹੋਣ ਦਾ ਇਹ ਐਲਾਨ ਹੈਰਾਨ ਕਰਨ ਵਾਲਾ ਸੀ।

ਦੋ ਸਾਲ ਪਹਿਲਾਂ ਹੀ ਪਰਮਬੀਰ ਸਿੰਘ ਨੂੰ 45 ਹਜ਼ਾਰ ਪੁਲਿਸ ਕਰਮੀਆਂ ਦੀ ਗਿਣਤੀ ਵਾਲੀ ਮੁੰਬਈ ਪੁਲਿਸ ਦਾ ਮੁਖੀ ਬਣਾਇਆ ਗਿਆ ਸੀ।

ਹੁਣ ਪਰਮਬੀਰ ਸਿੰਘ ਨਾ ਤਾਂ ਮੁੰਬਈ ਸਥਿਤ ਆਪਣੇ ਅਪਾਰਟਮੈਂਟ 'ਚ ਮੌਜੂਦ ਹਨ ਅਤੇ ਨਾ ਹੀ ਆਪਣੇ ਜੱਦੀ ਸ਼ਹਿਰ ਚੰਡੀਗੜ੍ਹ ਦੇ ਪਤੇ 'ਤੇ ਮੌਜੂਦ ਹਨ।

ਮੁੰਬਈ ਪੁਲਿਸ ਆਪਣੇ ਹੀ ਪੁਲਿਸ ਮੁਖੀ ਦੀ ਭਾਲ ਕਰ ਰਹੀ ਸੀ।

ਪਰ ਮੁੰਬਈ 'ਚ ਹੀ ਰਹਿ ਰਹੇ ਉਨ੍ਹਾਂ ਦੇ ਪਤਨੀ ਤੇ ਬੇਟੀ ਅਤੇ ਵਿਦੇਸ਼ 'ਚ ਰਹਿੰਦੇ ਉਨ੍ਹਾਂ ਦੇ ਬੇਟੇ ਤੇ ਵਕੀਲਾਂ ਨੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਇਹ ਸਾਰਾ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਇਸੇ ਸਾਲ ਫਰਵਰੀ ਮਹੀਨੇ 'ਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਵਿਸਫੋਟਕਾਂ ਨਾਲ ਭਰੀ ਕਾਰ ਮਿਲੀ ਸੀ।

ਸਵਾਲ ਉੱਠਿਆ ਸੀ ਕਿ ਇਸ ਦੇ ਪਿੱਛੇ ਕੌਣ ਸੀ।

ਅਗਲੇ ਕੁਝ ਦਿਨਾਂ ਵਿੱਚ ਕਾਰ ਦੇ ਕਥਿਤ ਮਾਲਕ ਦੀ ਲਾਸ਼ ਸ਼ਹਿਰ ਦੇ ਨੇੜੇ ਸਮੁੰਦਰ ਵਿੱਚੋਂ ਮਿਲੀ। ਬਾਅਦ 'ਚ ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀ ਹੱਤਿਆ ਕਰਕੇ ਲਾਸ਼ ਸੁੱਟ ਦਿੱਤੀ ਗਈ ਸੀ।

ਬਾਅਦ ਵਿੱਚ, ਜਦੋਂ ਮ੍ਰਿਤਕ ਦੇ ਇੱਕ ਜਾਣਕਾਰ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮਾਮਲਾ ਹੋਰ ਵੀ ਗੰਭੀਰ ਅਤੇ ਗੁੰਝਲਦਾਰ ਹੋ ਗਿਆ।

ਜਾਂਚਕਰਤਾ ਮੰਨਦੇ ਹਨ ਕਿ ਗ੍ਰਿਫਤਾਰ ਕੀਤੇ ਗਏ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੇ ਸਬ-ਇੰਸਪੈਕਟਰ ਸਚਿਨ ਵਾਝੇ ਦਾ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਵਿਸਫੋਟਕ ਨਾਲ ਭਰੀ ਕਾਰ ਅਤੇ ਇਸ ਕਤਲ ਨਾਲ ਸਬੰਧ ਸੀ।

ਪਰਮਬੀਰ ਦੀ ਬਦਲੀ

ਮਾਰਚ ਵਿੱਚ ਪਰਮਬੀਰ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਹੋਮ ਗਾਰਡ ਦਾ ਮੁਖੀ ਬਣਾ ਕੇ ਭੇਜ ਦਿੱਤਾ ਗਿਆ ਸੀ।

ਭਾਰਤੀ ਮੀਡੀਆ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਪਰਮਬੀਰ ਨੂੰ ਸਜ਼ਾ ਦੇ ਤੌਰ 'ਤੇ ਇੱਕ ਘੱਟ ਰੁਤਬੇ ਵਾਲੇ ਅਹੁਦੇ 'ਤੇ ਭੇਜਿਆ ਗਿਆ ਸੀ।

ਰਾਜ ਦੇ ਤਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਹ ਰੁਟੀਨ ਬਦਲੀ ਨਹੀਂ ਹੈ।

ਉਨ੍ਹਾਂ ਕਿਹਾ ਸੀ, "ਮੁੰਬਈ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ ਨੇ ਕਈ ਗੰਭੀਰ ਗ਼ਲਤੀਆਂ ਕੀਤੀਆਂ ਹਨ।"

ਹਾਲਾਂਕਿ, ਇਹ ਕਦੇ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਗੰਭੀਰ ਗਲਤੀਆਂ ਕੀ ਸਨ।

ਪਰਮਬੀਰ ਸਿੰਘ ਨੇ ਮਾਰਚ ਦੇ ਮੱਧ ਵਿੱਚ ਆਪਣੇ ਪੁਰਾਣੇ ਦਫ਼ਤਰ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਆਪਣੇ ਨਵੇਂ ਦਫ਼ਤਰ ਵਿੱਚ ਕਾਰਜਭਾਰ ਸੰਭਾਲ ਲਿਆ।

ਇਸ ਤੋਂ ਤੁਰੰਤ ਬਾਅਦ ਹੀ ਪਰਮਬੀਰ ਸਿੰਘ ਨੇ ਸਰਕਾਰ ਦੇ ਨਾਮ ਇੱਕ ਪੱਤਰ ਲਿਖ ਕੇ ਆਪਣੇ ਬਾਸ ਅਨਿਲ ਦੇਸ਼ਮੁਖ 'ਤੇ ਫਿਰੌਤੀ (ਵਸੂਲੀ) ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ। ਇਸ ਸਬੰਧੀ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।

ਮੁੱਖ ਮੰਤਰੀ ਉੱਧਵ ਠਾਕਰੇ ਨੂੰ ਲਿਖੇ ਪੱਤਰ ਵਿੱਚ ਪਰਮਬੀਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਦੇਸ਼ਮੁਖ, ਸਚਿਨ ਵਾਝੇ ਦੀ ਮਦਦ ਨਾਲ ਮੁੰਬਈ ਸ਼ਹਿਰ ਦੇ ਬਾਹਰ ਸੰਚਾਲਕਾਂ ਅਤੇ ਹੋਟਲ ਕਾਰੋਬਾਰੀਆਂ ਤੋਂ ਸਖ਼ਤ ਨਿਯਮਾਂ ਵਿੱਚ ਢਿੱਲ ਦੇਣ ਬਦਲੇ ਕਰੋੜਾਂ ਰੁਪਏ ਵਸੂਲ ਰਹੇ ਸਨ।

ਇਹ ਵੀ ਪੜ੍ਹੋ-

ਦੇਸ਼ਮੁਖ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਅਗਲੇ ਹੀ ਮਹੀਨੇ ਅਪ੍ਰੈਲ ਵਿੱਚ ਉਨ੍ਹਾਂ ਤੋਂ ਅਸਤੀਫਾ ਲੈ ਲਿਆ ਗਿਆ।

ਕੇਂਦਰੀ ਜਾਂਚ ਏਜੰਸੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਪੰਜ ਵਾਰ ਪੁੱਛਗਿੱਛ ਲਈ ਤਲਬ ਕੀਤਾ ਗਿਆ।

ਨਵੰਬਰ ਵਿੱਚ ਅਨਿਲ ਦੇਸ਼ਮੁਖ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਇਸ ਸਮੇਂ ਜੇਲ੍ਹ ਵਿੱਚ ਹਨ।

ਪਰਮਬੀਰ ਸਿੰਘ 'ਤੇ ਇਲਜ਼ਾਮ ਲਗਾਉਂਦੇ ਹੋਏ ਦੇਸ਼ਮੁਖ ਨੇ ਕਿਹਾ, ''ਮੇਰੇ 'ਤੇ ਦੋਸ਼ ਲਗਾਉਣ ਵਾਲਾ ਦੇਸ਼ ਤੋਂ ਭੱਜ ਗਿਆ ਹੈ।''

ਇਸੇ ਦੌਰਾਨ, ਮਈ ਵਿੱਚ ਪਰਮਬੀਰ ਸਿੰਘ ਨੇ ਮੈਡੀਕਲ ਛੁੱਟੀਆਂ ਲੈ ਲਈਆਂ ਅਤੇ ਦੋ ਵਾਰ ਉਨ੍ਹਾਂ ਨੂੰ ਵਧਾਇਆ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਗਏ।

ਮੁੰਬਈ ਦੇ ਮਹਿੰਗੇ ਇਲਾਕੇ ਮਾਲਾਬਾਰ ਹਿਲਜ਼ ਵਿੱਚ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀ ਧੀ ਅਤੇ ਪਤਨੀ ਉਨ੍ਹਾਂ ਬਾਰੇ ਗੱਲ ਨਹੀਂ ਕਰਦੇ ਹਨ।

ਜਦੋਂ ਬੀਬੀਸੀ ਨੇ ਉਨ੍ਹਾਂ ਦੇ ਵਕੀਲ ਅਨੁਕੁਲ ਸੇਠ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਭਾਰਤੀ ਮੀਡੀਆ ਦੀਆਂ ਰਿਪੋਰਟਾਂ ਵਿੱਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪਰਮਬੀਰ ਸਿੰਘ ਦੇਸ਼ ਛੱਡ ਕੇ ਭੱਜ ਗਏ ਹਨ।

ਇੱਕ ਚੈਨਲ ਨੇ ਦਾਅਵਾ ਕੀਤਾ ਕਿ ਉਹ ਰੂਸ ਵਿੱਚ ਹਨ ਤਾਂ ਦੂਜੇ ਨੇ ਦਾਅਵਾ ਕੀਤਾ ਕਿ ਉਹ ਬੈਲਜੀਅਮ ਵਿੱਚ ਸੁਰੱਖਿਅਤ ਹਨ।

ਮਹਾਰਾਸ਼ਟਰ ਦੇ ਨਵੇਂ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਅਸੀਂ ਉਨ੍ਹਾਂ ਨੂੰ ਲੱਭ ਰਹੇ ਹਾਂ। ਉਹ ਇੱਕ ਸਰਕਾਰੀ ਅਧਿਕਾਰੀ ਹਨ। ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੇ ਹਨ।"

ਮਹਾਰਾਸ਼ਟਰ ਸਰਕਾਰ ਨੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਪਰਮਬੀਰ ਦੇ ਮਾਮਲੇ ਦੀ ਜਾਂਚ ਲਈ ਇੱਕ ਪੈਨਲ ਦਾ ਗਠਨ ਕੀਤਾ ਹੈ।

ਪਰਮਬੀਰ ਸਿੰਘ ਖ਼ਿਲਾਫ਼ ਹੁਣ ਰੀਅਲ ਅਸਟੇਟ ਕਾਰੋਬਾਰੀਆਂ, ਹੋਟਲ ਮਾਲਕਾਂ ਅਤੇ ਬੁਕੀ (ਸੱਟੇਬਾਜ਼ਾਂ) ਵੱਲੋਂ ਚਾਰ ਅਪਰਾਧਿਕ ਮਾਮਲੇ ਦਰਜ ਕਰਵਾਏ ਗਏ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ।

ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਪਰਮਬੀਰ ਸਿੰਘ ਪੈਨਲ ਦੇ ਸੰਪਰਕ ਵਿੱਚ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਕਾਨੂੰਨ ਤੋਂ ਭੱਜ ਨਹੀਂ ਰਹੇ ਹਨ।

ਅੰਡਰਵਰਲਡ ਨੂੰ ਖ਼ਤਮ ਕਰਨ ਲਈ ਮੁੰਬਈ ਪੁਲਿਸ ਦੀ ਟੀਮ ਨਾਲ ਕੰਮ

ਅਜੇ ਵੀ ਇਸ ਮਾਮਲੇ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਹੈ। ਕੀ ਇਸ ਦਾ ਵਿਸਫੋਟਕਾਂ ਨਾਲ ਭਰੀ ਕਾਰ ਦੇ ਮਾਮਲੇ ਨਾਲ ਕੋਈ ਸਬੰਧ ਹੈ?

ਅਜਿਹਾ ਕੀ ਕਾਰਨ ਸੀ ਕਿ ਅਨਿਲ ਦੇਸ਼ਮੁਖ ਨੂੰ ਪਰਮਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਪਿਆ?

ਮੰਤਰੀ 'ਤੇ ਗੰਭੀਰ ਇਲਜ਼ਾਮ ਲਗਾਉਣ ਤੋਂ ਬਾਅਦ ਪਰਮਬੀਰ ਸਿੰਘ ਲਾਪਤਾ ਕਿਉਂ ਹੋ ਗਏ? ਪਰਮਬੀਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਪੈਨਲ ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੋ ਰਹੇ?

ਇਨ੍ਹਾਂ ਸਵਾਲਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਹੈ।

ਸਮਾਜ ਸ਼ਾਸਤਰ ਵਿੱਚ ਮਾਸਟਰ ਡਿਗਰੀ ਲੈਣ ਵਾਲੇ ਪਰਮਬੀਰ ਸਿੰਘ ਦੇ ਪਿਤਾ ਇੱਕ ਅਧਿਕਾਰੀ ਅਤੇ ਮਾਤਾ ਇੱਕ ਹਾਊਸ ਵਾਈਫ਼ ਸਨ।

ਆਪਣੇ ਕਾਰਜਕਾਲ ਦੇ ਅੰਤਮ ਸਾਲਾਂ ਤੱਕ ਉਹ ਤੰਦਰੁਸਤ ਰਹੇ ਅਤੇ ਉਨ੍ਹਾਂ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਸੀ।

ਚਾਰ ਦਹਾਕਿਆਂ ਦੇ ਆਪਣੇ ਪੁਲਿਸ ਕਰੀਅਰ ਵਿੱਚ, ਉਨ੍ਹਾਂ ਨੇ ਮਾਓਵਾਦ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮਾਓਵਾਦੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਗੈਂਗਸਟਰਾਂ ਨਾਲ ਮੁਕਾਬਲਾ ਕੀਤਾ।

1990 ਦੇ ਦਹਾਕੇ ਵਿੱਚ, ਉਨ੍ਹਾਂ ਨੇ ਅੰਡਰਵਰਲਡ ਨੂੰ ਖ਼ਤਮ ਕਰਨ ਲਈ ਮੁੰਬਈ ਪੁਲਿਸ ਦੀ ਟੀਮ ਨਾਲ ਕੰਮ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਸ ਦੌਰ ਵਿੱਚ ਭਾਰਤ ਦਾ ਸਭ ਤੋਂ ਅਮੀਰ ਸ਼ਹਿਰ ਮੁੰਬਈ, ਅਪਰਾਧ ਅਤੇ ਮਾਫੀਆ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ।

ਉਹ 'ਐਨਕਾਊਂਟਰ ਸਪੈਸ਼ਲਿਸਟ' ਕਹੇ ਜਾਣ ਵਾਲੇ ਪੁਲਿਸ ਵਾਲਿਆਂ ਨਾਲ ਕੰਮ ਕਰਕੇ ਸੁਰਖੀਆਂ ਵਿੱਚ ਆਏ।

ਇਹ ਪੁਲਿਸ ਵਾਲਿਆਂ, ਕਾਰੋਬਾਰੀਆਂ ਅਤੇ ਫਿਲਮ ਨਿਰਮਾਤਾਵਾਂ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਦਾ ਐਨਕਾਉਂਟਰਾਂ ਵਿੱਚ ਸਫਾਇਆ ਕਰਦੇ ਸਨ।

ਮੁੰਬਈ ਦੇ ਅਪਰਾਧ 'ਤੇ ਕਿਤਾਬ ਲਿਖਣ ਵਾਲੇ ਪੱਤਰਕਾਰ ਐਸ ਹੁਸੈਨ ਜ਼ੈਦੀ ਨੇ ਲਿਖਿਆ ਕਿ ਪਰਮਬੀਰ ਸਿੰਘ ਨੂੰ ਇੱਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਨਾਲ ਮਿਲ ਕੇ ਮੁੰਬਈ ਤੋਂ ਅੰਡਰਵਰਲਡ ਦਾ ਸਫਾਇਆ ਕਰਨ ਦਾ ਕੰਮ ਸੌਂਪਿਆ ਗਿਆ ਸੀ ਅਤੇ ਦੋਵਾਂ ਨੇ ਮਿਲ ਕੇ ਕੰਮ ਨੂੰ ਕਰਨ ਲਈ ਤਿੰਨ 'ਏਲੀਟ ਐਨਕਾਊਂਟਰਜ ਸਕੁਆਡ' ਦਾ ਗਠਨ ਕੀਤਾ ਸੀ।

ਅਗਲੇ ਸਾਲ ਪਰਮਬੀਰ ਸਿੰਘ 60 ਸਾਲਾਂ ਦੇ ਹੋ ਕੇ ਪੁਲਿਸ ਬਲ ਤੋਂ ਸੇਵਾਮੁਕਤ ਹੋ ਜਾਣਗੇ।

ਅਗਸਤ ਵਿੱਚ ਫੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਇੱਕ ਪੱਤਰਕਾਰ ਨੂੰ ਕਿਹਾ ਸੀ, ''ਮੈਂ ਭਾਰਤ ਵਿੱਚ ਹੀ ਹਾਂ ਅਤੇ ਮੈਂ ਦੇਸ਼ ਨਹੀਂ ਛੱਡਿਆ ਹੈ।''

ਇੱਕ ਗੱਲ ਇਹ ਵੀ ਹੈ ਕਿ ਉਨ੍ਹਾਂ ਦੀ ਆਪਣੀ ਮੁੰਬਈ ਪੁਲਿਸ ਨੂੰ ਹੀ ਨਹੀਂ ਪਤਾ ਕਿ ਉਹ ਕਿੱਥੇ ਹਨ ਅਤੇ ਸਾਹਮਣੇ ਕਿਉਂ ਨਹੀਂ ਆ ਰਹੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)