ਭਾਰਤ ਦੀ ਅੱਤਵਾਦ ਰੋਕੂ ਏਜੰਸੀ ਦੇ ਅਫ਼ਸਰਾਂ ਦੇ ਕੈਨੇਡਾ ਦੌਰੇ ਤੋਂ ਕੁਝ ਸਿੱਖ ਸੰਗਠਨ ਚਿੰਤਤ ਕਿਉਂ -- ਪ੍ਰੈੱਸ ਰਿਵੀਊ

ਭਾਰਤ ਦੀ ਅੱਤਵਾਦ ਰੋਕੂ ਏਜੰਸੀ (ਰਾਸ਼ਟਰੀ ਜਾਂਚ ਏਜੰਸੀ) ਦੇ ਮੈਂਬਰ ਕੈਨੇਡਾ ਦੌਰੇ 'ਤੇ ਹਨ ਅਤੇ ਇਸ ਗੱਲ ਨੇ ਸਿੱਖ-ਕੈਨੇਡੀਅਨ ਭਾਈਚਾਰੇ ਦੇ ਕੁਝ ਕਾਰਕੁਨਾਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ।

ਇਸ ਨਾਲ ਸਿੱਖ ਵੱਖਵਾਦੀ ਲਹਿਰ ਪ੍ਰਤੀ ਲਿਬਰਲ ਸਰਕਾਰ ਦੇ ਰੱਵਈਏ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਲਗਾਤਾਰ ਤਣਾਅ ਸਾਹਮਣੇ ਆ ਸਕਦਾ ਹੈ।

ਨੈਸ਼ਨਲ ਪੋਸਟ 'ਤੇ ਛਪੀ ਖ਼ਬਰ ਮੁਤਾਬਕ, ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਅਧਿਕਾਰੀਆਂ ਦਾ ਇੱਥੇ ਆਉਣਾ ਨਵੀਂ ਦਿੱਲੀ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਭਾਰਤੀ-ਕੈਨੇਡੀਅਨਾਂ ਵਿਰੁੱਧ ਡਰਾਉਣ-ਧਮਕਾਉਣ ਵਾਲੀ ਮੁਹਿੰਮ ਦਾ ਹਿੱਸਾ ਹੈ।

ਗਰਮਦਲੀਏ ਸਿੱਖ ਸੰਗਠਨ ਕੈਨੇਡਾ ਵਿੱਚ, ਭਾਰਤ ਦੇ ਨਵੇਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨਾਂ ਦੀ ਹਮਾਇਤ ਲਈ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਅੱਗੇ ਵੱਧ ਕੇ ਹਿੱਸਾ ਲੈ ਰਹੇ ਸਨ।

ਓਨਟਾਰੀਓ ਸਥਿਤ ਵਰਲਡ ਸਿੱਖ ਆਰਗੇਨਾਈਜੇਸ਼ਨ (ਡਬਲਯੂ.ਐਸ.ਓ.) ਦੇ ਬੁਲਾਰੇ ਬਲਪ੍ਰੀਤ ਸਿੰਘ ਨੇ ਕਿਹਾ ਕਿ NIA ਦਾ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਲੰਬਾ ਰਿਕਾਰਡ ਹੈ ਅਤੇ ਇੱਥੇ ਇਸ ਦੀਆਂ ਬੈਠਕਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਮਤਭੇਦਾਂ ਦੇ ਨਾਲ-ਨਾਲ ਸਿੱਖ-ਕੈਨੇਡੀਅਨਾਂ ਲਈ ਮੁਸੀਬਤਾਂ ਪੈਦਾ ਕਰਦੀਆਂ ਹਨ।

ਜਦੋਂ ਆਰਬੀਆਈ ਕੁਝ ਕਹਿੰਦਾ ਹੈ ਤਾਂ ਉਸਨੂੰ ਸੁਣੋ -ਦਾਸ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕ੍ਰਿਪਟੋਕਰੰਸੀ ਬਾਰੇ ਵਧੇਰੇ ਚਰਚਾ ਅਤੇ ਬਹਿਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਕੇਂਦਰੀ ਬੈਂਕ ਕਿਸੇ ਚੀਜ਼, ਇਸ ਮਾਮਲੇ ਵਿੱਚ ਕ੍ਰਿਪਟੋਕਰੰਸੀ, ਨੂੰ ਲੈ ਕੇ ਇੰਨਾਂ ਸਾਵਧਾਨ ਹੈ ਤਾਂ ਇਸਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ, ਸਾਲਾਨਾ ਐਸਬੀਆਈ ਬੈਂਕਿੰਗ ਅਤੇ ਇਕਨਾਮਿਕ ਸੰਮੇਲਨ 'ਚ ਕ੍ਰਿਪਟੋਕਰੰਸੀ ਨੂੰ ਮਾਨਤਾ ਦੇਣ ਦੇ ਸਵਾਲ 'ਤੇ ਜਵਾਬ ਦਿੰਦਿਆਂ ਗਵਰਨਰ ਦਾਸ ਨੇ ਕਿਹਾ, ''ਜਦੋਂ ਕੇਂਦਰੀ ਬੈਂਕ, ਜਿਸ ਨੂੰ ਦੇਸ਼ ਦੀ ਮੈਕਰੋ-ਆਰਥਿਕ ਅਤੇ ਵਿੱਤੀ ਸਥਿਰਤਾ ਬਣਾਈ ਰੱਖਣ ਦਾ ਕੰਮ ਸੌਂਪਿਆ ਗਿਆ ਹੈ, ਵਿਸਤਾਰ ਨਾਲ ਹੋਏ ਅੰਦਰੂਨੀ ਵਿਚਾਰ-ਵਟਾਂਦਰੇ ਤੋਂ ਬਾਅਦ ਕਹਿੰਦਾ ਹੈ ਕਿ ਸਾਨੂੰ (ਕ੍ਰਿਪਟੋਕਰੰਸੀ ਬਾਰੇ) ਗੰਭੀਰ ਚਿੰਤਾਵਾਂ ਹਨ ... ਕਿ ਇੱਥੇ ਗੰਭੀਰ ਮੁੱਦੇ ਹਨ, ਵਧੇਰੇ ਡੂੰਘੇ ਮੁੱਦੇ ਸ਼ਾਮਲ ਹਨ, ਤਾਂ ਇਸ ਬਾਰੇ ਗੰਭੀਰ ਚਰਚਾ ਹੋਣੀ ਚਾਹੀਦੀ ਹੈ।''

ਉਨ੍ਹਾਂ ਅੱਗੇ ਕਿਹਾ, ''ਮੈਂ ਅਜੇ ਤੱਕ ਅਜਿਹੀ ਕੋਈ ਗੰਭੀਰ, ਜਾਣਕਾਰੀ ਵਾਲੀ ਚਰਚਾ ਨਹੀਂ ਦੇਖ ਰਿਹਾ ਹਾਂ।"

ਉਨ੍ਹਾਂ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਹੋਣ ਵਾਲੀ ਗੱਲਬਾਤ ਜ਼ਿਆਦਾਤਰ ਇਸ ਤੱਥ ਦੇ ਦੁਆਲੇ ਕੇਂਦਰਿਤ ਹੈ ਕਿ ਇਹ ਇੱਕ ਨਵੀਂ ਤਕਨੀਕ ਹੈ ਅਤੇ ਕੇਂਦਰੀ ਬੈਂਕ ਨੂੰ ਇਸ ਨੂੰ ਅਪਣਾਉਣਾ ਜਾਂ ਨਿਯਮਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਸ ਮੁੱਦੇ 'ਤੇ ਆਪਣੀ ਚੇਤਾਵਨੀ ਨੂੰ ਇਕ ਵਾਰ ਫਿਰ ਦੁਹਰਾਉਂਦੇ ਹੋਏ ਗਵਰਨਰ ਦਾਸ ਨੇ ਕਿਹਾ ਕਿ ਬਲੌਕਚੈਨ ਤਕਨੀਕ ਇੱਕ ਦਹਾਕਾ ਪੁਰਾਣੀ ਤਕਨੀਕ ਹੈ ਅਤੇ ਇਹ ਇੱਥੇ ਬਣੀ ਰਹਿਣ ਲਈ ਅਤੇ ਵਧਣ ਲਈ ਹੈ, ਪਰ ਕ੍ਰਿਪਟੋਕਰੰਸੀਆਂ, ਜੋ ਬਲੌਕਚੈਨ ਦੇ ਆਲੇ-ਦੁਆਲੇ ਵਿਕਸਤ ਕੀਤੀਆਂ ਗਈਆਂ ਹਨ, ਪੂਰੀ ਤਰ੍ਹਾਂ ਵੱਖੋ-ਵੱਖਰੇ ਮਾਮਲੇ ਹਨ।

ਚਾਈਲਡ ਪੋਰਨ 'ਤੇ ਸ਼ਿਕੰਜਾ, 77 ਥਾਵਾਂ 'ਤੇ ਕੀਤੀ ਛਾਪੇਮਾਰੀ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਿਨਸੀ ਸ਼ੋਸ਼ਣ ਅਤੇ ਬਾਲ ਅਸ਼ਲੀਲ ਸਮੱਗਰੀ ਦੇ ਪ੍ਰਸਾਰਣ 'ਤੇ ਕਾਰਵਾਈ ਕਰਨ ਲਈ ਮੰਗਲਵਾਰ ਨੂੰ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 77 ਸਥਾਨਾਂ 'ਤੇ ਛਾਪੇਮਾਰੀ ਕੀਤੀ।

ਇਸ ਮਾਮਲੇ ਬਾਰੇ ਜਾਣੂ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿੱਚ ਲਿਆ।

ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਦਰਜ ਹੋਈਆਂ 23 ਐਫਆਈਆਰਾਂ ਵਿੱਚੋਂ ਇੱਕ ਦੇ ਅਨੁਸਾਰ, ਵੱਖ-ਵੱਖ ਭਾਰਤੀ ਸ਼ਹਿਰਾਂ ਅਤੇ ਵੱਖ-ਵੱਖ ਵਿਦੇਸ਼ੀ ਦੇਸ਼ਾਂ ਵਿੱਚ ਸਥਿਤ ਅਤੇ ਮਾਮਲੇ ਵਿੱਚ ਦੋਸ਼ੀ ਲੋਕ "CSEM (ਸੀਐਸਈਐਮ- ਬਾਲ ਜਿਨਸੀ ਸ਼ੋਸ਼ਣ ਸਮੱਗਰੀ) ਨੂੰ ਸਟੋਰ ਕਰਨ, ਸਰਕੂਲੇਟ ਕਰਨ ਅਤੇ ਦੇਖਣ ਵਿੱਚ ਸ਼ਾਮਲ" ਕਈ ਸਿੰਡੀਕੇਟਾਂ ਦਾ ਹਿੱਸਾ ਹਨ।

ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਵਿਅਕਤੀ ਪਾਕਿਸਤਾਨ, ਬੰਗਲਾਦੇਸ਼, ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ ਅਤੇ ਸਾਊਦੀ ਅਰਬ ਦੇਸ਼ਾਂ ਵਿੱਚ ਸਥਿਤ ਹਨ।

ਸੀਬੀਆਈ ਦੇ ਬੁਲਾਰੇ ਆਰ ਸੀ ਜੋਸ਼ੀ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਇਹ ਛਾਣ-ਬੀਣ ਕੀਤੀ ਗਈ ਸੀ, ਉਨ੍ਹਾਂ ਵਿੱਚ ​ਆਂਧਰਾ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਬਿਹਾਰ, ਉੜੀਸਾ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)