ਮੰਦਰ ’ਚ ਦਰਜਨ ਭਾਜਪਾ ਆਗੂ ਜ਼ਬਰਦਸਤੀ ਰੋਕਣ ਮਗਰੋਂ ਛੱਡੇ ਗਏ, ਸਾਬਕਾ ਮੰਤਰੀ ਨੇ ਕਿਹਾ ਨਹੀਂ ਮੰਗੀ ਮਾਫ਼ੀ

ਤਸਵੀਰ ਸਰੋਤ, SAT SINGH/BBC
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਰੋਹਤਕ ਦੇ ਕਿਲੋਈ ਪਿੰਡ ਦੇ ਮੰਦਰ ਪਰਿਸਰ ਵਿੱਚੋਂ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਭਾਜਪਾ ਆਗੂ ਮਨੀਸ਼ ਗਰੋਵਰ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।
ਹਾਲਾਂਕਿ ਦੂਜੇ ਪਾਸੇ ਮਨੀਸ਼ ਗਰੋਵਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਤੋਂ ਮਾਫ਼ੀ ਨਹੀਂ ਮੰਗੀ, ਸਿਰਫ਼ ਰਾਮ-ਰਾਮ ਕੀਤਾ ਹੈ।
ਕਰੀਬ ਤਿੰਨ ਘੰਟਿਆਂ ਲਈ ਇੱਕ ਦਰਜਨ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਸ਼ਿਵ ਮੰਦਰ ਦੇ ਅੰਦਰ ਜ਼ਬਰਦਸਤੀ ਰੋਕਿਆ ਹੋਇਆ ਸੀ।
ਕਿਸਾਨਾਂ ਵੱਲੋਂ ਸਾਬਕਾ ਸਹਿਕਾਰਤਾ ਰਾਜ ਮੰਤਰੀ ਅਤੇ ਭਾਜਪਾ ਆਗੂ ਮਨੀਸ਼ ਗਰੋਵਰ ਤੇ ਸਤੀਸ਼ ਨਾਂਦਲ ਸਮੇਤ ਸਥਾਨਕ ਆਗੂਆਂ ਨੂੰ ਪਹਿਲਾਂ ਮੰਦਰ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਇਹ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੇਦਾਰਨਾਥ ਵਿੱਚ ਹੋ ਰਿਹਾ ਸਮਾਗਮ ਲਾਈਵ ਦੇਖਣ ਪਹੁੰਚੇ ਸਨ।

ਤਸਵੀਰ ਸਰੋਤ, Sat singh/bbc
ਘਟਨਾ ਦੌਰਾਨ ਸ਼ਿਵ ਮੰਦਰ ਦੇ ਬਾਹਰ ਕਰੀਬ 300 ਪੁਲਿਸ ਕਰਮੀ ਮੌਜੂਦ ਸਨ। 3 ਜ਼ਿਲ੍ਹਿਆਂ ਦੇ ਐਸਪੀ ਹਾਲਾਤ ਨੂੰ ਸੰਭਾਲਣ ਲਈ ਮੌਕੇ 'ਤੇ ਤਾਇਨਾਤ ਕੀਤੇ ਗਏ ਸਨ।
'ਮੈਂ ਮਾਫ਼ੀ ਨਹੀਂ ਮੰਗੀ'
ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਮਨੀਸ਼ ਗਰੋਵਰ ਨੇ ਮੰਦਰ ਤੋਂ ਬਾਹਰ ਆਉਣ ਤੋਂ ਬਾਹਰ ਕਿਹਾ ਕਿ ਉਹ ਮੰਦਰ ਵਿੱਚ ਮੱਥਾ ਟੇਕਣ ਪਹੁੰਚੇ ਸਨ ਅਤੇ ਅੱਗੇ ਵੀ ਆਉਂਦੇ ਰਹਿਣਗੇ।
ਉਨ੍ਹਾਂ ਕਿਹਾ,''ਮੈਂ ਸ਼ਿਵ ਦੇ ਦਰਬਾਰ ਵਿੱਚ ਮੱਥਾ ਟੇਕਣ ਆਇਆ ਸੀ ਤੇ ਸਾਰਾ ਦਿਨ ਮੈਂ ਮੱਥਾ ਟੇਕਿਆ। ਮੇਰਾ ਇਹੀ ਕੰਮ ਸੀ, ਅੱਜ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਧਾਮ ਤੋਂ ਵਿਸ਼ਵਕਰਮਾ ਡੇਅ ਮੌਕੇ ਦੇਸ ਦੀ ਜਨਤਾ ਨੂੰ ਸੰਬੋਧਿਤ ਕੀਤਾ। ਸਾਨੂੰ ਇੱਥੇ ਸਮਾਜ ਨੇ ਬੁਲਾਇਆ ਸੀ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਵਾਪਿਸ ਜਾ ਰਹੇ ਹਾਂ।''
''ਮੈਨੂੰ ਨਹੀਂ ਪਤਾ ਵਿਰੋਧ ਕਿਉਂ ਹੋਇਆ, ਇਹ ਤਾਂ ਵਿਰੋਧ ਕਰਨ ਵਾਲੇ ਹੀ ਦੱਸ ਸਕਦੇ ਹਨ। ਮੈਂ ਕੋਈ ਮਾਫ਼ੀ ਨਹੀਂ ਮੰਗੀ, ਰਾਮ-ਰਾਮ ਕੀਤਾ ਹੈ ਜੋ ਸਾਡੇ ਬਜ਼ੁਰਗਾਂ ਨੇ ਕਰਨ ਲਈ ਕਿਹਾ ਸੀ।''
ਇਹ ਵੀ ਪੜ੍ਹੋ:
'ਭਾਜਪਾ ਆਗੂ ਮੰਗਣ ਮੁਆਫੀ'
ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਭਾਜਪਾ ਆਗੂ ਮਨੀਸ਼ ਗਰੋਵਰ ਬਿਨਾਂ ਸੱਦੇ 'ਤੇ ਮੰਦਰ ਵਿੱਚ ਵੜਨ ਲਈ ਮਾਫ਼ੀ ਮੰਗਣ।

ਤਸਵੀਰ ਸਰੋਤ, SAT SINGH/BBC
ਦਰਅਸਲ ਕਿਸਾਨਾ ਦਾ ਕਹਿਣਾ ਸੀ ਕਿ ਭਾਰਤੀ ਜਨਤਾ ਪਾਰਟੀ ਅਤੇ ਜੇਜੇਪੀ ਦੇ ਆਗੂ ਉਦੋਂ ਤੱਕ ਜਨਤਕ ਥਾਵਾਂ ਉੱਤੇ ਨਾ ਜਾਣ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ।
ਕਿਸਾਨਾਂ ਮੁਤਾਬਕ ਨਾ ਤਾਂ ਭਾਜਪਾ ਆਗੂਆਂ ਨੇ ਮੰਦਰ ਆਉਣ ਤੋਂ ਪਹਿਲਾਂ ਮੰਦਰ ਦੀ ਕਮੇਟੀ ਵੱਲੋਂ ਇਜਾਜ਼ਤ ਲਈ ਅਤੇ ਨਾ ਹੀ ਉਨ੍ਹਾਂ ਨੂੰ ਇੱਥੇ ਸੱਦਾ ਦਿੱਤਾ ਗਿਆ ਸੀ।
ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਉਂਦੇ ਹੀ ਖ਼ਬਰ ਵਿੱਚ ਅਪਡੇਟ ਕੀਤਾ ਜਾਵੇਗਾ।
ਹਰਿਆਣਾ 'ਚ ਹੋਰ ਕਿੱਥੇ ਚੱਲ ਰਹੇ ਕਿਸਾਨ ਧਰਨੇ
ਜ਼ਿਲ੍ਹਾ ਹਿਸਾਰ ਦੇ ਨਾਰਨੌਂਦ ਵਿੱਚ ਥਾਣੇ ਬਾਹਰ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ। ਮਸਲਾ ਇਹ ਹੈ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕਿਸਾਨਾਂ ਬਾਰੇ ਇੱਕ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਕਿਸਾਨ ਭੜਕ ਗਏ ਤੇ ਹੁਣ ਉਨ੍ਹਾਂ ਨੇ ਇੱਥੋਂ ਦਾ ਪੁਲਿਸ ਥਾਣਾ ਘੇਰਿਆ ਹੋਇਆ ਹੈ।
ਇਸ ਤੋਂ ਇਲਾਵਾ ਜੀਂਦ ਦੇ ਪਟਿਆਲਾ ਚੌਕ 'ਤੇ ਵੀ ਕਿਸਾਨਾਂ ਨੇ ਹਾਈਵੇਅ ਜਾਮ ਕੀਤਾ ਹੋਇਆ ਹੈ। ਝੋਨੇ ਦੀ ਖਰੀਦ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਇਹ ਪ੍ਰਦਰਸ਼ਨ ਚੱਲ ਰਿਹਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਵੀ ਜਾਰੀ ਕੀਤਾ ਬਿਆਨ
ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਰੋਹਤਕ ਦੇ ਕਲੋਈ ਪਿੰਡ ਵਿੱਚ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਿਰਾਓ ਕੀਤਾ ਗਿਆ ਹੈ। ਮੋਰਚੇ ਵੱਲੋਂ ਆਖਿਆ ਗਿਆ ਹੈ ਕਿ ਪ੍ਰਸ਼ਾਸਨ ਵੱਲੋਂ ਮੌਕੇ ਤੇ ਭਾਰੀ ਪੁਲੀਸ ਬਲ ਵੀ ਤਾਇਨਾਤ ਕੀਤਾ ਗਿਆ ਹੈ।
ਕੌਣ ਹਨ ਮਨੀਸ਼ ਗਰੋਵਰ
ਰੋਹਤਕ ਦੇ ਕਿਲੋਈ ਪਿੰਡ ਵਿੱਚ ਮੰਦਰ ਵਿੱਚ ਜ਼ਬਰਦਸੀ ਰੋਕੇ ਗਏ ਭਾਜਪਾ ਆਗੂ ਮੁਨੀਸ਼ ਗਰੋਵਰ ਖੱਟਰ ਸਰਕਾਰ ਦੀ ਪਹਿਲੀ ਪਾਰੀ ਵਿੱਚ ਕੈਬਨਿਟ ਮੰਤਰੀ ਰਹੇ ਹਨ।
ਇਸ ਤੋਂ ਪਹਿਲਾਂ ਵੀ ਕਈ ਵਾਰ ਚਰਚਾ ਵਿੱਚ ਰਹੇ ਹਨ। 2016 ਦੇ ਜਾਟ ਅੰਦੋਲਨ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਕਾਰਨ ਉਨ੍ਹਾਂ ਉਪਰ ਹਿੰਸਾ ਭੜਕਾਉਣ ਦੇ ਇਲਜ਼ਾਮ ਵੀ ਲੱਗੇ ਸਨ।

ਇਸ ਸਾਲ ਜੁਲਾਈ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਉਪਰ ਹਿਸਾਰ ਵਿਖੇ ਮਹਿਲਾ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਦੇ ਇਲਜ਼ਾਮ ਲੱਗੇ ਸਨ। ਕਿਸਾਨਾਂ ਵੱਲੋਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਆਖਿਆ ਗਿਆ ਸੀ।
ਮਨੀਸ਼ ਗਰੋਵਰ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਹਨ ਅਤੇ ਖੱਟਰ ਸਰਕਾਰ ਵਿੱਚ ਅਹਿਮ ਰੁਤਬਾ ਰੱਖਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












