ਕਿਸਾਨ ਅੰਦੋਲਨ ਦੌਰਾਨ ਇਨੈਲੋ ਮੁਖੀ ਅਭੈ ਚੌਟਾਲਾ ਦੀ ਜ਼ਿਮਨੀ ਚੋਣ ’ਚ ਜਿੱਤ ਤੇ ਭਾਜਪਾ ਨੂੰ 59 ਹਜ਼ਾਰ ਵੋਟਾਂ ਪੈਣ ਦੇ ਕੀ ਮਾਅਨੇ

ਤਸਵੀਰ ਸਰੋਤ, PRABHU DYAL/BBC
ਇਨੈਲੋ ਮੁਖੀ ਅਭੈ ਚੌਟਾਲਾ ਨੇ ਹਰਿਆਣਾ ਦੀ ਏਲਨਾਬਾਦ ਸੀਟ ’ਤੇ ਹੋਈ ਜ਼ਿਮਨੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਇਹ ਚੋਣ 6708 ਵੋਟਾਂ ਦੇ ਫਰਕ ਨਾਲ ਜਿੱਤੀ ਹੈ।
ਇੰਡੀਅਨ ਨੈਸ਼ਨਲ ਲੋਕ ਦਲ ਦੇ ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ ਇਹ ਸੀਟ ਖਾਲੀ ਹੋਈ ਸੀ।
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਅਭੈ ਚੌਟਾਲਾ ਨੂੰ ਚੋਣ ਵਿੱਚ 65,897 ਵੋਟਾਂ ਪਈਆਂ ਹਨ। ਭਾਜਪਾ-ਜਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ 59,189 ਅਤੇ ਕਾਂਗਰਸ ਦੇ ਪਵਨ ਬੈਨੀਵਾਲ ਨੂੰ ਇਸ ਚੋਣ ਵਿੱਚ 20,857 ਵੋਟਾਂ ਮਿਲੀਆਂ ਹਨ।
ਚੋਣ ਕਮਿਸ਼ਨ ਮੁਤਾਬਕ ਇਸ ਜ਼ਿਮਨੀ ਚੋਣ ਵਿੱਚ 81% ਵੋਟਾਂ ਦਾ ਭੁਗਤਾਨ ਹੋਇਆ ਸੀ। 2019 ਵਿਧਾਨ ਸਭਾ ਚੋਣਾਂ ਦੌਰਾਨ ਇਸੇ ਹਲਕੇ ਵਿੱਚ 83% ਮਤਦਾਨ ਹੋਇਆ ਸੀ।
ਇਹ ਵੀ ਪੜ੍ਹੋ-
ਚੋਣ ਕਮਿਸ਼ਨ ਨੇ ਲਾਈ ਜੇਤੂ ਜਲੂਸਾਂ ਉਪਰ ਰੋਕ
ਇਸ ਵਾਰ ਚੋਣ ਕਮਿਸ਼ਨ ਵੱਲੋਂ ਇੱਕ ਬਿਆਨ ਜਾਰੀ ਕਰਕੇ ਨਤੀਜਿਆਂ ਤੋਂ ਬਾਅਦ ਜੇਤੂ ਜਲੂਸਾਂ ਉਪਰ ਰੋਕ ਲਗਾ ਦਿੱਤੀ ਗਈ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਨਤੀਜੇ ਆਉਣ ਤੋਂ ਬਾਅਦ ਜੇਤੂ ਉਮੀਦਵਾਰ ਨਾਲ ਕੇਵਲ ਦੋ ਲੋਕ ਹੀ ਰਿਟਰਨਿੰਗ ਅਫ਼ਸਰ ਕੋਲ ਸਰਟੀਫਿਕੇਟ ਲੈਣ ਲਈ ਜਾ ਸਕਦੇ ਹਨ।

ਤਸਵੀਰ ਸਰੋਤ, PRABHU DYAL/BBC
ਕੌਣ ਸਨ ਉਮੀਦਵਾਰ?
ਆਈਐਨਐਲਡੀ ਦੇ ਅਭੈ ਸਿੰਘ ਚੌਟਾਲਾ, ਕਾਂਗਰਸ ਦੇ ਪਵਨ ਬੈਨੀਵਾਲ ਅਤੇ ਬੀਜੇਪੀ-ਜੇਜੇਪੀ ਦੇ ਗੋਬਿੰਦ ਕਾਂਡਾ ਸਮੇਤ ਕੁੱਲ 19 ਉਮੀਦਵਾਰ ਮੈਦਾਨ ਵਿੱਚ ਸਨ।
ਕਾਂਗਰਸ ਦੇ ਪਵਨ ਬੈਨੀਵਾਲ ਦੋ ਵਾਰ ਭਾਜਪਾ ਦੀ ਟਿਕਟ ਤੋਂ ਇਸ ਹਲਕੇ ਤੋਂ ਚੋਣ ਲੜ ਚੁੱਕੇ ਹਨ ਪਰ ਭਾਰਤੀ ਜਨਤਾ ਪਾਰਟੀ ਲਈ ਉਹ ਜਿੱਤ ਹਾਸਲ ਨਹੀਂ ਕਰ ਸਕੇ ਸਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਨ੍ਹਾਂ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਭਾਰਤੀ ਜਨਤਾ ਪਾਰਟੀ-ਜੇਜੇਪੀ ਦੇ ਉਮੀਦਵਾਰ ਗੋਬਿੰਦ ਕਾਂਡਾ ਸਿਰਸਾ ਦੇ ਵਿਧਾਇਕ ਅਤੇ ਹਰਿਆਣਾ ਲੋਕ ਹਿੱਤ ਪਾਰਟੀ ਦੇ ਗੋਪਾਲ ਕਾਂਡਾ ਦੇ ਭਰਾ ਹਨ। ਗੋਪਾਲ ਕਾਂਡਾ ਦੀ ਪਾਰਟੀ ਬੀਜੇਪੀ- ਜੇਜੇਪੀ ਦਾ ਸਮਰਥਨ ਕਰ ਰਹੀ ਸੀ।
ਏਲਨਾਬਾਦ ਸੀਟ ਇੰਡੀਅਨ ਨੈਸ਼ਨਲ ਲੋਕ ਦਲ ਲਈ ਮਹੱਤਵਪੂਰਨ ਹੈ ਕਿਉਂਕਿ 2019 ਵਿਧਾਨ ਸਭਾ ਚੋਣਾਂ ਵਿੱਚ ਕੇਵਲ ਇਸੇ ਸੀਟ ’ਤੇ ਹੀ ਪਾਰਟੀ ਜਿੱਤ ਦਰਜ ਕਰ ਸਕੀ ਸੀ। ਚੌਟਾਲਾ ਪਰਿਵਾਰ ਹਮੇਸ਼ਾ ਇਸ ਸੀਟ ਤੋਂ ਜੇਤੂ ਰਿਹਾ ਹੈ।

ਤਸਵੀਰ ਸਰੋਤ, ABHAY CHAUTALA/BBC
ਪੁਲਿਸ ਦੇ ਪਹਿਰੇ ਹੇਠ ਹੋਇਆ ਸੀ ਚੋਣ ਪ੍ਰਚਾਰ
ਕਿਸਾਨਾਂ ਵੱਲੋਂ ਭਾਜਪਾ-ਜਜਪਾ ਆਗੂਆਂ ਦਾ ਏਲਨਾਬਾਦ ਦੀ ਜ਼ਿਮਨੀ ਚੋਣ ਦੌਰਾਨ ਵਿਰੋਧ ਕੀਤੇ ਜਾਣ ਦੇ ਮੱਦੇਨਜ਼ਰ ਪੂਰੇ ਹਲਕੇ 'ਚ ਨੀਮ ਫ਼ੌਜੀ ਦਸਤੇ ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਸੀ।
ਭਾਰੀ ਪੁਲਿਸ ਬਲ ਹੋਣ ਦੇ ਬਾਵਜੂਦ ਕਿਸਾਨ ਕਈ ਥਾਵਾਂ 'ਤੇ ਭਾਜਪਾ ਤੇ ਜਜਪਾ ਆਗੂਆਂ ਦਾ ਵਿਰੋਧ ਕਰਨ ਵਿੱਚ ਸਫਲ ਵੀ ਰਹੇ।
ਕਈ ਥਾਵਾਂ 'ਤੇ ਕਿਸਾਨਾਂ ਨੇ ਭਾਜਪਾ-ਜਜਪਾ ਆਗੂਆਂ ਨੂੰ ਕਾਲੇ ਝੰਡੇ ਵੀ ਵਿਖਾਏ ਅਤੇ ਕਈ ਪਿੰਡਾਂ ਵਿੱਚ ਉਨ੍ਹਾਂ ਦੇ ਦਾਖ਼ਲ ਨਾ ਹੋਣ ਦੇ ਬੋਰਡ ਲਾਏ ਗਏ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਅਨੇਕਾਂ ਪਿੰਡਾਂ ਵਿੱਚ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਇਨ੍ਹਾਂ ਆਗੂਆਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਸ਼ਾਮਲ ਸਨ।
ਹਲਾਂਕਿ ਭਾਜਪਾ-ਜਜਪਾ ਆਗੂ ਇਨ੍ਹਾਂ ਨੂੰ ਕਿਸਾਨ ਨਾ ਦਸ ਕੇ ਵਿਰੋਧੀ ਧਿਰ ਦੇ ਕਾਰਕੁਨ ਆਖ ਰਹੀਆਂ ਸਨ।
ਭਾਜਪਾ-ਜੇਜੇਪੀ ਨੂੰ ਕਰੀਬ 60 ਹਜ਼ਾਰ ਵੋਟਾਂ ਪੈਣ ਦੇ ਕੀ ਮਾਅਨੇ?
ਹਰਿਆਣਾ ਦੇ ਏਲਨਾਬਾਦ ਜ਼ਿਮਨੀ ਚੋਣ 'ਤੇ ਪ੍ਰਤੀਕਿਰਿਆ ਦਿੰਦਿਆ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਨੇ ਕਿਹਾ ਕਿ ਜਦੋਂ ਚੋਣ ਦੀ ਸ਼ੁਰੂਆਤ ਹੋਈ ਸੀ ਤਾਂ ਲੋਕਾਂ ਨੂੰ ਲੱਗ ਹੀ ਰਿਹਾ ਸੀ ਕਿ ਜਿਵੇਂ ਖੇਤੀ ਕਾਨੂੰਨ ਦੇ ਵਿਰੋਧ 'ਚ ਅਭੈ ਚੌਟਾਲਾ ਨੇ ਅਸਤੀਫ਼ਾ ਦਿੱਤਾ ਹੈ ਤਾਂ ਉਹ ਨਿਸ਼ਚਿਤ ਤੌਰ 'ਤੇ ਜਿੱਤਣਗੇ।
ਉਨ੍ਹਾਂ ਨੇ ਕਿਹਾ, "ਜਿਵੇਂ ਦੀ ਆਸ ਸੀ ਨਤੀਜੇ ਵੀ ਉਸੇ ਤਰ੍ਹਾਂ ਰਹੇ ਹਨ। 2019 ਵਿੱਚ ਵੀ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਵੀ ਅਭੈ ਚੌਟਾਲਾ ਨੰਬਰ ਇੱਕ ਸਥਾਨ 'ਤੇ ਰਹੇ ਸਨ, ਭਾਜਪਾ ਦੂਜੇ ਤੇ ਕਾਂਗਰਸ ਤੀਜੇ ਨੰਬਰ 'ਤੇ।"
"ਇਸ ਚੋਣ ਵਿੱਚ ਨਤੀਜੇ ਉਸੇ ਤਰ੍ਹਾਂ ਰਹੇ ਹਨ। ਜਿੱਤ ਦਾ ਫਰਕ ਤਾਂ ਘੱਟ ਰਿਹਾ ਹੈ ਪਰ ਪਹਿਲਾਂ ਨਾਲੋਂ ਉਨ੍ਹਾਂ ਦੇ ਵੋਟ ਵਧੇ ਹਨ।"

ਤਸਵੀਰ ਸਰੋਤ, ABHAY cHAUTALA/fb
ਅਭੈ ਚੌਟਾਲਾ ਤੋਂ ਬਾਅਦ ਭਾਜਪਾ-ਜੇਜੇਪੀ ਆਗੂ ਗੋਬਿੰਦ ਕਾਂਡਾ ਨੂੰ ਕਰੀਬ 60 ਹਜ਼ਾਰ ਵੋਟਾਂ ਮਿਲੀਆਂ ਹਨ ਜੋ ਘੱਟ ਨਹੀਂ ਹਨ।
ਇਸ ਬਾਰੇ ਬਲਵੰਤ ਤਕਸ਼ਕ ਨੇ ਕਿਹਾ, "ਇਸ ਚੋਣ ਵਿੱਚ ਇੱਕ ਤਰ੍ਹਾਂ ਨਾਲ ਅਭੈ ਚੌਟਾਲਾ ਨੂੰ ਚਾਰ ਪਾਰਟੀਆਂ ਖ਼ਿਲਾਫ਼ ਚੋਣ ਲੜਨੀ ਪਈ ਹੈ।"
"ਅਜਿਹੇ ਵਿੱਚ ਅਭੈ ਚੌਟਾਲਾ ਦਾ ਜ਼ਿਮਨੀ ਚੋਣਾਂ ਜਿੱਤਣਾ ਵੱਖਰੀ ਗੱਲ ਹੈ। ਖ਼ਾਸ ਤੌਰ 'ਤੇ ਜਦੋਂ ਸੂਬਾ ਸਰਕਾਰ ਦੇ ਤਿੰਨ ਸਾਲ ਬਾਕੀ ਹੋਣ। ਆਮ ਤੌਰ 'ਤੇ ਜ਼ਿਮਨੀ ਚੋਣਾਂ ਦੇ ਨਤੀਜੇ ਸੱਤਾਧਾਰੀ ਪਾਰਟੀ ਦੇ ਪੱਖ ਵਿੱਚ ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਦੀ ਜਿੱਤ ਵੱਡੀ ਗੱਲ ਹੈ।"
ਪਵਨ ਬੈਨੀਵਾਲ ਨੂੰ ਪਾਰਟੀ ਛੱਡਣੀ ਵੀ ਕਿਉਂ ਰਾਸ ਨਹੀਂ ਆਈ?
ਪਵਨ ਬੈਨੀਵਾਲ ਵੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਏ ਸੀ ਪਰ ਵੋਟਰਾਂ ਨੇ ਉਨ੍ਹਾਂ ਦੇ ਇਸ ਕਦਮ ਨੂੰ ਜਿੱਤ ਵਿੱਚ ਨਹੀਂ ਬਦਲਿਆ।
ਇਸ ਬਾਰੇ ਬਲਵੰਤ ਤਕਸ਼ਕ ਕਹਿੰਦੇ ਹਨ, "ਪਵਨ ਬੈਨੀਵਾਲ ਪਹਿਲਾਂ ਵੀ ਦੋ ਵਾਰ ਏਲਨਾਬਾਦ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਹਾਰ ਚੁੱਕੇ ਹਨ। ਦੋਵੇਂ ਵਾਰ ਦੂਜੇ ਨੰਬਰ 'ਤੇ ਹੀ ਰਹੇ ਸਨ।"
"ਅਜਿਹੇ 'ਚ ਉਨ੍ਹਾਂ ਨੂੰ ਲੱਗਾ ਕਿ ਕਿਸਾਨਾਂ ਦੀ ਨਾਰਾਜ਼ਗੀ ਕਾਰਨ ਜੇਕਰ ਉਹ ਭਾਜਪਾ ਦੀ ਟਿਕਟ 'ਤੇ ਹੀ ਚੋਣ ਮੈਦਾਨ ਵਿੱਚ ਉਤਰਨਗੇ ਤਾਂ ਉਨ੍ਹਾਂ ਦਾ ਜਿੱਤਣਾ ਮੁਸ਼ਕਿਲ ਹੋਵੇਗਾ।"

ਤਸਵੀਰ ਸਰੋਤ, Prabhu Dyal/bbc
"ਉਹ ਕਾਂਗਰਸ ਵਿੱਚ ਇਸੇ ਲਈ ਆਏ ਸਨ ਕਿ ਸ਼ਾਇਦ ਉਨ੍ਹਾਂ ਨੂੰ ਕਾਂਗਰਸ ਦੀ ਟਿਕਟ ਨਾਲ ਵਿਧਾਨ ਸਭਾ ਵਿੱਚ ਜਾਣ ਦਾ ਮੌਕਾ ਮਿਲ ਜਾਵੇ।"
"ਬਾਕੀ ਹੋਰ ਸੂਬਿਆਂ ਵਾਂਗ ਹਰਿਆਣਾ ਕਾਂਗਰਸ ਵਿੱਚ ਵੀ ਗੁੱਟਬਾਜ਼ੀ ਹੈ ਅਤੇ ਅੰਦਰੂਨੀ ਕਲੇਸ਼ ਹੈ। ਇਸ ਚੋਣ ਵਿੱਚ ਬੈਨੀਵਾਲ ਨੂੰ ਪਹਿਲਾਂ ਨਾਲੋਂ ਵੀ ਘੱਟ ਵੋਟ ਮਿਲੇ ਹਨ ਅਤੇ ਪਾਰਟੀ ਬਦਲਣ ਦੇ ਬਾਵਜੂਦ ਉਹ ਹਾਰ ਗਏ ਹਨ।"
"ਸਿਰਸਾ ਜ਼ਿਲ੍ਹਾ ਕਾਂਗਰਸ ਦੀ ਸੂਬਾ ਇੰਚਾਰਜ਼ ਕੁਮਾਰੀ ਸ਼ੈਲਜਾ ਦੇ ਅਸਰ ਵਾਲਾ ਇਲਾਕਾ ਹੈ। ਉਨ੍ਹਾਂ ਦੇ ਸੱਦੇ 'ਤੇ ਹੀ ਬੈਨੀਵਾਲ ਕਾਂਗਰਸ ਵਿੱਚ ਆਏ ਸਨ ਪਰ ਕਾਂਗਰਸ ਦੀ ਅੰਦਰੂਨੀ ਕਲੇਸ਼ ਕਾਰਨ ਪਵਨ ਬੈਨੀਵਾਲ ਨੂੰ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਹੈ।"
"ਏਲਨਾਬਾਦ ਇੱਕ ਅਜਿਹਾ ਇਲਾਕਾ ਹੈ ਜਿੱਥੇ ਬੈਨੀਵਾਲ ਗੋਤ ਦੇ 45 ਪਿੰਡ ਹਨ, ਉਸ ਨੂੰ ਬੈਨੀਵਾਲ ਪੈਂਤਾਲੀਸਾ ਵੀ ਕਹਿੰਦੇ ਹਨ।"
"ਇਹ ਬੈਨੀਵਾਲ ਗੋਤ ਦਾ ਵੱਡਾ ਵੋਟ ਬੈਂਕ ਹੈ, ਜੇਕਰ ਗੋਤ ਦੇ ਵੋਟ ਵੀ ਬੈਨੀਵਾਲ ਨੂੰ ਪਏ ਹੁੰਦੇ ਤਾਂ ਅੱਜ ਇਹ ਦਿਨ ਉਨ੍ਹਾਂ ਨੂੰ ਨਹੀਂ ਦੇਖਣਾ ਪੈਂਦਾ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












