ਅਮੀਰ ਲੋਕਾਂ ਦਾ ਰਹਿਣ-ਸਹਿਣ ਕਿਵੇਂ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਲੌਰਾ ਪੈਡੀਸਨ
- ਰੋਲ, ਬੀਬੀਸੀ ਫਿਊਚਰ
ਸਾਲ 2018 ਵਿੱਚ ਸੇਫਾਨ ਗੋਸਲਿੰਗ ਅਤੇ ਉਨ੍ਹਾਂ ਦੀ ਟੀਮ ਨੇ ਮਹੀਨਿਆਂ ਤੱਕ ਪੈਰਿਸ ਹਿਲਟਨ ਤੋਂ ਲੈ ਕੇ ਓਪਰਾ ਵਿਨਫਰੇ ਵਰਗੇ ਅਮੀਰ ਲੋਕਾਂ ਦੀਆਂ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਫਰੋਲਿਆ।
ਸਵੀਡਨ ਦੀ ਲਾਈਨੇਅਸ ਯੂਨੀਵਰਸਿਟੀ ਵਿੱਚ ਟੂਰਿਜ਼ਮ ਦੇ ਪ੍ਰੋਫੈਸਰ ਗੋਸਲਿੰਗ ਇਹ ਜਾਨਣਾ ਚਾਹੁੰਦੇ ਸਨ ਕਿ ਇਹ ਲੋਕ ਜਹਾਜ਼ ਵਿੱਚ ਕਿੰਨਾ ਸਫ਼ਰ ਕਰਦੇ ਹਨ।
ਉਨ੍ਹਾਂ ਨੇ ਪਾਇਆ ਕਿ ਇਸਦੀ ਸੰਖਿਆ ਬਹੁਤ ਜ਼ਿਆਦਾ ਸੀ। ਦੁਨੀਆ ਭਰ ਵਿੱਚ ਵਾਤਾਵਰਣ ਦੇ ਮੁੱਦਿਆਂ 'ਤੇ ਬੋਲਣ ਵਾਲੇ ਬਿਲ ਗੇਟਸ ਨੇ ਸਾਲ 2017 ਵਿੱਚ 59 ਵਾਰ ਹਵਾਈ ਯਾਤਰਾ ਕੀਤੀ।
ਗੋਸਲਿੰਗ ਦੀ ਗਿਣਤੀ ਮੁਤਾਬਕ, ਉਨ੍ਹਾਂ ਨੇ 343,500 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਹ ਦੂਰੀ, ਪੂਰੇ ਸੰਸਾਰ ਦੇ ਅੱਠ ਵਾਰ ਤੋਂ ਵੱਧ ਚੱਕਰ ਲਗਾਉਣ ਦੇ ਬਰਾਬਰ ਹੈ ਅਤੇ ਇਸ ਨਾਲ 1,600 ਟਨ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਹੋਇਆ। ਇਹ ਔਸਤਨ 105 ਅਮਰੀਕੀਆਂ ਦੇ ਸਾਲ ਭਰ ਵਿੱਚ ਕੀਤੇ ਜਾਣ ਵਾਲੇ ਨਿਕਾਸ ਦੇ ਬਰਾਬਰ ਹੈ।
ਗੋਸਲਿੰਗ ਦੀ ਕੋਸ਼ਿਸ਼ ਇਹ ਪਤਾ ਲਗਾਉਣ ਦੀ ਸੀ ਕਿ ਇੱਕ ਬਹੁਤ ਪੈਸੇ ਵਾਲੇ ਵਿਅਕਤੀ, ਜਿਨ੍ਹਾਂ ਦੇ ਜੀਵਨ ਬਾਰੇ ਸਾਨੂੰ ਬਹੁਤ ਕੁਝ ਨਹੀਂ ਪਤਾ ਲੱਗ ਪਾਉਂਦਾ, ਉਨ੍ਹਾਂ ਦੇ ਜੀਵਨ ਜਿਉਣ ਦੇ ਢੰਗ ਨਾਲ ਗ੍ਰੀਨਹਾਊਸ ਗੈਸਾਂ ਦਾ ਕਿੰਨਾ ਨਿਕਾਸ ਹੁੰਦਾ ਹੈ।
ਗੋਸਲਿੰਗ ਦਾ ਅਧਿਐਨ, ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਦੇ ਨਾਲ ਮੇਲ ਖਾਂਦਾ ਹੈ, ਜੋ ਕਿ (ਗ੍ਰੇਟਾ) ਵਿਅਕਤੀਗਤ ਜਵਾਬਦੇਹੀ 'ਤੇ ਜ਼ੋਰ ਦਿੰਦੇ ਹਨ। ਹਵਾਈ ਜਹਾਜ਼ ਸਭ ਤੋਂ ਵੱਧ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਕਰਦੇ ਹਨ, ਇਸ ਲਈ ਇਸ ਨੂੰ ਜਵਾਬਦੇਹੀ ਨਾਲ ਜੋੜਿਆ ਜਾ ਰਿਹਾ ਹੈ।
ਥਨਬਰਗ ਨੇ 2019 ਵਿੱਚ ਗਾਰਡੀਅਨ ਅਖਬਾਰ ਵਿੱਚ ਲਿਖਿਆ ਸੀ, ਜਿੰਨਾ ਜ਼ਿਆਦਾ ਤੁਹਾਡਾ ਕਾਰਬਨ ਫੁੱਟਪ੍ਰਿੰਟ ਹੈ, ਓਨੀ ਵੱਡੀ ਤੁਹਾਡੀ ਨੈਤਿਕ ਜ਼ਿੰਮੇਵਾਰੀ।"
ਇਹ ਵੀ ਪੜ੍ਹੋ-
ਕਾਰਬਨ ਨਿਕਾਸ ਵਿੱਚ ਅਸਮਾਨਤਾ
ਪਿਛਲੇ ਕੁਝ ਦਹਾਕਿਆਂ ਵਿੱਚ ਦੁਨੀਆ ਭਰ ਵਿੱਚ ਫੈਲ ਰਹੀ ਅਸਮਾਨਤਾ ਬਾਰੇ ਗੱਲਾਂ ਹੁੰਦੀਆਂ ਰਹੀਆਂ ਹਨ। ਸਾਲ 2008 ਦੇ ਆਰਥਿਕ ਸੰਕਟ ਤੋਂ ਮਹਾਮਾਰੀ ਤੱਕ, ਜਲਵਾਯੂ ਪਰਿਵਰਤਨ ਦਾ ਅਸਰ ਸਭ ਤੋਂ ਜ਼ਿਆਦਾ ਗਰੀਬ ਲੋਕਾਂ 'ਤੇ ਪਿਆ ਹੈ।
ਪਰ ਅਸਮਾਨਤਾ ਨੂੰ ਘੱਟ ਕਰਨ ਦੀ ਬਹਿਸ ਵਿੱਚ ਅਸੀਂ ਜ਼ਿਆਦਾ ਉਪਭੋਗ ਨੂੰ ਭੁੱਲ ਜਾਂਦੇ ਹਾਂ। ਬਰਲਿਨ ਦੇ ਥਿੰਕ ਟੈਂਕ ਹੌਟ ਐਂਡ ਕੂਲ ਦੇ ਮੈਨੇਜਿੰਗ ਡਾਇਰੈਕਟਰ ਲੁਈਸ ਐਂਕੇਜੀ ਕਹਿੰਦੇ ਹਨ, "ਤੁਹਾਡਾ ਹਰੇਕ ਯੂਨਿਟ ਦਾ ਜ਼ਿਆਦਾ ਇਸਤੇਮਾਲ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕੋਈ ਵਿਅਕਤੀ ਕਿਤੇ ਆਪਣਾ ਹਿੱਸਾ ਛੱਡ ਰਿਹਾ ਹੈ।"

ਤਸਵੀਰ ਸਰੋਤ, Getty Images
ਇਸ ਲਈ ਕਾਰਬਨ ਫੁੱਟਪ੍ਰਿੰਟ ਦੇ ਮਾਮਲੇ ਵਿੱਚ ਵੀ ਅਸਮਾਨਤਾ ਹੈ ਅਤੇ ਦੁਨੀਆ ਵਿੱਚ ਹੋ ਰਹੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਲਈ ਇਹ ਇੱਕ ਖਤਰਾ ਹੈ।
ਇਸ ਨਾਲ ਜੁੜੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸਾਲ 2020 ਦੀ ਆਕਸਫੈਮ ਅਤੇ ਸਟਾਕਹੋਮ ਇਨਵਾਇਰਮੈਂਟ ਇੰਸਟੀਚਿਊਟ ਦੀ ਇੱਕ ਰਿਪੋਰਟ ਦੇ ਅਨੁਸਾਰ, 2015 ਵਿੱਚ ਦੁਨੀਆ ਦੀਆਂ ਅੱਧੀਆਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਲਈ 10 ਫੀਸਦ ਸਭ ਤੋਂ ਅਮੀਰ ਲੋਕ ਜ਼ਿੰਮੇਦਾਰ ਸਨ।
ਸਭ ਤੋਂ ਉੱਪਰ ਦੇ ਇੱਕ ਫੀਸਦ ਅਮੀਰ 15 ਫੀਸਦੀ ਨਿਕਾਸ ਲਈ ਜ਼ਿੰਮੇਦਾਰ ਸਨ। ਇਹ ਸਭ ਤੋਂ ਗਰੀਬ 50 ਫੀਸਦੀ ਲੋਕਾਂ ਵੱਲੋਂ ਕੀਤੇ ਗਏ 7 ਫੀਸਦੀ ਨਿਕਾਸ ਦਾ ਦੁੱਗਣਾ ਹੈ। ਪਰ ਵਾਤਾਵਰਨ ਤਬਦੀਲੀ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਦਾ ਅਸਰ ਉਨ੍ਹਾਂ 'ਤੇ ਵੀ ਪਵੇਗਾ।
ਗਰੀਬਾਂ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ
ਸਟਾਕਹੋਮ ਇਨਵਾਇਰਮੈਂਟ ਇੰਸਟੀਚਿਊਟ ਦੇ ਸਟਾਫ ਵਿਗਿਆਨੀ ਐਮਿਲੀ ਘੋਸ਼ ਕਹਿੰਦੇ ਹਨ ਕਿ ਦੁਨੀਆ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਵੇ ਇਸਦੇ ਲਈ ਜੋ "ਕਾਰਬਨ ਬਜਟ'' ਹੈ, ਅਮੀਰ ਲੋਕ ਉਸਦਾ ਵੱਡਾ ਹਿੱਸਾ ਇਸਤੇਮਾਲ ਕਰਨ ਦੀ ਕੋਸ਼ਿਸ਼ ਵਿੱਚ ਹਨ।''
''ਅਤੇ ਉਹ ਗਰੀਬ 50 ਫੀਸਦੀ ਆਬਾਦੀ ਲਈ ਇੰਨੀ ਥਾਂ ਨਹੀਂ ਛੱਡ ਰਹੇ ਕਿ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਨਿਸ਼ਚਿਤ ਕਾਰਬਨ ਨਿਕਾਸ ਤੱਕ ਪਹੁੰਚਣ।"
ਹੌਟ ਐਂਡ ਕੂਲ ਇੰਸਟੀਚਿਊਟ ਮੁਤਾਬਕ, ਜ਼ਿਆਦਾਤਰ ਅਮੀਰ ਦੇਸ਼ਾਂ ਦੇ ਲੋਕ ਜਿਸ ਤਰ੍ਹਾਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਨ, ਉਸਦਾ ਧਰਤੀ ਦੇ ਵਾਤਾਵਰਣ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
ਜੇਕਰ ਅਸੀਂ ਦਰਾਮਦ (ਆਯਾਤ) ਕੀਤੀਆਂ ਗਈਆਂ ਵਸਤੂਆਂ ਤੋਂ ਹੋਣ ਵਾਲੇ ਨਿਕਾਸ ਦੀ ਗੱਲ ਕਰੀਏ ਤਾਂ ਬ੍ਰਿਟੇਨ ਵਿੱਚ ਇੱਕ ਵਿਅਕਤੀ ਹਰ ਸਾਲ ਔਸਤਨ 8.5 ਟਨ ਕਾਰਬਨ ਦਾ ਨਿਕਾਸ ਕਰਦਾ ਹੈ।
ਕੈਨੇਡਾ ਵਿੱਚ ਇਹ ਅੰਕੜਾ ਵੱਧ ਕੇ 14.2 ਟਨ ਹੋ ਜਾਂਦਾ ਹੈ। ਜੇਕਰ ਅਸੀਂ ਧਰਤੀ ਦੇ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਨਿਕਾਸੀ ਨੂੰ ਘੱਟ ਕਰਕੇ 0.7 ਟਨ ਤੱਕ ਲਿਆਉਣਾ ਪਏਗਾ।
ਪਰ ਇਹ ਬਦਲਾਅ ਸਿਰਫ਼ ਲੋਕਾਂ ਦੀ ਜੀਵਨ ਸ਼ੈਲੀ ਬਦਲਣ ਨਾਲ ਹੀ ਆ ਜਾਵੇਗਾ ਜਾਂ ਫਿਰ ਇਸਦੇ ਲਈ ਸਰਕਾਰਾਂ ਨੂੰ ਵੀ ਕਦਮ ਚੁੱਕਣੇ ਪੈਣਗੇ।
ਐਂਕੇਜੀ ਕਹਿੰਦੇ ਹਨ, "ਜੀਵਨਸ਼ੈਲੀ ਇਸ ਤਰ੍ਹਾਂ ਬਦਲਦੀ ਹੈ, ਇਸ ਦਾ ਇੱਕ ਹਵਾਲਾ ਹੁੰਦਾ ਹੈ। ਜ਼ਿਆਦਾਤਰ ਲੋਕ ਇੱਕ ਅਸਥਿਰ ਆਰਥਿਕ ਅਤੇ ਰਾਜਨੀਤਿਕ ਹਾਲਤ ਵਿੱਚ ਰਹਿ ਰਹੇ ਹਨ। ਪਰ ਅਮੀਰਾਂ ਅਤੇ ਸਭ ਤੋਂ ਵੱਧ ਨਿਕਾਸ ਲਈ ਜ਼ਿੰਮੇਦਾਰ ਲੋਕਾਂ ਦੀ ਜੀਵਨਸ਼ੈਲੀ ਵਿੱਚ ਤਬਦੀਲੀਆਂ ਦੀ ਗੱਲ ਕੀਤੇ ਬਿਨਾਂ, ਅਸੀਂ ਬਿਹਤਰ ਦੀ ਉਮੀਦ ਨਹੀਂ ਕਰ ਸਕਦੇ।"
ਅਮਰੀਕਾ ਦੀ ਕਲਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਿਰੇਟਸ ਹੇਲੇਨਾ ਸ਼ੇਜ਼ਵਾਲਡ ਬ੍ਰਾਊਨ ਕਹਿੰਦੇ ਹਨ, "ਅਮੀਰ ਲੋਕਾਂ ਦੀ ਸ਼ੈਲੀ ਨਾਲ ਦੂਜੇ ਪ੍ਰੇਰਨਾ ਲੈਂਦੇ ਹਨ। ਇਸ ਲਈ ਇਹ ਇੱਕ ਬੁਰਾ ਰੁਝਾਨ ਹੈ।"

ਤਸਵੀਰ ਸਰੋਤ, Getty Images
ਗੋਸਲਿੰਗ ਕਹਿੰਦੇ ਹਨ, "ਹਵਾਈ ਯਾਤਰਾ ਦੀ ਗੱਲ ਕਰੀਏ, ਤਾਂ ਜਿਵੇਂ ਹੀ ਤੁਸੀਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨਾ ਸ਼ੁਰੂ ਕਰਦੇ ਹੋ, ਤੁਸੀਂ ਇੱਕ ਕੁਲੀਨ (ਇਲੀਟ) ਬਣ ਜਾਂਦੇ ਹੋ।"
ਦੁਨੀਆ ਦੇ 90 ਫੀਸਦ ਤੋਂ ਵੱਧ ਲੋਕਾਂ ਨੇ ਕਦੇ ਹਵਾਈ ਯਾਤਰਾ ਨਹੀਂ ਕੀਤੀ ਅਤੇ ਦੁਨੀਆ ਦੀ ਇੱਕ ਫੀਸਦ ਆਬਾਦੀ ਹਵਾਈ ਯਾਤਰਾ ਤੋਂ ਹੋਣ ਵਾਲੇ ਨਿਕਾਸ ਲਈ ਜ਼ਿੰਮੇਦਾਰ ਹੈ।
''ਉਦਯੋਗਪਤੀ ਅਤੇ ਮਸ਼ਹੂਰ ਹਸਤੀਆਂ ਜੋ ਕਿ ਆਪਣੇ ਆਪ ਦੀ ਬ੍ਰਾਂਡਿੰਗ ਲਈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਦੇ ਹਨ, ਉਹ ਲੋਕਾਂ ਵਿੱਚ ਨਵੀਆਂ ਇੱਛਾਵਾਂ ਪੈਦਾ ਕਰ ਰਹੇ ਹਨ।"
ਅਮੀਰ ਲੋਕਾਂ ਦੀਆਂ ਵੱਡੀਆਂ ਕਾਰਾਂ
ਦੇਸ਼ਾਂ ਦੇ ਪ੍ਰਮੁੱਖ ਵਿਅਕਤੀਆਂ, ਵੱਡੇ ਉਦਯੋਗਪਤੀਆਂ ਅਤੇ ਮਸ਼ਹੂਰ ਹਸਤੀਆਂ ਲਈ ਵਰਤੀ ਜਾਣ ਵਾਲੀ SUV ਕਾਰ ਖਰੀਦਣ ਦੇ ਸੁਪਨੇ ਮੱਧ ਸ਼੍ਰੇਣੀ ਦੇ ਲੋਕ ਦੇਖ ਰਹੇ ਹਨ - ਜਦਕਿ ਉਨ੍ਹਾਂ ਦਾ ਵਾਤਾਵਰਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
ਸਾਲ 2019 'ਚ ਦੁਨੀਆ ਭਰ 'ਚ ਗੱਡੀਆਂ ਦੀ ਵਿਕਰੀ 'ਚ 42 ਫੀਸਦ ਵਾਧਾ ਹੋਇਆ। SUV ਸੈਕਟਰ ਇਕਲੌਤਾ ਸੈਕਟਰ ਸੀ ਜਿਸ ਵਿੱਚ ਨਿਕਾਸ ਵਧਿਆ। ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ SUV ਖਰੀਦਣ ਨੇ ਇਲੈਕਟ੍ਰਿਕ ਕਾਰਾਂ ਦੀ ਵਧੀ ਹੋਈ ਵਿਕਰੀ ਦੇ ਫਾਇਦੇ ਨੂੰ ਖਤਮ ਕਰ ਦਿੱਤਾ।
ਵੱਡੇ ਘਰਾਂ ਕਾਰਨ ਵੀ ਇਹ ਸਮੱਸਿਆ ਵਧ ਰਹੀ ਹੈ ਕਿਉਂਕਿ ਉੱਥੇ ਖਪਤ ਜ਼ਿਆਦਾ ਹੁੰਦੀ ਹੈ। ਇੱਕ ਤਾਜ਼ਾ ਅਧਿਐਨ ਦੇ ਸਹਿ-ਲੇਖਕ ਕਿਮਬਰਲੇ ਨਿਕੋਲਸ ਕਹਿੰਦੇ ਹਨ, "ਘਰ ਸਮਾਜਿਕ ਰੁਤਬਾ ਦੱਸਣ ਦਾ ਸਾਧਨ ਰਹਿ ਗਿਆ ਹੈ।"

ਤਸਵੀਰ ਸਰੋਤ, Getty Images
ਘਰਾਂ ਤੋਂ ਹੋਣ ਵਾਲੇ ਨਿਕਾਸ ਦਾ 11 ਫੀਸਦ ਸਿਰਫ਼ 1 ਫੀਸਦ ਵੱਡੇ ਘਰਾਂ ਤੋਂ ਹੁੰਦਾ ਹੈ।
ਹਾਲਾਂਕਿ, ਪਿਛਲੇ ਕੁਝ ਸਾਲਾਂ ਵਿੱਚ ਬਦਲਾਅ ਵੀ ਹੋਏ ਹਨ। ਥਨਬਰਗ ਦੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਸਵੀਡਨ ਵਿੱਚ ਫਲੈਗਸਕੇਮ (ਸਵੀਡਿਸ਼ ਭਾਸ਼ਾ ਵਿੱਚ ਮਤਲਬ - ਹਵਾਈ ਯਾਤਰਾ ਵਿੱਚ ਸ਼ਰਮ) ਦਾ ਕਾਨਸੈਪਟ ਆਇਆ ਹੈ ਜੋ ਕਿ ਲੋਕਾਂ ਨੂੰ ਇਹ ਤੈਅ ਕਰਨ ਲਈ ਕਹਿੰਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਹਵਾਈ ਯਾਤਰਾ ਕਰਨੀ ਚਾਹੀਦੀ ਹੈ।
ਤਬਦੀਲੀਆਂ ਹੋ ਰਹੀਆਂ ਹਨ
ਇਸ ਮੁਹਿੰਮ ਕਾਰਨ, 2018 ਵਿੱਚ ਸਵੀਡਨ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਚਾਰ ਫੀਸਦ ਦੀ ਕਮੀ ਆਈ - ਜੋ ਕਿ ਆਮ ਗੱਲ ਨਹੀਂ ਹੈ।
ਕੋਵਿਡ-19 ਨੇ ਸਾਨੂੰ ਸਿਖਾਇਆ ਹੈ ਕਿ ਵੀਡੀਓ ਕਾਲਾਂ, ਮੀਟਿੰਗਾਂ ਦੀ ਥਾਂ ਲੈ ਸਕਦੀਆਂ ਹਨ। ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ 84 ਫੀਸਦ ਕੰਪਨੀਆਂ ਹੁਣ ਕੰਮ ਨਾਲ ਸਬੰਧਤ ਯਾਤਰਾ 'ਤੇ ਪਹਿਲਾਂ ਦੀ ਬਜਾਏ ਘੱਟ ਖਰਚ ਕਰ ਰਹੀਆਂ ਹਨ।
ਲੋਕ ਆਪਣੇ ਖਾਣ-ਪੀਣ ਵੱਲ ਵੀ ਧਿਆਨ ਦੇਣ ਲੱਗੇ ਹਨ, ਜਿਸ ਕਾਰਨ ਬਨਸਪਤੀ ਤੋਂ ਬਣੇ ਮੀਟ ਦੀ ਮਾਰਕੀਟ ਵਿੱਚ ਵੀ ਵਾਧਾ ਦੇਖਿਆ ਗਿਆ ਹੈ। ਸਸੇਕਸ ਯੂਨੀਵਰਸਿਟੀ ਦੇ ਪੀਟਰ ਨੇਵਲ ਦਾ ਕਹਿਣਾ ਹੈ, ''ਇਹ ਬਦਲਾਅ ਕਿਸੇ ਸਰਕਾਰੀ ਨੀਤੀ ਕਾਰਨ ਨਹੀਂ ਹੋਇਆ ਹੈ।''

ਤਸਵੀਰ ਸਰੋਤ, BARRY LEWIS/IN PICTURES VIA GETTY IMAGES
ਪਰ ਇਹ ਤਬਦੀਲੀਆਂ ਬਹੁਤ ਹੌਲੀ-ਹੌਲੀ ਹੋ ਰਹੀਆਂ ਹਨ। ਕੇਨਰ ਮੁਤਾਬਕ, "ਅਸੀਂ ਜਲਵਾਯੂ ਤਬਦੀਲੀ ਦੇ ਉਸ ਮੁਕਾਮ 'ਤੇ ਪਹੁੰਚ ਗਏ ਹਾਂ ਜਦੋਂ ਜਾਨਵਰ ਅਲੋਪ ਹੋਣ ਲੱਗੇ ਹਨ। ਮੁੱਦਾ ਤੇਜ਼ੀ ਲਿਆਉਣ ਦਾ ਹੈ ਅਤੇ ਇਸਦੇ ਲਈ ਸਰਕਾਰਾਂ ਨੂੰ ਕਦਮ ਚੁੱਕਣੇ ਪੈਣਗੇ।"
ਮਿਸਾਲ ਵਜੋਂ, ਸਰਕਾਰ ਵਧੇਰੇ ਹਵਾਈ ਯਾਤਰਾ 'ਤੇ ਟੈਕਸ ਲਗਾ ਕੇ ਉਸ ਪੈਸੇ ਦੀ ਵਰਤੋਂ ਬਿਹਤਰ ਜਨਤਕ ਆਵਾਜਾਈ ਲਈ ਕਰ ਸਕਦੀ ਹੈ। ਵੱਡੇ ਘਰਾਂ ਤੋਂ ਇਕੱਠੇ ਕੀਤੇ ਗਏ ਟੈਕਸਾਂ ਦੀ ਵਰਤੋਂ ਕਰਕੇ ਘਰਾਂ ਨੂੰ ਇੰਸੂਲੇਟ ਕਰਨ ਅਤੇ ਬਾਲਣ ਦੀ ਗਰੀਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਪਰ ਸਮੱਸਿਆ ਇਹ ਹੈ ਕਿ ਅਮੀਰ ਲੋਕ ਇਹ ਪੈਸਾ ਦੇਣ ਲਈ ਆਰਾਮ ਨਾਲ ਤਿਆਰ ਹੋ ਜਾਣਗੇ ਅਤੇ ਪਹਿਲਾਂ ਵਾਂਗ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਸਰਕਾਰਾਂ ਨੂੰ ਕਦਮ ਚੁੱਕਣੇ ਪੈਣਗੇ
ਇੱਕ ਤਰੀਕਾ ਹੈ ਨਿੱਜੀ ਕਾਰਬਨ ਅਲਾਉਂਸ, ਭਾਵ ਇਹ ਕਿ ਹਰ ਵਿਅਕਤੀ ਨੂੰ ਇੱਕ ਨਿੱਜੀ ਕਾਰਬਨ ਭੱਤਾ (ਅਲਾਉਂਸ) ਦਿੱਤਾ ਜਾਵੇ, ਜਿਸ ਨੂੰ ਉਹ ਵੇਚ ਜਾਂ ਖਰੀਦ ਸਕਦਾ ਹੈ। ਜੇਕਰ ਲੋਕਾਂ ਨੇ ਜ਼ਿਆਦਾ ਨਿਕਾਸ ਕਰਨਾ ਹੈ, ਤਾਂ ਉਹ ਉਨ੍ਹਾਂ ਲੋਕਾਂ ਤੋਂ ਖਰੀਦ ਸਕਦੇ ਹਨ ਜਿਨ੍ਹਾਂ ਕੋਲ ਇਸਦਾ ਇਸਤੇਮਾਲ ਨਹੀਂ ਹੈ।
ਇਸ ਤਰੀਕੇ ਨੂੰ ਲੈ ਕੇ ਆਇਰਲੈਂਡ, ਫਰਾਂਸ ਅਤੇ ਕੈਲੀਫੋਰਨੀਆ ਵਿੱਚ ਪ੍ਰਯੋਗ ਕੀਤੇ ਜਾ ਰਹੇ ਹਨ। ਹਾਲਾਂਕਿ, ਬ੍ਰਿਟੇਨ ਸਰਕਾਰ ਦਾ ਵਿਸ਼ਲੇਸ਼ਣ ਕਹਿੰਦਾ ਹੈ ਕਿ ਇਹ ਤਰੀਕਾ ਆਰਥਿਕ ਤੌਰ 'ਤੇ ਕਾਰਗਰ ਸਾਬਿਤ ਨਹੀਂ ਹੋਵੇਗਾ ਅਤੇ ਸਮਾਜਿਕ ਤੌਰ 'ਤੇ ਵੀ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਇੱਕ ਹੋਰ ਤਰੀਕਾ ਹੈ ਜਿਸ ਤਹਿਤ ਸਰਕਾਰ ਪ੍ਰਾਈਵੇਟ ਜੈੱਟ ਅਤੇ ਵੱਡੇ ਜਹਾਜ਼ਾਂ ਨੂੰ ਬਾਜ਼ਾਰ ਵਿੱਚ ਆਉਣ ਤੋਂ ਰੋਕ ਦੇਵੇ ਅਤੇ ਇਸ ਦੀ ਬਜਾਏ, ਘੱਟ ਨਿਕਾਸ ਵਾਲੇ ਸਾਧਨਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਜਾਵੇ।
ਵਾਤਾਵਰਨ ਤਬਦੀਲੀ ਦੇ ਪ੍ਰਭਾਵ ਨਜ਼ਰ ਆਉਣ ਲੱਗੇ ਹਨ, ਪਰ ਕਈ ਸਰਕਾਰਾਂ ਨੂੰ ਚਿੰਤਾ ਹੈ ਕਿ ਅਜਿਹੇ ਕਦਮਾਂ ਨਾਲ ਉਨ੍ਹਾਂ ਦੇ ਵੋਟਰ ਨਾਰਾਜ਼ ਹੋ ਸਕਦੇ ਹਨ ਅਤੇ ਅਮੀਰਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਕਈ ਸਰਕਾਰਾਂ ਵੱਡੇ ਕਦਮ ਚੁੱਕ ਵੀ ਰਹੀਆਂ ਹਨ। ਬ੍ਰਿਟੇਨ ਵਿੱਚ ਵੇਲਜ਼ ਦੀ ਸਰਕਾਰ ਨੇ ਨਵੇਂ ਸੜਕ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਹੈ ਤਾਂ ਜੋ ਨਿਕਾਸੀ ਘਟਾਉਣ ਦੇ ਟੀਚਿਆਂ ਤੱਕ ਪਹੁੰਚਿਆ ਜਾ ਸਕੇ। ਨੀਦਰਲੈਂਡਜ਼ ਦੀ ਸਰਕਾਰ ਨੇ ਪਸ਼ੂ ਪਾਲਣ ਨੂੰ ਤੀਹ ਫੀਸਦੀ ਘਟਾ ਦਿੱਤਾ ਹੈ। ਬ੍ਰਿਟੇਨ ਦੇ ਨੌਰਵਿਚ ਅਤੇ ਐਕਸਟਰ ਸ਼ਹਿਰਾਂ ਵਿੱਚ ਘੱਟ ਨਿਕਾਸ ਕਾਰਨ ਵਾਲੇ ਘਰ ਬਣਾਉਣ 'ਤੇ ਜ਼ੋਰ ਹੈ।
ਸਾਲ 2021 ਵਿੱਚ ਐਮਸਟਰਡਮ 'ਚ ਐਸਯੂਵੀ ਅਤੇ ਛੋਟੀ ਦੂਰੀ ਦੀਆਂ ਉਡਾਣਾਂ ਵਰਗੀਆਂ ਉਤਸਰਜਨ ਵਾਲੀਆਂ ਚੀਜ਼ਾਂ ਦੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਾਜ਼ੀਲ ਦੇ ਸਾਓ ਪਾਓਲੋ ਅਤੇ ਭਾਰਤ ਦੇ ਚੇੱਨਈ ਵਰਗੇ ਸ਼ਹਿਰਾਂ ਨੇ ਵੀ ਬਿਲਬੋਰਡਾਂ 'ਤੇ ਅਜਿਹੇ ਇਸ਼ਤਿਹਾਰਾ ਦਿਖਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਵੱਡੀਆਂ ਤਬਦੀਲੀਆਂ ਦੀ ਲੋੜ ਹੈ
ਪਰ ਐਂਕੇਜੀ ਕਹਿੰਦੇ ਹਨ ਕਿ ਇਹ ਕਾਫ਼ੀ ਨਹੀਂ ਹੈ। ਜਿਸ ਤੇਜ਼ੀ ਨਾਲ ਜਲਵਾਯੂ ਤਬਦੀਲੀ ਕਾਰਨ ਬਦਲਾਅ ਆ ਰਹੇ ਹਨ, ਸਰਕਾਰਾਂ ਨੂੰ ਬੁਨਿਆਦੀ ਢਾਂਚੇ ਨੂੰ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਦਾ ਮਤਲਬ ਹੈ ਕਿ ਨੀਤੀ ਵਿੱਚ ਟਿਕਾਊ ਵਿਕਾਸ ਦੀ ਗੱਲ ਹੋਣੀ ਚਾਹੀਦੀ ਹੈ, ਬਿਹਤਰ ਜਨਤਕ ਆਵਾਜਾਈ, ਬਿਜਲੀ ਲਈ ਕੋਲੇ 'ਤੇ ਨਿਰਭਰਤਾ ਘੱਟ ਕਰਨਾ, ਬਿਹਤਰ ਘਰ, ਬਾਲਣ (ਇੰਧਨ) ਨਾਲ ਚੱਲਣ ਵਾਲੇ ਵਾਹਨਾਂ ਨੂੰ ਹਟਾਉਣ ਵਰਗੇ ਕਢਣ ਚੁੱਕਣੇ ਪੈਣਗੇ।
ਐਂਕੇਜੀ ਕਹਿੰਦੇ ਹਨ, "ਕੋਈ ਵੀ ਜਾਣਬੁੱਝ ਕੇ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਲੋਕ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਬਿਹਤਰ ਮਹਿਸੂਸ ਕਰਨ ਲਈ ਜਾਂ ਫਿਰ ਵਿਗਿਆਪਨ ਅਤੇ ਸਮਾਜ ਦੇ ਦਬਾਅ ਹੇਠ ਉਤਪਾਦਾਂ ਦੀ ਵਰਤੋਂ ਕਰਦੇ ਹਨ।"

ਤਸਵੀਰ ਸਰੋਤ, LUDOVIC MARIN/POOL/AFP VIA GETTY IMAGES
ਉਨ੍ਹਾਂ ਦਾ ਕਹਿਣਾ ਹੈ ਕਿ ਨਿੱਜੀ ਤੌਰ 'ਤੇ ਚੁੱਕੇ ਗਏ ਕਦਮਾਂ ਨਾਲ ਕੋਈ ਜ਼ਿਆਦਾ ਮਦਦ ਨਹੀਂ ਮਿਲੇਗੀ ਅਤੇ ਕੇਵਲ ਇਸ ਬਾਰੇ ਬੁਰਾ ਮਹਿਸੂਸ ਕਰਨ ਨਾਲ ਵੀ ਕੁਝ ਨਹੀਂ ਹੋਵੇਗਾ।
"ਸਾਨੂੰ ਸਾਰੀਆਂ ਨੂੰ ਇੱਕ ਵਰਕਰ ਵਾਂਗ ਕੰਮ ਕਰਨਾ ਪਵੇਗਾ। ਸਾਨੂੰ ਆਪਣੀਆਂ ਸਰਕਾਰਾਂ ਦੇ ਪਿੱਛੇ ਲੱਗਣਾ ਪਏਗਾ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ।''
ਇਹ ਵੀ ਪੜ੍ਹੋ:














