ਜਿੰਮ ਵਿਚ ਕਸਰਤ ਦੌਰਾਨ ਇਹ ਗਲਤੀਆਂ ਜਾਨਲੇਵਾ ਹੋ ਸਕਦੀਆਂ ਹਨ

ਤਸਵੀਰ ਸਰੋਤ, PUNEETH RAJKUMAR/TWITTER
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
ਬੇਹੱਦ ਫਿੱਟ ਮੰਨੇ ਜਾਂਦੇ ਕੰਨੜ ਫ਼ਿਲਮ ਅਭਿਨੇਤਾ ਪੁਨੀਤ ਰਾਜਕੁਮਾਰ ਦੀ ਅਚਾਨਕ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ।
ਅਜਿਹੇ ਸਵਾਲਾਂ ਵਿਚੋਂ ਇਕ ਹੈ ਕਿ ਚੰਗੀ ਸਿਹਤ ਅਤੇ ਚੰਗੇ ਸਰੀਰ ਦੀ ਚਾਹਤ ਵਿਚ ਜਿਮ ਜਾਣ ਵਾਲੇ ਲੋਕਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
46 ਸਾਲਾ ਪੁਨੀਤ ਦੀ ਮੌਤ ਬਾਅਦ ਲੋਕ ਹੈਰਾਨ ਹਨ ਕਿ ਸਿਹਤਮੰਦ ਦਿਖਣ ਵਾਲੇ ਕਿਸੇ ਵਿਅਕਤੀ ਦੀ ਇਸ ਤਰ੍ਹਾਂ ਮੌਤ ਕਿਵੇਂ ਹੋ ਸਕਦੀ ਹੈ।
ਪਿਛਲੇ ਦਿਨਾਂ ਵਿੱਚ ਇਹ ਅਜਿਹੀ ਦੂਸਰੀ ਮੌਤ ਹੈ। 40 ਸਾਲਾ ਟੀਵੀ ਕਲਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਵੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਕਾਫੀ ਫਿੱਟ ਨਜ਼ਰ ਆਉਣ ਵਾਲੇ ਸਿਧਾਰਥ ਦੀ ਮੌਤ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਕ ਝਟਕਾ ਸੀ।
ਕੰਨੜ ਅਦਾਕਾਰ ਪੁਨੀਤ ਨੇ ਜਿਮ ਦੌਰਾਨ ਸੀਨੇ ਵਿੱਚ ਦਰਦ ਉੱਠਣ ਇਸ ਤੋਂ ਬਾਅਦ ਆਪਣੇ ਪਰਿਵਾਰਕ ਡਾਕਟਰ ਅਤੇ ਦਿਲ ਦੇ ਰੋਗਾਂ ਦੇ ਮਾਹਰ ਰਮਨਾ ਰਾਓ ਨਾਲ ਸੰਪਰਕ ਕੀਤਾ ਸੀ।
ਇਹ ਵੀ ਪੜ੍ਹੋ:
ਡਾ ਰਾਓ ਨੇ ਮੀਡੀਆ ਨੂੰ ਦੱਸਿਆ ਸੀ," ਪੁਨੀਤ ਦੀ ਨਬਜ਼ ਅਤੇ ਬਲੱਡ ਪ੍ਰੈਸ਼ਰ ਦੋਨੋਂ ਠੀਕ ਸਨ। ਜਦੋਂ ਮੈਂ ਪੁੱਛਿਆ ਕਿ ਉਨ੍ਹਾਂ ਨੂੰ ਇਨ੍ਹਾਂ ਪਸੀਨਾ ਕਿਉਂ ਆ ਰਿਹਾ ਹੈ ਦੋਨਾਂ ਨੇ ਕਿਹਾ ਕਿ ਜਿਮ ਦੌਰਾਨ ਅਕਸਰ ਉਨ੍ਹਾਂ ਨੂੰ ਪਸੀਨਾ ਆਉਂਦਾ ਹੈ। ਮੈਂ ਉਨ੍ਹਾਂ ਦੀ ਈਸੀਜੀ ਦੀ ਜਾਂਚ ਕੀਤੀ ਅਤੇ ਫੌਰਨ ਹਸਪਤਾਲ ਜਾਣ ਲਈ ਆਖਿਆ।"
ਵਿਕਰਮ ਹਸਪਤਾਲ ਦੇ ਡਾਕਟਰ ਅਤੇ ਦਿਲ ਦੇ ਰੋਗਾਂ ਦੇ ਮਾਹਰ ਡਾ ਰੰਗਨਾਥ ਮੁਤਾਬਕ ਪੁਨੀਤ ਨੂੰ ਰਾਹ ਵਿੱਚ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਬਚਾਉਣਾ ਮੁਸ਼ਕਿਲ ਹੋ ਗਿਆ।
12 ਸਾਲ ਪਹਿਲਾਂ ਐੱਸਪੀ ਇੰਡੀਆ ਦੇ ਰੰਜਨ ਦਾਸ ਨੂੰ ਜਿੰਮ ਤੋਂ ਵਾਪਸ ਆਉਣ ਤੋਂ ਬਾਅਦ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਤਸਵੀਰ ਸਰੋਤ, Getty Images
42 ਦੇ ਦਾਸ ਦੀ ਮੌਤ ਤੋਂ ਬਾਅਦ ਵੀ ਅਜਿਹੇ ਸਵਾਲ ਉੱਠੇ ਸਨ ਕਿ ਐਨੀ ਘੱਟ ਉਮਰ ਦੇ ਲੋਕਾਂ ਨੂੰ ਦਿਲ ਦੇ ਦੌਰੇ ਕਿਉਂ ਪੈ ਰਹੇ ਹਨ।
ਸ੍ਰੀ ਜੈਦੇਵ ਇੰਸਟੀਚਿਊਟ ਆਫ ਕਾਰਡੀਓਵਸਕੁਲਰ ਸਾਇੰਸਿਜ਼ ਐਂਡ ਰਿਸਰਚ(ਐੱਸ ਜੇ ਆਈ ਸੀ ਐਸ ਆਰ) ਦੇ ਨਿਰਦੇਸ਼ਕ ਡਾ ਸੀਅਨ ਮੰਜੂਨਾਥ ਨੇ ਬੀਬੀਸੀ ਨੂੰ ਦੱਸਿਆ," ਜਦੋਂ ਲੋਕ ਵਜ਼ਨ ਚੁੱਕਣ ਵਰਗੀਆਂ ਕਸਰਤਾਂ ਕਰਦੇ ਹਨ ਤਾਂ ਮਾਸਪੇਸ਼ੀਆਂ ਵਿੱਚ ਤਣਾਅ ਹੋ ਜਾਂਦਾ ਹੈ।
ਵਜ਼ਨ ਚੁੱਕਣ ਨਾਲ ਦਬਾਅ ਪੈਂਦਾ ਹੈ। ਲੰਬੇ ਸਮੇਂ ਤੱਕ ਅਜਿਹੀਆਂ ਕਸਰਤਾਂ ਦਿਲ ਦੇ ਵਾਲਵ ਲਈ ਬੁਰੀਆਂ ਹੁੰਦੀਆਂ ਹਨ।"
25-40 ਦੀ ਉਮਰ ਵਿਚ ਦਿਲ ਦੇ ਦੌਰੇ
ਐੱਸ ਜੇ ਆਈ ਸੀ ਐਸ ਆਰ ਨੇ ਦੌਰਾਨ 2000 ਲੋਕਾਂ 'ਤੇ 2017 ਵਿਚ ਸਰਵੇ ਕੀਤਾ ਅਤੇ ਇਹ ਪਤਾ ਲੱਗਿਆ ਕਿ 25-40 ਸਾਲ ਦੀ ਉਮਰ ਦੇ ਲੋਕਾਂ ਵਿੱਚ ਦਿਲ ਦੇ ਦੌਰੇ ਦੀਆਂ ਘਟਨਾਵਾਂ ਵਧ ਰਹੀਆਂ ਹਨ। ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਅਜਿਹੇ ਮਾਮਲੇ 22 ਫ਼ੀਸਦ ਵਧੇ ਹਨ।
ਇਸ ਸਰਵੇ ਵਿਚ 500 ਲੋਕ ਭਾਰਤ ਦੇ ਦੂਸਰੇ ਸੂਬਿਆਂ ਦੇ ਸਨ ਜਦੋਂਕਿ 1500 ਲੋਕ ਕਰਨਾਟਕ ਦੇ ਸਨ।
ਡਾ ਮੰਜੂਨਾਥ ਮੁਤਾਬਕ ਇਹ ਉਹ ਲੋਕ ਸਨ ਜਿਨ੍ਹਾਂ ਵਿਚ ਦਿਲ ਨਾਲ ਸਬੰਧਿਤ ਬਿਮਾਰੀਆਂ ਨਹੀਂ ਸਨ। ਦਿਲ ਦੀਆਂ ਬਿਮਾਰੀਆਂ ਦੀ ਅਸ਼ੰਕਾ ਵਧਾਉਣ ਵਾਲੇ ਕਾਰਨ ਜਿਵੇਂ ਸਿਗਰਟਨੋਸ਼ੀ,ਡਾਇਬਟੀਜ਼, ਬਲੱਡ ਪ੍ਰੈੱਸ਼ਰ, ਕੋਲੇਸਟ੍ਰਾਲ ਜਾਂ ਪਰਿਵਾਰ ਵਿਚ ਦਿਲ ਦੇ ਮਰੀਜ਼ ਵਰਗੇ ਕਾਰਨ ਵੀ ਨਹੀਂ ਸਨ।

ਤਸਵੀਰ ਸਰੋਤ, Getty Images
ਪੁਨੀਤ ਦੇ ਦੋਵੇਂ ਵੱਡੇ ਭਰਾ ਅਮਲੇ ਦਾ ਸ਼ਿਵ ਕੁਮਾਰ ਅਤੇ ਅਭਿਨੇਤਾ ਰਾਘਵੇਂਦਰ ਰਾਜ ਕੁਮਾਰ ਨੂੰ ਵੀ ਪਹਿਲਾਂ ਦਿਲ ਦੇ ਦੌਰੇ ਪੈ ਚੁੱਕੇ ਹਨ।
ਸਾਬਕਾ ਮੁੱਖਮੰਤਰੀ ਅਤੇ ਫਿਲਮ ਜਗਤ ਨਾਲ ਜੁੜੇ ਰਹੇ ਐੱਚ ਡੀ ਕੁਮਾਰਾਸਵਾਮੀ ਰਾਜ ਕੁਮਾਰ ਪਰਿਵਾਰ ਦੇ ਮਿੱਤਰ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ," ਦੋਹਾਂ ਨੂੰ ਜਿੰਮ ਵਿੱਚ ਹਾਰਟ ਅਟੈਕ ਹੋਇਆ ਸੀ।ਪਰਿਵਾਰ ਵਿਚ ਅਜਿਹੇ ਮਾਮਲਿਆਂ ਚ ਪਹਿਲਾਂ ਵੀ ਹਨ।"
ਨੌਜਵਾਨਾਂ ਵਿੱਚ ਜਿੰਮ ਦੀ ਸਨਕ
ਕੁਮਾਰਾਸਵਾਮੀ ਆਖਦੇ ਹਨ ਕਿ ਅੱਜ ਦੇ ਜ਼ਮਾਨੇ ਵਿੱਚ ਨੌਜਵਾਨਾਂ ਵਿੱਚ ਜਿੰਮ ਜਾ ਕੇ ਮਾਸਪੇਸ਼ੀਆਂ ਤੇ ਸਰੀਰ ਨੂੰ ਆਕਰਸ਼ਕ ਬਣਾਉਣ ਦੀ ਸਨਕ ਪੈਦਾ ਹੋ ਰਹੀ ਹੈ।
ਉਹ ਆਖਦੇ ਹਨ,"ਅੱਜਕੱਲ੍ਹ ਦੇ ਸਮੇਂ ਵਿਚ ਨੌਜਵਾਨ ਬਿਨਾਂ ਸਰੀਰਕ ਪ੍ਰੀਖਣ ਦੇ ਜਿੰਮ ਜਾ ਰਹੇ ਹਨ। ਉਨ੍ਹਾਂ ਵਿੱਚ ਪ੍ਰੋਟੀਨ ਪਾਊਡਰ ਅਤੇ ਪ੍ਰੋਟੀਨ ਸ਼ੇਕ ਲੈਣ ਦਾ ਚਲਨ ਵੀ ਲਗਾਤਾਰ ਵਧ ਰਿਹਾ ਹੈ। ਜ਼ਿਆਦਾਤਰ ਅਜਿਹੀਆਂ ਸਲਾਹਾਂ ਜਿੰਮ ਦੇ ਲੋਕ ਦਿੰਦੇ ਹਨ ਜਿਨ੍ਹਾਂ ਕੋਲ ਅਜਿਹੀ ਸਲਾਹ ਦੇਣ ਦੀ ਯੋਗਤਾ ਹੀ ਨਹੀਂ ਹੁੰਦੀ।"
ਐਸੋਸੀਏਸ਼ਨ ਆਫ ਹੈਲਥ ਪ੍ਰੋਵਾਈਡਰ ਦੇ ਨਿਰਦੇਸ਼ਕ ਡਾ ਐਲੇਗਜ਼ੈਂਡਰ ਥਾਮਸ ਆਖਦੇ ਹਨ," ਬਹੁਤ ਸਾਰੇ ਜਿੰਮ ਨੌਜਵਾਨਾਂ ਨੂੰ ਸਟੀਰਾਇਡ ਲੈਣ ਦੀ ਸਲਾਹ ਦਿੰਦੇ ਹਨ ਅਤੇ ਸਟੀਰਾਇਡ ਸਿਹਤ ਲਈ ਬਹੁਤੇ ਵਧੀਆ ਨਹੀਂ ਹੁੰਦੇ। ਹੋ ਸਕਦਾ ਹੈ ਕਿ ਭਾਰਤ ਵਿੱਚ ਅਜਿਹੇ ਜਿੰਮ ਸੰਖਿਆ ਵਿੱਚ ਘੱਟ ਹੋਣ ਪਰ ਇਹ ਚਿੰਤਾ ਦਾ ਵਿਸ਼ਾ ਹੈ।"

ਤਸਵੀਰ ਸਰੋਤ, SIDARTH SHUKLA/TWITTER
ਸ਼ੀਲਾ ਕ੍ਰਿਸ਼ਨਾਸਵਾਮੀ ਜੋ ਡਾਈਟੀਸ਼ਨ ਹਨ, ਮੁਤਾਬਕ," ਇਹ ਆਧਾਰਹੀਣ ਮਾਨਤਾ ਹੈ ਕਿ ਜੋ ਲੋਕ ਜਿੰਮ ਜਾਂਦੇ ਹਨ ਉਨ੍ਹਾਂ ਨੂੰ ਪ੍ਰੋਟੀਨ ਲੈਣਾ ਚਾਹੀਦਾ ਹੈ। ਅਜਿਹਾ ਬਿਲਕੁਲ ਠੀਕ ਨਹੀਂ ਹੈ। ਜਦੋਂ ਤਕ ਤੁਹਾਡੇ ਭੋਜਨ ਵਿੱਚ ਪ੍ਰੋਟੀਨ ਦੀ ਕਮੀ ਨਾ ਹੋਵੇ ਉਦੋਂ ਤਕ ਸਪਲੀਮੈਂਟ ਲੈਣ ਦੀ ਕੋਈ ਲੋੜ ਨਹੀਂ ਹੁੰਦੀ। ਜੋ ਲੋਕ ਖੇਡਾਂ ਦੇ ਖੇਤਰ ਨਾਲ ਜੁੜੇ ਹੁੰਦੇ ਹਨ,ਉਹ ਵੀ ਡਾਕਟਰ ਦੀ ਸਲਾਹ ਅਤੇ ਮਾਹਿਰਾਂ ਦੀ ਸਲਾਹ ਉਪਰ ਹੀ ਪ੍ਰੋਟੀਨ ਲੈਂਦੇ ਹਨ।"
ਕਿੰਨੀ ਕਸਰਤ ਹੈ ਜ਼ਰੂਰੀ?
ਡਾ ਮੰਜੂਨਾਥ ਮੁਤਾਬਕ ਜ਼ਿਆਦਾ ਤਣਾਅ ਅਤੇ ਭਾਰੀਆਂ ਕਸਰਤਾਂ ਕਰਨ ਤੋਂ ਪਹਿਲਾਂ ਆਪਣੇ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਹ ਆਖਦੇ ਹਨ,"ਲੋਕਾਂ ਨੂੰ ਫੌਰਨ ਹਾਈ ਇੰਟੈਂਸਟੀ ਵਰਕਆਊਟ ਸ਼ੁਰੂ ਨਹੀਂ ਕਰਨੇ ਚਾਹੀਦੇ। ਪਹਿਲਾਂ ਵਾਰਮਅੱਪ ਅਭਿਆਸ ਕਰਨੇ ਚਾਹੀਦੇ ਹਨ ਅਤੇ ਜੇਕਰ ਤੁਸੀਂ ਭਾਰੀਆਂ ਕਸਰਤਾਂ ਕਰਦੀ ਵੀ ਹੋ ਤਾਂ ਇਹ ਰੋਜ਼ਾਨਾ ਨਹੀਂ ਕਰਨੀਆਂ ਚਾਹੀਦੀਆਂ। ਇਹ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ੁਰੂਆਤ ਹੋ ਸਕਦੀ ਹੈ।"
ਫਿਜ਼ਿਓਥੈਰੇਪਿਸਟ ਮੰਨਦੇ ਹਨ ਕਿ ਜਿੰਮ ਦੀ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਰੁਟੀਨ ਦਾ ਪਾਲਣ ਹੋਣਾ ਚਾਹੀਦਾ ਹੈ।
ਮੈਂਗਲੋਰ ਦੇ ਪੀਏ ਇੰਸਟੀਚਿਊਟ ਆਫ਼ ਫ਼ਿਜ਼ਿਓਥੈਰੇਪੀ ਦੇ ਪ੍ਰਿੰਸੀਪਲ ਸਤੀਸ਼ ਰਘੂਨਾਥਨ ਆਖਦੇ ਹਨ," ਲਗਾਤਾਰ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਨੂੰ ਵੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂਕਿ ਪਤਾ ਲੱਗ ਸਕੇ ਕਿ ਉਹ ਜਲਦੀ ਤਾਂ ਨਹੀਂ ਥੱਕ ਜਾਂਦੇ। ਅਜਿਹਾ ਇਸ ਲਈ ਜ਼ਰੂਰੀ ਹੈ ਤਾਂ ਕਿ ਪਤਾ ਲੱਗੇ ਕਿ ਕੋਈ ਕਸਰਤ ਉਸ ਵਿਅਕਤੀ ਲਈ ਠੀਕ ਹੈ ਜਾਂ ਨਹੀਂ।"

ਤਸਵੀਰ ਸਰੋਤ, Getty Images
ਡਾ ਮੰਜੂਨਾਥ ਆਖਦੇ ਹਨ," ਸਾਰੀਆਂ ਸ਼ੁਰੁਆਤੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਹਾਈ ਇੰਟੈਂਸਟੀ ਜਾਂ ਭਾਰੀਆਂ ਕਸਰਤਾਂ ਸ਼ੁਰੂ ਕਰਨ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਤੁਸੀਂ ਇਸ ਨੂੰ ਜ਼ਿਆਦਾ ਸਮਾਂ ਨਾ ਕਰੋ। ਸਰੀਰਕ ਤੌਰ 'ਤੇ ਚੰਗੇ ਅਤੇ ਤੰਦਰੁਸਤ ਦਿਖਣ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਦਿਲ ਸਿਹਤਮੰਦ ਹੋਵੇ।"
ਡਾ ਮੰਜੂਨਾਥ ਕੁਮਾਰਾਸਵਾਮੀ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਜਿੰਮ ਵਿੱਚ ਲੋਕਾਂ ਦੀ ਸਿਹਤ ਉਤੇ ਨਜ਼ਰ ਰੱਖਣ ਵਾਸਤੇ ਡਾਕਟਰ ਹੋਣਾ ਚਾਹੀਦਾ ਹੈ।
ਉਹ ਆਖਦੇ ਹਨ,"ਮੈਂ ਤਾਂ ਇਹੀ ਸਲਾਹ ਦੇਵਾਂਗਾ ਕਿ ਜਿੰਮ ਵਿਚ ਅਜਿਹੇ ਹਾਲਾਤਾਂ ਨੂੰ ਸੰਭਾਲਣ ਲਈ ਮਾਹਿਰ ਲੋਕ ਹੋਣੇ ਚਾਹੀਦੇ ਹਨ ਜੋ ਪੁਨਰਜੀਵਨ ਉਪਕਰਨਾਂ ਨੂੰ ਚਲਾਉਣਾ ਜਾਣਦੇ ਹੋਣ। ਜੇਕਰ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਦਿਲ ਨੂੰ ਚਾਲੂ ਰੱਖਣ ਲਈ ਡੈਫੀਬਲੇਟਰ ਝਟਕੇ ਦੇ ਸਕਣ।"
ਡਾ ਮੰਜੂਨਾਥ ਆਖਦੇ ਹਨ,"ਜੇਕਰ ਪੁਨੀਤ ਦਸ ਮਿੰਟ ਪਹਿਲਾਂ ਹਸਪਤਾਲ ਪਹੁੰਚ ਜਾਂਦੇ ਤਾਂ ਸ਼ਾਇਦ ਉਨ੍ਹਾਂ ਨੂੰ ਬਚਾ ਲਿਆ ਜਾਂਦਾ। ਸਾਡੇ ਕੋਲ ਕਈ ਅਜਿਹੇ ਮਰੀਜ਼ ਆਏ ਹਨ ਜੋ ਕਤਾਰਾਂ ਵਿੱਚ ਲੱਗੇ ਸਨ ਅਤੇ ਉਨ੍ਹਾਂ ਨੂੰ ਇਹ ਟਰੀਟਮੈਂਟ ਦਿੱਤਾ ਗਿਆ। ਉਹ ਲੋਕ ਬਚ ਗਏ ਅਤੇ ਕਈ ਵੀਹ ਤੋਂ ਤੀਹ ਸਾਲ ਤਕ ਜਿਉਂਦੇ ਰਹੇ।"
ਇਹ ਵੀ ਪੜ੍ਹੋ:
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













