ਲਖੀਮਪੁਰ ਖੀਰੀ ਕਾਂਡ 'ਚ ਕੇਂਦਰੀ ਮੰਤਰੀ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਫ਼ਸਰ ਦਾ ਤਬਾਦਲਾ

ਲਖੀਮਪੁਰ ਖੀਰੀ ਕਾਂਡ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨ ਵਾਲੇ ਯੂਪੀ ਪੁਲਿਸ ਦੇ ਆਈਜੀ ਉਪੇਂਦਰ ਅਗਰਵਾਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਲਖੀਮਪੁਰ ਖੀਰੀ ਕੇਸ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਵੀ ਆਈਜੀ ਉਪੇਂਦਰ ਅਗਰਵਾਲ ਕਰ ਰਹੇ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਯੂਪੀ ਸਰਕਾਰ ਦੇ ਹੁਕਮਾਂ ਤਹਿਤ ਅਗਰਵਾਲ ਨੂੰ ਜਿਲ੍ਹੇ ਤੋਂ ਬਾਹਰ ਭੇਜ ਦਿੱਤਾ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਲਖੀਮਪੁਰ ਖੇੜੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਡੀਆਈਜੀ ਉਪੇਂਦਰ ਕੁਮਾਰ ਅਗਰਵਾਲ ਦਾ ਤਬਾਦਲਾ ਦੀ ਨਿੰਦਾ ਕੀਤੀ ਹੈ।

ਭਾਵੇਂ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਤਬਾਦਲੇ ਦੇ ਬਾਵਜੂਦ ਐਸਆਈਟੀ ਦੇ ਮੁਖੀ ਬਣੇ ਰਹਿਣਗੇ। ਪਰ ਸੰਯੁਕਤ ਕਿਸਾਨ ਮੋਰਚੇ ਨੇ ਇਸਨੂੰ ਅਸਾਧਾਰਨ ਅਤੇ ਅਚਨਚੇਤ ਕਦਮ ਦੱਸਿਆ ਹੈ।

ਚੇਤੇ ਰਹੇ ਕਿ ਪਿਛਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਦੁਆਰਾ ਯੂਪੀ ਸਰਕਾਰ ਉੱਤੇ ਜਾਂਚ ਤੋਂ 'ਆਪਣੇ ਪੈਰ ਪਿੱਛੇ ਘਸੀਟਣ' ਲਈ ਇਸ ਦੀ ਖਿਚਾਈ ਕੀਤੀ ਗਈ ਸੀ।

ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਨਿਆਂ ਨਾਲ ਪੂਰੀ ਤਰ੍ਹਾਂ ਸਮਝੌਤਾ ਹੋਣ ਤੋਂ ਪਹਿਲਾਂ ਜਾਂਚ ਦੀ ਸਿੱਧੀ ਨਿਗਰਾਨੀ ਸੁਪਰੀਮ ਕੋਰਟ ਦੁਆਰਾ ਕੀਤੀ ਜਾਣੀ ਚਾਹੀਦੀ ਹੈ।

ਮੋਰਚੇ ਦੇ ਬਿਆਨ ਵਿਚ ਕਿਹਾ ਗਿਆ ਹੈ, ''ਹਿੱਤਾਂ ਦਾ ਅਸਵੀਕਾਰਨਯੋਗ ਟਕਰਾਅ ਬਿਲਕੁਲ ਸਪੱਸ਼ਟ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਲਈ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਤੇਜ਼ ਕਰਨਾ ਜਾਰੀ ਰੱਖੇਗਾ।''

ਇਹ ਵੀ ਪੜ੍ਹੋ:

ਮੰਡੀ ਵਿਚ ਝੋਨੇ ਨੂੰ ਅੱਗ

ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ। ਇੱਥੋਂ ਤੱਕ ਕਿ ਸੂਬੇ ਦੀ ਸੱਤਾਧਾਰੀ ਭਾਜਪਾ ਦੇ ਆਗੂ ਵੀ ਇਹ ਮਸਲਾ ਚੁੱਕ ਰਹੇ ਹਨ।

ਤਾਜ਼ਾ ਮਾਮਲੇ ਵਿੱਚ ਲਖੀਮਪੁਰ ਅਨਾਜ ਮੰਡੀ ਵਿੱਚ ਇੱਕ ਕਿਸਾਨ ਨੇ 15 ਦਿਨ ਝੋਨੇ ਦੀ ਖ਼ਰੀਦ ਲਈ ਉਡੀਕ ਕਰਨ ਮਗਰੋਂ ਆਪਣੇ ਝੋਨੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਗਈ।

ਕਿਸਾਨ ਦੀ ਆਪਣੇ ਝੋਨੇ ਨੂੰ ਅੱਗ ਲਗਾਉਣ ਦੀ ਵੀਡੀਓ ਭਾਜਪਾ ਆਗੂ ਅਤੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਸੀ। ਤਿੰਨ ਅਕਤੂਬਰ ਨੂੰ ਉੱਥੇ ਹਿੰਸਾ ਹੋ ਗਈ।

ਖ਼ਰੀਦ ਵਿੱਚ ਦੇਰੀ ਹੋਣ ਦਾ ਮਸਲਾ ਲਖੀਮਪੁਰ ਖੀਰੀ ਦੇ ਹੀ ਹਲਕਾ ਗੋਲਾ ਗੋਰਖਨਾਥ ਤੋਂ ਭਾਜਪਾ ਵਿਧਾਇਕ ਅਰਵਿੰਦਰ ਗੀਰੀ ਨੇ ਚੁੱਕਿਆ ਸੀ।

ਉਨ੍ਹਾਂ ਦੇ ਬੋਲਣ ਤੋਂ ਬਾਅਦ ਪ੍ਰਸ਼ਾਸਨ ਨੇ ਸਫ਼ਾਈ ਵਿੱਚ ਕਿਹਾ ਕਿ ਝੋਨੇ ਦੀ ਖ਼ਰੀਦ ਵਿੱਚ ਦੇਰੀ ਤਿੰਨ ਅਕਤੂਬਰ ਦੀ ਘਟਨਾ ਤੋਂ ਬਾਅਦ ਬੰਦ ਕੀਤੀਆਂ ਗਈਆਂ ਇੰਟਰਨੈਟ ਸੇਵਾਵਾਂ ਕਾਰਨ ਹੋਈ ਹੈ।

ਵਰੁਣ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ,"ਉੱਤਰ ਪ੍ਰਦੇਸ਼ ਦੇ ਕਿਸਾਨ ਸਮੋਘ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੀ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿੱਚ ਮਾਰੇ-ਮਾਰੇ ਫਿਰ ਰਹੇ ਸਨ। ਜਦੋਂ ਝੋਨਾ ਨਹੀਂ ਵਿਕਿਆ ਤਾਂ ਨਿਰਾਸ਼ ਹੋ ਕੇ ਉਨ੍ਹਾਂ ਨੇ ਖ਼ੁਦ ਹੀ ਅੱਗ ਲਗਾ ਦਿੱਤੀ।

ਇਸ ਪ੍ਰਣਾਲੀ ਨੇ ਕਿਸਾਨਾਂ ਨੂੰ ਕਿੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ? ਖੇਤੀ ਨੀਤੀ ਉੱਪਰ ਮੁੜ ਵਿਚਾਰ ਕਰਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ।"

ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਵੀ ਇਸ ਘਟਨਾ ਦੀ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ," ਝੋਨਾ ਲਖੀਮਪੁਰ ਖੀਰੀ ਵਿੱਚ ਬਦਇੰਤਜ਼ਾਮੀ ਕਾਰਨ ਲਖੀਮਪੁਰ ਦੇ ਇੱਕ ਕਿਸਾਨ ਨੂੰ ਮੰਡੀ ਵਿੱਚ ਪਏ ਝੋਨੇ ਨੂੰ ਅੱਗ ਲਾਉਣੀ ਪਈ।

ਖਾਦ ਵੰਡ ਪ੍ਰਣਾਲੀ ਵਿੱਚ ਬਦ ਇੰਤਜ਼ਾਮੀ ਦੇ ਕਾਰਨ ਲਲਿਤਪੁਰ ਦੇ ਇੱਕ ਕਿਸਾਨ ਦੀ ਲਾਈਨ ਵਿੱਚ ਖੜ੍ਹੇ ਦੀ ਮੌਤ ਹੋ ਗਈ।

ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।"

ਵਰੁਣ ਗਾਂਧੀ ਇਸ ਤੋਂ ਪਹਿਲਾਂ ਲਖੀਮਪੁਰ ਖੀਰੀ ਦੀ ਘਟਨਾ ਦੀ ਵੀਡੀਓ ਵੀ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕਰ ਚੁੱਕੇ ਹਨ।

ਉਨ੍ਹਾਂ ਨੇ ਲਿਖਿਆ ਸੀ, ''ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀਆਂ ਨਾਲ ਜਾਣਬੁੱਝ ਕੇ ਕੁਚਲਣ ਦਾ ਇਹ ਵੀਡੀਓ ਕਿਸੇ ਦੀ ਵੀ ਆਤਮਾ ਨੂੰ ਝੰਜੋੜ ਦੇਵੇਗਾ।''

''ਪੁਲਿਸ ਇਸ ਵੀਡੀਓ ਦਾ ਨੋਟਿਸ ਲੈ ਕੇ ਇਨ੍ਹਾਂ ਗੱਡੀਆਂ ਦੇ ਮਾਲਕਾਂ, ਇਨ੍ਹਾਂ ਵਿੱਚ ਬੈਠੇ ਲੋਕਾਂ ਅਤੇ ਇਸ ਘਟਨਾਕ੍ਰਮ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਕੇ ਤਤਕਾਲ ਗ੍ਰਿਫ਼ਤਾਰ ਕਰੇ।''

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)