You’re viewing a text-only version of this website that uses less data. View the main version of the website including all images and videos.
ਅਰੂਸਾ ਆਲਮ 'ਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਰੰਧਾਵਾ ਉਲਝੇ: 'ਤੁਸੀਂ ਸ਼ਸ਼ੋਪੰਜ 'ਚ ਕਿਉਂ ਹੋ, ਅਰੂਸਾ ਦੀ ਜਾਂਚ ਬਾਰੇ ਮਨ ਕਿਉਂ ਨਹੀਂ ਬਣਾਉਂਦੇ?'
ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤੋਂ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਹੈ ਉਦੋਂ ਤੋਂ ਹੀ ਉਨ੍ਹਾਂ ਦੇ ਕਾਂਗਰਸ ਲੀਡਰਸ਼ਿਪ ਉੱਪਰ ਸ਼ਬਦੀ ਹਮਲੇ ਅਤੇ ਪੰਜਾਬ ਕਾਂਗਰਸ ਦੇ ਵੱਖ-ਵੱਖ ਆਗੂਆਂ ਵੱਲੋਂ ਉਨ੍ਹਾਂ ਦੇ ਹਮਲਿਆਂ ਦਾ ਜਵਾਬ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ।
ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਟਵਿੱਟਰ ਵਾਰ ਦਾ ਧੁਰਾ ਕੈਪਟਨ ਦੀ ਦੋਸਤ ਅਤੇ ਪਾਕਿਸਤਾਨ ਤੋਂ ਸਾਬਕਾ ਪੱਤਰਕਾਰ ਅਰੂਸਾ ਆਲਮ ਰਹੇ।
ਅਰੂਸਾ ਦੇ ਭਾਰਤ ਆਉਣ ਲਈ ਵੀਜ਼ਿਆਂ ਦੀ ਜਾਂਚ ਦਾ ਮਸਲਾ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਟਵਿੱਟਰ ਹੈਂਡਲ ਤੋਂ ਚੁੱਕਿਆ ਗਿਆ।
ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਖ਼ਬਰ ਏਜੰਸੀ ਐੱਨਆਈ ਨੂੰ ਕਿਹਾ ਕਿ ਇਸ ਪ੍ਰਕਾਰ ਦੀ ਜਾਂਚ ਕਰਵਾਉਣਾ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।
ਕੈਪਟਨ ਨੇ ਰੰਧਾਵਾ ਦੇ ਬਿਆਨਾਂ ਦਾ ਕਰੜਾ ਨੋਟਿਸ ਲਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਟਵਿੱਟਰ ਹੈਂਡਲ ਤੋਂ ਕੀਤੇ ਗਏ।
ਦੱਸ ਦੇਈਏ ਕਿ ਸਮੁੱਚੇ ਘਟਨਾਕ੍ਰਮ ਬਾਰੇ ਅਰੂਸਾ ਆਲਮ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਅਤੇ ਜਿਵੇਂ ਹੀ ਕੋਈ ਪ੍ਰਤੀਕਿਰਿਆ ਆਉਂਦੀ ਹੈ ਖ਼ਬਰ ਵਿੱਚ ਉਸ ਨੂੰ ਥਾਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:
ਦੇਖਦੇ ਹਾਂ ਕਿ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕਿਹੋ-ਜਿਹੀ ਟਵਿੱਟਰ ਵਾਰ ਚੱਲੀ-
ਦਰਅਸਲ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਦੇ ਇੱਕ ਟਵੀਟ ਮਗਰੋਂ ਸੋਸ਼ਲ ਮੀਡੀਆ 'ਤੇ ਰੰਧਾਵਾ-ਕੈਪਟਨ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ।
ਇਸ ਟਵੀਟ ਵਿੱਚ ਅਰੂਸਾ ਆਲਮ ਅਤੇ ਉਨ੍ਹਾਂ ਦੀ ਭਾਰਤ ਫੇਰੀ ਦੀ ਜਾਂਚ ਦੀ ਗੱਲ ਕਹੀ ਗਈ।
ਸੁਖਜਿੰਦਰ ਰੰਧਾਵਾ ਨੇ ਲਿਖਿਆ, "ਕੈਪਟਨ ਅਮਰਿੰਦਰ ਸਿੰਘ ਤੁਸੀਂ ਅਰੂਸਾ ਆਲਮ ਦੇ ਆਈਐੱਸਆਈ ਨਾਲ ਰਿਸ਼ਤਿਆਂ ਬਾਰੇ ਜਾਂਚ ਤੋਂ ਘਬਰਾਏ ਹੋਏ ਕਿਉਂ ਹੋ? ਉਨ੍ਹਾਂ ਦੇ ਵੀਜ਼ੇ ਨੂੰ ਕਿਸ ਨੇ ਸਪਾਂਸਰ ਕੀਤਾ ਅਤੇ ਉਨ੍ਹਾਂ ਬਾਰੇ ਸਭ ਕਾਸੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਮੈਨੂੰ ਉਮੀਦ ਹੈ ਜਿਸਦਾ ਵੀ ਵਾਸਤਾ ਹੋਵੇਗਾ ਉਹ ਪੁਲਿਸ ਜਾਂਚ ਵਿੱਚ ਸਹਿਯੋਗ ਕਰੇਗਾ।"
ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਖਜਿੰਦਰ ਰੰਧਾਵਾ ਦੇ ਅਰੂਸਾ ਬਾਰੇ ਟਵੀਟ ਦਾ ਜਵਾਬ ਦਿੰਦਿਆ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਟਵਿੱਟਰ ਹੈਂਡਲ ਤੋਂ ਕਈ ਟਵੀਟ ਕੀਤੇ ਗਏ।
ਉਨ੍ਹਾਂ ਲਿਖਿਆ, "ਘਬਰਾਇਆ ਹੋਇਆ? ਸੁਖਜਿੰਦਰ ਸਿੰਘ ਇੰਨੇ ਸਾਲਾਂ ਵਿੱਚ ਤੁਸੀਂ ਕਦੇ ਕਿਸੇ ਮੁੱਦੇ ਉੱਪਰ ਮੈਨੂੰ ਘਬਰਾਇਆ ਦੇਖਿਆ ਹੈ? ਸਗੋਂ ਤੁਸੀਂ ਘਬਰਾਏ ਹੋਏ ਤੇ ਸ਼ਸ਼ੋਪੰਜ ਵਿੱਚ ਲੱਗ ਰਹੇ ਹੋ। ਤੁਸੀਂ ਅਰੂਸਾ ਆਲਮ ਦੀ ਜਾਂਚ ਬਾਰੇ (ਪਹਿਲਾਂ) ਆਪਣਾ ਮਨ ਕਿਉਂ ਨਹੀਂ ਬਣਾ ਲੈਂਦੇ?"
"ਜਿੱਥੋਂ ਤੱਕ ਕਿ ਅਰੂਸਾ ਦੇ ਵੀਜ਼ੇ ਕਿਸ ਨੇ ਸਪਾਂਸਰ ਕੀਤੇ, ਬਿਨਾਂ ਸ਼ੱਕ ਮੈਂ ਕੀਤੇ, 16 ਸਾਲ ਲਈ। ਅਜਿਹੇ ਵੀਜ਼ਿਆਂ ਲਈ ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤੀ ਵਿਦੇਸ਼ ਮੰਤਰਾਲਾ ਨੂੰ ਲਿਖਿਆ ਜਾਂਦਾ ਹੈ, ਜੋ ਉਨ੍ਹਾਂ ਪ੍ਰਵਾਨਗੀ ਦੇਣ ਤੋਂ ਪਹਿਲਾਂ ਨੂੰ ਰਾਅ ਅਤੇ ਆਈਬੀ ਤੋਂ ਕਲੀਅਰ ਕਰਵਾਉਂਦਾ ਹੈ। ਇਸ ਮਾਮਲੇ ਵਿੱਚ ਵੀ ਹਰ ਵਾਰ ਇਹੀ ਹੋਇਆ ਹੈ।"
"ਇਸ ਤੋਂ ਇਲਾਵਾ ਨੈਸ਼ਨਲ ਸਕਿਊਰਿਟੀ ਅਡਵਾਈਜ਼ਰ ਵੱਲੋਂ ਅਰੂਸਾ ਆਲਮ ਨੂੰ ਵੀਜ਼ਾ ਦਿੱਤੇ ਜਾਣ ਬਾਰੇ ਯੂਪੀਏ ਦੇ ਪ੍ਰਧਾਨ ਮੰਤਰੀ ਦੇ ਹੁਕਮਾਂ 'ਤੇ 2007 ਵਿੱਚ ਇੱਕ ਵਿਸਤਾਰਿਤ ਜਾਂਚ ਕੀਤੀ ਗਈ ਸੀ, ਉਦੋਂ ਮੈਂ ਮੁੱਖ ਮੰਤਰੀ ਵੀ ਨਹੀਂ ਸੀ। ਤੁਸੀਂ ਫਿਰ ਵੀ ਇਸ 'ਤੇ ਪੰਜਾਬ ਦੇ ਵਸੀਲੇ ਬਰਬਾਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਸ ਮਦਦ ਦੀ ਲੋੜ ਹੋਵੇ ਮੈਂ ਕਰਾਂਗਾ।"
ਰੰਧਾਵਾ ਨੇ ਆਪਣੀ ਹੀ ਗੱਲ ਦਾ ਖੰਡਨ ਕੀਤਾ
ਬਾਅਦ ਵਿੱਚ ਰੰਧਾਵਾ ਨੇ ਖ਼ਬਰ ਏਜੰਸੀ ਐੱਨਆਈ ਨੂੰ ਆਪਣੇ ਹੀ ਕੀਤੇ ਟਵੀਟ ਤੋਂ ਵੱਖ ਬਿਆਨ ਦਿੰਦੇ ਨਜ਼ਰ ਆਏ।
ਉਨ੍ਹਾ ਨੇ ਕਿਹਾ, '' ਜਾਂਚ ਦੀ ਗੱਲ ਕਿਸੇ ਨੇ ਨਹੀਂ ਕਹੀ, ਉਨ੍ਹਾਂ ਨੇ (ਕੈਪਟਨ) ਗਲਤ ਸੋਚਿਆ ਹੈ। ਇਸ ਪ੍ਰਕਾਰ ਦੀ ਜਾਂਚ ਕਰਵਾਉਣਾ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਅਤੇ ਇਹ ਕੇਂਦਰੀ ਸੂਹੀਆ ਏਜੰਸੀ ਰਾਅ ਵੱਲੋਂ ਕੀਤੀ ਜਾਂਦੀ ਹੈ।''
ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਰੰਧਾਵਾ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਹੋ ਰਹੇ ਟਵੀਟ ਬਾਰੇ ਨਹੀਂ ਪਤਾ ਜਾਂ ਉਨ੍ਹਾਂ ਨੇ ਇਹ ਟਵੀਟ ਕਰਕੇ ਗਲਤੀ ਕਰ ਲਈ ਹੈ।
ਕੈਪਟਨ-ਅਰੂਸਾ ਦੀ ਦੋਸਤੀ ਤੇ ਚੁੱਕੇ ਜਾਂਦੇ ਰਹੇ ਹਨ ਸਵਾਲ
ਪੰਜਾਬ ਵਿਧਾਨ ਸਭਾ 'ਚ ਤਤਕਾਲੀ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਦੀ ਉਨ੍ਹਾਂ ਦੇ ਘਰ 'ਚ ਕਥਿਤ ਮੌਜੂਦਗੀ 'ਤੇ ਸਵਾਲ ਚੁੱਕੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ''ਇਹ ਵਿਰੋਧੀ ਧਿਰ ਦੇ ਨੇਤਾ ਅਤੇ ਉਸਦੀ ਪਾਰਟੀ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਸੰਵਿਧਾਨਕ ਮਰਿਆਦਾ 'ਚ ਵਿਸ਼ਵਾਸ ਨਹੀਂ ਰੱਖਦੇ।''
ਹਾਲਾਂਕਿ ਸੁਖਪਾਲ ਸਿੰਘ ਖਹਿਰਾ ਕੁਝ ਸਮਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਸੀਐੱਮ ਰਹਿੰਦਿਆਂ ਕਾਂਗਰਸ ਵਿੱਚ ਸ਼ਾਮਲ ਹੋ ਹੋਏ ਸਨ।
ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਵੀ ਅਰੂਸਾ ਆਲਮ ਦੀ ਪੰਜਾਬ ਸਕੱਤਰੇਤ 'ਚ ਕਥਿਤ ਮੌਜੂਦਗੀ 'ਤੇ ਸਵਾਲ ਚੁੱਕੇ ਸਨ।
ਸਵਾਮੀ ਨੇ ਇੱਕ ਟਵੀਵ ਰਾਹੀਂ ਇਸ ਮਾਮਲੇ ਦੀ 'ਰਾਅ' ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਇੱਕ ਵੱਖਰੇ ਮੌਕੇ ’ਤੇ 'ਦਿ ਪ੍ਰਿੰਟ' ਵੈਬਸਾਈਟ ਲਈ ਕਾਲਮਨਵੀਸ ਸ਼ੋਭਾ ਡੇਅ ਨੇ ਅਮਰਿੰਦਰ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਪਾਈ ਜੱਫ਼ੀ ਲਈ ਕੀਤੀ ਨਿਖੇਧੀ ਨੂੰ "ਪਾਖੰਡ" ਦੱਸਿਆ ਸੀ।
ਡੇਅ ਨੇ ਅਮਰਿੰਦਰ ਤੇ ਅਰੂਸਾ ਦੇ ਰਿਸ਼ਤੇ ਨੂੰ "ਪੰਜਾਬ ਦਾ ਸਭ ਤੋਂ ਮਸ਼ਹੂਰ ਲਿਵ-ਇਨ" (ਵਿਆਹ ਕੀਤੇ ਬਗੈਰ ਇਕੱਠੇ ਰਹਿਣਾ) ਦੱਸਿਆ ਸੀ।
‘ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਖ਼ਤਮ ਕਰ ਦਿੱਤਾ’
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮੌਜੂਦਾ ਉਪ-ਮੁੱਖ ਮੰਤਰੀ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੈਪਟਨ ਉੱਪਰ ਅਜਿਹੇ ਹਮਲੇ ਕੀਤੇ ਗਏ ਹੋਣ।
ਬੁੱਧਵਾਰ ਨੂੰ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਕਾਂਗਰਰਸ ਦੇ ਕਈ ਆਗੂਆਂ ਨੇ ਕੈਪਟਨ ਵੱਲੋਂ ਸਿਆਸੀ ਪਾਰਟੀ ਖੜ੍ਹੀ ਕਰਨ ਅਤੇ ਭਾਜਪਾ ਨਾਲ ਹੱਥ ਮਿਲਾਉਣ ਦੇ ਬਿਆਨ ’ਤੇ ਵੀ ਉਨ੍ਹਾਂ ਨੂੰ ਘੇਰਿਆ ਸੀ।
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਕਿਹਾ, ''ਕਾਂਗਰਸ ਪਾਰਟੀ ਕਦੇ ਖ਼ਤਮ ਨਹੀਂ ਹੋ ਸਕਦੀ, ਸਗੋਂ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਖ਼ਤਮ ਕਰ ਦਿੱਤਾ।''
ਰੰਧਾਵਾ ਨੇ ਬੁੱਧਵਾਰ ਦੀ ਪ੍ਰੈੱਸ ਕਾਨਫਰੰਸ ਵਿੱਚ ਵੀ ਕੈਪਟਨ ਦੀ ਦੋਸਤ ਅਰੂਸਾ ਦਾ ਜ਼ਿਕਰ ਕੀਤਾ ਸੀ।
ਇਸ ਤੋਂ ਇਲਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੈਪਟਨ ਉੱਪਰ ਸ਼ਬਦੀ ਹਮਲਾ ਕੀਤਾ ਕਿ ਆਖ਼ਰ ਉਨ੍ਹਾਂ ਦਾ ਭਾਜਪਾ ਨਾਲ ਪਿਆਰ ਜੱਗਜਾਹਰ ਹੋ ਹੀ ਗਿਆ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਰਲ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰੰਧਾਵਾ ਨੇ ਕਿਹਾ, ''ਜੇ ਨੁਕਸਾਨ ਪਹੁੰਚਾਉਣ ਜੋਗਾ ਹੁੰਦਾ ਤਾਂ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਉਂਦੇ, ਅਸੀਂ ਉਨ੍ਹਾਂ ਦੇ ਨਾਲ਼ ਰਹੇ ਹਾਂ ਸਾਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਵਿੱਚ ਕਿੰਨੀ ਜਾਨ ਹੈ।''
ਇਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਛੇਤੀ ਹੀ ਇੱਕ ਨਵੀਂ ਪਾਰਟੀ ਦਾ ਐਲਾਨ ਕਰਨਗੇ, ਜੋ ਪੰਜਾਬ ਅਤੇ ਉਸ ਦੇ ਲੋਕਾਂ ਦਾ ਪੱਖ ਪੂਰੇਗੀ।
ਇਹ ਵੀ ਪੜ੍ਹੋ: