You’re viewing a text-only version of this website that uses less data. View the main version of the website including all images and videos.
ਅਮਰਿੰਦਰ ਤੇ ਅਰੂਸਾ ਦੀ ਦੋਸਤੀ ਸਬੰਧੀ ਲੇਖ ਉੱਪਰ ਸੋਸ਼ਲ ਮੀਡੀਆ ਜੰਗ
ਲੇਖਿਕਾ ਸ਼ੋਭਾ ਡੇਅ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਨਾਲ ਮਿੱਤਰਤਾ ਬਾਰੇ ਲਿਖ ਕੇ ਮੱਖੀਆਂ ਦੇ ਛੱਤੇ 'ਚ ਹੱਥ ਪਾ ਲਿਆ ਲੱਗਦਾ ਹੈ।
'ਦਿ ਪ੍ਰਿੰਟ' ਵੈਬਸਾਈਟ ਲਈ ਇਹ ਲੇਖ ਉਨ੍ਹਾਂ ਨੇ ਅਮਰਿੰਦਰ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਪਾਈ ਜੱਫ਼ੀ ਲਈ ਕੀਤੀ ਨਿਖੇਧੀ ਨੂੰ "ਪਾਖੰਡ" ਦੱਸਦਿਆਂ ਲਿਖਿਆ ਹੈ।
ਉਨ੍ਹਾਂ ਨੇ ਸਿੱਧੂ ਦੀ ਜੱਫ਼ੀ ਨੂੰ ਇੱਕ "ਅਤੀ-ਉਤਸ਼ਾਹਿਤ ਬੱਚੇ" ਦੀ ਹਰਕਤ ਵਜੋਂ ਵੇਖਦਿਆਂ ਇਹ ਲਿਖਿਆ ਹੈ ਕਿ ਅਮਰਿੰਦਰ ਦੀ ਪਾਕਿਸਤਾਨੀ "ਪਾਰਟਨਰ" ਤਾਂ ਉਨ੍ਹਾਂ ਦੇ ਘਰ ਵਿੱਚ ਰਹਿੰਦੀ ਹੈ ਅਤੇ ਉਨ੍ਹਾਂ ਦੋਹਾਂ ਦਾ ਸੰਗੀ ਹੋਣਾ ਤਾਂ "ਜੱਗ ਜਾਹਿਰ" ਹੈ।
ਡੇਅ ਨੇ ਅਮਰਿੰਦਰ ਤੇ ਅਰੂਸਾ ਦੇ ਰਿਸ਼ਤੇ ਨੂੰ "ਪੰਜਾਬ ਦਾ ਸਭ ਤੋਂ ਮਸ਼ਹੂਰ ਲਿਵ-ਇਨ" (ਵਿਆਹ ਕੀਤੇ ਬਗੈਰ ਇਕੱਠੇ ਰਹਿਣਾ) ਦੱਸਿਆ ਹੈ।
ਇਹ ਵੀ ਪੜ੍ਹੋ:
ਕੀ ਲਿਖਿਆ ਹੈ ਸ਼ੋਭਾ ਡੇਅ ਨੇ
ਉਨ੍ਹਾਂ ਨੇ ਇਸ ਲੇਖ ਨੂੰ ਬੁੱਧਵਾਰ ਸ਼ਾਮ ਨੂੰ ਟਵੀਟ ਕੀਤਾ ਅਤੇ ਵੀਰਵਾਰ ਦੁਪਹਿਰ ਤੱਕ ਉਨ੍ਹਾਂ ਦਾ ਟਵੀਟ 500 ਤੋਂ ਵੱਧ ਵਾਰ ਲਾਈਕ ਤੇ ਕਰੀਬ 250 ਵਾਰ ਰੀ-ਟਵੀਟ ਕੀਤਾ ਜਾ ਚੁੱਕਾ ਸੀ। ਇਸ 'ਤੇ 100 ਤੋਂ ਵੱਧ ਜਵਾਬ ਵੀ ਆ ਗਏ ਸਨ।
ਟਵਿੱਟਰ ਉੱਤੇ ਕਾਫ਼ੀ ਲੋਕ ਇਸ ਲੇਖ ਨੂੰ "ਮੰਦਭਾਗਾ" ਦੱਸ ਰਹੇ ਹਨ। ਕਈ ਸਵੈ-ਨਿਯੁਕਤ "ਦੇਸ਼ ਭਗਤੀ ਦੇ ਮੋਢੀ" ਉਨ੍ਹਾਂ ਨੂੰ ਗਾਲ਼ਾਂ ਕੱਢਣ ਦੀ ਹੱਦ ਤੱਕ ਵੀ ਜਾ ਰਹੇ ਹਨ।
ਵਧੇਰੇ ਟਰੋਲ ਇਹ ਕਹਿ ਰਹੇ ਹਨ ਕਿ ਅਮਰਿੰਦਰ ਨੇ ਸਿੱਧੂ ਦੀ ਇਸ "ਰਾਸ਼ਟਰ ਵਿਰੋਧੀ" ਜੱਫ਼ੀ ਦੀ ਨਿਖੇਧੀ ਕਰਕੇ ਬਿਲਕੁਲ ਸਹੀ ਕੀਤਾ। ਉਹ ਕਹਿੰਦੇ ਹਨ ਕਿ ਡੇਅ ਦਾ ਲੇਖ ਅਮਰਿੰਦਰ ਦੀ "ਨਿੱਜੀ ਜ਼ਿੰਦਗੀ" ਉੱਤੇ "ਹਮਲਾ" ਹੈ।
ਦੇਵਰਾਜ ਮੋਹੰਤੀ ਨੇ ਕਿਹਾ ਹੈ ਕਿ ਸਿੱਧੂ 'ਤੇ ਦੇਸ਼ਧ੍ਰੋਹ ਦਾ ਅਦਾਲਤੀ ਮਾਮਲਾ ਚੱਲਣਾ ਚਾਹੀਦਾ ਹੈ।
ਰਵੀ ਨਾਂ ਦੇ ਟਵਿੱਟਰ ਯੂਜ਼ਰ ਨੇ ਡੇਅ ਨੂੰ ਪੁੱਛਿਆ ਕਿ ਉਹ ਲੋਕਾਂ ਨੂੰ ਪਸੰਦ ਦੀ ਨਿੱਜੀ ਆਜ਼ਾਦੀ ਕਿਉਂ ਨਹੀਂ ਦਿੰਦੇ।
ਪਰ ਕੁਝ ਲੋਕਾਂ ਨੇ ਡੇਅ ਦੇ ਲੇਖ ਨੂੰ ਸੰਤੁਲਿਤ ਦੱਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਅਸਲ ਵਿੱਚ ਤਾਂ ਪਿਆਰ ਦੇ ਹੱਕ ਦੀ ਹੀ ਗੱਲ ਕੀਤੀ ਹੈ।
ਕੁਮਾਰ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਡੇਅ ਨੇ ਲੇਖ ਦੇ ਅੰਤ ਵਿੱਚ ਸਿੱਧੂ ਨੂੰ "ਇਡੀਅਟ" ਦੱਸ ਕੇ ਆਪਣੀ ਗੱਲ ਨੂੰ ਸੰਤੁਲਿਤ ਕਰ ਦਿੱਤਾ।
ਸੀ.ਪੀ. ਮਧੂਸੂਦਨ ਨੇ ਪੁੱਛਿਆ ਹੈ, "ਕੀ ਤੁਸੀਂ (ਡੇਅ) ਪਿਆਰ ਦੇ ਖਿਲਾਫ਼ ਹੋ?", ਅਤੇ ਲਿਖਿਆ ਹੈ ਕਿ ਅਮਰਿੰਦਰ ਦੀ ਅਰੂਸਾ ਆਲਮ ਨਾਲ ਮਿੱਤਰਤਾ ਅਤੇ ਸਿੱਧੂ ਦਾ ਪਾਕ ਸੈਨਾ ਮੁਖੀ ਨੂੰ ਜੱਫ਼ੀ ਪਾਉਣਾ ਇੱਕੋ ਜਿਹੀ ਗੱਲ ਨਹੀਂ ਹੈਂ।
ਇੱਕ ਯੂਜ਼ਰ ਡੀ. ਸਿੰਘ ਨੇ ਲੇਖ ਦੀਆਂ ਕੁਝ ਸਤਰਾਂ ਆਪਣੇ ਟਵੀਟ ਵਿੱਚ ਲਿਖ ਕੇ ਅੰਤ ਵਿੱਚ ਇਨ੍ਹਾਂ ਨੂੰ "ਢੁੱਕਵਾਂ" ਦੱਸਿਆ ਹੈ।
ਸਾਬਕਾ ਕ੍ਰਿਕਟਰ ਸਿੱਧੂ ਨੇ ਜਨਰਲ ਬਾਜਵਾ ਨੂੰ ਜੱਫ਼ੀ ਉਸ ਵੇਲੇ ਪਾਈ ਸੀ ਜਦੋਂ ਦੋਵੇਂ ਸਿੱਧੂ ਦੇ ਮਿੱਤਰ, ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁੱਕ ਸਮਾਗਮ ਵਿੱਚ ਮਿਲੇ ਸਨ।
ਇਸ ਜੱਫ਼ੀ ਤੋਂ ਬਾਅਦ ਸਿੱਧੂ ਨੂੰ ਜਨਤਾ ਅਤੇ ਮੀਡੀਆ ਦੇ ਇੱਕ ਤਬਕੇ ਤੋਂ ਨਿਖੇਧੀ ਦਾ ਸਾਹਮਣਾ ਕਰਨਾ ਪਿਆ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਇਸ ਜੱਫ਼ੀ ਨੂੰ "ਚੰਗਾ ਨਹੀਂ" ਮੰਨਿਆ।
ਸਿੱਧੂ ਨੇ ਆਪਣੀ ਸਫਾਈ ਵਿੱਚ ਆਪਣੇ ਪੰਜਾਬੀ ਸੁਭਾਅ ਅਤੇ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਦੀ ਇੱਛਾ ਦਾ ਹਵਾਲਾ ਦਿੱਤਾ ਹੈ। ਸਿੱਧੂ ਨੂੰ ਸੋਸ਼ਲ ਮੀਡੀਆ ਉੱਤੇ ਵੀ "ਰਾਸ਼ਟਰਵਾਦੀਆਂ" ਤੋਂ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ:
ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਿੱਤਰ ਉੱਤੇ ਇਸ ਤੋਂ ਪਹਿਲਾਂ ਵੀ ਸਵਾਲ ਉੱਠ ਚੁੱਕੇ ਹਨ।
ਪਿਛਲੇ ਸਾਲ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਦੇ ਸੰਬੰਧ ਬਾਰੇ ਇਲਜ਼ਾਮ ਲਾਏ ਸਨ ਤਾਂ ਅਮਰਿੰਦਰ ਨੇ ਜਵਾਬ ਵਿੱਚ ਖਹਿਰਾ ਦੀ ਭਾਸ਼ਾ ਅਤੇ ਵਰਤਾਰੇ ਨੂੰ "ਮੰਦਭਾਗਾ" ਕਹਿ ਕੇ ਨਿੰਦਿਆ ਸੀ।