You’re viewing a text-only version of this website that uses less data. View the main version of the website including all images and videos.
ਪੰਜਾਬ ਨਾਲ ਗੱਦਾਰੀ ਕੈਪਟਨ ਦੇ ਪਰਿਵਾਰ ਦਾ ਪੁਰਾਣਾ ਇਤਿਹਾਸ : ਸੁਖਜਿੰਦਰ ਸਿੰਘ ਰੰਧਾਵਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਹੱਥ ਮਿਲਾਉਣ ਦੀ ਸੰਭਾਵਨਾ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂ ਉਨ੍ਹਾਂ ਨੂੰ ਘੇਰ ਰਹੇ ਹਨ।
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਕਿਹਾ,''ਕਾਂਗਰਸ ਪਾਰਟੀ ਕਦੇ ਖ਼ਤਮ ਨਹੀਂ ਹੋ ਸਕਦੀ, ਸਗੋਂ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਖ਼ਤਮ ਕਰ ਦਿੱਤਾ।''
ਇਸ ਤੋਂ ਇਲਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੈਪਟਨ ਉੱਪਰ ਸ਼ਬਦੀ ਹਮਲਾ ਕੀਤਾ ਕਿ ਆਖ਼ਰ ਉਨ੍ਹਾਂ ਦਾ ਭਾਜਪਾ ਨਾਲ ਪਿਆਰ ਜੱਗਜਾਹਰ ਹੋ ਹੀ ਗਿਆ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਰਲ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰੰਧਾਵਾ ਨੇ ਕਿਹਾ, ''ਜੇ ਨੁਕਸਾਨ ਪਹੁੰਚਾਉਣ ਜੋਗਾ ਹੁੰਦਾ ਤਾਂ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਉਂਦੇ, ਅਸੀਂ ਉਨ੍ਹਾਂ ਦੇ ਨਾਲ਼ ਰਹੇ ਹਾਂ ਸਾਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਵਿੱਚ ਕਿੰਨੀ ਜਾਨ ਹੈ।''
ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਛੇਤੀ ਹੀ ਇੱਕ ਨਵੀਂ ਪਾਰਟੀ ਦਾ ਐਲਾਨ ਕਰਨਗੇ, ਜੋ ਪੰਜਾਬ ਅਤੇ ਉਸ ਦੇ ਲੋਕਾਂ ਦਾ ਪੱਖ ਪੂਰੇਗੀ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਕਿਸਾਨਾਂ ਦਾ ਹੱਕ ਵੀ ਦੁਆਵੇਗੀ ਜੋ ਇੱਕ ਸਾਲ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।
ਭਾਜਪਾ ਲਈ ਆਪਣੀਆਂ ਸੰਭਾਵਨਾਵਾਂ ਖੁੱਲ੍ਹੀਆਂ ਰੱਖਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਜੇ ਕਿਸਾਨ ਅੰਦੋਲਨ ਦਾ ਹੱਲ ਕਿਸਾਨਾਂ ਦੇ ਹੱਕ ਵਿੱਚ ਹੋਇਆ ਤਾਂ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਗਠਜੋੜ ਕਰ ਸਕਦੇ ਹਨ।
ਕੈਪਟਨ ਦੇ ਭਾਜਪਾ ਨਾਲ ਹੱਥ ਮਿਲਾਉਣ ਦੀ ਸੰਭਾਵਨਾ ਬਾਰੇ ਰੰਧਾਵਾ ਨੇ ਦੋ ਟੁੱਕ ਕਿਹਾ ਕਿ ਭਾਜਪਾ ਵੀ ਪੰਜਾਬ ਵਿੱਚ ਖ਼ਤਮ ਹੋ ਜਾਵੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਖ਼ਤਮ ਹੋ ਜਾਣਗੇ।
ਰੰਧਾਵਾ ਨੇ ਹੋਰ ਕੀ ਕੁਝ ਕਿਹਾ
- ਮੈਨੂੰ ਕੈਪਟਨ ਦੀ ਸਟੇਟਮੈਂਟ ਤੋਂ ਬਹੁਤ ਦੁੱਖ ਪਹੁੰਚਿਆ ਹੈ ਤੇ ਜੇ ਉਨ੍ਹਾਂ ਵਿੱਚ ਥੋੜ੍ਹਾ ਜਿਹਾ ਵੀ ਜ਼ਮੀਰ ਹੋਵੇ ਤਾਂ ਉਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ।
- ਜਾਂ ਫ਼ਿਰ ਉਹ ਇਹ ਕਹਿਣ ਕਿ ਮੈਂ ਜੋ ਪੰਜਾਬ ਵਿੱਚ ਕਰਦਾ ਰਿਹਾ ਹਾਂ ਉਹ ਬਿਲਕੁਲ ਗਲਤ ਕਰਦਾ ਰਿਹਾ ਹਾਂ। ਮੈਂ ਭਾਰਤ ਸਰਕਾਰ ਨੂੰ ਖ਼ੁਸ਼ ਕਰਦਾ ਰਿਹਾ ਹਾਂ।
- ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਕਦੇ ਕਿਸੇ ਦੇ ਘਰ ਅਫ਼ਸੋਸ ਕਰਨ ਨਹੀਂ ਗਏ। ਸੀਐੱਮ ਚੰਨੀ ਤਾਂ ਪਹੁੰਚ ਰਹੇ ਹਨ।
- ਬੇਅਦਬੀ ਦੇ ਮਾਮਲੇ ਵਿੱਚ ਕੈਪਟਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਵੇਂ ਮਸਲਾ ਢਾਈ ਸਾਲ ਹਾਈਕੋਰਟ ਵਿੱਚ ਪਿਆ ਰਿਹਾ ਅਸੀਂ ਕਿਵੇਂ ਇੱਕ ਮਹੀਨੇ ਦੇ ਅੰਦਰ ਸਾਰੀਆਂ ਚੀਜ਼ਾਂ ਖੋਲ੍ਹਣ ਲਈ ਤੁਰ ਪਏ ਹਾਂ।
- ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਕਿ -ਜਨਾਬ ਕੀ ਪੰਜਾਬ ਦਾ ਬੇੜਾ ਗ਼ਰਕ ਕਰਕੇ ਤੁਰ ਗਏ ਹੋ? ਇੰਨੇ ਕੰਡੇ ਖਲਾਰ ਗਏ ਹੋ ਉਹੀ ਚੁਗਣੇ ਬਹੁਤ ਮੁਸ਼ਕਲ ਹੋ ਗਏ ਹਨ।
ਅਕਾਲੀ ਦਲ ਅਤੇ ਭਾਜਪਾ ਨੇ ਰੰਧਾਵਾ ਨੂੰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਕੈਪਟਨ ਅਮਰਿੰਦਰ ਸਿੰਘ ਉੱਤੇ ਪੰਜਾਬ ਨਾਲ ''ਗੱਦਾਰੀ'' ਕਰਨ ਦੇ ਲਾਏ ਇਲਜਾਮਾਂ ਉੱਤੇ ਪ੍ਰਤੀਕਰਮ ਦਿੱਤਾ ਹੈ।
ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਰੰਧਾਵਾ ਨੂੰ ਮੁਖਾਤਿਬ ਹੁੰਦਿਆਂ ਕਿਹਾ, ''ਤੁਸੀਂ ਹੁਣ ਸੂਬੇ ਦੇ ਗ੍ਰਹਿ ਮੰਤਰੀ ਹੋ ਅਤੇ ਜੇਕਰ ਤੁਸੀਂ ਸਮਝਦੇ ਹੋ ਕੇ ਕੈਪਟਨ ਦੇਸ ਵਿਰੋਧੀ ਗਤੀਵਿਧੀਆਂ ਕਰਦੇ ਸਨ ਤਾਂ ਉਨ੍ਹਾਂ ਖਿਲਾਫ਼ ਤੁਰੰਤ ਕੇਸ ਦਰਜ ਕਰੋ।''
ਮਹੇਸ਼ਇੰਦਰ ਨੇ ਕਿਹਾ, ''ਤੁਸੀਂ ਇਹ ਵੀ ਸਾਫ਼ ਕਰੋ ਕਿ ਤੁਸੀਂ ਕੈਪਟਨ ਨਾਲ ਲੰਬਾ ਸਮਾਂ ਉਨ੍ਹਾਂ ਦੀਆਂ ਨਿੱਜੀ ਪਾਰਟੀਆਂ ਵਿਚ ਕਿਉਂ ਸ਼ਾਮਲ ਹੁੰਦੇ ਰਹੇ, ਜਿਨ੍ਹਾਂ ਦਾ ਕੋਈ ਸਰਕਾਰੀ ਸਰੋਕਾਰ ਨਹੀਂ ਸੀ।''
ਉਨ੍ਹਾਂ ਕਿਹਾ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਮੰਨ ਲਓ ਕਿ ਤੁਸੀਂ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਕਾਰਿਆਂ ਦੇ ਭਾਈਵਾਲ ਸੀ ਅਤੇ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦਿਓ।
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਇਲਜ਼ਾਮ ਲਾਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਨਵਜੋਤ ਸਿੱਧੂ ਵਾਂਗ ਪਾਕਿਸਤਾਨ ਪੱਖੀ ਗੱਲਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁਲਕ ਦੀ ਖੁਦਮੁਖਤਿਆਰੀ ਸਭ ਤੋਂ ਵੱਡੀ ਪ੍ਰਮੁੱਖਤਾ ਹੈ ਅਤੇ ਸਰਹੱਦੀ ਸੂਬੇ ਵਿਚ ਸੁਰੱਖਿਆ ਪੁਖ਼ਤਾ ਹੋਈ ਹੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਮਰਾਹਕੁਨ ਬਿਆਨਾਂ ਨੂੰ ਸਹਿਨ ਨਹੀਂ ਕੀਤਾ ਜਾ ਸਕਦਾ।
ਰਾਜਾ ਵੜਿੰਗ ਨੇ ਕੀ ਕਿਹਾ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੈਪਟਨ ਉੱਪਰ ਸ਼ਬਦੀ ਹਮਲਾ ਕਰਦਿਆਂ ਟਵੀਟ ਕੀਤਾ-
''ਇਸ਼ਕ ਅਤੇ ਮੁਸ਼ਕ ਲੁਕਾਇਆਂ ਨਹੀਂ ਲੁਕਦੇ!
ਦਿੱਲ ਦੀ ਗੱਲ ਆਖ਼ਰ ਜ਼ੁਬਾਨ ਤੇ ਆ ਗਈ!
ਚਾਰ ਸਾਲ ਅਕਾਲੀ ਦਲ ਤੇ ਭਾਜਪਾ ਨਾਲ ਮਿਲਕੇ ਹੀ ਤਾਂ ਸਰਕਾਰ ਚਲਾਈ ਹੈ ਤੁਸੀਂ ਕੈਪਟਨ ਅਮਰਿੰਦਰ ਸਿੰਘ ਸਾਹਬ।
ਕਾਂਗਰਸ ਨੂੰ ਪੰਜਾਬ ਵਿੱਚ ਕਮਜ਼ੋਰ ਕਰਨ ਦਾ ਹਰ ਸੰਭਵ ਕੰਮ ਤੁਸੀਂ ਕੀਤਾ। ਹੁਣ ਨਵੀਂ ਪਾਰਟੀ ਵਿੱਚ ਆਪਣੇ ਚਹੇਤੇ ਭਤੀਜੇ ਸੁਖਬੀਰ ਬਾਦਲ ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ?''
ਕੈਪਟਨ ਨੇ ਕੀ ਕਿਹਾ ਸੀ?
ਕੈਪਟਨ ਅਮਰਿੰਦਰ ਨੇ ਮੰਗਲਵਾਰ ਨੂੰ ਕਿਹਾ ਸੀ, "ਪੰਜਾਬ ਦੇ ਭਵਿੱਖ ਲਈ ਜੰਗ ਸ਼ੁਰੂ ਹੋ ਗਈ ਹੈ। ਛੇਤੀ ਹੀ ਅਸੀਂ ਪਾਰਟੀ ਦਾ ਐਲਾਨ ਕਰ ਸਕਦੇ ਹਾਂ।"
"ਮੈਂ ਉਦੋਂ ਤੱਕ ਆਰਾਮ ਨਹੀਂ ਕਰ ਸਕਦਾ ਜਦੋਂ ਤੱਕ ਆਪਣੇ ਲੋਕਾਂ ਅਤੇ ਸੂਬੇ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਦਿੰਦਾ। ਪੰਜਾਬ ਨੂੰ ਸਿਆਸੀ ਸਥਿਰਤਾ, ਅੰਦਰੂਨੀ ਤੇ ਬਾਹਰੀ ਖ਼ਤਰਿਆਂ ਤੋਂ ਸੁਰੱਖਿਆ ਦੀ ਲੋੜ ਹੈ।"
"ਮੈਂ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਵਾਂਗਾ ਜੋ ਅੱਜ ਦਾਅ 'ਤੇ ਹੈ।"
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਖਾਣ ਵਾਲੇ ਅਤੇ ਅਕਾਲੀ ਦਲ ਤੋਂ ਵੱਖ ਹੋਏ ਖ਼ਾਸ ਤੌਰ 'ਤੇ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਵੀ ਗਠਜੋੜ ਕਰਨ ਬਾਰੇ ਸੋਚ ਰਹੇ ਹਨ।
ਕੈਪਟਨ ਦੀ ਗੱਲ ਦਾ ਸੁਖਦੇਵ ਢੀਂਡਸਾ ਨੇ ਕੀ ਦਿੱਤਾ ਜਵਾਬ
ਬੀਬੀਸੀ ਪੰਜਾਬੀ ਦੇ ਸਹਿਯੋਗੀ ਸਰਬਜੀਤ ਸਿੰਘ ਧਾਲੀਵਾਲ ਨਾਲ ਫੋਨ 'ਤੇ ਗੱਲਬਾਤ 'ਤੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਅਜੇ ਮੈਂ ਨਾ ਸੁਣਿਆ ਹੈ ਤੇ ਨਾ ਹੀ ਦੇਖਿਆ। ਮੇਰੀ ਕੈਪਟਨ ਨਾਲ ਪਿਛਲੇ ਤਿੰਨ ਸਾਲ ਤੋਂ ਮੁਲਾਕਾਤ ਨਹੀਂ ਹੋਈ। ਕੈਪਟਨ ਨਾਲ ਮਿਲ ਕੇ ਚੱਲਣਾ ਹੈ ਜਾਂ ਨਹੀਂ ਇਹ ਮੇਰਾ ਫੈਸਲਾ ਨਹੀਂ ਹੋਵੇਗਾ, ਸਗੋਂ ਪਾਰਟੀ ਦਾ ਹੋਵੇਗਾ।
ਇਹ ਵੀ ਪੜ੍ਹੋ: