ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ, ਇੰਝ ਦਿੱਤੇ ਭਾਜਪਾ ਨਾਲ ਜਾਣ ਦੇ ਸੰਕੇਤ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਕਿਸਾਨ ਅੰਦੋਲਨ ਦਾ ਹੱਲ ਕਿਸਾਨਾਂ ਦੇ ਹੱਕ ਵਿੱਚ ਹੋਇਆ ਤਾਂ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਗਠਜੋੜ ਕਰ ਸਕਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਇੱਕ ਨਵੀਂ ਪਾਰਟੀ ਦਾ ਐਲਾਨ ਕਰਨਗੇ, ਜੋ ਪੰਜਾਬ ਅਤੇ ਉਸ ਦੇ ਲੋਕਾਂ ਦਾ ਪੱਖ ਪੂਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਕਿਸਾਨਾਂ ਦਾ ਹੱਕ ਵੀ ਪੂਰੇਗੀ ਜੋ ਇੱਕ ਸਾਲ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।

ਪਿਛਲੇ ਸਾਲ ਤੋਂ ਲੈ ਕੇ ਸਤੰਬਰ ਤੱਕ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਾਫੀ ਤਲਖ਼ੀ ਵਧ ਗਈ ਸੀ।

ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੈਪਟਨ ਵਿਰੋਧੀ ਗੁੱਟ ਕਾਫੀ ਮਜ਼ਬੂਤ ਹੋਇਆ ਸੀ ਅਤੇ ਇਸ ਸਾਲ 18 ਸਤੰਬਰ ਨੂੰ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦੇ ਵੱਡੇ ਯੋਗਦਾਨ ਮਗਰੋਂ ਵੀ ਉਨ੍ਹਾਂ ਦਾ ਅਪਮਾਨ ਹੋਇਆ ਹੈ।

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ਵਿੱਚ ਨਹੀਂ ਰਹਿਣਗੇ। ਹਾਲਾਂਕਿ, ਉਨ੍ਹਾਂ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਵੀ ਨਹੀਂ ਦਿੱਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕਰ ਚੁੱਕੇ ਹਨ।

ਹਾਲਾਂਕਿ, ਉਸ ਵੇਲੇ ਉਨ੍ਹਾਂ ਨੇ ਇਸ ਵੇਲੇ ਮੁਲਾਕਾਤ ਦੇ ਏਜੰਡੇ ਨੂੰ ਪੰਜਾਬ ਦੀ ਸੁਰੱਖਿਆ ਨਾਲ ਜੁੜਿਆ ਹੀ ਦੱਸਿਆ ਸੀ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਦੇ ਐਲਾਨ ਦੀ ਟਾਈਮਿੰਗ ਦਿਲਚਸਪ

ਕੈਪਟਨ ਅਮਰਿੰਦਰ ਦਾ ਨਵੀਂ ਪਾਰਟੀ ਬਣਾਉਣ ਦੇ ਐਲਾਨ ਦੀ 'ਟਾਈਮਿੰਗ' ਬਹੁਤ ਦਿਲਚਸਪ ਹੈ। ਪਿਛਲੇ ਕੁਝ ਦਿਨਾਂ ਤੋਂ ਸਿੰਘੂ ਬਾਰਡਰ 'ਤੇ ਨਿਹੰਗਾਂ ਦੇ ਹੱਥੋਂ ਹੋਏ ਕਤਲ ਤੋਂ ਬਾਅਦ ਮੰਗਲਵਾਰ ਨੂੰ ਇਹ ਤਸਵੀਰ ਸਾਹਮਣੇ ਆਈ ਹੈ।

ਇੱਕ ਨਿਹੰਗ ਜਥੇਦਾਰ ਤੇ ਖੇਤੀਬਾੜੀ ਮੰਤਰੀ ਤੋਮਰ ਦੀ ਤਸਵੀਰ ਸਾਹਮਣੇ ਆਈ ਹੈ। ਪੰਜਾਬ ਵਿੱਚ ਪੂਰੇ ਮਸਲੇ ਉੱਤੇ ਬਹਿਸ ਛਿੜੀ ਹੋਈ ਹੈ। ਕੇਂਦਰ ਸਰਕਾਰ ਅਤੇ ਭਾਜਪਾ ਉੱਤੇ ਕਈ ਪਾਸਿਓਂ ਸ਼ਬਦੀ ਹਮਲੇ ਹੋ ਰਹੇ ਹਨ।

ਇਸ ਮਾਹੌਲ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿ ਉਹ ਭਾਜਪਾ ਨਾਲ ਗਠਜੋੜ ਕਰ ਸਕਦੇ ਹਨ, ਭਾਜਪਾ ਲਈ ਇੱਕ ਰਾਹਤ ਦੀ ਖ਼ਬਰ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੰਜਾਬ ਦੇ ਭਵਿੱਖ ਲਈ ਜੰਗ ਸ਼ੁਰੂ ਹੋਈ - ਕੈਪਟਨ

ਕੈਪਟਨ ਅਮਰਿੰਦਰ ਨੇ ਕਿਹਾ, "ਪੰਜਾਬ ਦੇ ਭਵਿੱਖ ਲਈ ਜੰਗ ਸ਼ੁਰੂ ਹੋ ਗਈ ਹੈ। ਛੇਤੀ ਹੀ ਅਸੀਂ ਪਾਰਟੀ ਦਾ ਐਲਾਨ ਕਰ ਸਕਦੇ ਹਾਂ।"

ਕੈਪਟਨ ਅਮਰਿੰਦਰ ਨੇ ਕਿਹਾ, "ਮੈਂ ਉਦੋਂ ਤੱਕ ਆਰਾਮ ਨਹੀਂ ਕਰ ਸਕਦਾ ਜਦੋਂ ਤੱਕ ਆਪਣੇ ਲੋਕਾਂ ਅਤੇ ਸੂਬੇ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਦਿੰਦਾ। ਪੰਜਾਬ ਨੂੰ ਸਿਆਸੀ ਸਥਿਰਤਾ, ਅੰਦਰੂਨੀ ਤੇ ਬਾਹਰੀ ਖ਼ਤਰਿਆਂ ਤੋਂ ਸੁਰੱਖਿਆ ਦੀ ਲੋੜ ਹੈ।"

"ਮੈਂ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਵਾਂਗਾ ਜੋ ਅੱਜ ਦਾਅ 'ਤੇ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਖਾਣ ਵਾਲੇ ਅਤੇ ਅਕਾਲੀ ਦਲ ਤੋਂ ਵੱਖ ਹੋਏ ਖ਼ਾਸ ਤੌਰ 'ਤੇ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਵੀ ਗਠਜੋੜ ਕਰਨ ਬਾਰੇ ਸੋਚ ਰਹੇ ਹਨ।

ਕੈਪਟਨ ਦੀ ਗੱਲ ਦਾ ਸੁਖਦੇਵ ਢੀਂਡਸਾ ਨੇ ਕੀ ਦਿੱਤਾ ਜਵਾਬ

ਬੀਬੀਸੀ ਪੰਜਾਬੀ ਦੇ ਸਹਿਯੋਗੀ ਸਰਬਜੀਤ ਸਿੰਘ ਧਾਲੀਵਾਲ ਨਾਲ ਫੋਨ 'ਤੇ ਗੱਲਬਾਤ 'ਤੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਅਜੇ ਮੈਂ ਨਾ ਸੁਣਿਆ ਹੈ ਤੇ ਨਾ ਹੀ ਦੇਖਿਆ। ਮੇਰੀ ਕੈਪਟਨ ਨਾਲ ਪਿਛਲੇ ਤਿੰਨ ਸਾਲ ਤੋਂ ਮੁਲਾਕਾਤ ਨਹੀਂ ਹੋਈ। ਕੈਪਟਨ ਨਾਲ ਮਿਲ ਕੇ ਚੱਲਣਾ ਹੈ ਜਾਂ ਨਹੀਂ ਇਹ ਮੇਰਾ ਫੈਸਲਾ ਨਹੀਂ ਹੋਵੇਗਾ, ਸਗੋਂ ਪਾਰਟੀ ਦਾ ਹੋਵੇਗਾ।

ਜਦੋਂ ਕੈਪਟਨ ਨੇ ਭਾਜਪਾ ਨਾਲ ਜਾਣ ਨੂੰ 'ਬੇਤੁਕੀਆਂ ਕਹਾਣੀਆਂ' ਕਿਹਾ ਸੀ

ਜਦੋਂ ਪਰਗਟ ਸਿੰਘ ਨੇ 14 ਅਕਤੂਬਰ ਨੂੰ ਕਿਹਾ ਸਮਾਚਾਰ ਏਜੰਸੀ ਏਐੱਨਆਈ ਨੂੰ ਕਿਹਾ ਸੀ, "ਮੈਂ ਹਮੇਸ਼ਾ ਕਹਿੰਦਾ ਸੀ ਕਿ ਕੈਪਟਨ ਭਾਜਪਾ ਨਾਲ ਹਨ, ਇਹ ਜਾਂ ਤਾਂ ਝੋਨੇ ਦੀ ਖਰੀਦ ਵਿੱਚ ਦੇਰੀ ਕਰਵਾਉਣ ਲਈ ਦਿੱਲੀ ਗਏ ਹਨ ਜਾਂ ਪੰਜਾਬ ਬੀਐੱਸਐੱਫ ਨੂੰ ਪੰਜਾਬ ਵਿੱਚ ਤਾਇਨਾਤ ਕਰਨ ਲਈ ਗਏ ਹਨ।"

"ਇਸ ਤੋਂ ਤੁਹਾਡਾ ਗਵਰਨਰ ਰੂਲ ਲਾਗੂ ਕਰਨ ਦਾ ਮਕਸਦ ਉਜਾਗਰ ਹੁੰਦਾ ਹੈ।"

ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਟਵੀਟ ਕਰ ਕੇ ਕਿਹਾ ਸੀ ਕਿ ਇਹ ਸੂਬੇ ਦੇ ਮੰਤਰੀ ਦੀ ਗ਼ੈਰ-ਜ਼ਿੰਮੇਵਾਰੀ ਦੀ ਹੱਦ ਹੈ।

"ਤੁਸੀਂ ਅਤੇ ਨਵਜੋਤ ਸਿੰਘ ਸਿੱਧੂ ਸਪੱਸ਼ਟ ਤੌਰ 'ਤੇ ਇੱਕੋ-ਜਿਹੇ ਹੋ। ਸਸਤੇ ਪ੍ਰਚਾਰ ਅਤੇ ਬੇਤੁਕੀਆਂ ਕਹਾਣੀਆਂ ਘੜਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ।"

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)