You’re viewing a text-only version of this website that uses less data. View the main version of the website including all images and videos.
ਸਿੰਘੂ ਬਾਰਡਰ: ਤੋਮਰ ਨਾਲ ਫੋਟੋਆਂ ਦਾ ਨਿਹੰਗ ਅਮਨ ਸਿੰਘ ਤੇ ਸਾਬਕਾ ਪੁਲਿਸ ‘ਕੈਟ’ ਪਿੰਕੀ ਨੇ ਦਿੱਤਾ ਸਪੱਸ਼ਟੀਕਰਨ
ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਹੁਣ ਇੱਕ ਨਿਹੰਗ ਸਿੰਘ ਦੀ ਤਸਵੀਰ ਮੰਗਲਵਾਰ ਸਵੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਤਸਵੀਰ ਨੂੰ ਪੰਜਾਬੀ ਟ੍ਰਿਬਿਊਨ ਅਖ਼ਬਾਰ ਨੇ ਛਾਪਿਆ ਹੈ। ਇਸ ਤਸਵੀਰ ਵਿਚ ਨਿਹੰਗ ਸਿੰਘ ਅਮਨ ਸਿੰਘ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਗਰੇਵਾਲ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨਾਲ ਨਜ਼ਰ ਆ ਰਿਹਾ ਹੈ।
ਤਰਨ ਤਾਰਨ ਨਿਵਾਸੀ ਲਖਬੀਰ ਸਿੰਘ ਦਾ ਕਤਲ 15 ਅਕਤੂਬਰ ਨੂੰ ਸਵੇਰੇ ਸਿੰਘੂ ਬਾਰਡਰ ’ਤੇ ਹੋਇਆ ਸੀ। ਉਸ ਮਾਮਲੇ ਵਿੱਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਹੰਗ ਅਮਨ ਸਿੰਘ ਉਸ ਨਿਹੰਗ ਜਥੇਬੰਦੀ ਨਾਲ ਜੁੜਿਆ ਬੰਦਾ ਹੈ ਜਿਸ ਦੇ ਨਿਹੰਗ ਸਿੰਘਾਂ ਨੇ ਇਹ ਦਾਅਵਾ ਕੀਤਾ ਸੀ ਕਿ ਲਖਬੀਰ ਸਿੰਘ ਦਾ ਕਤਲ ਉਨ੍ਹਾਂ ਨੇ ਕੀਤਾ ਹੈ।
ਪੰਜਾਬੀ ਲੋਕ ਵੈੱਬਟੀਵੀ ਨਾਲ ਫੋਨ ਰਾਹੀਂ ਗੱਲਬਾਤ ਦੌਰਾਨ ਨਿਹੰਗ ਅਮਨ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੀਆਂ ਹਨ ਅਤੇ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਅੰਦੋਲਨ ਦੌਰਾਨ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਬੈਠਕ ਕੀਤੀ ਸੀ।
ਨਿਹੰਗ ਅਮਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਬੈਠਕ ਲਈ ਪਹਿਲ ਸਰਕਾਰ ਵੱਲੋਂ ਹੀ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਅਮਨ ਸਿੰਘ ਪੰਜਾਬੀ ਲੋਕ ਵੈੱਬਟੀਵੀ ਨੂੰ ਕਹਿੰਦਾ ਹੈ, ''ਸਰਕਾਰ ਨੂੰ ਸਮਝ ਲੈਣ ਚਾਹੀਦਾ ਹੈ ਕਿ ਅਸੀਂ ਪੈਸਿਆਂ ਨਾਲ ਵਿਕਣ ਵਾਲੇ ਨਹੀਂ ਹਾਂ।''
ਅਮਨ ਸਿੰਘ ਨੇ ਅੱਗੇ ਕਿਹਾ, '' ਇਸ ਤਰ੍ਹਾਂ ਫੋਟੋਆਂ ਵਾਇਰਲ ਹੋਣ ਨਾਲ ਕੁਝ ਵੀ ਨਹੀਂ ਹੋਣਾ , ਅਸੀਂ ਸਾਰੀ ਦੁਨੀਆਂ ਸਾਹਮਣੇ ਸੱਚ ਰੱਖਾਂਗੇ, ਪਰ ਇਸ ਲਈ ਉਨ੍ਹਾਂ ਨੂੰ ਕੁਝ ਸਮਾਂ ਚਾਹੀਦਾ ਹੈ।''
ਪਿੰਕੀ ਦਾ ਫੋਟੋ ਬਾਰੇ ਕੀ ਕਹਿਣਾ ਹੈ
ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਫੋਨ 'ਤੇ ਕਿਹਾ ਕਿ ਜਿਸ ਮੀਟਿੰਗ ਦੀ ਫੋਟੋ ਚਰਚਾ ਵਿੱਚ ਹੈ, ਉਹ ਮੀਟਿੰਗ 5 ਅਗਸਤ ਨੂੰ ਅੱਧੇ-ਪੌਣੇ ਘੰਟੇ ਲਈ ਹੋਈ ਸੀ।
ਗੁਰਮੀਤ ਸਿੰਘ ਪਿੰਕੀ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਪਿੰਕੀ ਨੇ ਕਿਹਾ ਕਿ ਉਹ ਭਾਜਪਾ ਆਗੂ ਸੁਖਵਿੰਦਰ ਗਰੇਵਾਲ ਨੂੰ ਆਪਣੇ ਨਿੱਜੀ ਕੰਮ ਲਈ ਮਿਲਣ ਦਿੱਲੀ ਗਏ ਸੀ।
ਪਿੰਕੀ ਨੇ ਦੱਸਿਆ, "ਅਸੀਂ ਦਿੱਲੀ ਜਾ ਰਹੇ ਸੀ, ਇਹ (ਨਿਹੰਗ ਅਮਨ ਸਿੰਘ) ਸਾਨੂੰ ਸਿੰਘੂ ਬਾਰਡਰ ਟੱਕਰਿਆ ਅਤੇ ਕਹਿੰਦਾ ਕਿ ਮੈਂ ਵੀ ਮੰਤਰੀ ਨੂੰ ਮਿਲਣਾ ਹੈ, ਅਸੀਂ ਕਿਹਾ ਚੱਲੋ।"
ਪਿੰਕੀ ਨੇ ਅੱਗੇ ਕਿਹਾ, "ਅਸੀਂ ਇਸ ਨੂੰ ਨਾਲ ਲੈ ਗਏ ਅਤੇ ਅਸੀਂ ਉੱਥੇ ਖੇਤੀਬਾੜੀ ਰਾਜ ਮੰਤਰੀ ਦੇ ਘਰ ਰੋਟੀ ਖਾਣ ਲੱਗ ਗਏ।"
ਉਨ੍ਹਾਂ ਨੇ ਅੱਗੇ ਦੱਸਿਆ, "ਤੋਮਰ ਉੱਥੇ ਆਏ ਹੋਏ ਸੀ, ਅਸੀਂ ਰੋਟੀ ਖਾ ਕੇ ਉੱਥੋਂ ਉੱਠ ਕੇ ਆ ਗਏ, ਇਹ ਉੱਥੇ ਬੈਠੇ ਸੀ। ਉਸ ਤੋਂ ਬਾਅਦ ਮੇਰਾ ਉਸ ਨਾਲ ਕੋਈ ਲੈਣ ਨਹੀਂ ਦੇਣ ਨਹੀਂ, ਐਵੇਂ ਹੀ ਚੱਕ ਤਾਂ ਹਵਾ 'ਚ, ਚੋਰ ਬਣਾ ਦਿੱਤਾ ਸਾਨੂੰ।"
ਜਦੋਂ ਪਿੰਕੀ ਨੂੰ ਪੁੱਛਿਆ ਕਿ ਤੁਹਾਡੇ ਸਾਹਮਣੇ ਮੰਤਰੀ ਨਾਲ ਖੇਤੀ ਬਿੱਲਾਂ ਸਬੰਧ ਕੋਈ ਗੱਲ ਹੋਈ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਉਹ ਨਿਹੰਗ ਕਹਿ ਰਿਹਾ ਸੀ ਕਿ ਤੁਸੀਂ ਕਾਲੇ ਕਾਨੂੰਨ ਵਾਪਸ ਕਰੋ, ਮੇਰਾ ਇਸ 'ਚ ਕੋਈ ਦਖ਼ਲ ਨਹੀਂ ਸੀ।"
ਤਸਵੀਰ ਖਿੱਚਵਾਉਣਾ ਗਲਤ ਨਹੀਂ - ਹਰਜੀਤ ਗਰੇਵਾਲ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਨਿਹੰਗ ਅਮਨ ਸਿੰਘ ਦੀ ਤਸਵੀਰ ਬਾਰੇ ਸਪੱਸ਼ਟੀਕਰਨ ਦਿੱਤਾ।
ਉਨ੍ਹਾਂ ਨੇ ਬੀਬੀਸੀ ਪੱਤਰਕਾਰ ਦਲੀਪ ਸਿੰਘ ਨਾਲ ਫੋਨ 'ਤੇ ਗੱਲ ਕਰਦਿਆਂ ਕਿਹਾ, "ਤਸਵੀਰ ਕੋਈ ਖ਼ਾਸ ਗੱਲ ਨਹੀਂ ਹੈ, ਸਾਰੇ ਕਿਸਾਨ ਆਗੂਆਂ ਨਾਲ ਤੋਮਰ ਸਾਬ੍ਹ ਦੀ ਤਸਵੀਰਾਂ ਹਨ, ਸਾਡੀਆਂ ਵੀ ਹਨ ਹੈ ਪਰ ਕੀ ਸਾਡੀਆਂ ਸਾਰੀਆਂ ਗੱਲਾਂ ਮੰਨਦੇ ਹਨ ਜਾਂ ਸਾਡੇ ਕਹਿਣ 'ਤੇ ਕੁਝ ਕਰਦੇ ਹਨ।"
ਗਰੇਵਾਲ ਨੇ ਅੱਗੇ ਕਿਹਾ, "ਉਹ ਤਾਂ ਸਾਨੂੰ ਬੁਰਾ-ਭਲਾ ਕਹਿੰਦੇ ਹਨ। ਮੈਨੂੰ ਲਗਦਾ ਹੈ ਕਿ ਉਹ ਆਪਣੇ ਕੰਮਾਂ ਲਈ ਆਪ ਜ਼ਿੰਮੇਵਾਰ ਹੈ, ਜੇ ਕੋਈ ਗ਼ਲਤ ਕੰਮ ਕਰਦਾ।"
"ਇਹ ਕਿਸਾਨ ਸੰਗਠਨਾਂ ਦਾ ਅੰਦੋਲਨ ਹੈ, ਇਹ ਉੱਥੇ ਹੀ ਇੱਕ ਸਾਲ ਤੋਂ ਰਹਿ ਰਿਹਾ ਖਾ ਪੀ ਰਿਹਾ ਹੈ। ਉਹ ਉਨ੍ਹਾਂ ਦਾ ਅੰਦੋਲਨ ਹੈ, ਉਨ੍ਹਾਂ ਦਾ ਸਥਾਨ ਹੈ, ਜਿਹੜਾ ਬੰਦਾ ਉਥੇ ਰਹਿ ਰਿਹਾ ਹੈ ਉਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਾਡੀ ਜਿਨ੍ਹਾਂ ਨਾਲ ਇੱਕ ਤਸਵੀਰ ਖਿਚਾ ਗਿਆ।"
"ਮੰਤਰੀਆਂ ਨੂੰ ਕਈ ਆ ਕੇ ਮਿਲਦੇ ਹਨ। ਉਨ੍ਹਾਂ ਨੇ ਟੀਵੀ 'ਤੇ ਸਾਫ਼ ਕਿਹਾ ਸੀ ਜਿਹੜਾ ਮਰਜ਼ੀ ਕਿਸਾਨ ਮੈਨੂੰ ਮਿਲਣ ਆਵੇ ਭਾਵੇਂ ਰਾਤ ਦੇ 12 ਵਜੇ ਆਵੇ ਅਤੇ ਤੋਮਰ ਸਾਬ੍ਹ ਸਾਰਿਆਂ ਨੂੰ ਮਿਲਦੇ ਹਨ।"
"ਇਸ ਨਾਲ ਕੋਈ ਮੁੱਦਾ ਥੋੜ੍ਹੀ ਬਣ ਜਾਂਦਾ ਹੈ। ਇਸ ਦੀ ਡੂੰਘਾਈ ਨਾਲ ਜਾਂਚ ਕਰੋ। ਅਸੀਂ ਤਾਂ ਕਹਿੰਦੇ ਹਾਂ ਕਿ ਇਹ ਅਪਰਾਧ ਲੋਕਤੰਤਰ 'ਤੇ ਧੱਬਾ ਹੈ।"
ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ
ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨਾਲ ਟੈਲੀਫੋਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ,"ਦੇਸ਼ ਅਤੇ ਪੰਜਾਬ ਦਾ ਇੱਕ ਵੱਡਾ ਕਿਸਾਨੀ ਅੰਦੋਲਨ ਇਸ ਸਮੇਂ ਚੱਲ ਰਿਹਾ ਹੈ ਅਤੇ ਕੀ ਇਹ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਸਾਜ਼ਿਸ਼ ਤੇ ਨਹੀਂ।?"
"ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਨਿਹੰਗ ਜਥੇਬੰਦੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਕੋਈ ਗ਼ਲਤ ਅਨਸਰ ਤਾਂ ਉਨ੍ਹਾਂ ਵਿਚ ਨਹੀਂ ਆ ਮਿਲੇ। ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।"
ਕੁਲਤਾਰ ਸਿੰਘ ਸੰਧਵਾਂ ਨੇ ਆਖਿਆ,"ਪੰਜਾਬ ਵਿੱਚ ਪਹਿਲਾਂ ਵੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਉਸ ਸਮੇਂ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਸੀ। ਇਸ ਮੁਲਾਕਾਤ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਬਾਰੇ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ।"
ਇਸ ਮੁੱਦੇ 'ਤੇ ਜ਼ਿਆਦਾਤਰ ਰਾਜਨੀਤਕ ਦਲਾਂ ਵੱਲੋਂ ਸਿਆਸੀ ਚੁੱਪ ਬਾਰੇ ਸੰਧਵਾਂ ਨੇ ਕਿਹਾ ਕਿ ਜੋ ਚੁੱਪ ਹਨ ਜਾਂ ਤਾਂ ਉਨ੍ਹਾਂ ਨੂੰ ਇਸ ਮੁੱਦੇ ਬਾਰੇ ਸਮਝ ਨਹੀਂ ਆਈ ਹੋਵੇਗੀ ਜਾਂ ਫਿਰ ਉਹ ਦੇਸ਼ ਦੇ ਕਿਸਾਨਾਂ ਦੇ ਮੁੱਦੇ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਣਗੇ।
ਨਿਹੰਗ ਵੀ ਖੇਤੀਬਾੜੀ ਮੰਤਰੀ ਨੂੰ ਮਿਲ ਸਕਦੇ ਹਨ - ਟਿਕੈਤ
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਕੈਤ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨਾਲ ਟੈਲੀਫੋਨ ਰਾਹੀਂ ਇਸ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ, "ਉਨ੍ਹਾਂ ਨੇ ਇਹ ਤਸਵੀਰ ਦੇਖੀ ਹੈ। ਨਿਹੰਗ ਵੀ ਭਾਰਤ ਦੇ ਨਾਗਰਿਕ ਹਨ ਅਤੇ ਭਾਰਤ ਦੇ ਖੇਤੀਬਾੜੀ ਮੰਤਰੀ ਨੂੰ ਮਿਲ ਸਕਦੇ ਹਨ।"
ਰਾਕੇਸ਼ ਟਕੈਤ ਨੇ ਇਹ ਵੀ ਆਖਿਆ, "ਜੇਕਰ ਕੋਈ ਸਰਕਾਰ ਨਾਲ ਉਨ੍ਹਾਂ ਦੀ ਬੈਠਕ ਕਰਵਾ ਸਕਦਾ ਹੈ ਤਾਂ ਉਨ੍ਹਾਂ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੈ। ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਯਕੀਨੀ ਬਣਾਉਣਾ ਮੁੱਖ ਹੈ, ਜੇ ਕੋਈ ਸਰਕਾਰ ਨਾਲ ਬੈਠਕ ਕਰਵਾ ਕੇ ਕਰਾ ਸਕਦਾ ਹੈ,ਤਾਂ ਕਰਵਾ ਦੇਵੇ। ਇਸ ਸੰਘਰਸ਼ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਕਿਸਾਨ ਵਾਪਸ ਨਹੀਂ ਜਾਣਗੇ।"
ਜ਼ਿਕਰਯੋਗ ਹੈ ਕਿ ਦਿੱਲੀ- ਹਰਿਆਣਾ ਦੇ ਸਿੰਘੂ ਬਾਰਡਰ ਤੇ ਲਖਬੀਰ ਸਿੰਘ ਦੀ ਮੌਤ ਤੋਂ ਬਾਅਦ ਸਿਹਤ ਕਿਸਾਨ ਮੋਰਚਾ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਸੀ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਲਖਵੀਰ ਸਿੰਘ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸਬੰਧ ਨਹੀਂ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਕਾਨੂੰਨੀ ਕਾਰਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਸਿੰਘੂ ਬਾਰਡਰ ’ਤੇ ਹੋਈ ਕਤਲ ਦੀ ਘਟਨਾ ਦੀ ਨਿਖੇਧੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਬੇਅਦਬੀ ਹੋਈ ਹੈ ਤਾਂ ਉਹ ਵੀ ਨਿੰਦਣਯੋਗ ਹੈ।
ਕਿਸਾਨ ਏਕਤਾ ਮੋਰਚਾ ਵੱਲੋਂ ਇਸ ਫੋਟੋ ਨਾਲ ਜੁੜੀਆਂ ਖ਼ਬਰਾਂ ਨੂੰ ਟਵੀਟ ਕੀਤਾ ਗਿਆ ਹੈ। ਇਸ ਦੇ ਨਾਲ ਟਵੀਟ ਵਿੱਚ ਇੱਕ ਵੱਡੀ ਸਾਜ਼ਿਸ਼ ਹੋਣ ਦਾ ਖਦਸ਼ਾ ਵੀ ਜਤਾਇਆ ਗਿਆ ਹੈ।
ਕਿਸਾਨਾਂ ਖਿਲਾਫ਼ ਸਾਜ਼ਿਸ਼ ਹੋ ਰਹੀ ਹੈ - ਕਾਂਗਰਸ
ਨਿਹੰਗ ਅਮਨ ਸਿੰਘ ਦੀਆਂ ਫੋਟੋਆਂ ਉੱਤੇ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਪ੍ਰਤੀਕਰਮ ਦਿੱਤਾ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਸਰਕਾਰ ਦੇ ਨੁਮਾਇੰਦੇ ਵਿਵਾਦਿਤ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ। ਜਾਖੜ ਨੇ ਇੱਥੇ ਗੁਰਮੀਤ ਪਿੰਕੀ ਵੱਲ ਇਸ਼ਾਰਾ ਕੀਤਾ ਹੈ।
ਇਸੇ ਦੌਰਾਨ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਸੱਚ ਸਾਹਮਣੇ ਆ ਰਿਹਾ ਹੈ ਅਤੇ ਪਰਦਾ ਉੱਠ ਰਿਹਾ ਹੈ। ਕੌਣ ਹੈ ਕਿਸਦੇ ਪਿੱਛੇ , ਕੌਣ ਕਿਸਦੇ ਨਾਲ ਖੜਾ ਹੈ, ਅਤੇ ਕਿਸਾਨਾਂ ਖ਼ਿਲਾਫ਼ ਕੀ ਸਾਜ਼ਿਸ਼ ਹੋ ਰਹੀ ਹੈ।
ਰਣਜੀਤ ਸਿੰਘ ਢੱਡਰੀਆਂਵਾਲਾ ਨੇ ਵੀ ਚੁੱਕੇ ਸਵਾਲ
ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਦੀ ਇਸ ਘਟਨਾ ਤੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਵੀ ਸਵਾਲ ਚੁੱਕੇ ਸਨ।
ਉਨ੍ਹਾਂ ਨੇ ਨਿਹੰਗ ਸਿੰਘਾਂ ਤੋਂ ਬੇਅਦਬੀ ਦੇ ਸਬੂਤ ਵੀ ਮੰਗੇ ਸਨ ਅਤੇ ਇਹ ਵੀ ਆਖਿਆ ਸੀ ਕਿ ਜਿਸ ਧਾਰਮਿਕ ਗ੍ਰੰਥ ਦੀ ਬੇਅਦਬੀ ਦੀ ਚਰਚਾ ਹੋ ਰਹੀ ਹੈ ਉਸ ਨੂੰ ਕਈ ਸਿੱਖ ਮੰਨਦੇ ਹੀ ਨਹੀਂ।
ਨਿਹੰਗ ਸਿੰਘਾਂ ਵੱਲੋਂ ਵੀ ਇਕ ਪ੍ਰੈੱਸ ਕਾਨਫਰੰਸ ਰਾਹੀਂ ਇਸ ਦੇ ਜਵਾਬ ਵਿੱਚ ਆਖਿਆ ਗਿਆ ਸੀ ਕਿ ਨਿਹੰਗ ਸਿੰਘ ਸਰਬਲੋਹ ਅਤੇ ਦਸਮ ਗ੍ਰੰਥ ਨੂੰ ਧਾਰਮਿਕ ਗ੍ਰੰਥ ਮੰਨਦੇ ਹਨ ਅਤੇ ਲਖਬੀਰ ਸਿੰਘ ਵੱਲੋਂ ਉਸ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ।
ਅਮਨ ਸਿੰਘ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਜਾਵਬ ਦਿੰਦਿਆਂ ਕਿਹਾ ਕਿ ਸੀ ਉਹ ਸੰਗਤ ਵਿਚ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਨ।
ਇਹ ਵੀ ਪੜ੍ਹੋ:
ਇਹ ਵੀ ਵੇਖੋ: