ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ, ਹਰੀਸ਼ ਰਾਵਤ ਨੇ ਕਿਹਾ ਅਗਲੇ ਮੁੱਖ ਮੰਤਰੀ ਬਾਰੇ ਫ਼ੈਸਲਾ ਹਾਈਕਮਾਨ ਲਵੇਗਾ

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਜ ਭਵਨ ਪਹੁੰਚੇ ਕੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ।

ਇਸ ਦੌਰਾਨ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਅਤੇ ਪਤਨੀ ਪਰਨੀਤ ਕੌਰ ਵੀ ਨਾਲ ਸਨ।

ਅਸਤੀਫ਼ਾ ਸੌਂਪਣ ਮਗਰੋਂ ਉਨ੍ਹਾਂ ਨੇ ਕਿਹਾ, ਮੈਂ ਅਸਤੀਫ਼ਾ ਦੇ ਦਿੱਤਾ ਹੈ ਹੁਣ ਉਹ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਬਣਾਉਣ'।

ਕੈਪਟਨ ਅਮਰਿੰਦਰ ਸਿੰਘ ਨੇ ਹੋਰ ਕੀ ਕਿਹਾ

  • ਮੈਂ ਕਾਂਗਰਸ ਪ੍ਰਧਾਨ ਨਾਲ ਸਵੇਰੇ ਗੱਲ ਕੀਤੀ ਸੀ ਕਿ ਮੈਂ ਅੱਜ ਅਸਤੀਫ਼ਾ ਦੇ ਰਿਹਾ ਹਾਂ।
  • ਮੈਨੂੰ ਸਹੀ ਨਹੀਂ ਲੱਗਿਆ, ਇੰਝ ਲੱਗਿਆਂ ਜਿਵੇਂ ਮੇਰੇ ਸਰਕਾਰ ਚਲਾਉਣ 'ਤੇ ਸ਼ੱਕ ਕੀਤਾ ਜਾ ਰਿਹਾ ਹੋਵੇ।
  • ਦੋ ਮਹੀਨੇ 'ਚ ਤੀਜੀ ਵਾਰ ਵਿਧਾਇਕ ਦਲ ਦੀ ਬੈਠਕ ਸੱਦੀ ਗਈਹੈ।
  • ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਬਾਕੀ ਪਾਰਟੀ ਨੇ ਫ਼ੈਸਲਾ ਕਰਨਾ ਹੈ।
  • ਮੈਨੂੰ ਬੇ-ਆਬਰੂ ਕੀਤਾ ਗਿਆ, ਸਮੇਂ ਆਉਣ 'ਤੇ ਪੱਤੇ ਖੋਲ੍ਹਾਂਗਾ।

ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੁਝ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਬੈਠਕ ਵੀ ਕੀਤੀ ਸੀ।

ਵਿਧਾਇਕ ਲਗਾਤਾਰ ਇਹ ਇਲਜ਼ਾਮ ਲਗਾ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦਿਆਂ 'ਤੇ ਖਰੇ ਨਹੀਂ ਉਤਰੇ, ਇਸ ਲਈ ਮੁੱਖ ਮੰਤਰੀ ਬਦਲਿਆ ਜਾਣਾ ਚਾਹੀਦਾ ਹੈ।

ਨਵਜੋਤ ਸਿੰਘ ਸਿੱਧੂ ਵੀ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੋਲ ਚੁੱਕੇ ਸਨ।

ਵਿਧਾਇਕ ਦਲ ਦੀ ਬੈਠਕ 'ਚ ਕੀ ਨਿਕਲਿਆ

ਹਾਲਾਂਕਿ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਹੋਈ ਹੈ। ਬੈਠਕ ਦੀ ਅਗਵਾਈ ਕਰ ਰਹੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਬੈਠਕ ਵਿੱਚ ਦੋ ਮਤੇ ਪਾਸ ਕੀਤੇ ਗਏ ਹਨ।

ਪਹਿਲੇ ਮਤੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਦੂਜੇ ਮਤੇ ਵਿੱਚ ਅਗਲਾ ਵਿਧਾਇਕ ਦਲ ਦਾ ਨੇਤਾ ਚੁਣਨ ਦਾ ਫ਼ੈਸਲਾ ਸੋਨੀਆ ਗਾਂਧੀ 'ਤੇ ਛੱਡਿਆ ਗਿਆ ਹੈ ਜੋ ਕਿ ਅਗਲਾ ਮੁੱਖ ਮੰਤਰੀ ਬਣੇਗਾ।

ਵਿਧਾਇਕ ਦਲ ਦੀ ਬੈਠਕ ਕਰ ਰਹੇ ਇੱਕ ਹੋਰ ਸੀਨੀਅਰ ਆਗੂ ਅਜੇ ਮਾਕਨ ਨੇ ਕਿਹਾ,''ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਹੋਈ ਤੇ ਸਾਡੇ 80 ਚੋਂ 78 ਵਿਧਾਇਕਾਂ ਨੇ ਹਿੱਸਾ ਲਿਆ। ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਯੋਗਦਾਨ ਲਈ ਧੰਨਵਾਦ ਕੀਤਾ।

ਕੈਪਟਨ ਦੇ ਅਸਤੀਫ਼ੇ ਬਾਰੇ ਕੌਣ ਕੀ ਕਹਿ ਰਿਹਾ

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਅਧਿਕਾਰਤ ਤੌਰ 'ਤੇ ਇਹ ਗੱਲ ਸਵੀਕਾਰ ਕਰ ਲਈ ਹੈ ਕਿ ਕਾਂਗਰਸ ਪੰਜਾਬ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਵੀ ਗੱਲ ਸਵੀਕਾਰ ਕਰ ਲਈ ਹੈ ਕਿ ਪੰਜਾਬ ਨਹੀਂ ਚਾਹੁੰਦਾ ਕੈਪਟਨ ਦੀ ਸਰਕਾਰ।

ਉੱਧਰ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਆਗੂ ਅਨਿਲ ਵਿਜ ਨੇ ਕਿਹਾ ਕਿ ਅਮਰਿੰਦਰ ਸਿੰਘ ਦੇ ਅਸਤੀਫ਼ੇ ਦਾ ਸਕਰੀਨ ਪਲੇਅ ਉਸੇ ਦਿਨ ਲਿਖ ਦਿੱਤਾ ਗਿਆ ਸੀ, ਜਿਸ ਦਿਨ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਆਏ ਸਨ। ਵਿਜ ਨੇ ਕਿਹਾ ਕਿ ਜਿੱਥੇ ਜਿੱਥੇ ਸੰਤਨ ਦੇ ਪੈਰ ਪਏ ਉੱਥੇ-ਉੱਥੇ ਬੰਟਾ ਧਾਰ ਹੋਇਆ।

ਉੱਧਰ ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਕੁਝ ਇਸ ਤਰ੍ਹਾਂ ਕਾਂਗਰਸ 'ਤੇ ਤੰਜ ਕੱਸਿਆ।

ਦੇਰ ਰਾਤ ਆਇਆ ਸੀ ਬੈਠਕ ਦਾ ਸੱਦਾ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਸ਼ੁੱਕਰਵਾਰ ਦੇਰ ਰਾਤ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ ਸ਼ਨੀਵਾਰ ਸ਼ਾਮ ਸੱਦਣ ਦਾ ਹੁਕਮ ਦਿੱਤਾ ਸੀ।

ਬੈਠਕ ਤੋਂ ਪਹਿਲਾਂ ਵਿਧਾਇਕ ਕੀ ਬੋਲੇ ਸਨ

ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਾਈ ਕਮਾਨ ਨੇ ਸੀਐਲਪੀ ਦੀ ਮੀਟਿੰਗ ਇਸ ਲਈ ਸੱਦੀ ਹੈ ਤਾਂ ਜੋ ਕੁਝ ਲੋਕਾਂ ਦੇ ਖ਼ਦਸ਼ੇ ਦੂਰ ਹੋ ਸਕਣ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ, ''ਇਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਦੋ ਸੀਨੀਅਰ ਆਬਜ਼ਰਵਰ ਅਜੇ ਮਾਕਨ ਅਤੇ ਹਰੀਸ਼ ਚੌਧਰੀ ਪਹੁੰਚੇ ਹਨ ਅਤੇ ਜੋ ਵੀ ਦਿਸ਼ਾ-ਨਿਰਦੇਸ਼ ਉਹ ਹਾਈ ਕਮਾਨ ਤੋਂ ਲੈ ਕੇ ਆਏ ਹਨ ਅਤੇ ਨਾਲ ਹੀ ਸਾਰਿਆਂ ਨੂੰ ਸੁਣਨ ਤੋਂ ਬਾਅਦ ਜੋ ਉਹ ਫ਼ੈਸਲਾ ਲੈਣਗੇ ਸਾਨੂੰ ਸਭ ਨੂੰ ਮਨਜ਼ੂਰ ਹੋਵੇਗਾ।''

ਇਹ ਵੀ ਪੜ੍ਹੋ:

ਸੁਨੀਲ ਜਾਖੜ ਨੇ ਕੀਤੀ ਸੀ ਰਾਹੁਲ ਗਾਂਧੀ ਦੀ ਸ਼ਲਾਘਾ

ਪੰਜਾਬ ਵਿੱਚ ਕਾਂਗਰਸ ਦੇ ਸਿਆਸੀ ਸਮੀਕਰਨਾਂ 'ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕੀਤਾ ਹੈ।

ਸੁਨੀਲ ਜਾਖੜ ਨੇ ਇਸ ਟਵੀਟ ਰਾਹੀਂ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)