ਪਤੀ ਨੇ ਕੋਬਰਾ ਸੱਪ ਨੂੰ ਹਥਿਆਰ ਬਣਾ ਬੇਰਹਿਮੀ ਨਾਲ ਇੰਝ ਕੀਤਾ ਪਤਨੀ ਦਾ ਕਤਲ

ਪਿਛਲੇ ਹਫਤੇ, ਭਾਰਤ ਵਿੱਚ ਇੱਕ ਸ਼ਖ਼ਸ ਨੂੰ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਦੁਰਲੱਭ ਦੁੱਗਣੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਦਰਅਸਲ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰਨ ਲਈ ਇੱਕ ਕੋਬਰਾ ਸੱਪ ਦਾ ਇਸਤੇਮਾਲ ਕੀਤਾ।
ਸੌਤਿਕ ਬਿਸਵਾਸ ਅਤੇ ਅਸ਼ਰਫ ਪਦਾਨਾ ਨੇ ਸਾਰੀਆਂ ਘਟਨਾਵਾਂ ਨੂੰ ਇਕੱਠਾ ਕੀਤਾ, ਜੋ ਕਿ ਇਸ ਭਿਆਨਕ ਕਤਲ ਦਾ ਘਟਨਾਕ੍ਰਮ ਦੱਸਦੀਆਂ ਹਨ।
ਪਿਛਲੇ ਸਾਲ ਅਪ੍ਰੈਲ ਵਿੱਚ 28 ਸਾਲਾ ਸੂਰਜ ਕੁਮਾਰ ਨੇ ਕੌਡੀਆਂ ਵਾਲੇ ਕੋਬਰਾ ਸੱਪ ਲਈ 7,000 ਰੁਪਏ ਅਦਾ ਕੀਤੇ ਸਨ।
ਇਹ ਸੱਪ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, Getty Images
ਭਾਰਤ ਵਿੱਚ ਸੱਪਾਂ ਦਾ ਵਪਾਰ ਗ਼ੈਰਕਾਨੂੰਨੀ ਹੈ, ਇਸ ਲਈ ਸੂਰਜ ਨੇ ਦੱਖਣੀ ਭਾਰਤੀ ਰਾਜ ਕੇਰਲਾ ਵਿੱਚ ਇੱਕ ਸੱਪ ਫੜਨ ਵਾਲੇ ਵਿਅਕਤੀ ਸੁਰੇਸ਼ ਕੁਮਾਰ ਤੋਂ ਗੁਪਤ ਤਰੀਕੇ ਨਾਲ ਇਸ ਦੀ ਖਰੀਦ ਕੀਤੀ।
ਸੂਰਜ ਨੇ ਇੱਕ ਪਲਾਸਟਿਕ ਦੇ ਕੰਟੇਨਰ (ਡੱਬੇ) ਵਿੱਚ ਹਵਾ ਦੀ ਨਿਕਾਸੀ ਲਈ ਇੱਕ ਸੁਰਾਖ਼ ਕੀਤਾ, ਕੋਬਰਾ ਨੂੰ ਇਸ ਡੱਬੇ ਅੰਦਰ ਪਾਇਆ ਅਤੇ ਇਸ ਨੂੰ ਘਰ ਲੈ ਗਿਆ।
13 ਦਿਨਾਂ ਬਾਅਦ, ਉਸ ਨੇ ਕੰਟੇਨਰ ਨੂੰ ਇੱਕ ਬੈਗ਼ ਵਿੱਚ ਪਾਇਆ ਅਤੇ ਲਗਭਗ 44 ਕਿਲੋਮੀਟਰ (27 ਮੀਲ) ਦੂਰ ਆਪਣੇ ਸਹੁਰੇ ਘਰ ਲੈ ਗਿਆ, ਜਿੱਥੇ ਉਸ ਦੀ ਪਤਨੀ ਉਥਰਾ ਪਹਿਲਾਂ ਤੋਂ ਹੀ ਇੱਕ ਰਹੱਸਮਈ ਸੱਪ ਦੇ ਕੱਟਣ ਤੋਂ ਬਾਅਦ ਰਹਿ ਰਹੀ ਸੀ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਸੀ।
ਸੂਰਜ ਅਤੇ ਉਥਰਾ ਦੋ ਸਾਲ ਪਹਿਲਾਂ ਇੱਕ ਮੈਟ੍ਰੀਮੋਨਿਅਲ ਬ੍ਰੋਕਰ ਰਾਹੀਂ ਮਿਲੇ ਸਨ।
ਸੂਰਜ ਦੇ ਪਿਤਾ ਇੱਕ ਆਟੋ-ਰਿਕਸ਼ਾ ਚਾਲਕ ਸਨ ਅਤੇ ਉਨ੍ਹਾਂ ਦੀ ਮਾਂ ਇੱਕ ਘਰੇਲੂ ਮਹਿਲਾ ਸਨ।
ਉਥਰਾ, ਸੂਰਜ ਤੋਂ ਤਿੰਨ ਸਾਲ ਛੋਟੇ ਸਨ ਅਤੇ ਲਰਨਿੰਗ ਡਿਸਏਬਿਲਿਟੀ (ਇੱਕ ਤਰ੍ਹਾਂ ਦੀ ਮਾਨਸਿਕ ਬਿਮਾਰੀ) ਨਾਲ ਪੀੜਤ ਸਨ।

ਤਸਵੀਰ ਸਰੋਤ, Sreedhar Lal
ਸੂਰਜ ਦੇ ਮੁਕਾਬਲੇ ਉਹ ਇੱਕ ਬਹੁਤ ਹੀ ਚੰਗੇ ਪਰਿਵਾਰ ਤੋਂ ਸਨ, ਉਨ੍ਹਾਂ ਦੇ ਪਿਤਾ ਇੱਕ ਰਬੜ ਵਪਾਰੀ ਅਤੇ ਮਾਂ ਇੱਕ ਸੇਵਾ ਮੁਕਤ ਸਕੂਲ ਪ੍ਰਿੰਸੀਪਲ ਸਨ।
ਜਦੋਂ ਦੋਵਾਂ ਦਾ ਵਿਆਹ ਹੋਇਆ, ਤਾਂ ਸੂਰਜ ਨੂੰ ਉਥਰਾ ਦੇ ਮਾਪਿਆਂ ਤੋਂ ਦਹੇਜ ਵਿੱਚ 768 ਗ੍ਰਾਮ ਸੋਨਾ, ਇੱਕ ਸੁਜ਼ੂਕੀ ਸੇਡਾਨ ਕਾਰ ਅਤੇ 4,00,000 ਰੁਪਏ ਨਕਦ ਮਿਲੇ ਸਨ।
ਜਾਂਚਕਰਤਾਵਾਂ ਨੇ ਕਿਹਾ ਕਿ ਉਸ ਨੂੰ ਆਪਣੇ ਸੁਹਰਿਆਂ ਤੋਂ "ਉਨ੍ਹਾਂ ਦੀ ਧੀ ਦੀ ਦੇਖਭਾਲ ਲਈ" ਪ੍ਰਤੀ ਮਹੀਨਾ 8,000 ਰੁਪਏ ਵੀ ਮਿਲਦੇ ਸਨ।
ਜਦੋਂ ਉਥਰਾ ਨੂੰ ਸੱਪ ਨੇ ਡੰਗ ਮਾਰਿਆ ਤਾਂ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਉਹ ਆਪਣੇ ਮਾਪਿਆਂ ਦੇ ਘਰ ਹੀ ਆ ਗਏ।
ਹਸਪਤਾਲ ਵਿੱਚ 52 ਦਿਨਾਂ ਲਈ ਉਨ੍ਹਾਂ ਦਾ ਇਲਾਜ ਹੁੰਦਾ ਰਿਹਾ ਸੀ ਅਤੇ ਸੱਪ ਦੇ ਕੱਟਣ ਨਾਲ ਪ੍ਰਭਾਵਿਤ ਹੋਈ ਲੱਤ ਨੂੰ ਠੀਕ ਕਰਨ ਲਈ ਉਥਰਾ ਨੂੰ ਤਿੰਨ ਦਰਦਨਾਕ ਆਪ੍ਰੇਸ਼ਨ ਵੀ ਕਰਵਾਉਣੇ ਪਏ ਸਨ।
ਇਹ ਵੀ ਪੜ੍ਹੋ-
ਉਥਰਾ ਨੂੰ ਰਸੇਲਜ਼ ਵਾਈਪਰ ਨਾਂ ਦੇ ਇੱਕ ਸੱਪ ਨੇ ਡੰਗ ਲਿਆ ਸੀ, ਮਿੱਟੀ ਰੰਗਾ ਇਹ ਸੱਪ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ ਜੋ ਕਿ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਮੌਤਾਂ ਲਈ ਜ਼ਿੰਮੇਵਾਰ ਹੈ।
ਜਾਂਚਕਰਤਾਵਾਂ ਦਾ ਕਹਿਣਾ ਹੈ, ਉਥਰਾ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ ਤੇ ਫਿਰ 6 ਮਈ ਦੀ ਰਾਤ ਨੂੰ ਸੂਰਜ ਨੇ ਉਸ ਨੂੰ ਫਲਾਂ ਦੇ ਜੂਸ ਦਾ ਇੱਕ ਗਲਾਸ ਦਿੱਤਾ ਜਿਸ ਵਿੱਚ ਨੀਂਦ ਦੀ ਦਵਾਈ (ਸਿਡੇਟਿਵ) ਮਿਲਾਈ ਗਈ ਸੀ।
ਜਦੋਂ ਇਸ ਨੂੰ ਪੀਣ ਤੋਂ ਬਾਅਦ ਉਥਰਾ ਬੇਹੋਸ਼ ਹੋ ਗਈ ਤਾਂ ਸੂਰਜ ਕੋਬਰਾ ਵਾਲਾ ਡੱਬਾ ਲੈ ਕੇ ਆਇਆ ਅਤੇ ਪੰਜ ਫੁੱਟ ਲੰਮਾ ਖ਼ਤਰਨਾਕ ਕੋਬਰਾ ਸੱਪ ਆਪਣੀ ਸੁੱਤੀ ਹੋਈ ਪਤਨੀ 'ਤੇ ਸੁੱਟ ਦਿੱਤਾ।
ਪਰ ਉਥਰਾ 'ਤੇ ਹਮਲਾ ਕਰਨ ਦੀ ਬਜਾਏ, ਸੱਪ ਰੇਂਗਦਾ ਹੋਇਆ ਉੱਥੋਂ ਚਲਾ ਗਿਆ।
ਸਬੂਤ ਮਿਟਾਉਣ ਦੀ ਕੋਸ਼ਿਸ਼
ਸੂਰਜ ਨੇ ਇਸ ਨੂੰ ਚੁੱਕਿਆ ਅਤੇ ਉਥਰਾ 'ਤੇ ਸੁੱਟ ਦਿੱਤਾ, ਪਰ ਦੁਬਾਰਾ ਇਹ ਤਿਲਕ ਗਿਆ।
ਸੂਰਜ ਨੇ ਤੀਜੀ ਵਾਰ ਕੋਸ਼ਿਸ਼ ਕੀਤੀ, ਉਸ ਨੇ ਸੱਪ ਨੂੰ ਇਸ ਦੇ ਟ੍ਰੇਡਮਾਰਕ ਹੁੱਡ ਤੋਂ ਫੜ੍ਹਿਆ ਅਤੇ ਉਸ ਦਾ ਸਿਰ ਉਥਰਾ ਦੀ ਖੱਬੀ ਬਾਂਹ ਕੋਲ ਦਬਾ ਦਿੱਤਾ।
ਪਰੇਸ਼ਾਨ ਹੋਏ ਕੋਬਰਾ ਨੇ ਆਪਣੇ ਮੂੰਹ ਦੇ ਅਗਲੇ ਪਾਸੇ ਵਾਲੇ ਜ਼ਹਿਰੀਲੇ-ਨੁਕੀਲੇ ਦੰਦਾਂ ਨਾਲ ਉਸ ਨੂੰ ਦੋ ਵਾਰ ਢੰਗ ਮਾਰਿਆ।
ਫਿਰ ਉਹ ਸੱਪ ਕਮਰੇ ਵਿੱਚ ਇੱਕ ਸ਼ੈਲਫ 'ਤੇ ਚਲਾ ਗਿਆ ਅਤੇ ਸਾਰੀ ਰਾਤ ਉੱਥੇ ਹੀ ਰਿਹਾ।

ਤਸਵੀਰ ਸਰੋਤ, Sreedhar Lal
ਹਰਪੇਟੋਲੌਜਿਸਟ ਮਵੀਸ਼ ਕੁਮਾਰ ਕਹਿੰਦੇ ਹਨ, "ਕੋਬਰਾ ਉਦੋਂ ਤੱਕ ਨਹੀਂ ਕੱਟਦਾ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਉਕਸਾਉਂਦੇ ਨਹੀਂ ਹੋ, ਸੂਰਜ ਨੂੰ ਉਸ ਨੂੰ ਉਸ ਦੇ ਹੁੱਡ ਤੋਂ ਫੜਨਾ ਪਿਆ ਅਤੇ ਆਪਣੀ ਪਤਨੀ ਨੂੰ ਕੱਟਣ ਲਈ ਉਕਸਾਉਣਾ ਪਿਆ।"
ਜਾਂਚਕਰਤਾਵਾਂ ਮੁਤਾਬਕ ਸੂਰਜ ਨੇ ਜੂਸ ਦੇ ਗਲਾਸ ਨੂੰ ਧੋ ਦਿੱਤਾ, ਉਸ ਸੋਟੀ ਨੂੰ ਵੀ ਬੜੀ ਸਾਵਧਾਨੀ ਨਾਲ ਨਸ਼ਟ ਕਰ ਦਿੱਤਾ ਜਿਸ ਨਾਲ ਉਸ ਨੇ ਸੱਪ ਨੂੰ ਸੁਰੱਖਿਅਤ ਤਰੀਕੇ ਨਾਲ ਸੰਭਾਲਿਆ ਸੀ।
ਉਸ ਨੇ ਆਪਣੇ ਮੋਬਾਈਲ ਫੋਨ ਤੋਂ ਉਹ ਕਾਲ ਰਿਕਾਰਡ ਮਿਟਾ ਦਿੱਤੇ ਸਨ ਜੋ ਉਸ ਨੂੰ ਦੋਸ਼ੀ ਠਹਿਰਾ ਸਕਦੇ ਸਨ।
ਜਦੋਂ ਉਥਰਾ ਦੇ ਮਾਤਾ ਅਗਲੀ ਸਵੇਰ ਉਨ੍ਹਾਂ ਦੇ ਕਮਰੇ ਵਿੱਚ ਆਏ, ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਧੀ ਬੈੱਡ 'ਤੇ ਪਈ ਸੀ "ਉਸ ਦਾ ਮੂੰਹ ਖੁੱਲ੍ਹਾ ਸੀ ਅਤੇ ਉਸਦੀ ਖੱਬੀ ਬਾਂਹ ਇੱਕ ਪਾਸੇ ਲਟਕ ਰਹੀ ਸੀ।"
ਉਨ੍ਹਾਂ ਕਿਹਾ ਕਿ ਸੂਰਜ ਵੀ ਕਮਰੇ ਵਿੱਚ ਹੀ ਸੀ।
ਮਨੀਮੇਖਲਾ ਵਿਜਯਨ ਨੇ ਆਪਣੇ ਜਵਾਈ ਤੋਂ ਪੁੱਛਿਆ, "ਤੁਸੀਂ ਇਹ ਕਿਉਂ ਨਹੀਂ ਦੇਖਿਆ ਕਿ ਕੀ ਸੁੱਤੀ ਸੀ ਕਿ ਨਹੀਂ?"

ਤਸਵੀਰ ਸਰੋਤ, Sreedhar lal
ਸੂਰਜ ਨੇ ਉਨ੍ਹਾਂ ਨੂੰ ਕਿਹਾ, "ਮੈਂ ਉਸ ਦੀ ਨੀਂਦ ਖਰਾਬ ਨਹੀਂ ਕਰਨਾ ਚਾਹੁੰਦਾ ਸੀ।"
ਪਰਿਵਾਰ ਉਥਰਾ ਨੂੰ ਹਸਪਤਾਲ ਲੈ ਕੇ ਭੱਜਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਜ਼ਹਿਰ ਕਾਰਨ ਮ੍ਰਿਤ ਐਲਾਨ ਦਿੱਤਾ ਅਤੇ ਪੁਲਿਸ ਨੂੰ ਬੁਲਾਇਆ।
ਪੋਸਟਮਾਰਟਮ ਦੀ ਰਿਪੋਰਟ ਵਿੱਚ ਉਸ ਦੇ ਖੱਬੇ ਹੱਥ 'ਤੇ ਇੱਕ ਇੰਚ ਤੋਂ ਵੀ ਘੱਟ ਦੂਰੀ 'ਤੇ ਸੱਪ ਦੇ ਡੰਗਣ ਦੇ ਦੋ ਨਿਸ਼ਾਨ ਮਿਲੇ।
ਖੂਨ ਅਤੇ ਅੰਤੜੀਆਂ ਦੇ ਨਮੂਨਿਆਂ ਵਿੱਚ ਕੋਬਰਾ ਦੇ ਜ਼ਹਿਰ ਅਤੇ ਸੈਡੇਟਿਵ ਦਵਾਈਆਂ (ਨੀਂਦ ਦੀ ਦਵਾਈ) ਦੀ ਮੌਜੂਦਗੀ ਦਾ ਖੁਲਾਸਾ ਹੋਇਆ।
ਕੋਬਰਾ ਸੱਪ ਦਾ ਜ਼ਹਿਰ ਸਾਹ ਦੀਆਂ ਮਾਸਪੇਸ਼ੀਆਂ ਨੂੰ ਅਧਰੰਗ ਕਰਕੇ ਘੰਟਿਆਂ ਵਿੱਚ ਹੀ ਵਿਅਕਤੀ ਦੀ ਜਾਨ ਲੈ ਸਕਦਾ ਹੈ।
ਉਥਰਾ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੂਰਜ ਨੂੰ ਉਨ੍ਹਾਂ ਦੀ ਪਤਨੀ ਦੀ ਅਸਾਧਾਰਣ ਮੌਤ ਦੇ ਸਬੰਧ ਵਿੱਚ 24 ਮਈ ਨੂੰ ਗ੍ਰਿਫ਼ਤਾਰ ਕਰ ਲਿਆ।
78 ਦਿਨਾਂ ਦੀ ਜਾਂਚ ਅਤੇ 1,000 ਤੋਂ ਵੱਧ ਪੰਨਿਆਂ ਦੀ ਦੋਸ਼ਾਂ ਵਾਲੀ ਰਿਪੋਰਟ ਨਾਲ, ਮੁਕੱਦਮਾ ਸ਼ੁਰੂ ਹੋਇਆ।
ਹਰਪੇਟੋਲੌਜਿਸਟਸ ਅਤੇ ਡਾਕਟਰਾਂ ਸਮੇਤ 90 ਤੋਂ ਵੱਧ ਲੋਕਾਂ ਨੇ ਗਵਾਹੀ ਦਿੱਤੀ।
ਦ੍ਰਿਸ਼ ਨੂੰ ਦੁਹਰਾਇਆ
ਪ੍ਰੌਸੀਕਿਉਸ਼ਨ ਪੱਖ ਨੇ ਸੂਰਜ ਦੀਆਂ ਕਾਲਾਂ ਦੇ ਰਿਕਾਰਡ, ਇੰਟਰਨੈਟ ਹਿਸਟਰੀ, (ਘਰ ਦੇ) ਪਿਛਲੇ ਬਾਗ ਦੀ ਜ਼ਮੀਨ ਵਿੱਚੋਂ ਕੱਢਿਆ ਇੱਕ ਮੁਰਦਾ ਕੋਬਰਾ, ਪਰਿਵਾਰਕ ਕਾਰ ਵਿੱਚ ਲੁਕਾਈਆਂ ਹੋਈਆਂ ਸੈਡੇਟਿਵਜ਼ (ਨੀਂਦ ਦੀਆਂ ਦਵਾਈਆਂ) ਅਤੇ ਇਸ ਗੱਲ ਦੇ ਸਬੂਤ ਕਿ ਸੂਰਜ ਨੇ ਇੱਕ ਨਹੀਂ ਬਲਕਿ ਦੋ ਸੱਪ ਖਰੀਦੇ ਸਨ, ਨੂੰ ਆਧਾਰ ਬਣਾ ਕੇ ਆਪਣਾ ਕੇਸ ਤਿਆਰ ਕੀਤਾ।
ਜਾਂਚਕਰਤਾਵਾਂ ਨੇ ਕਿਹਾ ਕਿ ਰਸੇਲਜ਼ ਵਾਈਪਰ ਸੱਪ ਜਿਸ ਨੇ ਮੌਤ ਤੋਂ ਕੁਝ ਮਹੀਨੇ ਪਹਿਲਾਂ ਉਥਰਾ ਨੂੰ ਡੰਗਿਆ ਸੀ, ਉਹ ਵੀ ਸੂਰਜ ਨੇ ਹੀ ਖਰੀਦਿਆ ਸੀ।
ਸੱਪ ਫੜਨ ਵਾਲੇ ਸੁਰੇਸ਼ ਨੇ ਸੂਰਜ ਨੂੰ ਦੋਵੇਂ ਸੱਪ ਵੇਚਣ ਦੀ ਗੱਲ ਕਬੂਲ ਕਰ ਲਈ।
ਇੱਕ ਹਰਪੇਟੋਲੌਜਿਸਟ ਨੇ ਅਦਾਲਤ ਨੂੰ ਦੱਸਿਆ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਇੱਕ ਕੋਬਰਾ ਇਸ ਜੋੜੇ ਦੇ ਕਮਰੇ ਵਿੱਚ ਇੱਕ ਉੱਚੀ ਖਿੜਕੀ ਰਾਹੀਂ ਦਾਖ਼ਲ ਹੋਵੇ।
ਇਸ ਲਈ ਅਪਰਾਧ ਦੇ ਦ੍ਰਿਸ਼ ਨੂੰ ਦੁਹਰਾਇਆ ਵੀ ਗਿਆ, ਜਿਸ ਵਿੱਚ ਇੱਕ ਜੀਵਤ ਕੋਬਰਾ ਸੱਪ, ਇੱਕ ਸੱਪ ਹੈਂਡਲਰ ਅਤੇ ਇੱਕ ਬੈੱਡ 'ਤੇ ਡਮੀ ਨੂੰ ਪਾਇਆ ਗਿਆ।
ਮਾਂਵਿਸ਼ ਕੁਮਾਰ ਨੇ ਕਿਹਾ, "ਰਾਤ ਨੂੰ ਕੋਬਰਾ ਬਹੁਤ ਸਰਗਰਮ ਨਹੀਂ ਹੁੰਦੇ। ਹਰ ਵਾਰ ਜਦੋਂ ਅਸੀਂ ਕੋਬਰਾ ਨੂੰ ਸੁਪਾਇਨ ਡਮੀ 'ਤੇ ਸੁੱਟਿਆ, ਤਾਂ ਇਹ ਤਿਲਕ ਕੇ ਫਰਸ਼ 'ਤੇ ਖਿਸਕ ਗਿਆ ਅਤੇ ਕਮਰੇ ਦੇ ਇੱਕ ਹਨੇਰੇ ਖੂੰਜੇ ਵਿੱਚ ਚਲਾ ਗਿਆ। "
"ਇੱਥੋਂ ਤੱਕ ਕਿ ਜਦੋਂ ਅਸੀਂ ਕੋਬਰਾ ਨੂੰ ਉਕਸਾਇਆ, ਉਦੋਂ ਵੀ ਇਸ ਨੇ ਡੰਗ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ।"
ਫਿਰ ਉਨ੍ਹਾਂ ਇੱਕ ਕੋਬਰਾ ਦੀ ਗਰਦਨ ਨੂੰ ਫੜ੍ਹਿਆ ਅਤੇ ਡਮੀ ਦੀ ਪਲਾਸਟਿਕ ਵਾਲੀ ਬਾਂਹ ਨਾਲ ਬੰਨ੍ਹੇ ਹੋਏ ਮਾਸ ਦੇ ਇੱਕ ਟੁਕੜੇ 'ਤੇ ਇਸ ਸੱਪ ਨੂੰ ਡੰਗ ਮਾਰਨ ਲਈ "ਮਜਬੂਰ" ਕਰ ਦਿੱਤਾ।
ਇਸ ਸੱਪ ਦੁਆਰਾ ਡੰਗੇ ਗਏ ਨਿਸ਼ਾਨਾਂ ਵਿਚਕਾਰ ਉਹੀ ਦੂਰੀ ਸੀ ਜੋ ਉਥਰਾ ਦੀ ਬਾਂਹ 'ਤੇ ਸੀ।
ਜੱਜ ਐੱਮ ਮਨੋਜ ਨੇ, ਇੱਕ ਪਤਨੀ ਦੇ ਕਤਲ ਦਾ ਹਵਾਲਾ ਦਿੰਦੇ ਹੋਏ ਕਿਹਾ, "ਇਹ ਸ਼ੈਤਾਨੀ ਅਤੇ ਘਿਨੌਣੇ ਤਰੀਕੇ ਨਾਲ ਪਤਨੀ ਦੀ ਹੱਤਿਆ ਦਾ ਮਾਮਲਾ ਹੈ।"
ਜੱਜ ਮਨੋਜ ਨੇ ਸੂਰਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਸ ਨੇ ਉਥਰਾ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ "ਇਸ ਨੂੰ ਕੋਬਰਾ ਦੇ ਕੱਟਣ ਨਾਲ ਹੋਈ ਅਚਾਨਕ ਮੌਤ ਦਾ ਰੂਪ ਦੇਣ ਦੀ ਘਿਨੌਣੀ ਕੋਸ਼ਿਸ਼ ਕੀਤੀ।"
ਜਾਂਚਕਰਤਾਵਾਂ ਅਨੁਸਾਰ, ਘਾਤਕ ਕੋਬਰਾ ਵੱਲੋਂ ਢੰਗ ਮਰਵਾਉਣਾ, ਸੂਰਜ ਦੀ ਸਿਰਫ਼ ਚਾਰ ਮਹੀਨਿਆਂ ਵਿੱਚ ਆਪਣੀ ਪਤਨੀ ਨੂੰ ਮਾਰਨ ਦੀ ਦੂਜੀ ਨਹੀਂ ਬਲਕਿ ਤੀਜੀ ਕੋਸ਼ਿਸ਼ ਸੀ।
ਇੱਕ ਸਥਾਨਕ ਬੈਂਕ ਵਿੱਚ ਕਲੈਕਸ਼ਨ ਏਜੰਟ ਵਜੋਂ ਕੰਮ ਕਰਨ ਵਾਲੇ ਸੂਰਜ ਦੀ ਮੁਲਾਕਾਤ ਸੱਪ ਫੜਨ ਵਾਲੇ ਸੁਰੇਸ਼ ਨਾਲ ਪਿਛਲੇ ਸਾਲ ਫਰਵਰੀ ਵਿੱਚ ਹੋਈ ਸੀ ਅਤੇ ਸੂਰਜ ਨੇ ਉਸ ਤੋਂ 10,000 ਰੁਪਏ ਵਿੱਚ ਰਸੇਲਜ਼ ਵਾਈਪਰ ਸੱਪ ਖਰੀਦਿਆ ਸੀ।

ਤਸਵੀਰ ਸਰੋਤ, Sreedhar Lal
ਉਹ ਸੱਪ ਨੂੰ ਇੱਕ ਪਲਾਸਟਿਕ ਦੇ ਡੱਬੇ ਵਿੱਚ ਘਰ ਲੈ ਗਿਆ ਸੀ ਅਤੇ ਇਸ ਨੂੰ ਇੱਕ ਸ਼ੈੱਡ ਵਿੱਚ ਬਾਲਣ ਦੇ ਢੇਰ ਹੇਠਾਂ ਲੁਕਾ ਦਿੱਤਾ ਸੀ।
ਜਾਂਚਕਰਤਾਵਾਂ ਨੇ ਦੱਸਿਆ, ਇਸ ਤੋਂ ਬਾਅਦ 27 ਫਰਵਰੀ ਨੂੰ, ਸੂਰਜ ਨੇ ਸੱਪ ਨੂੰ ਆਪਣੇ ਘਰ ਦੀ ਪਹਿਲੀ ਮੰਜ਼ਿਲ 'ਤੇ ਛੱਡ ਦਿੱਤਾ ਅਤੇ ਆਪਣੀ ਪਤਨੀ ਨੂੰ ਉੱਪਰੋਂ ਉਸ ਦਾ ਮੋਬਾਈਲ ਫੋਨ ਲਿਆਉਣ ਲਈ ਕਿਹਾ।
ਉਥਰਾ ਦੇ ਮਾਤਾ ਜੀ ਨੇ ਪੁਲਿਸ ਨੂੰ ਦੱਸਿਆ ਕਿ ਉਥਰਾ ਨੇ ਸੰਗਮਰਮਰ ਦੇ ਫਰਸ਼ 'ਤੇ ਵਾਈਪਰ ਨੂੰ ਕੁੰਡਲੀ ਮਾਰੇ ਵੇਖਿਆ ਅਤੇ ਰੌਲਾ ਪਾਇਆ।
ਸੂਰਜ ਆਇਆ, ਉਸ ਨੇ ਸੱਪ ਨੂੰ ਸੋਟੀ ਨਾਲ ਚੁੱਕਿਆ ਅਤੇ ਘਰੋਂ ਬਾਹਰ ਚਲਾ ਗਿਆ। ਫਿਰ ਉਹ ਉਸੇ ਸੱਪ ਨੂੰ ਇੱਕ ਹੋਰ ਡੱਬੇ ਵਿੱਚ ਪਾ ਕੇ ਲੈ ਆਇਆ।
2 ਮਾਰਚ ਦੀ ਰਾਤ ਨੂੰ ਸੂਰਜ ਨੇ ਮੁੜ ਕੋਸ਼ਿਸ਼ ਕੀਤੀ। ਉਸ ਨੇ ਆਪਣੀ ਪਤਨੀ ਦੀ ਪੁਡਿੰਗ (ਇੱਕ ਪ੍ਰਕਾਰ ਦਾ ਮਿੱਠਾ ਵਿਅੰਜਨ) ਵਿੱਚ ਨਸ਼ੀਲੀ ਦਵਾਈ ਮਿਲਾਈ ਅਤੇ ਜਦੋਂ ਉਸ ਦੀ ਪਤਨੀ ਸੌਂ ਗਈ ਤਾਂ ਸੂਰਜ ਨੇ ਕਮਰੇ ਵਿੱਚ ਸੱਪ ਨੂੰ ਛੱਡ ਦਿੱਤਾ।
ਜਾਂਚਕਰਤਾਵਾਂ ਨੇ ਦੱਸਿਆ, ਇਸ ਵਾਰ ਸੱਪ ਨੇ ਹਮਲਾ ਕੀਤਾ। ਸੱਪ ਨੇ ਉਸ ਦੀ ਲੱਤ 'ਤੇ ਡੰਗ ਮਾਰਿਆ, ਉਥਰਾ ਦਰਦ ਨਾਲ ਚੀਕਦੀ ਹੋਈ ਉੱਠੀ ਅਤੇ ਸੂਰਜ ਨੇ ਸੱਪ ਨੂੰ ਖਿੜਕੀ ਤੋਂ ਬਾਹਰ ਸੁੱਟ ਦਿੱਤਾ।
ਉਥਰਾ ਦੇ ਪਿਤਾ ਵਿਜੇਸੇਨਨ ਵਿਦਿਆਧਰਨ ਨੇ ਕਿਹਾ, "ਕੇਰਲ ਵਿੱਚ ਸੱਪ ਦੇ ਕੱਟਣ ਦੇ ਮਾਮਲੇ ਆਮ ਹਨ, ਇਸ ਲਈ ਸਾਨੂੰ ਇਸ ਵਿੱਚ ਕਿਸੇ ਚਾਲਬਾਜ਼ੀ ਦਾ ਖਦਸ਼ਾ ਨਹੀਂ ਹੋਇਆ।
ਭਾਰਤ ਵਿੱਚ ਹਰ ਸਾਲ ਲਗਭਗ 60,000 ਲੋਕ ਸੱਪ ਦੇ ਕੱਟਣ ਨਾਲ ਮਰਦੇ ਹਨ।
ਉਸ ਰਾਤ ਉਨ੍ਹਾਂ ਨੂੰ ਅਜਿਹਾ ਹਸਪਤਾਲ ਲੱਭਣ ਵਿੱਚ ਦੋ ਘੰਟਿਆਂ ਤੋਂ ਵੱਧ ਸਮਾਂ ਲੱਗਿਆ ਜੋ ਕਿ ਨਾਜ਼ੁਕ ਹਾਲਤ ਵਿੱਚ ਇਲਾਜ ਦੇ ਸਕਦਾ ਸੀ।
ਉਥਰਾ ਸੋਜ ਅਤੇ ਖੂਨ ਵਗਣ ਨਾਲ ਬੁਰੀ ਤਰ੍ਹਾਂ ਪੀੜਤ ਸੀ। ਬਾਅਦ ਵਿੱਚ ਉਥਰਾ ਦੀਆਂ ਤਿੰਨ ਸਕਿਨ ਟ੍ਰਾਂਸਪਲਾਂਟ ਸਰਜਰੀਆਂ ਹੋਈਆਂ, ਜਿਸ ਤੋਂ ਬਾਅਦ ਆਰਾਮ ਕਰਨ ਲਈ ਆਪਣੇ ਮਾਪਿਆਂ ਕੋਲ ਆ ਗਏ।
ਜ਼ਹਿਰੀਲੇ ਸੱਪਾਂ ਬਾਰੇ ਖੋਜ
ਇਸ ਦੌਰਾਨ ਸੂਰਜ ਆਪਣੇ ਬੇਟੇ ਅਤੇ ਮਾਪਿਆਂ ਦੇ ਨਾਲ ਪਠਾਨਾਮਥਿੱਟਾ ਸਥਿਤ ਆਪਣੇ ਘਰ ਹੀ ਰਿਹਾ। ਪਰ ਉਹ ਹੁਣ ਦੁਬਾਰਾ ਸਾਜਿਸ਼ ਰਚ ਰਿਹਾ ਸੀ।
ਜਾਂਚਕਰਤਾਵਾਂ ਵਿੱਚੋਂ ਇੱਕ ਅਨੂਪ ਕ੍ਰਿਸ਼ਨਾ ਨੇ ਕਿਹਾ, "ਜਦੋਂ ਉਸ ਦੀ ਪਤਨੀ ਹਸਪਤਾਲ ਵਿੱਚ ਸੀ, ਉਸ ਵੇਲੇ ਸੂਰਜ ਸੱਪਾਂ ਨੂੰ ਸੰਭਾਲਣ ਅਤੇ ਸੱਪ ਦੇ ਜ਼ਹਿਰ ਬਾਰੇ ਸਿੱਖਣ ਲਈ ਇੰਟਰਨੈਟ 'ਤੇ ਖੋਜ ਕਰ ਰਿਹਾ ਸੀ।"
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸੂਰਜ ਸਾਲ 2019 ਵਿੱਚ ਆਪਣੇ ਬੇਟੇ ਧਰੁਵ ਦੇ ਜਨਮ ਤੋਂ ਬਾਅਦ ਹੀ ਕਤਲ ਦੀ ਸਾਜਿਸ਼ ਰਚ ਰਿਹਾ ਸੀ।
ਉਸ ਦੀ ਇੰਟਰਨੈੱਟ ਹਿਸਟਰੀ ਤੋਂ ਪਤਾ ਲਗਦਾ ਹੈ ਕਿ ਉਸ ਨੇ ਜ਼ਹਿਰੀਲੇ ਸੱਪਾਂ ਬਾਰੇ ਖੋਜ ਕੀਤੀ ਸੀ ਅਤੇ ਯੂਟਿਊਬ 'ਤੇ ਸੱਪਾਂ ਦੇ ਵੀਡੀਓ ਦੇਖੇ ਸਨ।
ਜਿਸ ਵਿੱਚ ਇੱਕ ਸਥਾਨਕ ਤੇ ਮਸ਼ਹੂਰ ਸੱਪ ਹੈਂਡਲਰ ਦਾ ਇੱਕ ਚੈਨਲ ਵੀ ਸ਼ਾਮਲ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੱਪ-ਹੈਂਡਲਰ ਦੇ ਸਭ ਤੋਂ ਮਸ਼ਹੂਰ ਵਿਡੀਓਜ਼ ਵਿੱਚੋਂ ਇੱਕ "ਖਤਰਨਾਕ ਅਤੇ ਹਮਲਾਵਰ ਰਸੇਲਜ਼ ਵਾਈਪਰ" ਬਾਰੇ ਹੈ।
ਸੂਰਜ ਨੇ ਕਥਿਤ ਤੌਰ 'ਤੇ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਸੁਪਨਿਆਂ ਵਿੱਚ ਮਿਲਣ ਵਾਲੇ "ਸੱਪ ਦੇ ਸ਼ਰਾਪ ਤੋਂ ਪਰੇਸ਼ਾਨ" ਸੀ, ਜਿਸ ਵਿੱਚ ਉਸਦੀ "ਸੱਪ ਦੇ ਕੱਟਣ ਨਾਲ ਮੌਤ ਹੋਣੀ" ਸੀ।
ਜਾਂਚਕਰਤਾ ਕਹਿੰਦੇ ਹਨ ਕਿ ਅਸਲ ਵਿੱਚ ਸੂਰਜ ਆਪਣੀ ਪਤਨੀ ਨੂੰ ਮਾਰਨ, ਉਸ ਦੇ ਪੈਸੇ ਹੜੱਪਣ ਕਰਨ ਅਤੇ ਦੂਜੀ ਔਰਤ ਨਾਲ ਵਿਆਹ ਕਰਾਉਣ ਦਾ ਇਰਾਦਾ ਰੱਖਦਾ ਸੀ।
ਮੁੱਖ ਪੁਲਿਸ ਜਾਂਚ ਅਧਿਕਾਰੀ ਅਪੁਕੁਟਨ ਅਸ਼ੋਕ ਨੇ ਕਿਹਾ, "ਉਸ ਨੇ ਬੜੀ ਸਾਵਧਾਨੀ ਨਾਲ ਯੋਜਨਾ ਬਣਾਈ ਅਤੇ ਤੀਜੀ ਕੋਸ਼ਿਸ਼ ਵਿੱਚ ਸਫ਼ਲ ਹੋ ਗਿਆ।"
ਸਰਕਾਰੀ ਵਕੀਲ ਮੋਹਨਰਾਜ ਗੋਪਾਲਕ੍ਰਿਸ਼ਨਨ ਨੇ ਇਸ ਮਾਮਲੇ ਨੂੰ "ਭਾਰਤ ਵਿੱਚ ਪੁਲਿਸ ਜਾਂਚ ਵਿੱਚ ਮੀਲ ਦਾ ਪੱਥਰ ਕਿਹਾ, ਜਦੋਂ ਸਰਕਾਰੀ ਵਕੀਲ ਨਿਰਣਾਇਕ ਤੌਰ 'ਤੇ ਇਹ ਸਾਬਿਤ ਕਰ ਸਕਦੇ ਸਨ ਕਿ ਕਿਸੇ ਜਾਨਵਰ ਨੂੰ ਕਤਲ ਦੇ ਹਥਿਆਰ ਵਜੋਂ ਇਸਤੇਮਾਲ ਕੀਤਾ ਗਿਆ ਸੀ।"
ਸੂਰਜ ਨੂੰ ਇਸ ਅਪਰਾਧ ਲਈ ਦੁਰਲੱਭ ਦੋਹਰੀ ਉਮਰ ਕੈਦ ਦੀ ਸਜ਼ਾ ਮਿਲੀ। ਗੋਪਾਲਕ੍ਰਿਸ਼ਨਨ ਦੇ ਅਨੁਸਾਰ, ਉਸ ਨੂੰ ਕੋਈ ਪਛਤਾਵਾ ਨਹੀਂ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















