ਸਿੰਘੂ ਬਾਰਡਰ ਕਤਲ ਮਾਮਲਾ: ਇੱਕ ਹੋਰ ਨਿਹੰਗ ਸਿੱਖ ਗ੍ਰਿਫ਼ਤਾਰ, ਸਰਬਜੀਤ ਸਿੰਘ ਦਾ ਪੁਲਿਸ ਰਿਮਾਂਡ
ਪੁਲਿਸ ਨੇ ਸਿੰਘੂ ਬਾਰਡਰ ’ਤੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਸਰ ਦੇ ਨੇੜਿਓਂ ਨਿਹੰਗ ਨਰਾਇਣ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਅਨੁਸਾਰ ਨਿਹੰਗ ਨਰਾਇਣ ਸਿੰਘ ਦਾ ਦਾਅਵਾ ਹੈ ਕਿ ਉਹ ਵੀ ਸਿੰਘੂ ਬਾਰਡਰ ’ਤੇ ਹੋਏ ਲਖਬੀਰ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਹੈ।
ਖ਼ਬਰ ਏਜੰਸੀ ਏਐੱਨਈ ਮੁਤਾਬਕ ਸ਼ਨੀਵਾਰ ਰਾਤ ਨੂੰ ਪੁਲਿਸ ਨੇ ਇਸੇ ਮਾਮਲੇ ਵਿੱਚ ਸਿੰਘੂ ਬਾਰਡਰ ਤੋਂ ਦੋ ਹੋਰ ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲਿਆ ਹੈ।
15 ਅਕਤੂਬਰ ਨੂੰ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਾਈ ਬੈਠੇ ਕਿਸਾਨ ਮੋਰਚੇ ਦੀ ਸਟੇਜ ਨੇੜੇ ਇੱਕ ਕੱਟੀ ਵੱਢੀ ਹੋਈ ਲਾਸ਼ ਮਿਲੀ ਸੀ। ਜਿਸਦੀ ਪਛਾਣ ਤਰਨਤਾਰਨ ਦੇ ਲਖਵੀਰ ਸਿੰਘ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਸਰਬਜੀਤ ਸਿੰਘ ਹੈ ਜੋ ਕਿ ਇੱਕ ਨਿਹੰਗ ਸਿੰਘ ਹੈ।
ਸਰਬਜੀਤ ਸਿੰਘ ਨੇ ਖ਼ੁਦ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ।
ਇਹ ਵੀ ਪੜ੍ਹੋ:
ਪੁਲਿਸ ਨੇ ਦੋ ਹੋਰ ਨਿੰਹਗ ਸਿੰਘਾਂ ਨੂੰ ਹਿਰਾਸਤ ਵਿੱਚ ਲਿਆ
ਖ਼ਬਰ ਏਜੰਸੀ ਏਐੱਨਈ ਮੁਤਾਬਕ ਸ਼ਨੀਵਾਰ ਰਾਤ ਨੂੰ ਪੁਲਿਸ ਨੇ ਇਸੇ ਮਾਮਲੇ ਵਿੱਚ ਸਿੰਘੂ ਬਾਰਡਰ ਤੋਂ ਦੋ ਹੋਰ ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਹਿਰਾਸਤ ਤੋਂ ਪਹਿਲਾਂ ਨਿਹੰਗ ਸਿੰਘਾਂ ਦਾ ਸਨਮਾਨ ਉਨ੍ਹਾਂ ਦੀ ਜਥੇਬੰਦੀ ਵੱਲੋਂ ਕੀਤਾ ਗਿਆ।

ਤਸਵੀਰ ਸਰੋਤ, ANI
ਮਨੋਹਰ ਲਾਲ ਖੱਟਰ ਨੇ ਕੀ ਕਿਹਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਮੁੱਚੇ ਮਾਮਲੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਘਟਨਾਕ੍ਰਮ ਨਿੰਦਣਯੋਗ ਹੈ। ਸਿੰਘੂ ਬਾਰਡਰ ਤੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।”
“ਮਸਲੇ ਦਾ ਸੰਗਿਆਨ ਲੈ ਲਿਆ ਗਿਆ ਹੈ। ਐੱਫ਼ਾਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ।”
“ਇੱਕ ਜਣੇ ਨੇ ਸਰੰਡਰ ਕਰ ਦਿੱਤਾ ਹੈ ਤੇ ਜ਼ਿੰਮੇਵਾਰੀ ਲਈ ਹੈ। ਜਾਂਚ ਤੋਂ ਮਾਮਲਾ ਸਪਸ਼ਟ ਹੋ ਜਾਵੇਗਾ।”
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਨਰਾਇਣ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਪੁਲਿਸ ਨੇ ਕੀ ਦੱਸਿਆ
ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਰਾਕੇਸ਼ ਕੌਸ਼ਲ ਨੇ ਮੁਲਜ਼ਮ ਨਰਾਇਣ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਕਿਹਾ,"ਲਖਵੀਰ ਸਿੰਘ ਨੂੰ ਕੁਝ ਨਿਹੰਗ ਸਿੰਘਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਥਾਣਾ ਕੁੰਡਲੀ ਜਿਲ੍ਹਾ ਸੋਨੀਪਤ ਵਿੱਚ ਧਾਰਾ 302 ਤਹਿਤ ਇਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਹੈ।”
"ਉਨ੍ਹਾਂ ਵਿੱਚੋਂ ਇੱਕ ਨਿਹੰਗ ਸਿੰਘ ਸੀ ਸਰਬਜੀਤ ਸਿੰਘ ਜਿਸ ਨੂੰ ਪ੍ਰਧਾਨ ਮਿਸਲ ਬਾਬਾ ਹਿੰਮਤ ਸਿੰਘ ਕਿਹਾ ਜਾਂਦਾ ਹੈ। ਉਸ ਨੂੰ ਕੱਲ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।”
"ਦੂਸਰੇ ਮੁਲਜ਼ਮ ਨਰਾਇਣ ਸਿੰਘ ਪੁੱਤਰ ਦਰਸ਼ਨ ਸਿੰਘ, ਵਾਸੀ ਰੱਖ ਦੇਵੀਦਾਸਪੁਰਾ, ਅਮਰਕੋਟ, ਪੁਲਿਸ ਸਟੇਸ਼ਨ ਜੰਡਿਆਲਾ ਦਾ ਰਹਿਣ ਵਾਲਾ ਸੀ, ਇਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ।”

ਤਸਵੀਰ ਸਰੋਤ, Ravinder singh robin/BBC
"ਇਸ ਬਾਰੇ ਸਾਨੂੰ ਖ਼ਾਸ ਇਤਲਾਹ ਆਈ ਸੀ ਕਿ ਹੋ ਸਕਦਾ ਹੈ ਇਹ ਆਪਣੇ ਪਿੰਡ ਪਹੁੰਚੇ। ਇਹ ਜਾਣਕਾਰੀ ਡੀਜੀਪੀ ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਵੱਲੋਂ ਅਤੇ ਆਈਜੀ ਬਾਰਡਰ ਰੇਂਜ ਮਨੀਸ਼ ਚਾਵਲਾ ਵੱਲੋਂ ਦਿੱਤੀ ਗਈ ਸੀ।”
"ਜਿਸ ਉੱਪਰ ਅੱਗੇ ਕਾਰਵਾਈ ਕਰਦਿਆਂ ਗਿਆਰਾਂ ਵਜੇ ਤੋਂ ਬਾਅਦ ਸਿਵਲ ਵਰਦੀ ਵਿੱਚ ਇਸ ਦੇ ਪਿੰਡ ਪਾਰਟੀ ਭੇਜੀ ਗਈ। ਸਾਨੂੰ ਪਤਾ ਲੱਗਿਆ ਕਿ ਉਹ ਪਿੰਡ ਵਿੱਚ ਤਾਂ ਹੈ ਪਰ ਘਰ ਨਹੀਂ ਪਹੁੰਚਿਆ।”
"ਫਿਰ ਇਹ ਸੰਵੇਦਨਸ਼ੀਲ ਮਾਮਲਾ ਹੋਣ ਕਾਰਨ ਬੁੱਧੀਮਤਾ ਨਾਲ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ।”
"ਸਾਨੂੰ ਹਦਾਇਤ ਇਹੀ ਦਿੱਤੀ ਗਈ ਹੈ ਕਿ ਪੰਜਾਬ ਦਾ ਮਹੌਲ ਕਿਸੇ ਤਰ੍ਹਾਂ ਵੀ ਖ਼ਰਾਬ ਨਾ ਹੋਣ ਦਿੱਤਾ ਜਾਵੇ।”
"ਪਹਿਲਾਂ ਵੀ ਪੰਜਾਬ ਵਿੱਚ ਅਜਿਹੇ ਮਾਮਲੇ ਹੋ ਚੁੱਕੇ ਹਨ ਕਿ ਜਦੋਂ ਨਹਿੰਗ ਸਿੰਘਾਂ ਦੀ ਗ੍ਰਿਫ਼ਤਾਰੀ ਦੌਰਾਨ ਕਈ ਕੁਝ ਹੋ ਚੁੱਕਿਆ ਹੈ।”
"ਪਿੰਡ ਨੂੰ ਇਸ ਤਰ੍ਹਾਂ ਘੇਰਾ ਪਾਇਆ ਗਿਆ ਕਿ ਇਹ ਪਿੰਡ ਵਿੱਚੋਂ ਬਾਹਰ ਨਾ ਜਾ ਸਕੇ। ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਰੋਸੇ ਵਿੱਚ ਲਿਆ ਗਿਆ।”
"ਜਿਵੇਂ ਕਿ ਉਸ ਨੇ ਐਲਾਨ ਕੀਤਾ ਸੀ ਕਿ ਚਾਰ ਵਜੇ ਮੈਂ ਅਕਾਲ ਤਖ਼ਤ ਸਾਹਿਬ ਜਾਵਾਂਗਾ ਤੇ ਉੱਥੇ ਸਰੰਡਰ ਕਰਾਂਗਾ। ਫਿਰ ਸਥਿਤੀ ਹੋਰ ਹੋ ਸਕਦੀ ਸੀ।”

ਤਸਵੀਰ ਸਰੋਤ, RAVINDER SINGH ROBIN/BBC
"ਫਿਰ ਜਦੋਂ ਉਸ ਨੂੰ ਅਹਿਸਾਸ ਹੋ ਗਿਆ ਕਿ ਮੈਂ ਬਾਹਰ ਨਹੀਂ ਜਾ ਸਕਦਾ ਤਾਂ ਉਸ ਨੇ ਕਿਹਾ ਕਿ ਚਾਰ ਵਜੇ ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕਾਂਗਾ ਉਸ ਤੋਂ ਬਾਅਦ ਪੁਲਿਸ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।”
"ਫਿਰ ਜਦੋਂ ਸ਼ਾਮ ਚਾਰ ਵਜੇ ਤੋਂ ਬਾਅਦ ਇਹ ਗੁਰਦੁਆਰੇ ਤੋਂ ਬਾਹਰ ਆਏ ਤਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਰਸਮੀ ਤੌਰ ਤੇ ਗ੍ਰਿਫ਼ਤਾਰ ਕਰ ਲਿਆ।”
"ਕੁੰਡਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿਉਂ ਕਿ ਕਰਾਈਮ ਉੱਥੇ ਹੋਇਆ ਹੈ। ਉਹ ਰਾਹ ਵਿੱਚ ਹਨ।”
‘ਨਰਾਇਣ ਸਿੰਘ ਨੇ ਆਪਣਾ ਜੁਰਮ ਕਬੂਲ ਕੀਤਾ’
ਐੱਸਐੱਸਪੀ ਨੇ ਕਿਹਾ ਕਿ ਨਰਾਇਣ ਸਿੰਘ ਨੇ ”ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਇਸ ਉੱਪਰ ਕੋਈ ਮਲਾਲ ਨਹੀਂ ਹੈ।”
ਐੱਸਐੱਸਪੀ ਮੁਤਾਬਕ ਨਰਾਇਣ ਸਿੰਘ ਨੇ ਦੱਸਿਆ ਕਿ “ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਸ ਦਾ ਗੁੱਟ ਵੱਢਿਆ ਹੋਇਆ ਸੀ ਅਤੇ ਤਲਵਾਰ ਦੇ ਤਿੰਨ ਟੱਕਾਂ ਨਾਲ ਮੈਂ ਉਸ ਦਾ ਪੈਰ ਵੱਢਿਆ”।
ਨਰਾਇਣ ਸਿੰਘ ਨੇ ਆਪਣੀ ਗ੍ਰਿਫ਼ਤਾਰੀ ਮੌਕੇ ਕਿਹਾ,"ਇਹ ਤਿੰਨ ਵਜੇ ਦੀ ਘਟਨਾ ਹੈ ਅਤੇ ਪੰਜ ਵੱਜ ਕੇ ਪੈਂਤੀ ਮਿੰਟ ਤੇ ਮੈਂ ਉੱਥੇ ਪਹੁੰਚਿਆ ਹਾਂ।"
"ਉੱਥੇ ਮੋਇਆਂ ਦੀ ਮੰਡੀ ਦੇ ਬਾਬਾ ਬਲਵਿੰਦਰ ਸਿੰਘ ਜੋ ਕਿ ਦਸ ਮਹੀਨਿਆਂ ਦੇ ਉੱਥੇ ਦਲ ਪੰਥ ਲੈ ਕੇ ਬੈਠੇ ਹਨ। ਉੱਥੇ ਉਨ੍ਹਾਂ ਨੇ ਪਾਲਕੀ ਸਾਹਿਬ ਲਗਾਈ ਸੀ।"
"ਦੋ ਕੁ ਦਿਨ ਪਹਿਲਾਂ ਉਸ ਨੇ ਉੱਥੇ ਆ ਕੇ ਬਾਣਾ ਪਾਇਆ ਸੀ। ਧੰਨ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਗਿਆ ਸੀ। ਧੰਨ ਗੁਰੂ ਗ੍ਰੰਥ ਸਾਹਿਬ ਅਤੇ ਸਰਬਲੋਹ ਗ੍ਰੰਥ।"

ਤਸਵੀਰ ਸਰੋਤ, BBC/Ravinder Singh Robin
ਵਿਜੇ ਸਾਂਪਲਾ ਨੇ ਕਿਸਾਨ ਜਥੇਬੰਦੀਆਂ ’ਤੇ ਚੁੱਕੇ ਸਵਾਲ
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸਿੰਘੂ ਬਾਰਡਰ 'ਤੇ ਹੋਏ ਲਖਬੀਰ ਸਿੰਘ ਦੇ ਕਤਲ ਲਈ ਕਿਸਾਨ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਵਿਜੇ ਸਾਂਪਲਾ ਨੇ ਕਿਹਾ, "ਜਿੱਥੇ ਲਖਬੀਰ ਸਿੰਘ ਨੂੰ ਲਟਕਾਇਆ ਗਿਆ ਉਹ ਥਾਂ ਸਟੇਜ ਦੇ ਨੇੜੇ ਸੀ। ਜੋ ਵੀ ਹੋਇਆ ਉਸ ਲਈ ਕਿਸਾਨ ਜ਼ਿੰਮੇਵਾਰ ਹਨ। ਉਨ੍ਹਾਂ ਦਾ ਰੋਲ ਮੁਲਜ਼ਮਾਂ ਦੇ ਬਰਾਬਰ ਹੀ ਹੈ।"
“ਕਿਸਾਨ ਜਥੇਬੰਦੀਆਂ ਨੇ ਆਪਣੇ ਹੱਥ ਝਾੜ ਦਿੱਤੇ ਹਨ ਜੋ ਸਹੀ ਨਹੀਂ ਹੈ। ਮੁਲਜ਼ਮ ਬੀਤੇ ਦਸ ਮਹੀਨੇ ਤੋਂ ਉਨ੍ਹਾਂ ਦੇ ਨਾਲ ਸੀ ਤੇ ਫਿਰ ਉਹ ਵੀ ਮੁਜ਼ਾਹਰੇ ਦਾ ਹਿੱਸਾ ਹੋਇਆ।”
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਕਿਹਾ, "ਅੱਜ ਦਲਿਤ ਭਾਈਚਾਰੇ ਤੋਂ ਕਈ ਲੋਕ ਮੈਨੂੰ ਮਿਲੇ ਹਨ। ਅਸੀਂ ਡੀਜੀਪੀ ਹਰਿਆਣਾ ਤੇ ਮੁੱਖ ਸਕੱਤਰ ਨੂੰ ਪਹਿਲਾਂ ਹੀ ਸਖ਼ਤ ਐਕਸ਼ਨ ਲੈਣ ਲਈ ਨੋਟਿਸ ਭੇਜਿਆ ਹੈ ਤੇ ਰਿਪੋਰਟ ਵੀ ਮੰਗੀ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਲਖਵੀਰ ਦੀ ਮੌਤ ਮਗਰੋਂ ਪਰਿਵਾਰ ਕੀ ਕਹਿ ਰਿਹਾ ਹੈ
ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਮ੍ਰਿਤਕ ਲਖਵੀਰ ਸਿੰਘ ਦੀ ਭੈਣ ਰਾਜ ਕੌਰ ਨੇ ਕਿਹਾ ਕਿ ਉਹ 50 ਰੁਪਏ ਲੈ ਕੇ ਗਿਆ ਸੀ ਅਤੇ ਕਹਿੰਦਾ ਸੀ ਕਿ ਉਹ ਕੰਮ ਲਈ ਝਬਾਲ ਜਾ ਰਿਹਾ ਹੈ ਅਤੇ ਸੱਤ ਦਿਨਾਂ ਵਿੱਚ ਪਰਤੇਗਾ।
ਰਾਜ ਕੌਰ ਨੇ ਅੱਗੇ ਕਿਹਾ, ''ਮੈਨੂੰ ਲੱਗਿਆ ਉਹ ਉੱਥੇ ਕੰਮ ਕਰਨ ਗਿਆ ਹੈ। ਉਹ ਇਸ ਤਰ੍ਹਾਂ ਦਾ ਸ਼ਖ਼ਸ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ। ਅਪਰਾਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।''
ਉੱਧਰ ਲਖਵੀਰ ਸਿੰਘ ਦੇ ਸਹੁਰੇ ਨੇ ਕਿਹਾ ਕਿ ਉਹ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਕੋਈ ਭਰਮਾ ਕੇ ਸਿੰਘੂ ਬਾਰਡਰ ਲੈ ਗਿਆ ਸੀ।
ਉਨ੍ਹਾਂ ਕਿਹਾ, ''ਉਸ ਨੂੰ ਭਰਮਾ ਕੇ ਉੱਥੇ ਲਿਜਾਇਆ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।''
ਚੀਮਾ ਕਲਾਂ ਵਿਖੇ ਲਖਵੀਰ ਸਿੰਘ ਦੇ ਘਰ ਪਹੁੰਚੇ ਏਐਸਆਈ ਕਾਬਲ ਸਿੰਘ ਕਹਿੰਦੇ ਹਨ ਕਿ ਲਖਵੀਰ ਆਪਣੇ ਪਿੱਛੇ ਪਤਨੀ ਤੇ ਤਿੰਨ ਧੀਆਂ ਛੱਡ ਗਿਆ ਹੈ।
ਕਾਬਲ ਸਿੰਘ ਨੇ ਦੱਸਿਆ, ''ਸਭ ਤੋਂ ਛੋਟੀ ਬੇਟੀ ਦੀ ਉਮਰ 8 ਸਾਲ ਹੈ ਅਤੇ ਸਭ ਤੋਂ ਵੱਡੀ ਬੇਟੀ ਦੀ ਉਮਰ 12 ਸਾਲ ਹੈ। ਲਖਵੀਰ ਦੀ ਪਤਨੀ ਉਸ ਨੂੰ 5-6 ਸਾਲ ਪਹਿਲਾਂ ਛੱਡ ਗਈ ਸੀ ਅਤੇ ਵੱਖ ਰਹਿ ਰਹੀ ਸੀ।''
ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਲਖਵੀਰ ਦੇ ਪਿੰਡ ਚੀਮਾ ਕਲਾਂ ਵਿਖੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ।
ਲਖਵੀਰ ਦੇ ਫੁੱਫੜ ਬਲਕਾਰ ਸਿੰਘ ਦੱਸਦੇ ਹਨ ਉਹ ਖ਼ੁਦ ਉੱਥੇ ਨਹੀਂ ਜਾ ਸਕਦਾ, ਬਲਕਿ ਉਸ ਨੂੰ ਲਿਜਾਇਆ ਗਿਆ ਹੈ।
ਉਨ੍ਹਾਂ ਕਿਹਾ, ''ਉਸ ਨੂੰ ਨਸ਼ਾ ਜਾਂ ਪੈਸਾ ਦੇ ਕੇ ਭਰਮਾਇਆ ਗਿਆ ਹੋਵੇਗਾ ਅਤੇ ਇਹ ਕੰਮ ਕਿਸੇ ਦੇ ਸਿਖਾਇਆ ਹੋਇਆ ਹੈ, ਉਹ ਇਕੱਲਾ ਇਹ ਕੰਮ ਨਹੀਂ ਕਰ ਸਕਦਾ।''
''ਲਖਵੀਰ ਨਸ਼ੇ ਕਰਦਾ ਸੀ ਪਰ ਕਿਸੇ ਨੂੰ ਤੰਗ ਨਹੀਂ ਕਰਦਾ ਸੀ
ਲਖਵੀਰ ਦੀ ਰਿਸ਼ਤੇਦਾਰ ਸਵਿੰਦਰ ਕੌਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾ ਹੋਇਆ ਹੈ, ਲਖਵੀਰ ਉਸ ਤਰ੍ਹਾਂ ਦਾ ਬੰਦਾ ਨਹੀਂ ਸੀ।
ਇੱਕ ਹੋਰ ਰਿਸ਼ਤੇਦਾਰ ਸਿਮਰਨਜੀਤ ਕੌਰ ਵੀ ਕਹਿੰਦੇ ਹਨ ਕਿ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ।
ਉਨ੍ਹਾਂ ਮੁਤਾਬਕ ਉਹ ਆਪਣਾ ਖਾਂਦਾ-ਪੀਂਦਾ ਸੀ ਤੇ ਅਜਿਹਾ ਕੰਮ ਨਹੀਂ ਕਰ ਸਕਦਾ।
ਪਰਿਵਾਰ ਵਾਲੇ ਇਨਸਾਫ਼ ਦੀ ਮੰਗ ਕਰਦੇ ਹਨ।
ਪਿੰਡ ਵਾਲੇ ਕੀ ਕਹਿੰਦੇ
ਚੀਮਾ ਕਲਾਂ ਪਿੰਡ ਦੇ ਵਾਸੀ ਹਰਭਜਨ ਸਿੰਘ ਕਹਿੰਦੇ ਹਨ ਕਿ ਉਹ ਅਮਲੀ ਬੰਦਾ ਹੈ।
ਉਹ ਕਹਿੰਦੇ ਹਨ, ''ਇਸ ਨੂੰ ਤਾਂ ਤਰਨ ਤਾਰਨ ਦੇ ਰਾਹ ਦਾ ਨਹੀਂ ਪਤਾ ਅਤੇ ਕਛਹਿਰਾ ਕਿਸੇ ਭੇਤੀ ਬੰਦੇ ਨੇ ਪਾਇਆ ਹੈ। ਇਹ ਅਮਲੀ ਬੰਦਾ ਹੈ ਅਤੇ ਲੱਤਾਂ ਵਿੱਚ ਟੀਕੇ ਵੀ ਲਾਉਂਦਾ ਹੈ, ਨਸ਼ੇ ਸਾਰੇ ਕਰਦਾ ਹੈ ਤੇ ਘਰ ਕੋਈ ਕਮਾਈ ਕਰਕੇ ਨਹੀਂ ਦਿੰਦਾ।''

ਤਸਵੀਰ ਸਰੋਤ, BBC/Ravinder Singh Robin
''ਇਸ ਨੂੰ ਕੋਈ ਬੰਦਾ ਭਰਮਾ ਕੇ, ਲਾਲਚ ਦੇ ਕੇ ਲੈ ਗਿਆ ਹੈ...ਉਹ ਲੈ ਕੈ ਗਿਆ ਹੈ ਜਿਸ ਨੇ ਸਿੰਘੂ ਬਾਰਡਰ ਦਾ ਰਾਹ ਵੇਖਿਆ ਹੈ। ਸਿੰਘੂ ਬਾਰਡਰ 'ਤੇ ਜਾ ਕੇ ਇਹ ਘਟਨਾ ਕਰਵਾਈ ਹੈ।
ਸਰਬਜੀਤ ਨਾਮ ਦੇ ਸ਼ਖ਼ਸ ਨੇ ਕਬੂਲੀ ਵਾਰਦਾਤ ਦੀ ਗੱਲ
ਮੀਡੀਆ ਨਾਲ ਗੱਲਬਾਤ ਵਿੱਚ ਕਥਿਤ ਮੁਲਜ਼ਮ ਸਰਬਜੀਤ ਸਿੰਘ ਨੇ ਖੁਦ ਨੂੰ ਇਸ ਕਤਲ ਦੀ ਵਾਰਦਾਤ ਲਈ ਜ਼ਿੰਮੇਵਾਰ ਦੱਸਿਆ।
ਸਰਬਜੀਤ ਸਿੰਘ ਨਾਂ ਦੇ ਇਸ ਸ਼ਖਸ ਨੇ ਦੱਸਿਆ, "ਇਸ ਕਤਲ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਮੈਂ ਹੀ ਉਸ ਵਿਅਕਤੀ ਨੂੰ ਮਾਰਿਆ ਹੈ ਕਿਉਂਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਮੈਨੂੰ ਕੋਈ ਪਛਤਾਵਾ ਨਹੀਂ ਹੈ।"
ਮ੍ਰਿਤਕ ਵਿਅਕਤੀ ਕੌਣ ਹੈ
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਿੰਘੂ ਬਾਰਡਰ ਉੱਤੇ ਜਿਸ ਵਿਅਕਤੀ ਨੂੰ ਬੰਨ੍ਹ ਕੇ ਮਾਰਿਆ ਗਿਆ, ਉਸ ਦੇ ਹੱਥ ਵੱਢੇ ਗਏ, ਉਸ ਦੀ ਪਛਾਣ ਲਖਵੀਰ ਸਿੰਘ ਉਰਫ਼ ਟੀਟੂ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।
ਉਹ ਤਰਨਤਾਰਨ ਦੇ ਨੇੜਲੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ।
ਲਖਵੀਰ ਦੇ ਮਾਪਿਆ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਲਖਵੀਰ ਦੇ ਤਿੰਨ ਬੱਚੇ ਹਨ ਅਤੇ ਉਹ ਮਜ਼ਦੂਰੀ ਕਰਦਾ ਸੀ।
ਹੁਣ ਤੱਕ ਕੀ-ਕੀ ਹੋਇਆ
- 15 ਅਕਤੂਬਰ ਨੂੰ ਦਿੱਲੀ ਦੀ ਸਰਹੱਦ ਨਾਲ ਲਗਦੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਾਈ ਬੈਠੇ ਕਿਸਾਨ ਮੋਰਚੇ ਦੀ ਸਟੇਜ ਨੇੜੇ ਇੱਕ ਕੱਟੀ ਵੱਢੀ ਹੋਈ ਲਾਸ਼ ਮਿਲੀ ਸੀ।
- ਸੋਸ਼ਲ ਮੀਡੀਆ ਉੱਤੇ ਇਸ ਵਾਰਦਾਤ ਦੀਆਂ ਕੁਝ ਕਥਿਤ ਵੀਡੀਓਜ਼ ਵਾਇਰਲ ਹੋਣ ਲੱਗੀਆਂ।
- ਮ੍ਰਿਤਕ ਦੀ ਪਛਾਣ ਪਿੰਡ ਚੀਮਾ ਕਲਾਂ, ਜ਼ਿਲ੍ਹਾ ਤਰਨ ਤਾਰਨ ਦੇ ਲਖਵੀਰ ਸਿੰਘ ਵਜੋਂ ਹੋਈ।
- ਸੋਨੀਪਤ ਦੇ ਡੀਐੱਸਪੀ ਹੰਸਰਾਜ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
- ਬਾਅਦ ਵਿੱਚ ਏਡੀਜੀਪੀ ਰੋਹਤਕ ਰੇਂਜ ਸੰਦੀਪ ਖਿਰਵਰ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਕੁਝ ਸ਼ੱਕੀ ਮੁਲ਼ਜ਼ਮਾਂ ਦੇ ਨਾਮ ਹਨ ਅਤੇ ਉਹ ਉਨ੍ਹਾਂ ਦੇ ਰਡਾਰ 'ਤੇ ਹਨ।
- ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਵਿੱਚ ਕਥਿਤ ਮੁਲਜ਼ਮ ਸਰਬਜੀਤ ਸਿੰਘ ਨੇ ਖੁਦ ਨੂੰ ਇਸ ਕਤਲ ਦੀ ਵਾਰਦਾਤ ਲਈ ਜ਼ਿੰਮੇਵਾਰ ਦੱਸਿਆ।
- ਪੁਲਿਸ ਨੇ ਲਖਵੀਰ ਦੇ ਕਤਲ ਕੇਸ ਵਿੱਚ ਸਰੰਡਰ ਕਰਨ ਵਾਲੇ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
- ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੋਰਚੇ 'ਤੇ ਬੈਠੇ ਨਿਹੰਗ ਸਿੱਖਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਇਸ ਮਾਮਲੇ ਵਿੱਚ ਜਾਂਚ ਅਤੇ ਕਾਰਵਾਈ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












