ਨਵਜੋਤ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਬਣੇ ਰਹਿਣਗੇ ਜਾਂ ਲੱਗੇਗਾ ਨਵਾਂ ਪ੍ਰਧਾਨ - ਪ੍ਰੈਸ ਰੀਵਿਊ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਕਾਂਗਰਸ ਵਿੱਚ ਲਗਾਤਾਰ ਚੱਲ ਰਹੀ ਧੜੇਬੰਦੀ ਦੇ ਵਿਚਕਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 14 ਅਕਤੂਬਰ ਨੂੰ ਦਿੱਲੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰਾਂ ਹਰੀਸ਼ ਰਾਵਤ ਅਤੇ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕਰਨਗੇ।

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਸੰਗਠਨਾਤਮਕ ਮਾਮਲਿਆਂ 'ਤੇ ਚਰਚਾ ਕਰਨ ਲਈ ਸਿੱਧੂ ਉਨ੍ਹਾਂ ਅਤੇ ਏਆਈਸੀਸੀ ਦੇ ਜਨਰਲ ਸਕੱਤਰ (ਸੰਗਠਨ) ਵੇਣੂਗੋਪਾਲ ਨਾਲ 14 ਅਕਤੂਬਰ ਨੂੰ ਸ਼ਾਮ 6 ਵਜੇ ਮੁਲਾਕਾਤ ਕਰਕੇ ਕਰਨਗੇ।

ਇਸ ਬਾਬਤ ਟਵੀਟ ਕਰਕੇ ਉਨ੍ਹਾਂ ਨੇ ਜਾਣਕਾਰੀ ਦਿੱਤੀ।

ਇਹ ਬੈਠਕ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਦੋ ਦਿਨ ਪਹਿਲਾਂ ਹੋਣ ਜਾ ਰਹੀ ਹੈ ਜਿਸ ਵਿੱਚ ਪੰਜਾਬ ਸਣੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਚਰਚਾ ਕੀਤੀ ਜਾਵੇਗੀ।

ਉੱਧਰ ਟਾਇਮਜ਼ ਆਫ਼ ਇੰਡੀਆ ਨੇ ਕਾਂਗਰਸ ਵਿਚਲੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਵੀ ਕੀਤਾ ਜਾ ਸਕਦਾ ਹੈ।

ਅਖ਼ਬਾਰ ਦੀ ਰਿਪੋਰਟ ਮੁਤਾਬਕ ਨਵਜੋਤ ਸਿੱਧੂ ਅਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਕੁਝ ਮੁੱਦਿਆਂ ਨੂੰ ਲੈਕੇ ਚੱਲ ਰਹੀ ਅਣਬਣ ਕਾਰਨ ਪਾਰਟੀ ਨਵਾਂ ਪ੍ਰਧਾਨ ਲਾਉਣ ਦਾ ਫ਼ੈਸਲਾ ਵੀ ਲੈ ਸਕਦੀ ਹੈ।

ਪਰ ਰਿਪੋਰਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਕਾਂਗਰਸ ਨੇ ਅਜੇ ਇਸ ਮਸਲੇ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ, ਇਸ ਬਾਰੇ ਫ਼ੈਸਲਾ ਨਹੀਂ ਕੀਤਾ ਗਿਆ ਹੈ। ਪਰ ਨਵਜੋਤ ਸਿੱਧੂ ਦੇ ਬਦਲ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਆਸ਼ੀਸ਼ ਮਿਸ਼ਰਾ ਕੀ ਸਾਬਤ ਨਹੀਂ ਕਰ ਸਕਿਆ

ਦਿ ਕੁਇੰਟ ਮੁਤਾਬਕ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਾਅਵਾ ਕੀਤਾ ਹੈ ਕਿ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਇਹ ਸਾਬਤ ਨਹੀਂ ਕਰ ਸਕੇ ਕਿ ਲਖੀਮਪੁਰ ਖੀਰੀ ਦੇ ਤਿਕੂਨੀਆਂ ਦੀ ਹਿੰਸਕ ਵਾਰਦਾਤ ਦੌਰਾਨ ਉਹ ਘਟਨਾ ਵਾਲੀ ਥਾਂ ਤੋਂ ਦੂਰ ਸੀ।

ਐਤਾਵਰ 3 ਅਕਤੂਬਰ ਨੂੰ ਅਸ਼ੀਸ਼ ਮਿਸ਼ਰਾ ਉੱਤੇ ਜੀਪ ਅਤੇ ਤਿੰਨ ਗੱਡੀਆਂ ਨਾਲ ਤਿਕੁਨੀਆ ਖੇਤਰ ਵਿੱਚ ਕਿਸਾਨਾਂ ਨੂੰ ਦਰੜਨ ਦਾ ਇਲਜ਼ਾਮ ਹੈ। ਇਸ ਸਮੇਂ ਉਹ ਪੁਲਿਸ ਹਿਰਾਸਤ ਵਿਚ ਹਨ।

ਦਿ ਕੁਇੰਟ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੇ ਦੂਜੇ ਸੰਮਨ ਦੌਰਾਨ ਪੇਸ਼ ਹੁੰਦੇ ਹੋਏ, ਕੁਸ਼ਤੀ ਮੁਕਾਬਲੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਜਮ੍ਹਾਂ ਕਰਵਾਈਆਂ ਸਨ, ਜਿਸ ਵਿੱਚ ਉਨ੍ਹਾਂ ਨੇ ਉੱਥੇ ਮੌਜੂਦ ਹੋਣ ਦਾ ਦਾਅਵਾ ਕੀਤਾ ਸੀ। ਪਰ ਐੱਸਆਈਟੀ ਹੋਰ ਦਾਅਵਾ ਕਰ ਰਹੀ ਹੈ।

ਐੱਸਆਈਟੀ ਦੇ ਇੱਕ ਸੂਤਰ ਨੇ ਦਿ ਕੁਇੰਟ ਨੂੰ ਦੱਸਿਆ, "ਉਸ ਵੱਲੋਂ (ਆਸ਼ੀਸ਼ ਮਿਸ਼ਰਾ) ਪੇਸ਼ ਕੀਤੇ ਗਏ ਵੀਡੀਓਜ਼ ਅਤੇ ਫੋਟੋਆਂ ਵਿੱਚ ਘਟਨਾ ਦੇ ਦਿਨ ਦੁਪਹਿਰ 3 ਵਜੇ ਤੋਂ ਤਕਰੀਬਨ ਇੱਕ ਘੰਟਾ ਤੱਕ ਉਸ ਦੇ ਠਿਕਾਣਿਆਂ ਦਾ ਇੱਕ ਮਹੱਤਵਪੂਰਣ ਹਿੱਸਾ ਗੁੰਮ ਹੈ। ਇੱਥੋਂ ਤੱਕ ਕਿ ਉਸਦੇ ਵਕੀਲ ਵੀ ਇਸ ਨੂੰ ਸਵੀਕਾਰ ਕਰਨਗੇ।"

ਕੋਵੈਕਸੀਨ ਨੂੰ 2-18 ਸਾਲ ਦੇ ਬੱਚਿਆਂ ਲਈ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ

ਦਿ ਟ੍ਰਿਬਿਊਨ ਮੁਤਾਬਕ ਦੇਸ ਵਿੱਚ ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਟੀਕਾ ਐਮਰਜੈਂਸੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।

ਭਾਰਤ ਬਾਇਓਟੈੱਕ ਅਤੇ ਆਈਸੀਐੱਮਆਰ ਨੇ ਮਿਲ ਕੇ ਕੋਵੈਕਸੀਨ ਬਣਾਇਆ ਹੈ।

ਕੋਰੋਨਾਵਾਇਰਸ ਰੋਕੂ ਟੀਕਾ ਕਲੀਨਿਕਲ ਟਰਾਇਲਜ਼ ਵਿੱਚ ਲਗਭਗ 78 ਫ਼ੀਸਦ ਪ੍ਰਭਾਵਸ਼ਾਲੀ ਸਾਬਤ ਹੋਇਆ।

ਇਸ ਤੋਂ ਪਹਿਲਾਂ ਡੀਸੀਜੀਆਈ ਨੇ ਜ਼ਾਇਡਸ ਕੈਡੀਲਾ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਅਸਿਸਟੈਂਟ ਪ੍ਰੋਫੈੱਸਰ ਭਰਤੀ ਲਈ ਯੂਜੀਸੀ ਦਾ ਨਵਾਂ ਐਲਾਨ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਕੋਵਿਡ -19 ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਹਾਇਕ ਪ੍ਰੋਫੈੱਸਰ ਵਜੋਂ ਭਰਤੀ ਲਈ ਪੀਐੱਚਡੀ ਜੂਨ 2023 ਤੱਕ ਲਾਜ਼ਮੀ ਨਹੀਂ ਹੋਵੇਗੀ।

2018 ਵਿੱਚ ਯੂਜੀਸੀ ਨੇ ਤੈਅ ਕੀਤਾ ਸੀ ਕਿ ਜੁਲਾਈ 2021 ਤੋਂ ਸਿੱਧੀ ਭਰਤੀ ਲਈ ਪੀਐੱਚਡੀ ਲਾਜ਼ਮੀ ਹੋਵੇਗੀ।

ਹਾਲਾਂਕਿ ਦੇਸ ਭਰ ਦੇ ਉਮੀਦਵਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਾਤਾਂ ਵਿੱਚ ਪੀਐੱਚਡੀ ਨੂੰ ਪੂਰਾ ਕਰਨ ਵਿੱਚ ਮੁਸ਼ਕਿਲਾਂ ਦੇ ਕਾਰਨ ਨਿਯਮ ਲਾਗੂ ਕਰਨ ਨੂੰ ਫਿਲਹਾਲ ਰੋਕਿਆ ਜਾਵੇ।

ਮੰਗਲਵਾਰ ਨੂੰ ਯੂਜੀਸੀ ਨੇ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੀਐੱਚਡੀ ਨੂੰ ਲਾਜ਼ਮੀ ਯੋਗਤਾ ਵਜੋਂ ਕਰਨ ਦੀ ਤਰੀਕ ਨੂੰ ਅੱਗੇ ਪਾ ਦਿੱਤਾ ਹੈ।

ਇੱਕ ਜੁਲਾਈ, 2021 ਦੀ ਜਗ੍ਹਾ ਹੁਣ ਇੱਕ ਜੁਲਾਈ, 2023 ਤੋਂ ਪੀਐੱਚਡੀ ਨੂੰ ਲਾਜ਼ਮੀ ਯੋਗਤਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਇੱਕ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)