You’re viewing a text-only version of this website that uses less data. View the main version of the website including all images and videos.
ਚਰਨਜੀਤ ਸਿੰਘ ਚੰਨੀ ਦੇ ਨਾਮ ਨਾਲ ’ਦਲਿਤ’ ਸ਼ਬਦ ਵਕਤੇ ਜਾਣ ਤੋਂ ਪੰਜਾਬ ਐੱਸੀ ਕਮਿਸ਼ਨ ਨੂੰ ਇਹ ਇਤਰਾਜ਼ - ਪ੍ਰੈੱਸ ਰਿਵੀਊ
ਪੰਜਾਬ ਐੱਸੀ ਕਮਿਸ਼ਨ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਨਾਲ ਮੀਡੀਆ ਅਦਾਰਿਆਂ ਵੱਲੋਂ 'ਦਲਿਤ' ਵਰਤੇ ਜਾਣ 'ਤੇ ਇਤਰਾਜ਼ ਜਾਹਰ ਕੀਤਾ ਹੈ ਅਤੇ ਕਿਹਾ ਕਿ ਇਸ ਤੋਂ ਗੁਰੇਜ਼ ਕੀਤਾ ਜਾਵੇ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਨੇ ਕਿਹਾ ਕਿ ਦਲਿਤ ਸ਼ਬਦ ਦੀ ਵਰਤੋਂ ਨਾ ਤਾਂ ਸੰਵਿਧਾਨ ਵਿੱਚ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਕਾਨੂੰਨ ਵਿੱਚ ਇਹ ਲਿਖਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਂਦਰੀ ਸਮਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਇਸ ਬਾਰੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇਸ ਹਦਾਇਤਾਂ ਜਾਰੀ ਕਰ ਚੁੱਕਿਆ ਹੈ।
ਤੇਜਿੰਦਰ ਕੌਰ ਨੇ ਇਸ ਮੌਕੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਸਾਲ 2018 ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ ਜਿਸ ਵਿੱਚ ਅਦਾਲਤ ਨੇ ਐੱਸੀ ਅਤੇ ਐੱਸਟੀ ਵਰਗ ਦੇ ਲੋਕਾਂ ਲਈ ਦਲਿਤ ਸ਼ਬਦ ਵਰਤਣ ਤੋਂ ਕੇਂਦਰ, ਸੂਬਾ ਸਰਕਾਰਾਂ ਤੇ ਉਨ੍ਹਾਂ ਦੇ ਇੰਤਜ਼ਾਮੀਆਂ ਨੂੰ ਗੁਰੇਜ਼ ਕਰਨ ਨੂੰ ਕਿਹਾ ਸੀ।
ਇਹ ਵੀ ਪੜ੍ਹੋ:
ਭਾਰਤੀ ਵੈਕਸੀਨ ਬਾਰੇ ਭਾਰਤ ਦੀ ਬ੍ਰਿਟੇਨ ਨੂੰ ਇਹ ਚੇਤਾਵਨੀ
ਮੰਗਲਵਾਰ ਨੂੰ ਭਾਰਤ ਨੇ ਬ੍ਰਿਟੇਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਭਾਰਤੀ ਕੋਵਿਡ ਵੈਕਸੀਨ ਨੂੰ ਮਾਨਤਾ ਨਾ ਦਿੱਤੀ ਤਾਂ ਉਹ ਵੀ ਸਾਂਵੀਂ ਕਾਰਵਾਈ ਕਰ ਸਕਦਾ ਹੈ।
ਭਾਰਤ ਨੇ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਬ੍ਰਿਟੇਨ ਵੱਲੋਂ ਕੋਵੀਸ਼ੀਲਡ ਦੇ ਮੁਕੰਮਲ ਟੀਕਾਰਰਨ ਵਾਲਿਆਂ ਉੱਪਰੋਂ ਸਫ਼ਰੀ ਪਾਬੰਦੀਆਂ ਨਾ ਹਟਾਉਣ ਦੇ ਕਦਮ ਨੂੰ "ਭੇਦਭਾਵ ਵਾਲਾ" ਦੱਸਿਆ ਹੈ।
ਬ੍ਰਿਟਿਸ਼ ਸਰਕਾਰ ਵੱਲੋਂ ਜਾਰੀ ਨਵੀਆਂ ਸਫ਼ਰ ਹਦਾਇਤਾਂ ਮੁਤਾਬਕ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਬਣਾਈ ਗਈ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੋਵੀਸ਼ੀਲਡ ਟੀਕੇ ਲਗਵਾ ਚੁੱਕੇ ਲੋਕਾਂ ਨੂੰ ਬਿਨਾਂ ਟੀਕਾ ਲੱਗੇ ਮੰਨਿਆ ਜਾਵੇਗਾ ਅਤੇ 10 ਦਿਨਾਂ ਦੇ ਲਾਜ਼ਮੀ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ।
ਭਾਰਤ ਦੇ ਇਤਰਾਜ਼ ਤੋਂ ਬਾਅਦ ਬ੍ਰਿਟੇਨ ਨੇ ਕਿਹਾ ਹੈ ਕਿ ਮਸਲਾ ਸੁਲਝਾ ਲਿਆ ਜਾਵੇਗਾ।
ਤਾਲਿਬਾਨ ਨੇ ਯੂਐੱਨ ਵਿੱਚ ਨੁਮਾਇੰਦਾ ਨਾਮਜ਼ਦ ਕੀਤਾ
ਯੂਐੱਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਤਾਲਿਬਾਨ ਨੇ ਸੰਯੁਕਤ ਰਾਸ਼ਟਰ ਲਈ ਇੱਕ ਸਫੀਰ ਨਾਮਜ਼ਦ ਕੀਤਾ ਹੈ ਜੋ ਕਿ ਵਿਸ਼ਵੀ ਪੰਚਾਇਤ ਵਿੱਚ ਅਫ਼ਗਾਨਿਸਤਾਨ ਦੀ ਨੁਮਾਇੰਦਗੀ ਕਰੇਗਾ।
ਨਿਊ ਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਤਾਲਿਬਾਨ ਜਿਨ੍ਹਾਂ ਨੇ ਪਿਛਲੇ ਮਹੀਨੇ ਹੀ ਅਫ਼ਗਾਨਿਸਤਾਨ ਉੱਪਰ ਮੁੜ ਅਧਿਕਾਰ ਕੀਤਾ ਹੈ, ਵੱਲੋਂ ਲਾਇਆ ਨੁਮਾਇੰਦਾ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗੁਲਾਮ ਇਸਾਕਜ਼ਈ ਦੀ ਥਾਂ ਲਵੇਗਾ।
ਸੰਯੁਕਤ ਰਾਸ਼ਟਰ ਨੂੰ ਭੇਜੀ ਚਿੱਠੀ ਮੁਤਾਬਕ ਤਾਲਿਬਾਨ ਨੇ ਆਪਣੇ ਬੁਲਾਰੇ ਸੋਹੇਲ ਸ਼ਾਹੀਨ ਨੂੰ ਇਸ ਜ਼ਿੰਮੇਵਾਰੀ ਲਈ ਚੁਣਿਆ ਹੈ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸ਼ਾਹੀਨ ਸੰਯੁਕਤ ਰਾਸ਼ਟਰ ਦੇ ਸੋਮਵਾਰ ਤੋਂ ਸ਼ੁਰੂ ਹੋ ਕੇ ਅਗਲੇ ਮੰਗਲਵਾਰ ਤੱਕ ਚੱਲਣ ਵਾਲੇ ਮੌਜੂਦਾ ਇਜਲਾਸ ਨੂੰ ਸੰਬੋਧਨ ਕਰਨਾ ਚਾਹੁਣਗੇ।
ਇਹ ਵੀ ਪੜ੍ਹੋ: