ਇਮਰਾਨ ਖ਼ਾਨ: ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਇਨ੍ਹਾਂ ਸ਼ਰਤਾਂ 'ਤੇ ਮਾਨਤਾ ਦੇਵੇਗਾ ਪਾਕਿਸਤਾਨ - ਬੀਬੀਸੀ ਵਿਸ਼ੇਸ਼

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਗੁਆਂਢੀ ਦੇਸ਼ ਅਫ਼ਗਾਨਿਸਤਾਨ ਵਿੱਚ ਔਰਤਾਂ ਨੂੰ ਸਿੱਖਿਆ ਹਾਸਿਲ ਕਰਨ ਤੋਂ ਰੋਕਣਾ ਗ਼ੈਰ-ਇਸਲਾਮਿਕ ਹੋਵੇਗਾ।

ਬੀਬੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਪਾਕਿਸਤਾਨ ਵੱਲੋਂ ਨਵੀਂ ਤਾਲਿਬਾਨ ਸਰਕਾਰ ਨੂੰ ਰਸਮੀਂ ਮਾਨਤਾ ਦੇਣ ਲਈ ਜ਼ਰੂਰੀ ਸ਼ਰਤਾਂ ਰੱਖੀਆਂ।

ਉਨ੍ਹਾਂ ਨੇ ਤਾਲਿਬਾਨ ਦੀ ਅਗਵਾਈ ਵਿੱਚ ਸਭ ਵਰਗਾਂ ਦੀ ਨੁੰਮਾਇੰਦਗੀ ਵਾਲੀ ਸਰਕਾਰ ਬਣਾਉਣ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਦਾ ਇਸਤੇਮਾਲ ਉਨ੍ਹਾਂ ਅੱਤਵਾਦੀਆਂ ਦੇ ਟਿਕਾਣੇ ਲਈ ਨਹੀਂ ਹੋਣਾ ਚਾਹੀਦਾ, ਜੋ ਪਾਕਿਸਤਾਨ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ।

'ਵਿਦਿਆਰਥੀਆਂ 'ਤੇ ਰੋਕ, ਗ਼ੈਰ ਇਸਲਾਮਿਕ ਵਿਚਾਰ'

ਪਿਛਲੇ ਹਫ਼ਤੇ ਹੀ ਤਾਲਿਬਾਨ ਨੇ ਸੈਕੰਡਰੀ ਸਕੂਲਾਂ ਵਿੱਚ ਕੁੜੀਆਂ ਦੇ ਆਉਣ 'ਤੇ ਫਿਲਹਾਲ ਰੋਕ ਲਗਾਈ ਹੈ ਅਤੇ ਸਿਰਫ਼ ਸੜਕਾਂ ਅਤੇ ਪੁਰਸ਼ ਅਧਿਆਪਕਾਂ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ ਗਈ ਹੈ।

ਪਰ ਇਮਰਾਨ ਖ਼ਾਨ ਨੇ ਆਸ ਜਤਾਈ ਹਨ ਕਿ ਕੁੜੀਆਂ ਨੂੰ ਛੇਤੀ ਹੀ ਸਕੂਲ ਆਉਣ ਦਿੱਤਾ ਜਾਵੇਗਾ।

ਇਮਰਾਨ ਖ਼ਾਨ ਨੇ ਬੀਬੀਸੀ ਦੇ ਜੌਨ ਸਪਿੰਸਨ ਨੂੰ ਦੱਸਿਆ, "ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਜਿੰਨੇ ਵੀ ਬਿਆਨ ਦਿੱਤੇ ਹਨ, ਉਹ ਉਤਸ਼ਾਹਜਨਕ ਹੈ।"

"ਮੇਰਾ ਮੰਨਣਾ ਹੈ ਕਿ ਉਹ ਕੁੜੀਆਂ ਨੂੰ ਸਕੂਲ ਜਾਣ ਦੀ ਆਗਿਆ ਦੇ ਦੇਣਗੇ। ਔਰਤਾਂ ਨੂੰ ਸਿੱਖਿਅਤ ਨਹੀਂ ਹੋਣਾ, ਇਹ ਵਿਚਾਰ ਗ਼ੈਰ ਇਸਲਾਮਿਕ ਹੈ ਇਸ ਦਾ ਧਰਮ ਕੋਈ ਨਾਤਾ ਨਹੀਂ ਹੈ।"

ਇਹ ਵੀ ਪੜ੍ਹੋ-

ਅਗਸਤ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ 'ਤੇ ਕੰਟਰੋਲ ਕਰ ਲਿਆ ਸੀ। ਇਸ ਤੋਂ ਬਾਅਦ ਤੋਂ ਹੀ ਇਹ ਚਿੰਤਾ ਵਧ ਗਈ ਹੈ ਕਿ ਕਿਤੇ ਉਨ੍ਹਾਂ ਦਾ ਸ਼ਾਸਨ 1990 ਦੇ ਦਹਾਕੇ ਵਾਂਗ ਤਾਂ ਨਹੀਂ ਹੈ।

ਜਦੋਂ ਤਾਲਿਬਾਨ ਨੇ ਔਰਤਾਂ ਦੇ ਅਧਿਕਾਰਾਂ 'ਤੇ ਕਾਫੀ ਪਾਬੰਦੀਆਂ ਲਗਾਈਆਂ ਹੋਈਆਂ ਸਨ।

ਹਾਲਾਂਕਿ, ਤਾਲਿਬਾਨ ਦੀ ਅਗਵਾਈ ਨੇ ਇਹ ਕਿਹਾ ਹੈ ਕਿ ਸ਼ਰੀਆ ਦੇ ਅਧੀਨ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ।

ਤਾਲਿਬਾਨ ਨੂੰ ਸਮਾਂ ਦੇਣ ਦੀ ਅਪੀਲ

ਪਿਛਲੇ ਹਫ਼ਤੇ ਕੁੜੀਆਂ ਦੇ ਸਕੂਲ ਆਉਣ ਤੋਂ ਰੋਕਣ ਦੇ ਫ਼ੈਸਲੇ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਗੁੱਸਾ ਜ਼ਾਹਿਰ ਕੀਤਾ ਗਿਆ, ਹਾਲਾਂਕਿ ਤਾਲਿਬਾਨ ਦੇ ਇੱਕ ਬੁਲਾਰੇ ਨੇ ਬਾਅਦ ਵਿੱਚ ਕਿਹਾ ਹੈ ਕਿ ਜਿੰਨਾ ਛੇਤੀ ਹੋਵੇਗਾ, ਕੁੜੀਆਂ ਸਕੂਲ ਵਾਪਸ ਆਉਣਗੀਆਂ।

ਪਰ ਹੁਣ ਵੀ ਇਹ ਸਪੱਸ਼ਟ ਨਹੀਂ ਹੈ ਕੁੜੀਆਂ ਕੀ ਵਾਕਈ ਸਕੂਲ ਵਾਪਸ ਆ ਸਕਣਗੀਆਂ ਅਤੇ ਜੇਕਰ ਉਹ ਵਾਪਸ ਪਰਤਣਗੀਆਂ, ਤਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਸਿੱਖਿਆ ਦਿੱਤੀ ਜਾਵੇਗੀ।

ਇਹ ਪੁੱਛੇ ਜਾਣ 'ਤੇ ਕਿ ਤਾਲਿਬਾਨ ਰਸਮੀਂ ਮਾਨਤਾ ਹਾਸਿਲ ਕਰਨ ਲਈ ਕੀ ਵਾਕਈ ਉਨ੍ਹਾਂ ਦੇ ਮਾਨਦੰਡਾਂ ਨੂੰ ਪੂਰਾ ਕਰੇਗਾ, ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ ਤੋਂ ਤਾਲਿਬਾਨ ਨੂੰ ਹੋਰ ਸਮਾਂ ਦੇਣ ਦੀ ਅਪੀਲ ਕੀਤੀ ਹੈ।

ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਸ 'ਤੇ ਫਿਲਹਾਲ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਨੇ ਆਸ ਜਤਾਈ ਕਿ ਅਫ਼ਗਾਨਿਸਤਾਨ ਦੀਆਂ ਔਰਤਾਂ ਆਖ਼ਰਕਾਰ ਆਪਣਾ ਅਧਿਕਾਰ ਜ਼ਰੂਰ ਹਾਸਿਲ ਕਰਨਗੀਆਂ।

ਅੱਤਵਾਦ ਦੇ ਖ਼ਿਲਾਫ਼ ਜੰਗ ਵਿੱਚ ਪਾਕਿਸਤਾਨ ਨੂੰ ਕਈ ਦੇਸ਼ਾਂ ਨੇ ਇੱਕ ਮਜ਼ਬੂਤ ਸਹਿਯੋਗੀ ਵਜੋਂ ਨਹੀਂ ਦੇਖਿਆ ਹੈ।

ਅਮਰੀਕਾ ਅਤੇ ਹੋਰਨਾਂ ਦੇਸ਼ਾਂ ਵਿੱਚ ਲੋਕ ਪਾਕਿਸਤਾਨ 'ਤੇ ਇਹ ਇਲਜ਼ਾਮ ਲਗਾਉਂਦੇ ਹਨ ਕਿ ਤਾਲਿਬਾਨ ਨੂੰ ਸਮਰਥਨ ਦਿੰਦਾ ਹਾਂ, ਹਾਲਾਂਕਿ, ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਹੈ।

ਅਮਰੀਕਾ ਵਿੱਚ 11 ਸਤੰਬਰ 2001 ਨੂੰ ਹੋਏ ਹਮਲਿਆਂ ਤੋਂ ਬਾਅਦ ਅੱਤਵਾਦ ਖ਼ਿਲਾਫ਼ ਕਥਿਤ ਜੰਗ ਵਿੱਚ ਪਾਕਿਸਤਾਨ ਨੇ ਆਪਣੇ ਆਪ ਨੂੰ ਅਮਰੀਕਾ ਦੇ ਇੱਕ ਸਹਿਯੋਗੀ ਵਜੋਂ ਪੇਸ਼ ਕੀਤਾ।

ਪਰ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਨੇ ਸੈਨਿਕ ਅਤੇ ਖ਼ੁਫ਼ੀਆਂ ਏਜੰਸੀਆਂ ਦੇ ਸੰਪਰਕ 'ਚ ਤਾਲਿਬਾਨ ਵਰਗੇ ਗੁਟਾਂ ਨਾਲ ਰਹੇ ਹਨ।

11 ਸਤੰਬਰ ਦੇ ਹਮਲਿਆਂ ਦੀ ਸਾਜਿਸ਼ ਅਫ਼ਗਾਨਿਸਤਾਨ ਵਿੱਚ ਰਚੀ ਗਈ ਸੀ।

ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਮੰਗਲਵਾਰ ਨੂੰ ਕਾਬੁਲ ਵਿੱਚ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਈ ਦੇਸ਼ ਬਿਨਾਂ ਪੜਤਾਲ ਤਾਲਿਬਾਨ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਲਗਾ ਰਹੇ ਹਨ।

ਸਮੂਹਿਕ ਫ਼ੈਸਲਾ

ਪਾਕਿਸਤਾਨ ਨੇ ਪੀਐੱਮ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਹੋਰਨਾਂ ਗੁਆਂਢੀ ਦੇਸ਼ਾਂ ਦੇ ਨਾਲ ਤਾਲਿਬਾਨ ਸਰਕਾਰ ਨੂੰ ਰਸਮੀਂ ਮਾਨਤਾ ਦੇਣ 'ਤੇ ਕੋਈ ਫ਼ੈਸਲਾ ਕਰੇਗਾ।

ਉਨ੍ਹਾਂ ਨੇ ਕਿਹਾ, "ਸਾਰੇ ਗੁਆਂਢੀ ਦੇਸ਼ ਮਿਲਣਗੇ ਅਤੇ ਦੇਖਣਗੇ ਕਿ ਉਨ੍ਹਾਂ ਨੇ ਕਿਵੇਂ ਵਿਕਾਸ ਕੀਤਾ ਹੈ। ਤਾਲਿਬਾਨ ਨੂੰ ਮਾਨਤਾ ਦੇਣੀ ਹੈ ਜਾਂ ਨਾ ਦੇਣ ਦਾ ਇੱਕ ਸਮੂਹਿਕ ਫ਼ੈਸਲਾ ਹੋਵੇਗਾ।"

ਇਮਰਾਨ ਖ਼ਾਨ ਨੇ ਤਾਲਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਇੱਕ ਸਾਂਝੀ ਸਰਕਾਰ ਬਣਾਉਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਦੇਸ਼ ਵਿੱਚ ਗ੍ਰਹਿਯੁੱਧ ਹੋ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਨੇ ਕਿਹਾ, "ਜੇਕਰ ਉਨ੍ਹਾਂ ਨੇ ਸਾਰੇ ਗੁਟਾਂ ਨੂੰ ਸ਼ਾਮਿਲ ਨਹੀਂ ਕੀਤਾ ਤਾਂ ਅੱਜ ਨਹੀਂ ਤਾਂ ਕੱਲ੍ਹ ਗ੍ਰਹਿ ਯੁੱਧ ਹੋਵੇਗਾ। ਇਸ ਦਾ ਮਤਲਬ ਇੱਕ ਅਸਥਿਰ ਅਤੇ ਅਰਾਜਕ ਅਫ਼ਗਾਨਿਸਤਾਨ, ਜੋ ਅੱਤਵਾਦੀਆਂ ਲਈ ਆਦਰਸ਼ ਸਥਾਨ ਹੋਵੇਗਾ। ਇਹ ਇੱਕ ਚਿੰਤਾ ਹੈ।"

ਮੰਗਲਵਾਰ ਨੂੰ ਤਾਲਿਬਾਨ ਨੇ ਆਪਣੀ ਸਰਕਾਰ ਦੇ ਕੁਝ ਹੋਰ ਮੰਤਰੀਆਂ ਦੇ ਨਾਮ ਦਾ ਐਲਾਨ ਕੀਤਾ, ਜੋ ਸਾਰੇ ਪੁਰਸ਼ ਹਨ।

ਇਨ੍ਹਾਂ ਵਿੱਚ ਇੱਕ ਡਾਕਟਰ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਪਰ ਜਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਵਿੱਚ ਤਾਲਿਬਾਨ ਸਮਰਥਕਾਂ ਦਾ ਪ੍ਰਭੁਤਵ ਹੈ ਅਤੇ ਘੱਟ ਗਿਣਤੀਆਂ ਨੂੰ ਕਾਫੀ ਘੱਟ ਨੁਮਾਇੰਦਗੀ ਮਿਲੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)