ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਨਾਲ ਆਪਣੇ ਰਿਸ਼ਤੇ ਨੂੰ ਇੰਝ ਬਿਆਨ ਕਰਦੀ ਸੀ

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ

ਤਸਵੀਰ ਸਰੋਤ, @SidharthShukla

ਤਸਵੀਰ ਕੈਪਸ਼ਨ, ਬਿਗ ਬੌਸ ਤੋਂ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਮਸ਼ਹੂਰ ਹੋਈ
    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਲਈ

ਬਿਗ ਬੌਸ ਸੀਜ਼ਨ-13 ਦੇ ਜੇਤੂ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਦੀ ਬੇਸਮੇਂ ਮੌਤ ਨੇ ਕਈ ਲੋਕਾਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਜਦੋਂ ਸਿਧਾਰਥ ਬਿੱਗ ਬੌਸ ਦੇ ਘਰ ਵਿੱਚ ਸਨ ਤਾਂ ਉਨ੍ਹਾਂ ਦਾ ਨਾਂ ਸ਼ਹਿਨਾਜ਼ ਗਿੱਲ ਨਾਲ ਜੁੜਿਆ।

ਉਸ ਤੋਂ ਬਾਅਦ ਦੋਸਤੀ ਦਾ ਸਿਲਸਿਲਾ ਸ਼ੁਰੂ ਹੋਇਆ।

ਦੋਵਾਂ ਦੀ ਦੋਸਤੀ ਨੂੰ ਦੇਖਦੇ ਹੋਏ ਸਿਧਾਰਥ ਅਤੇ ਸ਼ਹਿਨਾਜ਼ ਦੇ ਫੈਨਜ਼ ਨੇ ਪਿਆਰ ਨਾਲ ਦੋਵਾਂ ਨੂੰ ਇੱਕੋ ਨਾਮ 'ਸਿਡਨਾਜ਼' ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ।

ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਿਨਾਜ਼ ਨੇ ਮੁੰਬਈ ਵਿੱਚ ਆਪਣਾ ਘਰ ਉੱਥੇ ਹੀ ਲੱਭਿਆ, ਜਿੱਥੇ ਸਿਧਾਰਥ ਸ਼ੁਕਲਾ ਰਹਿੰਦੇ ਸੀ। ਸ਼ਹਿਨਾਜ਼ ਨੇ ਮੁੰਬਈ ਦੇ ਓਸ਼ੀਵਾਰਾ ਇਲਾਕੇ ਵਿੱਚ ਸਿਧਾਰਥ ਸ਼ੁਕਲਾ ਦੀ ਬਿਲਡਿੰਗ ਵਿੱਚ ਹੀ ਰਹਿਣਾ ਵੀ ਸ਼ੁਰੂ ਕਰ ਦਿੱਤਾ।

ਬਿੱਗ ਬੌਸ ਦੇ ਸੀਜ਼ਨ-1 ਤੋਂ ਸੀਜ਼ਨ-14 ਤੱਕ ਇਸ ਦੇ ਸੈੱਟ 'ਤੇ ਕਈ ਜੋੜੀਆਂ ਬਣੀਆਂ ਪਰ ਬਾਹਰ ਆਉਣ ਤੋਂ ਬਾਅਦ ਉਹ ਟੁੱਟ ਵੀ ਗਈਆਂ।

ਇਹ ਵੀ ਪੜ੍ਹੋ:

ਬਿੱਗ ਬੌਸ ਦੀਆਂ ਜੋੜੀਆਂ ਦੀ ਗੱਲ ਕਰੀਏ ਤਾਂ ਬਿੱਗ ਬੌਸ-9 ਦੇ ਜੇਤੂ ਅਦਾਕਾਰ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਹੁਣ ਤੱਕ ਇਕਲੀ ਅਜਿਹੀ ਜੋੜੀ ਹੈ ਜਿਨ੍ਹਾਂ ਨੇ ਪਿਆਰ ਤੋਂ ਸ਼ੁਰੂਆਤ ਕੀਤੀ ਅਤੇ ਵਿਆਹ ਦੇ ਬੰਧਨ ਤੱਕ ਪਹੁੰਚੇ। ਅਤੇ ਹੁਣ ਸਿਧਾਰਥ ਅਤੇ ਸ਼ਹਿਨਾਜ਼ ਦੇ ਰਿਸ਼ਤੇ ਬਾਰੇ ਵੀ ਅਜਿਹੀ ਹੀ ਚਰਚਾ ਹੋ ਰਹੀ ਸੀ।

'ਸ਼ਹਿਨਾਜ਼ ਨੂੰ ਦੇਖ ਕੇ ਅਜਿਹਾ ਲੱਗਿਆ ਜਿਵੇਂ ਤੂਫ਼ਾਨ ਆ ਕੇ ਚਲਾ ਗਿਆ'

ਸਿਧਾਰਥ ਸ਼ੁਕਲਾ ਦੀ ਮੌਤ ਨਾਲ ਉਨ੍ਹਾਂ ਦੀ ਮਾਂ ਅਤੇ ਦੋਵੇਂ ਭੈਣਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਦੇ ਦਿਲ ਵਿੱਚ ਲੁਕੇ ਹੋਏ ਦਰਦ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ।

ਸਿਧਾਰਥ ਦਾ ਅੰਤਿਮ ਸਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਹੋਇਆ। ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਵਿੱਚ ਸ਼ਹਿਨਾਜ਼ ਵੀ ਉੱਥੇ ਪਹੁੰਚ ਗਈ ਸੀ ਅਤੇ ਉਨ੍ਹਾਂ ਦੇ ਹਾਲਾਤ ਵੀ ਕਾਫੀ ਮਾੜੇ ਨਜ਼ਰ ਆ ਰਹੇ ਸਨ।

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ

ਤਸਵੀਰ ਸਰੋਤ, Umesh Shukla/BBC

ਚਸ਼ਮਦੀਦਾਂ ਅਨੁਸਾਰ ਸ਼ਹਿਨਾਜ਼ ਇਸ ਸਦਮੇ ਨਾਲ ਬੁਰੀ ਤਰ੍ਹਾਂ ਟੁੱਟ ਗਈ ਸੀ ਅਤੇ ਉਸ ਦੀਆਂ ਅੱਖਾਂ ਤੋਂ ਲਗਾਤਾਰ ਹੰਝੂ ਵਹਿ ਰਹੇ ਸਨ।

ਉਸਦੀ ਹਾਲਤ ਦੇਖ ਕੇ ਹਰ ਕੋਈ ਉਸਦੇ ਦੁੱਖ ਨੂੰ ਮਹਿਸੂਸ ਕਰ ਪਾ ਰਿਹਾ ਸੀ ਕਿ ਉਹ ਕਿੰਨੇ ਡੂੰਘੇ ਸਦਮੇ ਵਿੱਚ ਸੀ।

ਸਿਧਾਰਥ ਸ਼ੁਕਲਾ ਬਾਰੇ ਅਹਿਮ ਗੱਲਾਂ- ਵੀਡੀਓ

ਵੀਡੀਓ ਕੈਪਸ਼ਨ, ਸਿਧਾਰਥ ਸ਼ੁਕਲਾ ਬਾਰੇ ਅਹਿਮ ਗੱਲਾਂ ਜਾਣੋ

ਅਦਾਕਾਰ ਰਾਹੁਲ ਮਹਾਜਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਿਧਾਰਥ ਸ਼ੁਕਲਾ ਅਤੇ ਮੈਂ ਅਕਸਰ ਜਿਮ ਵਿੱਚ ਮਿਲਦੇ ਸੀ। ਜਦੋਂ ਸਿਧਾਰਥ ਜਿਮ ਆਉਂਦੇ ਸਨ ਤਾਂ ਉਹ ਅਕਸਰ ਮੇਰੇ ਨਾਲ ਫਿਟਨੈਸ ਬਾਰੇ ਗੱਲ ਕਰਦੇ ਸਨ। ਮੈਂ ਜਿਮ ਤੋਂ ਅਕਸਰ ਛੁੱਟੀ ਲੈ ਲੈਂਦਾ ਸੀ ਪਰ ਉਹ ਮੈਨੂੰ ਅਜਿਹਾ ਨਾ ਕਰਨ ਲਈ ਸਮਝਾਉਂਦਾ ਸੀ।

"ਸਿਧਾਰਥ ਅਤੇ ਸ਼ਹਿਨਾਜ਼ ਬਹੁਤ ਕਰੀਬੀ ਦੋਸਤ ਸਨ। ਜਦੋਂ ਮੈਂ ਅੰਤਮ ਸਸਕਾਰ ਦੌਰਾਨ ਸ਼ਹਿਨਾਜ਼ ਨੂੰ ਦੇਖਿਆ, ਮੈਂ ਵੀ ਆਪਣੇ ਹੰਝੂ ਰੋਕ ਨਹੀਂ ਸਕਿਆ।"

ਸਿਧਾਰਥ ਸ਼ੁਕਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰਨ ਜੌਹਰ ਨੇ ਉਨ੍ਹਾਂ ਨੂੰ ਆਲੀਆ ਭੱਟ ਅਤੇ ਵਰੁਨ ਧਵਨ ਦੇ ਨਾਲ ਫ਼ਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' 'ਚ ਵੱਡਾ ਬ੍ਰੇਕ ਦਿੱਤਾ

ਰਾਹੁਲ ਮਹਾਜਨ ਨੇ ਦੱਸਿਆ ਕਿ ਸ਼ਹਿਨਾਜ਼ ਬੁਰੀ ਤਰ੍ਹਾਂ ਰੋ ਰਹੀ ਸੀ।

ਉਨ੍ਹਾਂ ਨੇ ਕਿਹਾ, "ਸ਼ਹਿਨਾਜ਼ ਦੀ ਹਾਲਤ ਬਹੁਤ ਖਰਾਬ ਸੀ। ਸਿਧਾਰਥ ਨੂੰ ਗੁਆਉਣ ਦਾ ਦੁੱਖ ਉਸ ਤੋਂ ਸੰਭਾਲਿਆ ਨਹੀਂ ਜਾ ਰਿਹਾ ਸੀ। ਅਜਿਹੀ ਹਾਲਤ ਵਿੱਚ ਉਹ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਾ ਰਹੀ ਸੀ ਅਤੇ ਮੀਡੀਆ ਦੀ ਭੀੜ ਦਾ ਸਾਹਮਣਾ ਵੀ ਕਰ ਰਹੀ ਸੀ। ਉਸਦੇ ਚਿਹਰੇ ਦਾ ਪੂਰਾ ਰੰਗ ਉੱਡ ਗਿਆ ਸੀ।"

ਰਾਹੁਲ ਮਹਾਜਨ ਨੇ ਦੱਸਿਆ, ''ਉਨ੍ਹਾਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਵੱਡਾ ਤੂਫ਼ਾਨ ਆ ਕੇ ਲੰਘ ਗਿਆ ਹੋਵੇ। ਜਦੋਂ ਸਿਧਾਰਥ ਦੇ ਸਰੀਰ ਨੂੰ ਅੱਗ ਲਾਈ ਗਈ ਤਾਂ ਸ਼ਹਿਨਾਜ਼ ਦੀ ਹਾਲਤ ਮੇਰੇ ਤੋਂ ਦੇਖੀ ਨਹੀਂ ਗਈ ਅਤੇ ਮੈਂ ਉੱਥੋਂ ਚਲਾ ਗਿਆ।"

ਮਾਡਲਿੰਗ ਤੋਂ ਅਦਾਕਾਰੀ ਤੱਕ ਦਾ ਸਫ਼ਰ

ਕਈ ਸਾਲਾਂ ਤੱਕ ਮਾਡਲਿੰਗ ਕਰਨ ਤੋਂ ਬਾਅਦ ਸਿਧਾਰਥ ਸ਼ੁਕਲਾ ਨੇ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ। ਸਿਧਾਰਥ ਸ਼ੁਕਲਾ ਨੇ ਬਾਲਿਕਾ ਵਧੂ, ਦਿਲ ਸੇ ਦਿਲ ਤੱਕ, ਖਤਰੋਂ ਕੇ ਖਿਲਾੜੀ ਵਰਗੇ ਬਹੁਤ ਸਾਰੇ ਮਸ਼ਹੂਰ ਸ਼ੋਅਜ਼ ਵਿੱਚ ਯਾਦਗਾਰ ਪਰਫਾਰਮੈਂਸ ਦਿੱਤੀਆਂ।

ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਨੇ ਉਨ੍ਹਾਂ ਨੂੰ ਆਲੀਆ ਭੱਟ ਅਤੇ ਵਰੁਨ ਧਵਨ ਦੇ ਨਾਲ ਫ਼ਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' 'ਚ ਵੱਡਾ ਬ੍ਰੇਕ ਦਿੱਤਾ। ਹਾਲਾਂਕਿ, ਉਨ੍ਹਾਂ ਨੂੰ ਬਿੱਗ ਬੌਸ ਦੇ ਸੀਜ਼ਨ -13 ਵਿੱਚ ਹਿੱਸਾ ਲੈਣ ਤੋਂ ਬਾਅਦ ਪ੍ਰਸਿੱਧੀ ਮਿਲੀ।

ਸ਼ਹਿਨਾਜ਼ ਗਿੱਲ ਪੰਜਾਬ ਵਿੱਚ ਮਿਊਜ਼ਿਕ ਵੀਡੀਓਜ਼ ਅਤੇ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕਰਦੀ ਸੀ।

ਸਿਧਾਰਥ ਸ਼ੁਕਲਾ

ਤਸਵੀਰ ਸਰੋਤ, SUJIT JAISWAL/BBC

ਹਾਲਾਂਕਿ ਉਨ੍ਹਾਂ ਨੂੰ ਵੀ ਅਸਲ ਪ੍ਰਸਿੱਧੀ ਅਤੇ ਪਛਾਣ ਬਿੱਗ ਬੌਸ ਤੋਂ ਹੀ ਮਿਲੀ। ਫੈਨਜ਼ ਨੇ ਦੋਵਾਂ ਦਾ ਨਾਮ #SidNaaz ਰੱਖਿਆ।

ਇੱਕ ਦੂਜੇ ਤੋਂ ਅਣਜਾਣ ਇਹ ਦੋਵੇਂ ਜਦੋਂ ਬਿਗ ਬੌਸ-13 ਦੇ ਘਰ ਵਿੱਚ ਮਿਲੇ ਤਾਂ ਸ਼ੁਰੂਆਤ ਨੌਕਝੋਕ ਤੋਂ ਹੋਈ।

ਉਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਟਵਿੱਟਰ 'ਤੇ ਦੋਵਾਂ ਦਾ ਨਾਮ #ਸਿਡਨਾਜ਼ ਰੱਖਿਆ ਅਤੇ ਇਹ ਰੋਜ਼ਾਨਾ ਟ੍ਰੈਂਡ ਹੋਣ ਲੱਗ ਪਿਆ। ਬਿੱਗ ਬੌਸ ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ਹੈਸ਼ਟੈਗ #ਸਿਡਨਾਜ਼ ਟ੍ਰੈਂਡ ਕਰਦਾ ਰਿਹਾ।

ਸ਼ਹਿਨਾਜ਼ ਅਤੇ ਸਿਧਾਰਥ ਦੀ ਜੋੜੀ ਦੇਸ ਭਰ ਦੀਆਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਬਣ ਗਈ ਸੀ। ਫੌਨਜ਼ ਦੋਵਾਂ ਨੂੰ ਇਕੱਠੇ ਦੇਖਣ ਲਈ ਬੇਚੈਨ ਸਨ।

ਸ਼ਹਿਨਾਜ਼-ਸਿਧਾਰਥ ਆਖਰੀ ਵਾਰ 'ਡਾਂਸ ਦੀਵਾਨੇ 3' ਦੇ ਸੈੱਟ 'ਤੇ ਨਜ਼ਰ ਆਏ ਸਨ।

'ਸਿਡਨਾਜ਼' ਦੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ

ਜਦੋਂ ਕਿਸੇ ਰਿਐਲਿਟੀ ਸ਼ੋਅ ਵਿੱਚ ਕਿਸੇ ਦੇ ਪਿਆਰ ਦੀ ਚਰਚਾ ਹੋਈ ਤਾਂ ਉਨ੍ਹਾਂ ਰਿਸ਼ਤਿਆਂ ਦੇ ਟੁੱਟਣ ਦੀ ਖ਼ਬਰ ਵੀ ਉੰਨੀ ਹੀ ਤੇਜ਼ੀ ਨਾਲ ਫੈਲੀ।

ਪਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਇੱਕ ਉਦਾਹਰਣ ਬਣ ਗਈ ਜਦੋਂ ਦੋਵੇਂ ਸ਼ੋਅ ਤੋਂ ਬਾਅਦ ਵੀ ਇਕੱਠੇ ਨਜ਼ਰ ਆਉਣ ਲੱਗੇ।

ਸ਼ੋਅ ਤੋਂ ਬਾਅਦ ਦੋਵਾਂ ਨੇ ਮਿਊਜ਼ਿਕ ਐਲਬਮ 'ਭੁਲਾ ਦੂੰਗਾ' ਵਿੱਚ ਇਕੱਠੇ ਕੰਮ ਕੀਤਾ। ਲੋਕਾਂ ਨੇ ਇਸ ਦੇ ਗੀਤ ਨੂੰ ਬਹੁਤ ਪਿਆਰ ਦਿੱਤਾ।

ਸਿਧਾਰਥ ਸ਼ੁਕਲਾ

ਤਸਵੀਰ ਸਰੋਤ, @SidharthShukla

ਤਸਵੀਰ ਕੈਪਸ਼ਨ, ਸਿਧਾਰਥ ਸ਼ੁਕਲਾ ਨੇ ਬਾਲਿਕਾ ਵਧੂ, ਦਿਲ ਸੇ ਦਿਲ ਤੱਕ, ਖਤਰੋਂ ਕੇ ਖਿਲਾੜੀ ਵਰਗੇ ਬਹੁਤ ਸਾਰੇ ਮਸ਼ਹੂਰ ਸ਼ੋਅਜ਼ ਕੀਤੇ

ਜਦੋਂ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਬਿੱਗ ਬੌਸ ਓਟੀਟੀ ਵਿੱਚ ਆਏ ਤਾਂ ਉਸ ਐਪੀਸੋਡ ਨੂੰ 'ਸਿਡਨਾਜ਼ ਸਪੈਸ਼ਲ' ਕਿਹਾ ਗਿਆ। ਫੈਨਜ਼ ਸਿਡਨਾਜ਼ ਦੇ ਅਫ਼ੇਅਰ ਅਤੇ ਵਿਆਹ ਬਾਰੇ ਕਿਆਸ ਲਗਾਉਂਦੇ ਰਹੇ।

ਕੁਝ ਸਮੇਂ ਤੋਂ ਸਿਧਾਰਥ ਅਤੇ ਸ਼ਹਿਨਾਜ਼ ਦੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਸੀ। ਪਰ ਦੋਵਾਂ ਨੇ ਇਸ ਬਾਰੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ।

ਹਾਲਾਂਕਿ ਸ਼ਹਿਨਾਜ਼ ਸਿਧਾਰਥ ਦੀ ਮਾਂ ਅਤੇ ਦੋਵੇਂ ਭੈਣਾਂ ਦੇ ਬਹੁਤ ਕਰੀਬ ਹਨ। ਉਹ ਅਕਸਰ ਜਨਮ ਦਿਨ, ਸਮਾਗਮਾਂ ਅਤੇ ਸੋਸ਼ਲ ਮੀਡੀਆ ਫੋਟੋਆਂ ਵਿੱਚ ਸਿਡ ਦੇ ਪਰਿਵਾਰ ਨਾਲ ਦੇਖੀ ਜਾਂਦੀ ਰਹੀ ਹੈ।

'ਤੂੰ ਮੇਰਾ ਹੈ ਅਤੇ ਮੇਰਾ ਹੀ ਰਹੇਗਾ'

ਹਾਲ ਹੀ ਵਿੱਚ ਜਦੋਂ ਕਰਨ ਜੌਹਰ ਨੇ ਸਿਧਾਰਥ ਅਤੇ ਸ਼ਹਿਨਾਜ਼ ਨੂੰ ਬਿਗ ਬੌਸ ਓਟੀਟੀ ਵਿੱਚ ਇਕੱਠੇ ਬੁਲਾਇਆ, ਕਰਨ ਜੌਹਰ ਨੇ ਸ਼ਹਿਨਾਜ਼ ਨੂੰ ਪੁੱਛਿਆ ਕਿ ਕੀ ਉਨ੍ਹਾਂ ਵਿੱਚ ਆਏ ਬਦਲਾਅ ਦਾ ਕਾਰਨ ਸਿਧਾਰਥ ਹਨ?

ਇਸ 'ਤੇ, ਸ਼ਹਿਨਾਜ਼ ਨੇ ਸ਼ਰਮਾਉਂਦੇ ਹੋਏ ਜਵਾਬ ਦਿੱਤਾ, “ਦੇਖੋ ਜੇ ਮੈਂ ਅਦਾਕਾਰਾ ਬਣਨਾ ਚਾਹੁੰਦੀ ਹਾਂ, ਤਾਂ ਮੈਨੂੰ ਖੁਦ ਨੂੰ ਬਦਲਣਾ ਪਿਆ।”

ਸ਼ਹਿਨਾਜ਼ ਨੇ ਕਿਹਾ, "ਜਦੋਂ ਸਭ ਮੈਨੂੰ ਇੰਨਾ ਪਿਆਰ ਕਰਦੇ ਹਨ ਤਾਂ ਕਿਉਂ ਨਾ ਮੈਂ ਵੀ ਖੁਦ ਨੂੰ ਬਦਲਣ ਲਈ ਸਖ਼ਤ ਮਿਹਨਤ ਕਰਾਂ?"

ਫਿਰ ਕਰਨ ਜੌਹਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਅੱਖਾਂ-ਅੱਖਾਂ ਵਿੱਚ ਵੀ ਕੋਈ ਇਸ਼ਾਰਾ ਹੋ ਗਿਆ?

ਜਵਾਬ ਵਿੱਚ ਸਿਧਾਰਥ ਨੇ ਕਿਹਾ ਕਿ ਉਸਦੇ ਇਸ਼ਾਰੇ ਪਹਿਲਾਂ ਕਿਤੇ ਹੋਰ ਹੋਏ ਸਨ। ਉਸ ਗੱਲ ਨੂੰ ਕੱਟਦੇ ਹੋਏ, ਸ਼ਹਿਨਾਜ਼ ਨੇ ਜਵਾਬ ਦਿੱਤਾ ਕਿ ਅੰਤ ਵਿੱਚ ਤੁਹਾਨੂੰ ਜੋ ਮਿਲਦਾ ਹੈ, ਉਹੀ ਤੁਹਾਡਾ ਹੁੰਦਾ ਹੈ।

ਇਸ 'ਤੇ ਕਰਨ ਜੌਹਰ ਨੇ ਕਿਹਾ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਇਹ ਮਿਲ ਗਿਆ?

ਜਿਸ ਦੇ ਜਵਾਬ ਵਿੱਚ ਸ਼ਹਿਨਾਜ਼ ਨੇ ਕਿਹਾ, "ਇਹ ਜਿਵੇਂ ਵੀ ਮਿਲਿਆ ਪਰ ਤੁਸੀਂ ਮੇਰਾ ਡਾਇਲਾਗ ਨਹੀਂ ਸੁਣਿਆ ਕਿ 'ਤੂੰ ਮੇਰਾ ਹੈ ਅਤੇ ਮੇਰਾ ਹੀ ਰਹੇਗਾ ਅਤੇ ਮੈਂ ਉਸ ਨੂੰ ਫਾੜ ਕੇ ਰੱਖ ਦੇਵਾਂਗਾ, ਜਿਸਨੇ ਵੀ ਤੇਨੂੰ ਦੇਖਿਆ।"

ਇਹ ਵੀ ਪੜ੍ਹੋ:

ਸ਼ਹਿਨਾਜ਼ ਨੇ ਉਸ ਸ਼ੋਅ ਵਿੱਚ ਇੱਕ ਡਾਇਲਗ ਬੋਲਿਆ, 'ਮੈਂ ਟਰਾਫੀ ਨਹੀਂ, ਤੈਨੂੰ ਜਿੱਤਣਾ ਹੈ।'

ਕਰਨ ਨੇ ਕਿਹਾ ਕਿ ਹੁਣ ਤਾਂ ਤੁਸੀਂ ਸਿਧਾਰਥ ਨੂੰ ਜਿੱਤ ਲਿਆ ਹੈ।

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ

ਤਸਵੀਰ ਸਰੋਤ, Colors PR

ਇਸ 'ਤੇ ਸ਼ਹਿਨਾਜ਼ ਦਾ ਜਵਾਬ ਸੀ, ''ਇਹ ਪਰਿਵਾਰ ਮੇਰਾ ਹੈ। ਬੁਆਏਫ੍ਰੈਂਡ ਕੀ ਹੁੰਦਾ ਹੈ? ਮੈਨੂੰ ਲਗਦਾ ਹੈ ਕਿ ਹਰ ਰਿਸ਼ਤਾ ਬੁਆਏਫ੍ਰੈਂਡ ਵਾਲਾ ਨਹੀਂ ਹੁੰਦਾ। ਰਿਸ਼ਤਾ ਉਹ ਹੁੰਦਾ ਹੈ ਜੋ ਭਾਵਨਾਤਮਕ ਤੌਰ 'ਤੇ ਜੁੜਿਆ ਹੁੰਦਾ ਹੈ। ਸਾਡਾ ਰਿਸ਼ਤਾ ਅਜਿਹਾ ਹੀ ਹੈ।"

ਇਸੇ ਸ਼ੋਅ ਵਿੱਚ ਸ਼ਹਿਨਾਜ਼ ਨੇ ਕਰਨ ਜੌਹਰ ਨੂੰ ਕਿਹਾ ਸੀ, "ਬੁਆਏਫ੍ਰੈਂਡ-ਗਰਲਫ੍ਰੈਂਡ ਤਾਂ ਇੱਕ ਦੂਜੇ ਨੂੰ ਛੱਡ ਦਿੰਦੇ ਹਨ ਪਰ ਸਿਧਾਰਥ ਨਾਲ ਮੇਰਾ ਜੋ ਰਿਸ਼ਤਾ ਹੈ ਉਹ ਕਦੇ ਨਹੀਂ ਟੁੱਟੇਗਾ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ।"

ਸਿਧਾਰਥ ਸ਼ੁਕਲਾ ਲਈ ਇੱਕ ਸ਼ਾਂਤੀ ਅਰਦਾਸ ਸ਼ਾਮ ਪੰਜ ਵਜੇ ਰੱਖੀ ਗਈ ਹੈ। ਇਸ ਬਾਰੇ ਅਦਾਕਾਰ ਕਰਨਵੀਰ ਬੋਹਰਾ ਨੇ ਇੰਸਟਾਗ੍ਰਾਮ 'ਤੇ ਜਾਣਕਾਰੀ ਦਿੱਤੀ। ਇੱਕ ਜ਼ੂਮ ਲਿੰਕ ਵੀ ਸਾਂਝਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਅਰਦਾਸ ਸਿਧਾਰਥ ਸ਼ੁਕਲਾ ਦੀ ਮਾਂ ਅਤੇ ਭੈਣਾਂ ਵੱਲੋਂ ਕਰਵਾਈ ਜਾ ਰਹੀ ਹੈ।

ਸਿਧਾਰਥ ਸ਼ੁਕਲਾ

ਤਸਵੀਰ ਸਰੋਤ, Instagram

ਇਹ ਵੀ ਪੜ੍ਹੋ:

ਸਿਧਾਰਥ ਸ਼ੁਕਲਾ ਬਾਰੇ ਹੋਰ ਜਾਣੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)