ਕਰਤਾਰਪੁਰ ਸਾਹਿਬ ਸੰਗਤਾਂ ਦੇ ਆਉਣ ਲਈ ਪਾਕਿਸਤਾਨ ਦਾ ਨਵਾਂ ਐਲਾਨ- -ਪ੍ਰੈਸ ਰੀਵਿਊ

ਪਾਕਿਸਤਾਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਦੇ ਮੌਕੇ ਸਿੱਖ ਸੰਗਤ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪਾਕਿਸਤਾਨ ਵੱਲੋਂ ਆਖਿਆ ਗਿਆ ਹੈ ਕਿ ਕੇਵਲ ਪੂਰੀ ਤਰ੍ਹਾਂ ਨਾਲ ਕੋਰੋਨਾਵਾਇਰਸ ਖ਼ਿਲਾਫ਼ ਟੀਕਾਕਰਨ ਕਰਵਾ ਚੁੱਕੀ ਸੰਗਤ ਨੂੰ ਹੀ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਮਿਲੇਗੀ।

'ਪੰਜਾਬੀ ਟ੍ਰਿਬਿਊਨ' ਦੀ ਖ਼ਬਰ ਅਨੁਸਾਰ ਇਜਾਜ਼ਤ ਦੇਣ ਦਾ ਫੈਸਲਾ 'ਨੈਸ਼ਨਲ ਕਮਾਂਡ ਅਤੇ ਆਪਰੇਸ਼ਨ ਸੈਂਟਰ' ਵੱਲੋਂ ਲਿਆ ਗਿਆ ਹੈ।

20 ਸਤੰਬਰ ਤੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਧਾਰਮਿਕ ਸਮਾਗਮ ਸ਼ੁਰੂ ਹੋਣਗੇ।

ਕੋਰੋਨਾਵਾਇਰਸ ਕਾਰਨ ਫੈਲੀ ਮਹਾਂਮਾਰੀ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਮਾਰਚ 2020 ਤੋਂ ਬੰਦ ਹੈ।

ਇਹ ਵੀ ਪੜ੍ਹੋ:

ਖ਼ਬਰ ਮੁਤਾਬਿਕ ਕੋਰੋਨਾਵਾਇਰਸ ਦੇ ਡੈਲਟਾ ਕਿਸਮ ਕਾਰਨ ਪਾਕਿਸਤਾਨ ਨੇ ਭਾਰਤ ਨੂੰ 'ਸੀ' ਸ਼੍ਰੇਣੀ ਵਿਚ ਰੱਖਿਆ ਹੋਇਆ ਸੀ ਅਤੇ ਸਿੱਖ ਸਰਧਾਲੂਆਂ ਸਣੇ ਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਮਨਜ਼ੂਰੀ ਦੀ ਲੋੜ ਸੀ।

ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਲਈ ਸਿੱਖ ਸ਼ਰਧਾਲੂ ਕੋਰੋਨਾਵਾਇਰਸ ਖ਼ਿਲਾਫ਼ ਵੈਕਸੀਨ ਦੀਆਂ ਪੂਰੀਆਂ ਖੁਰਾਕਾਂ ਲੈ ਚੁੱਕੇ ਹੋਣ ਅਤੇ ਨਾਲ ਹੀ ਉਨ੍ਹਾਂ ਕੋਲ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਵੀ ਹੋਣੀ ਚਾਹੀਦੀ ਹੈ ਜੋ 72 ਘੰਟੇ ਤੋਂ ਵੱਧ ਪੁਰਾਣੀ ਨਾ ਹੋਵੇ।

ਹੁਰੀਅਤ ਉੱਪਰ ਲੱਗ ਸਕਦੀ ਹੈ ਯੂਏਪੀਏ ਤਹਿਤ ਪਾਬੰਦੀ

ਜੰਮੂ ਅਤੇ ਕਸ਼ਮੀਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਵੱਖਵਾਦੀ ਮੁਹਿੰਮ ਵਿੱਚ ਸ਼ਾਮਲ ਹੁਰੀਅਤ ਕਾਨਫ਼ਰੰਸ ਉੱਪਰ ਯੂਏਪੀਏ ਤਹਿਤ ਪਾਬੰਦੀ ਲੱਗ ਸਕਦੀ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਖਬਰ ਮੁਤਾਬਕ ਅਧਿਕਾਰੀਆਂ ਨੇ ਆਖਿਆ ਹੈ ਕਿ ਹੁਰੀਅਤ ਕਾਨਫਰੰਸ ਨਾਲ ਜੁੜੀਆਂ ਕੁਝ ਸੰਸਥਾਵਾਂ ਕਸ਼ਮੀਰੀ ਵਿਦਿਆਰਥੀਆਂ ਤੋਂ ਪਾਕਿਸਤਾਨ ਵਿੱਚ ਐਮਬੀਬੀਐਸ ਲਈ ਦਾਖ਼ਲੇ ਵਾਸਤੇ ਪੈਸੇ ਇਕੱਠੇ ਕਰਦੀਆਂ ਸਨ ਜਿਸ ਨੂੰ ਅੱਗੇ ਅੱਤਵਾਦ ਨਾਲ ਜੁੜੇ ਸੰਗਠਨਾਂ ਨੂੰ ਦਿੱਤਾ ਜਾਂਦਾ ਰਿਹਾ ਹੈ।

ਖ਼ਬਰਾਂ ਅਨੁਸਾਰ ਜੇਕਰ ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਕੋਈ ਵੀ ਸੰਸਥਾ ਜਾਂ ਉਸ ਨਾਲ ਜਿਹੜੀਆਂ ਸੰਸਥਾਵਾਂ ਗ਼ੈਰਕਾਨੂੰਨੀ ਕੰਮਾਂ ਵਿੱਚ ਸ਼ਾਮਿਲ ਹਨ ਤਾਂ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ। ਅਜਿਹਾ ਯੂ ਏਪੀਏ ਦੀ ਧਾਰਾ 3(1) ਤਹਿਤ ਸੰਭਵ ਹੈ।

ਹੁਰੀਅਤ ਕਾਨਫਰੰਸ ਦੀ ਸਥਾਪਨਾ 1993 ਵਿੱਚ ਹੋਈ ਸੀ ਅਤੇ ਸ਼ੁਰੂਆਤ ਜਿਸ ਨਾਲ 26 ਸਮੂਹ ਜੁੜੇ ਹੋਏ ਸਨ।

2005 ਵਿੱਚ ਕੁਝ ਸਮੂਹ ਵੱਖ ਹੋ ਗਏ ਜਿਨ੍ਹਾਂ ਦੀ ਅਗਵਾਈ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਨੇ ਕੀਤੀ।

ਮਹਾਂਮਾਰੀ ਦੌਰਾਨ ਰੇਲਵੇ ਨੂੰ 36000 ਕਰੋੜ ਦਾ ਘਾਟਾ

ਕੇਂਦਰੀ ਰੇਲ ਰਾਜ ਮੰਤਰੀ ਰਾਓ ਸਾਹਿਬ ਦਾਨਵੇ ਨੇ ਕਿਹਾ ਕਿ ਭਾਰਤ ਵਿੱਚ ਮਾਲ ਗੱਡੀਆਂ ਰੇਲਵੇ ਵਿਭਾਗ ਦੇ ਮਾਲੀਏ ਵਿੱਚ ਵੱਡਾ ਹਿੱਸਾ ਪਾਉਂਦੀਆਂ ਹਨ। ਇਸੇ ਨਾਲ ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਭਾਰਤੀ ਰੇਲ ਨੂੰ 36000 ਕਰੋੜ ਦਾ ਵੱਡਾ ਘਾਟਾ ਪਿਆ ਹੈ।

'ਦਿ ਹਿੰਦੁਸਤਾਨ ਟਾਈਮਜ਼' ਦੀ ਖਬਰ ਮੁਤਾਬਕ ਮੰਤਰੀ ਨੇ ਕਿਹਾ ਕਿ ਯਾਤਰੀਆਂ ਵਾਲੀਆਂ ਰੇਲ ਗੱਡੀਆਂ ਹਮੇਸ਼ਾਂ ਘਾਟੇ ਵਿੱਚ ਰਹਿੰਦੀਆਂ ਹਨ ਪਰ ਕਿਰਾਇਆ ਯਾਤਰੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਅਸੀਂ ਉਸ ਨੂੰ ਨਹੀਂ ਵਧਾ ਸਕਦੇ। ਮਹਾਂਮਾਰੀ ਦੌਰਾਨ ਮਾਲ ਗੱਡੀਆਂ ਨੇ ਪੂਰੇ ਦੇਸ਼ ਵਿੱਚ ਸਮਾਨ ਦੀ ਢੋਆ ਢੁਆਈ ਕੀਤੀ ਹੈ ਅਤੇ ਲੋਕਾਂ ਨੂੰ ਰਾਹਤ ਲਈ ਅਹਿਮ ਭੂਮਿਕਾ ਨਿਭਾਈ ਹੈ। ਮੰਤਰੀ ਮੁੰਬਈ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਸਨ ।

ਭਾਰਤ ਵਿੱਚ ਬੁਲੇਟ ਟਰੇਨ ਦੇ ਪ੍ਰਾਜੈਕਟ ਬਾਰੇ ਮੰਤਰੀ ਨੇ ਕਿਹਾ ਕਿ ਮੁੰਬਈ ਨਾਗਪੁਰ ਐਕਸਪ੍ਰੈੱਸ ਵੇਅ ਤੇ ਇਹ ਪ੍ਰਾਜੈਕਟ ਜਾਰੀ ਹੈ।

ਰੇਲ ਵਿਭਾਗ ਵੱਲੋਂ ਆਖਿਆ ਗਿਆ ਸੀ ਕੋਰੋਨਾਵਾਇਰਸ ਤੋਂ ਬਾਅਦ ਲੱਗੀਆਂ ਪਾਬੰਦੀਆਂ ਹੌਲੀ -ਹੌਲੀ ਹਟ ਰਹੀਆਂ ਹਨ ਅਤੇ ਰੇਲਵੇ ਨੇ ਆਪਣਾ 97% ਤੱਕ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ।

ਕੈਪਟਨ ਨੇ ਸਿੱਧੂ ਦੇ ਸਲਾਹਕਾਰ ਨੂੰ ਦਿੱਤੀ ਸਲਾਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਨੂੰ ਕਸ਼ਮੀਰ ਅਤੇ ਪਾਕਿਸਤਾਨ ਨਾਲ ਸੰਬੰਧਿਤ ਗੰਭੀਰ ਮੁੱਦਿਆਂ ਬਾਰੇ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਬਿਆਨ ਵਿੱਚ ਆਖਿਆ ਹੈ ਕਿ ਦੋਨੋਂ ਸਲਾਹਕਾਰ ਸਿੱਧੂ ਨੂੰ ਸਲਾਹ ਦੇਣ ਤੱਕ ਸੀਮਤ ਰਹਿਣ ਅਤੇ ਉਨ੍ਹਾਂ ਮੁੱਦਿਆਂ ਬਾਰੇ ਟਿੱਪਣੀ ਨਾ ਕਰਨ ਜਿਨ੍ਹਾਂ ਬਾਰੇ ਘੱਟ ਜਾਂ ਬਿਲਕੁਲ ਜਾਣਕਾਰੀ ਨਹੀਂ ਹੈ।

ਸਿੱਧੂ ਦੇ ਸਲਾਹਕਾਰ ਪਿਆਰੇ ਲਾਲ ਗਰਗ ਨੇ ਕੈਪਟਨ ਅਮਰਿੰਦਰ ਵੱਲੋਂ ਪਾਕਿਸਤਾਨ ਦੀ ਨੁਕਤਾਚੀਨੀ ਉੱਪਰ ਸਵਾਲ ਚੁੱਕੇ ਸਨ।

ਦੂਸਰੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਕਸ਼ਮੀਰ ਬਾਰੇ ਟਿੱਪਣੀ ਕੀਤੀ ਸੀ। ਆਪਣੇ ਬਿਆਨ ਵਿੱਚ ਕੈਪਟਨ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਬਿਆਨ ਤੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਆਖਿਆ ਹੈ ਕਿ ਜਨਤਕ ਬਿਆਨ ਜਾਰੀ ਕਰਨ ਨਾਲੋਂ ਬਿਹਤਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨਾਲ ਸਿੱਧੀ ਗੱਲਬਾਤ ਕਰਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)