ਓਲੰਪਿਕ ਖੇਡਾਂ ਟੋਕੀਓ 2020: ਚਾਰ ਦਹਾਕਿਆਂ ਬਾਅਦ ਮਿਲਿਆ ਓਲੰਪਿਕ ਹਾਕੀ ਦਾ ਤਮਗਾ ਮਨਪ੍ਰੀਤ ਨੇ ਕਿਸ ਨੂੰ ਸਮਰਪਿਤ ਕੀਤਾ

ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

ਭਾਰਤੀ ਟੀਮ ਨੇ ਤੀਜੇ ਅਤੇ ਚੌਥੇ ਸਥਾਨ ਲਈ ਹੋਏ ਮੈਚ ਵਿਚ ਜਰਮਨੀ ਨੂੰ 5-4 ਨਾਲ ਹਰਾਇਆ।

41 ਸਾਲਾਂ ਬਾਅਦ ਉਲੰਪਿਕ ਵਿਚ ਮਿਲੀ ਇਸ ਜਿੱਤ ਨਾਲ ਪੂਰੇ ਮੁਲਕ ਵਿਚ ਜਸ਼ਨ ਵਰਗਾ ਮਾਹੌਲ ਹੈ, ਖਾਸਕਰ ਪੰਜਾਬ ਵਿਚ ਜਿੱਥੋਂ ਦੇ ਅੱਧੀ ਦਰਜਨ ਤੋਂ ਵੱਧ ਖਿਡਾਰੀ ਟੀਮ ਵਿਚ ਸ਼ਾਮਲ ਸਨ।

ਮੈਚ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਦੇ ਕਪਤਾਨ ਮਨਦੀਪ ਸਿੰਘ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਸਾਰੀ ਟੀਮ ਅਤੇ ਕੋਚ ਨੂੰ ਵਧਾਈ ਦਿੱਤੀ।

ਇਸੇ ਦੌਰਾਨ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਇਸ ਜਿੱਤ ਲਈ ਸਾਥੀਆਂ ਖਿਡਾਰੀਆਂ, ਕੋਚ , ਸਪੋਰਟਿੰਗ ਸਟਾਫ਼ ਅਤੇ ਦੇਸ ਵਾਸੀਆਂ ਨੂੰ ਵਧਾਈਆਂ ਦਿੱਤੀਆ।

ਉਨ੍ਹਾਂ ਕਿਹਾ, ''ਲੰਬੇ ਸਮੇਂ ਦਾ ਸੁਪਨਾ ਪੂਰਾ ਹੋ ਗਿਆ ਹੈ। ਇਹ ਸਾਰੇ ਖਿਡਾਰੀਆਂ, ਕੋਚ ਅਤੇ ਸਪੋਰਟ ਸਟਾਫ਼ ਦੀ ਸਾਂਝੀ ਕੋਸ਼ਿਸ਼ ਸੀ। ਉਨ੍ਹਾਂ ਦੀ ਅਣਥੱਕ ਮਦਦ ਕਾਰਨ ਹੀ ਸਕਾਰਾਤਮਕ ਨਤੀਜੇ ਆਏ ਹਨ।''

ਮਨਪ੍ਰੀਤ ਨੇ ਅੱਗੇ ਕਿਹਾ, ''ਮੈਂ ਇਹ ਜਿੱਤ ਕੋਵਿਡ ਵਾਰੀਅਰਜ਼ ਨੂੰ ਸਮਰਪਿਤ ਕਰਦਾ ਹਾਂ ਜੋ ਲਗਾਤਾਰ ਜ਼ਿੰਦਗੀਆਂ ਬਚਾਉਣ ਲਈ ਕੰਮ ਕਰ ਰਹੇ ਹਨ।''

''ਇਹ ਮੈਡਲ 41 ਸਾਲ ਬਾਅਦ ਆਇਆ ਹੈ ਅਤੇ ਮੈਨੂੰ ਭਰੋਸਾ ਹੈ ਕਿ ਮੇਰੀ ਟੀਮ ਆਉਣ ਵਾਲੇ ਮੁਕਾਬਲਿਆਂ ਲਈ ਸੁਧਾਰ ਤੇ ਬਿਹਤਰ ਪ੍ਰਦਰਸ਼ਨ ਜਾਰੀ ਰੱਖੇਗੀ।''

ਮੈਚ ਵਿਚ ਕੀ ਕੁਝ ਹੋਇਆ

ਮੈਚ ਦੇ ਸ਼ੁਰੂ ਵਿੱਚ ਹੀ ਜਰਮਨੀ ਨੇ ਇੱਕ ਗੋਲ ਕਰ ਦਿੱਤਾ। ਮੈਚ ਦੇ ਦੂਜੇ ਕੁਆਰਟਰ ਵਿੱਚ ਭਾਰਤ ਤੇ ਜਰਮਨੀ 3-3 ਗੋਲਾਂ ਦੀ ਬਰਾਬਰੀ 'ਤੇ ਸਨ।

ਤੀਜੇ ਕੁਆਰਟਰ ਵਿੱਚ ਭਾਰਤ ਨੂੰ ਪੈਨਲਟੀ ਸ੍ਰਟੋਕ ਮਿਲਿਆ ਤੇ ਭਾਰਤ ਨੇ ਇੱਕ ਗੋਲ ਹੋਰ ਕੀਤਾ।

ਭਾਰਤ ਨੇ ਓਲੰਪਿਕ ਹਾਕੀ ਵਿੱਚ ਆਖਰੀ ਸੋਨ ਤਗਮਾ 1980 ਵਿੱਚ ਮਾਸਕੋ ਵਿੱਚ ਜਿੱਤਿਆ ਸੀ। ਉਸ ਸਮੇਂ ਤੋਂ ਭਾਰਤ ਨੂੰ ਹਾਕੀ ਵਿੱਚ ਮੈਡਲ ਦਾ ਇੰਤਜ਼ਾਰ ਸੀ ਜੋ ਅੱਜ ਖਤਮ ਹੋਇਆ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਦੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 1-2 ਨਾਲ ਹਾਰ ਗਈ ਹੈ।

ਇਹ ਵੀ ਪੜ੍ਹੋ:

ਪੰਜਾਬ ਸਰਕਾਰ ਨੇ ਜੇਤੂ ਟੀਮ ਵਿੱਚ ਸ਼ਾਮਲ ਸੂਬੇ ਦੇ ਹਰ ਹਾਕੀ ਖਿਡਾਰੀ ਨੂੰ ਇੱਕ-ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਭਾਰਤ ਦੀ ਟੀਮ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀਨ ਨੂੰ ਇਤਿਹਾਸਿਕ ਕਿਹਾ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 41 ਸਾਲ ਬਾਅਦ ਮਿਲਿਆ ਇਹ ਤਗਮਾ ਸੋਨ ਤਗਮੇ ਦੇ ਬਰਾਬਰ ਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੂਰਾ ਭਾਰਤ ਟੀਮ ਦੇ ਨਾਲ ਜਸ਼ਨ ਮਨਾ ਰਿਹਾ ਹੈ।

ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭਾਰਤੀ ਟੀਮ ਦੇ ਖਿਡਾਰੀਆਂ ਦੀ ਸ਼ਲਾਘਾ ਕੀਤੀ।

ਭਾਰਤੀ ਟੀਮ ਦੇ ਮੈਚ ਜਿੱਤਣ ਦੇ ਕੀ ਕਾਰਨ ਹਨ

ਖੇਡ ਪੱਤਰਕਾਰ ਸੌਰਭ ਦੁੱਗਲ ਮੁਤਾਬਕ ਭਾਰਤ ਦੀ ਅਜੋਕੀ ਹਾਕੀ ਦੀ ਪੁਰਾਣੇ 11 ਓਲੰਪਿਕ ਮੈਡਲਾਂ ਨਾਲ ਤੁਲਨਾ ਕੀਤੀ ਜਾਂਦੀ ਹੈ ਅਤੇ ਦੇਸ਼ਵਾਸੀ ਇਸ ਬਾਰੇ ਭਾਵੁਕ ਹੋ ਜਾਂਦੇ ਹਨ।

ਸੌਰਭ ਨੇ ਕਿਹਾ, "ਪਹਿਲਾਂ ਜਰਮਨੀ ਨੇ ਇੱਕ ਗੋਲ ਨਾਲ ਲੀਡ ਕੀਤੀ ਅਤੇ ਫਿਰ ਭਾਰਤ ਨੇ ਬਰਾਬਰੀ ਕੀਤੀ ਅਤੇ ਮੈਚ ਨੂੰ 1-1 ਨਾਲ ਬਰਾਬਰ ਕੀਤਾ। ਜਰਮਨੀ ਇੱਕ ਵਾਰ ਫਿਰ ਅੱਗੇ ਆ ਗਈ ਸੀ ਪਰ ਭਾਰਤ ਨੇ ਆਪਣਾ ਕਿਰਦਾਰ ਦਿਖਾਉਂਦਿਆਂ ਮੈਚ ਵਿੱਚ ਵਾਪਸੀ ਕੀਤੀ।"

"ਸੈਂਕਿੰਡ ਕੁਆਰਟਰ ਦੇ ਆਖ਼ਰੀ ਪੰਜ ਮਿੰਟ ਅਤੇ ਥਰਡ ਕੁਆਰਟਰ ਦੇ ਸ਼ੁਰੂਆਤੀ ਪੰਜ ਮਿੰਟ, ਇਨ੍ਹਾਂ ਦਸ ਮਿੰਟਾਂ ਨੇ ਭਾਰਤੀ ਹਾਕੀ ਦਾ ਇਤਿਹਾਸ ਬਦਲ ਦਿੱਤਾ। ਇਨ੍ਹਾਂ ਦਸ ਮਿੰਟਾਂ ਵਿੱਚ ਹੀ ਭਾਰਤ ਨੇ ਚਾਰ ਗੋਲ ਕੀਤੇ।"

ਸੈਂਕਿਡ ਕੁਆਰਟਰ ਖ਼ਤਮ ਹੋਣ ਤੋਂ ਬਾਅਦ ਮੈਚ ਦਾ ਸਕੋਰ 3-3 ਸੀ। ਜਦੋਂ ਤੀਜਾ ਕੁਆਰਟਰ ਸ਼ੁਰੂ ਹੋਇਆ ਤਾਂ ਸ਼ੁਰੂ ਵਿੱਚ ਹੀ ਭਾਰਤ ਨੇ ਦਬਾਅ ਬਣਾਇਆ।

ਸਭ ਤੋਂ ਪਹਿਲਾਂ ਦਵਿੰਦਰਪਾਲ ਨੇ ਪੈਨਲਟੀ ਸਟਰੋਕ ਕਨਵਰਟ ਕੀਤੀ ਅਤੇ ਸਿਮਨਜੀਤ ਨੇ ਦੂਜਾ ਗੋਲ ਕੀਤਾ ਅਤੇ 5-3 ਤੋਂ ਅੱਗੇ ਲੀਡ ਲੈ ਲਈ ਸੀ।

ਉਸ ਤੋਂ ਬਾਅਦ ਜਰਮਨੀ ਦਬਾਅ ਹੇਠ ਆਇਆ ਜਦਕਿ ਭਾਰਤ ਨੇ ਆਪਣੀ ਲੀਡ ਕਾਇਮ ਰੱਖੀ। ਚੌਥੇ ਕੁਆਰਟਰ ਵਿੱਚ ਜਰਮਨੀ ਨੇ ਚੌਥਾ ਗੋਲ ਕੀਤਾ।

ਗੋਲਕੀਪਰ ਸ੍ਰੀਜੇਸ਼ ਨੇ ਬਹੁਤ ਵੱਧੀਆ ਗੋਲਕੀਪਿੰਗ ਕੀਤੀ ਅਤੇ ਜਰਮਨੀ ਨੂੰ ਐਨ ਅਖ਼ੀਰ ਵਿੱਚ ਜੋ ਮੌਕਾ ਮਿਲਿਆ ਸੀ, ਉਸ ਨੂੰ ਰੋਕਿਆ।

ਪੂਰੀ ਡਿਫ਼ੈਂਸ ਦੀ ਬਹੁਤ ਵਧੀਆ ਭੂਮਿਕਾ ਰਹੀ ਖ਼ਾਸ ਕਰਕੇ ਅਮਿਤ ਰੋਹੀ ਦੀ।

ਇਹ ਬਹੁਤ ਵੱਡੀ ਗੱਲ ਹੈ, ਉਮੀਦ ਹੈ ਇਹ ਭਾਰਤ ਵਿੱਚ ਹਾਕੀ ਦਾ ਰੁੱਖ਼ ਬਦਲੇਗੀ।

2008 ਓਲੰਪਿਕ ਵਿੱਚ ਭਾਰਤ ਕੁਆਲੀਫਾਈ ਵੀ ਨਹੀਂ ਸੀ ਕਰ ਸਕਿਆ। 2021 ਦੀਆਂ ਲੰਡਨ ਓਲੰਪਿਕ ਵਿੱਚ ਭਾਰਤ ਬਾਰਾਂ ਟੀਮਾਂ ਵਿੱਚ ਬਾਰਵੇਂ ਨੰਬਰ 'ਤੇ ਸੀ।

ਰਿਓ ਓਲੰਪਿਕ ਵਿੱਚ ਭਾਰਤ ਦਾ ਅੱਠਵਾਂ ਦਰਜਾ ਸੀ। ਜਦਕਿ ਟੋਕੀਓ ਓਲੰਪਿਕ ਵਿੱਚ ਹੁਣ ਭਾਰਤ ਬਰੌਨਜ਼ ਮੈਡਲ ਜੇਤੂ ਹੈ।

ਇਸ ਟੀਮ ਦੀ ਬਣਤਰ ਵਿੱਚ ਪੰਜਾਬ ਦਾ ਬਹੁਤ ਵੱਡਾ ਰੋਲ ਹੈ। 18 ਵਿੱਚੋਂ 10 ਖਿਡਾਰੀ ਪੰਜਾਬ ਤੋਂ ਹਨ।

ਇਸਦੀ ਨੀਂਹ ਪਰਗਟ ਸਿੰਘ ਜੋ ਕਿ ਤਤਕਾਲੀ ਡਾਇਰੈਕਟਰ ਸਪੋਰਟ ਅਤੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਵਿੱਚ ਡਾਇਰੈਕਟਰ ਕੋਚਿੰਗ ਸੁਖਬੀਰ ਗਰੇਵਾਲ, ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ।

1968 ਓਲੰਪਿਕ ਵਿੱਚ ਭਾਰਤ ਦਾ ਬਰੌਨਜ਼ ਮੈਡਲ ਸੀ। ਉਸ ਵਿੱਚ ਸੰਸਾਰਪੁਰ ਦੇ ਪੰਜ ਖਿਡਾਰੀ ਸਨ ਅਤੇ ਪੰਜਾਬ ਦੇ ਗਿਆਰਾਂ।

ਅਜੋਕੀ ਟੀਮ ਵਿੱਚ ਸੰਸਾਰਪੁਰ ਦੇ ਤਾਂ ਖਿਡਾਰੀ ਨਹੀਂ ਸਨ ਪਰ ਮਿੱਠੇਪੁਰ ਦੇ ਤਿੰਨ ਖਿਡਾਰ ਸਨ ਅਤੇ ਇੱਕ ਖੁਸਰੋਪੁਰ ਤੋਂ।

ਇਹ ਦੋਵੇਂ ਪਿੰਡ ਸੰਸਾਰਪੁਰ ਦੀ ਵਿਰਾਸਤ ਦੀ ਹੀ ਦੇਣ ਹਨ।

ਉਮੀਦ ਹੈ ਪੁਰਸ਼ ਹਾਕੀ ਟੀਮ ਦੀ ਇਸ ਜਿੱਤ ਦਾ ਅਸਰ ਮਹਿਲਾ ਹਾਕੀ ਟੀਮ ਨੂੰ ਵੀ ਉਤਾਸ਼ਾਹਿਤ ਕਰੇਗੀ ਅਤੇ ਉਹ ਵੀ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਬ੍ਰੌਨਜ਼ ਮੈਡਲ ਜਿੱਤੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)