ਓਲੰਪਿਕ ਖੇਡਾਂ ਟੋਕੀਓ 2020: ਚਾਂਦੀ ਦਾ ਤਮਗਾ ਜਿੱਤੇ ਰਵੀ ਦਹੀਆ ਨੂੰ ਕਿਸਨੇ ਕੀਤਾ ਸੀ ਤਿਆਰ

ਭਾਰਤੀ ਭਲਵਾਨ ਰਵੀ ਦਹੀਆ ਨੂੰ 57 ਕਿਲੋਗ੍ਰਾਮ ਭਾਰ ਵਰਗ ਕੈਟੇਗਰੀ ਵਿਚ ਫਾਇਨਲ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਰਵੀ ਦਹੀਆ ਨੂੰ ਰੂਸੀ ਭਲਵਾਨ ਜੇਵਰ ਉੁਗੂਏਵ ਨੇ ਮਾਤ ਦੇ ਕੇ ਟੋਕੀਓ ਓਲੰਪਿਕ ਵਿਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਣ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ਰਵੀ ਨੇ ਕਜ਼ਾਕਿਸਤਾਨ ਦੇ ਨੂਰਇਸਲਾਮ ਸਨਾਯੇਵ ਨੂੰ ਹਰਾ ਕੇ ਭਾਰਤ ਲਈ ਸਿਲਵਰ ਮੈਡਲ ਪੱਕਾ ਕੀਤਾ ਸੀ।

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਦਿਆਂ ਕਿਹਾ, "ਭਾਰਤ ਨੂੰ ਰਵੀ ਦਹੀਆ ਦੇ ਸਿਲਵਰ ਮੈਡਲ ਜਿੱਤਣ 'ਤੇ ਮਾਣ ਹੈ।"

"ਤੁਸੀਂ ਔਖੇ ਹਾਲਾਤ 'ਚੋ ਆਏ ਅਤੇ ਮੈਡਲ ਜਿੱਤਿਆ। ਇੱਕ ਸੱਚੇ ਚੈਂਪੀਅਨ ਵਾਂਗ ਤੁਸੀਂ ਆਪਣੀ ਅੰਦਰੂਨੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਮਿਸਾਲੀ ਜਿੱਤ ਅਤੇ ਭਾਰਤ ਦਾ ਮਾਣ ਵਧਾਉਣ ਲਈ ਵਧਾਈ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟੋਕੀਓ ਓਲੰਪਿਕ ਵਿਚ ਚਾਂਦੀ ਦਾ ਤਮਗਾ ਜਿੱਤਣ ਉੱਤੇ ਰਵੀ ਦਹੀਆ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ।

ਫਾਇਨਲ ਮੁਕਾਬਲੇ ਵਿਚ ਰਵੀ ਦਹੀਆ ਦੀ ਸ਼ੁਰੂਆਤ ਠੰਢੀ ਰਹੀ, ਰੂਸੀ ਭਲਵਾਨ ਜੇਵਰ ਉੁਗੂਏਵ ਸ਼ੁਰੂਆਤ ਵਿਚ 2 ਅੰਕ ਲੈਕੇ ਅੱਗੇ ਹੋ ਗਿਆ।

ਰਵੀ ਨੇ ਦੋ ਵਾਰ ਕੋਸ਼ਿਸ਼ ਕਰਕੇ 2-2 ਅੰਕ ਹਾਸਲ ਕੀਤੇ ਪਰ ਇਸੇ ਦੌਰਾਨ ਰੂਸੀ ਭਲਵਾਨ ਉਸ ਉੱਤੇ ਭਾਰੂ ਰਿਹਾ ਤੇ ਉਸ ਨੇ 7 ਅੰਕ ਹਾਸਲ ਕਰ ਲਏ।

ਸੈਮੀਫਾਇਨਲ ਵਿਚ ਰਵੀ ਕੋਲ ਪਹਿਲਾਂ ਦੋ ਅੰਕ ਸਨ ਅਤੇ ਨੂਰਿਸਲਾਮ ਦੇ 9 ਪਰ ਰਵੀ ਕੁਮਾਰ ਨੇ ਆਖ਼ਰੀ ਪਲਾਂ ਵਿਚ ਪਾਸਾ ਪਲਟ ਦਿੱਤਾ ਸੀ।

ਪਰ ਫਾਇਨਲ ਮੈਚ ਵਿਚ ਰਵੀ ਸੈਮੀਫਾਇਨਲ ਵਾਲਾ ਕਰਿਸ਼ਮਾਂ ਨਹੀਂ ਦਿਖਾ ਸਕੇ ਅਤੇ ਉਹ ਭਾਰਤ ਲਈ ਟੋਕੀਓ ਵਿਚ ਪਹਿਲਾ ਸੋਨ ਤਮਗਾ ਜਿੱਤ ਤੋਂ ਖੁੰਝ ਗਏ।

ਇਹ ਵੀ ਪੜ੍ਹੋ-

ਕਿਸ ਨੇ ਤਿਆਰ ਕੀਤਾ ਸੀ ਰਵੀ ਦਹੀਆ

ਆਲ ਇੰਡੀਆ ਰੈਸਲਿੰਗ ਫੈਡਰੇਸ਼ਨ ਦੇ ਉੱਪ ਪ੍ਰਧਾਨ ਦਰਸ਼ਨ ਲਾਲ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਰਵੀ ਨੇ ਪਹਿਲੀ ਹੀ ਓਲੰਪਿਕ ਵਿਚ ਮੈਡਲ ਜਿੱਤਿਆ ਹੈ।

ਇਹ ਰਵੀ ਦੇ ਓਲੰਪਿਕ ਕਰੀਅਰ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੁਸ਼ਤੀ ਦਾ ਭਵਿੱਖ ਬਹੁਤ ਸੁਨਹਿਰਾ ਹੈ।

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਰਵੀ ਦਹੀਆ ਨੂੰ ਭਲਵਾਨ ਸੁਸ਼ੀਲ ਕੁਮਾਰ ਨੇ ਤਿਆਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਵਾਂਗ ਦੂਜੀਆਂ ਸਰਕਾਰਾਂ ਨੂੰ ਵੀ ਵੱਡੇ ਪੱਧਰ ਉੱਤੇ ਨਰਸਰੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।

ਉਨ੍ਹਾਂ ਦਾ ਕਹਿਣ ਸੀ ਕਿ ਟੋਕੀਓ ਓਲੰਪਿਕ ਵਿਚੋਂ ਅਜੇ ਬਜਰੰਗ ਪੂਨੀਆ ਸਣੇ ਹੋਰ ਕਈ ਭਲਵਾਨਾਂ ਤੋਂ ਚੰਗੇ ਖੇਡ ਮੁਜ਼ਾਹਰੇ ਦੀ ਆਸ ਹੈ।

ਹਰਿਆਣਾ ਦੇ ਸੋਨੀਪਤ ਦੇ ਹਨ ਦਹੀਆ

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਾਹਰੀ ਪਿੰਡ ਵਿੱਚ ਜੰਮੇ ਰਵੀ ਦਹੀਆ ਅੱਜ ਜਿਸ ਮੁਕਾਮ 'ਤੇ ਪਹੁੰਚੇ ਹਨ, ਉਸ ਲਈ ਉਹ ਬੀਤੇ 13 ਸਾਲਾਂ ਤੋਂ ਦਿਨ ਰਾਤ ਲੱਗੇ ਹੋਏ ਸਨ।

ਰਵੀ ਜਿਸ ਪਿੰਡ ਦੇ ਹਨ, ਉਸ ਦੀ ਆਬਾਦੀ ਘੱਟੋ-ਘੱਟ 15 ਹਜ਼ਾਰ ਹੋਵੇਗੀ ਪਰ ਇਹ ਪਿੰਡ ਇਸ ਮਾਅਨੇ ਵਿੱਚ ਖ਼ਾਸ ਹੈ ਕਿ ਇੱਥੋਂ ਹੁਣ ਤੱਕ ਤਿੰਨ ਓਲੰਪੀਅਨ ਨਿਕਲੇ ਹਨ।

ਮਹਾਵੀਰ ਸਿੰਘ ਨੇ 1980 ਦੇ ਮਾਸਕੋ ਅਤੇ 1984 ਦੇ ਲਾਸ ਏਂਜਲਸ ਖੇਡਾਂ ਵਿੱਚ ਹਿੱਸਾ ਲਿਆ ਸੀ, ਜਦ ਕਿ ਦਹੀਆ ਲੰਡਨ 2012 ਦੇ ਓਲੰਪਿਕ ਖੇਡ ਵਿੱਚ ਵੀ ਹਿੱਸਾ ਲੈ ਚੁੱਕੇ ਹਨ।

ਇਸ ਵਿਰਾਸਤ ਨੂੰ ਰਵੀ ਦਹੀਆ ਨੇ ਨਵੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ। ਮਹਿਜ਼ 10 ਸਾਲ ਦੀ ਉਮਰ ਤੋਂ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਸਤਪਾਲ ਦੇ ਮਾਰਗ ਦਰਸ਼ਨ ਵਿੱਚ ਕੁਸ਼ਤੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ।

ਸਖ਼ਤ ਮਿਹਨਤ ਦਾ ਸਿੱਟਾ

ਉਨ੍ਹਾਂ ਦੇ ਇਸ ਸਫ਼ਰ ਵਿੱਚ ਕਿਸਾਨ ਪਿਤਾ ਰਾਕੇਸ਼ ਦਹੀਆ ਦਾ ਵੀ ਯੋਦਗਾਨ ਰਿਹਾ ਹੈ ਜੋ ਇਸ ਲੰਬੇ ਸਮੇਂ ਤੋਂ ਆਪਣੇ ਬੇਟੇ ਨੂੰ ਚੈਂਪੀਅਨ ਭਲਵਾਨ ਬਣਾਉਣ ਲਈ ਹਮੇਸ਼ਾ ਦੁੱਧ, ਮੇਵਾ ਪਹੁੰਚਾਉਂਦੇ ਰਹੇ।

ਰਵੀ ਦੇ ਪਿਤਾ ਦੇ ਸੰਘਰਸ਼ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਚਾਰ ਵਜੇ ਸਵੇਰੇ ਉੱਠ ਕੇ ਪੰਜ ਕਿਲੋਮੀਟਰ ਚੱਲ ਕੇ ਨਜ਼ਦੀਕੀ ਰੇਵਲੇ ਸਟੇਸ਼ਨ ਪਹੁੰਚਦੇ ਸਨ ਅਤੇ ਉੱਥੋਂ ਦੇ ਆਜ਼ਾਦਪੁਰ ਰੇਵਲੇ ਸਟੇਸ਼ਨ ਉੱਤੇ ਉਤਰ ਕੇ ਦੋ ਕਿਲੋਮੀਟਰ ਦੂਰ ਛਤਰਸਾਲ ਸਟੇਡੀਅਮ ਪਹੁੰਚਦੇ ਸਨ।

ਇਹ ਸਿਲਸਿਲਾ ਬੀਤੇ ਦਸ ਸਾਲਾਂ ਤੱਕ ਬਾ-ਦਸਤੂਰ ਜਾਰੀ ਰਿਹਾ।

ਪਿੰਡ ਵਿਚ ਜਸ਼ਨ ਦਾ ਮਾਹੌਲ

ਜਦੋਂ ਟੋਕੀਓ ਵਿਚ ਰਵੀ ਦਾ ਫਾਇਨਲ ਮੁਕਾਬਲਾ ਚੱਲ ਰਿਹਾ ਸੀ ਤਾਂ ਲਗਭਗ ਪੂਰਾ ਪਿੰਡ ਇਕੱਠਾ ਹੋਕੇ ਉਨ੍ਹਾਂ ਦੇ ਘਰ ਮੈਚ ਦੇਖ ਰਿਹਾ ਸੀ।

ਘਰ ਦੀ ਛੱਤ ਉੱਤੇ ਤਿਰੰਗਾ ਝੰਡਾ ਚੜਾਇਆ ਗਿਆ ਅਤੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਸ ਤਾਂ ਗੋਲਡ ਮੈਡਲ ਸੀ ਪਰ ਰਵੀ ਨੇ ਆਪਣੀ ਜ਼ੋਰ ਲਗਾਇਆ। ਅਸੀਂ ਇਸ ਵੀ ਖੁਸ਼ ਹਾਂ, ਟੱਕਰ ਪੂਰੇ ਜ਼ੋਰਾਂ 'ਤੇ ਸੀ।

ਪਿੰਡ ਵਾਲਿਆਂ ਦਾ ਕਹਿਣ ਹਾ ਕਿ ਉਹ ਰਵੀ ਦੇ ਚਾਂਦੀ ਦਾ ਤਮਗਾ ਜਿੱਤਣ ਦੀ ਖੁਸ਼ੀ ਦਿਵਾਲੀ ਵਾਂਗ ਮਨਾ ਰਹੇ ਹਨ।

ਤਗ਼ਮਿਆਂ ਦੀ ਦੌੜ

ਰਵੀ ਦਹੀਆ ਨੇ ਸਭ ਤੋਂ ਪਹਿਲਾਂ ਉਦੋਂ ਲੋਕਾਂ ਦਾ ਧਿਆਨ ਖਿੱਚਿਆ, ਜਦੋਂ 2015 ਵਿੱਚ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਉਹ ਸਿਲਵਰ ਮੈਡਲ ਜਿੱਤਣ ਵਿੱਚ ਸਫ਼ਲ ਰਹੇ।

ਇਸ ਤੋਂ ਬਾਅਦ 2018 ਵਿੱਚ ਅੰਡਰ 23 ਵਰਲਡ ਚੈਂਪੀਅਨਸ਼ਿਪ ਵਿੱਚ ਵੀ ਉਨ੍ਹਾਂ ਨੇ ਸਿਲਵਰ ਮੈਡਲ ਹਾਸਿਲ ਕੀਤਾ।

2019 ਵਿੱਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਹ ਪੰਜਵੇਂ ਸਥਾਨ 'ਤੇ ਰਹੇ ਸਨ ਪਰ 2020 ਦੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਹ ਗੋਲਡ ਮੈਡਲ ਜਿੱਤਣ ਵਿੱਚ ਸਫ਼ਲ ਰਹੇ।

ਆਪਣੀ ਇਸ ਸਫ਼ਲਤਾ ਨੂੰ ਉਨ੍ਹਾਂ ਨੇ 2021 ਵਿੱਚ ਵੀ ਬਰਕਰਾਰ ਰੱਖਿਆ ਜਦੋਂ ਏਸ਼ੀਆਈ ਵਿੱਚ ਕਾਂਸੇ ਤਗਮੇ ਜਿੱਤਣ ਤੋਂ ਬਾਅਦ ਓਲੰਪਿਕ ਕੋਟਾ ਹਾਸਿਲ ਕੀਤਾ ਸੀ, ਉਦੋਂ ਤੋਂ ਹੀ ਉਨ੍ਹਾਂ ਨੇ ਤਗਮੇ ਦੇ ਦਾਅਵੇਦਾਰਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ।

ਉਹ ਸਰਕਾਰ ਯੋਜਨਾ ਟਾਰਗੈੱਟ ਓਲੰਪਿਕ ਪੋਡੀਅਮ ਸਕੀਮ ਦਾ ਵੀ ਹਿੱਸਾ ਰਹੇ।

ਸੈਮੀਫਆਇਨਲ ਵਿਚ ਜਿੱਤ ਤੋਂ ਬਾਅਦ ਮਿਲੀਆਂ ਸਨ ਵਧਾਈਆਂ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)