ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਦਾ ਰੇੜਕਾ: ਕਾਂਗਰਸ ਵਿਧਾਇਕਾਂ ਤੋਂ ਸੁਣੋ ਕਿ ਸਿੱਧੂ, ਕੈਪਟਨ ਤੋਂ ਮਾਫ਼ੀ ਮੰਗਣਗੇ ਕਿ ਨਹੀਂ

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਪਾਰਟੀ ਦਾ ਅਨੁਸਾਸ਼ਨ ਭੰਗ ਕਰਨ ਦਾ ਇਲਜ਼ਾਮ ਲਾਇਆ ਹੈ।

ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੰਧਾਵਾ ਨੇ ਕਿਹਾ, '' ਕੈਪਟਨ ਅਮਰਿੰਦਰ ਸਿੰਘ ਜਦੋਂ ਰਹੀਸ਼ ਰਾਵਤ ਅਤੇ ਸੋਨੀਆਂ ਗਾਂਧੀ ਨੂੰ ਮਿਲੇ ਸਨ ਤਾਂ ਉਨ੍ਹਾਂ ਦੇ ਜੋ ਮਨ ਵਿੱਚ ਸੀ, ਉਨ੍ਹਾਂ ਨੂੰ ਇਹ ਸਭ ਗੱਲਾਂ ਸਪੱਸ਼ਟ ਤੌਰ ਉੱਤੇ ਉੱਥੇ ਸਾਰੀਆਂ ਗੱਲਾਂ ਕਹਿ ਦੇਣੀਆਂ ਚਾਹੀਦੀਆਂ ਸਨ।''

''ਉਨ੍ਹਾਂ ਨੂੰ ਕਹਿ ਦੇਣਾ ਚਾਹੀਦਾ ਕਿ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਆਹ ਚੀਜ਼ਾਂ ਨਹੀਂ ਕਰਦਾ, ਮੈਂ ਸਵੀਕਾਰ ਨਹੀਂ ਕਰਾਂਗਾ ਹੁਣ ਜਦੋਂ ਉਹ ਪ੍ਰਧਾਨ ਬਣ ਗਿਆ ਤਾਂ ਹੁਣ ਕਾਂਗਰਸ ਪਾਰਟੀ ਦਾ ਅਨੁਸਾਸ਼ਨ ਮੰਨਣਾ ਪਵੇਗਾ।''

ਜੋ ਗੱਲ ਰਾਹੁਲ ਗਾਂਧੀ ਨੇ ਕਹੀ ਹੈ ਕਿ ਕਾਂਗਰਸ ਵਿੱਚ ਡਰਪੋਕ ਤੇ ਪਿੱਠ ਵਿਚ ਛੁਰਾ ਮਾਰਨ ਵਾਲੇ ਤੇ ਅਨੁਸਾਸ਼ਨ ਭੰਗ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ।

ਇਸ ਲਈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਸਾਡੀ ਕਾਂਗਰਸ ਹਾਈਕਮਾਂਡ ਦਾ ਫ਼ੈਸਲਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਮੰਨਣਾ ਪਵੇਗਾ।

ਉਹਦੇ ਵਿਚ ਸਾਨੂੰ ਸਾਰਿਆਂ ਨੂੰ ਭੂਮਿਕਾ ਨਿਭਾਉਣੀ ਪਵੇਗੀ। ਜਿਹੜੇ ਲੋਕ ਅਨੁਸਾਸ਼ਨ ਭੰਗ ਕਰਦੇ ਉਨ੍ਹਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ।

ਇਹ ਵੀ ਪੜ੍ਹੋ:

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਹ ਪੰਜਾਬ ਵਿੱਚ ਵੱਖ-ਵੱਖ ਥਾਂਵਾਂ 'ਤੇ ਦੌਰੇ ਕਰ ਰਹੇ ਹਨ।

ਪ੍ਰਧਾਨ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਿੱਧੂ ਕਾਂਗਰਸੀ ਆਗੂਆਂ ਨੂੰ ਮਿਲ ਰਹੇ ਹਨ। ਕਾਂਗਰਸੀ ਲੀਡਰ ਵੀ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚ ਰਹੇ ਹਨ।

ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੁਝ ਸਮਰਥਕ ਵਿਧਾਇਕ ਤੇ ਆਗੂ ਸਿੱਧੂ ਨੂੰ ਮਿਲਣ ਤੋਂ ਕਿਨਾਰਾ ਕਰ ਰਹੇ ਹਨ।

‘ਸਿੱਧੂ ਮਾਫ਼ੀ ਕਿਉਂ ਮੰਗਣ?’

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਮਾਇਤੀਆਂ ਅਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਿਆ।

ਬੁੱਧਵਾਰ ਸਵੇਰੇ ਪੰਜਾਬ ਕਾਂਗਰਸ ਦੇ 72 ਵਿੱਚੋਂ 62 ਵਿਧਾਇਕ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ।

ਇਸ ਤੋਂ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਅਲੱਗ-ਥਲੱਗ ਪੈ ਗਏ ਹਨ।

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੂੰ ਨਾਸ਼ਤੇ ਉੱਪਰ ਆਪਣੀ ਅੰਮ੍ਰਿਤਸਰ ਵਿਚਲੀ ਰਿਹਾਇਸ਼ 'ਤੇ ਸੱਦਿਆ ਸੀ।

ਇਸ ਮੌਕੇ ਬੋਲਦਿਆਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ,"ਸਿੱਧੂ (ਮੁੱਖ ਮੰਤਰੀ ਤੋਂ) ਮਾਫੀ ਕਿਉਂ ਮੰਗਣ? ਇਹ ਜਨਤਕ ਮੁੱਦਾ ਨਹੀਂ ਹੈ। ਮੁੱਖ ਮੰਤਰੀ ਨੇ ਕਈ ਮਸਲਿਆਂ ਦਾ ਹੱਲ ਨਹੀਂ ਕੀਤਾ। ਉਸ ਸੰਬੰਧ ਵਿੱਚ ਉਨ੍ਹਾਂ ਨੂੰ ਵੀ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।"

ਕੈਪਟਨ ਅਮਰਿੰਦਰ ਸਿੰਘ ਨੇ ਕੀ ਸ਼ਰਤ ਰੱਖੀ

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਆਏ ਤਾਜ਼ਾ ਟਵੀਟ ਨੂੰ ਵੇਖ ਕੇ ਲਗਦਾ ਹੈ ਕਿ ਦੋਵਾਂ ਵਿਚਾਲੇ ਮਤਭੇਦ ਅਜੇ ਵੀ ਬਰਕਰਾਰ ਹਨ।

ਟਵੀਟ ਵਿੱਚ ਲਿਖਿਆ ਗਿਆ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੀਤੇ ਗਏ 'ਅਪਮਾਨਜਨਕ ਟਵੀਟਸ' ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਗਏ ਤਿੱਖੇ ਹਮਲਿਆਂ ਲਈ ਮਾਫ਼ੀ ਨਹੀਂ ਮੰਗ ਲੈਂਦੇ ਉਹ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਲਿਖਿਆ, ''ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਮੁੱਖ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ।''

ਠੁਕਰਾਲ ਨੇ ਟਵੀਟ ਵਿਚ ਲਿਖਿਆ ਹੈ ਕਿ ਕਿਸੇ ਨੇ ਕੋਈ ਸਮਾਂ ਨਹੀਂ ਮੰਗਿਆ ਹੈ, ਮੁੱਖ ਮੰਤਰੀ ਦੇ ਸਿੱਧੂ ਬਾਰੇ ਸਟੈਂਡ ਵਿਚ ਕੋਈ ਫਰਕ ਵੀ ਨਹੀਂ ਆਇਆ ਹੈ। ਜਦੋਂ ਤੱਕ ਉਹ ਜਨਤਕ ਮਾਫ਼ੀ ਨਹੀਂ ਮੰਗਦੇ, ਕੈਪਟਨ ਉਨ੍ਹਾਂ ਨੂੰ ਨਹੀਂ ਮਿਲਣਗੇ।

18 ਸ਼ਾਮ ਤੋਂ ਬਾਅਦ ਜੋ ਕੁਝ ਹੋਇਆ

  • 18 ਜੁਲਾਈ ਦੀ ਸ਼ਾਮ ਅਧਿਕਾਰਤ ਤੌਰ 'ਤੇ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਸ ਦੇ ਪ੍ਰਧਾਨ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਪਟਿਆਲਾ ਪਹੁੰਚੇ ਜਿੱਥੇ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
  • ਅਗਲੇ ਦਿਨ ਯਾਨਿ ਕਿ 19 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਆਪਣੇ ਨਾਲ ਥਾਪੇ ਗਏ 4 ਹੋਰ ਕਾਰਜਕਾਰੀ ਪ੍ਰਧਾਨਾਂ ਨੂੰ ਚੰਡੀਗੜ੍ਹ ਵਿੱਚ ਮਿਲੇ।
  • ਨਵਜੋਤ ਸਿੰਘ ਸਿੱਧੂ 20 ਜੁਲਾਈ ਦੀ ਸਵੇਰ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪਹੁੰਚੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਿੱਧੂ ਨਾਲ ਜਿੱਥੇ ਲੋਕਾਂ ਦਾ ਵੱਡਾ ਇਕੱਠ ਨਜ਼ਰ ਆਇਆ ਉੱਥੇ ਹੀ ਦੂਜੇ ਪਾਸੇ ਕਿਸਾਨ ਵੀ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਉਣ ਤੇ ਵਿਰੋਧ ਕਰਨ ਦੀ ਤਿਆਰੀ ਵਿੱਚ ਸਨ।
  • 20 ਤਾਰੀਕ ਸ਼ਾਮ ਨੂੰ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਲੈ ਕੇ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

ਇਹ ਵੀ ਪੜ੍ਹੋ-

ਅੰਮ੍ਰਿਤਸਰ ਵਿੱਚ ਕੱਢਿਆ ਰੋਡ ਸ਼ੋਅ

ਨਵਜੋਤ ਸਿੰਘ ਸਿੱਧੂ ਖਟਕੜ ਕਲਾਂ ਤੋਂ ਬਾਅਦ ਆਪਣੇ ਹਲਕੇ ਅੰਮ੍ਰਿਤਸਰ ਪਹੁੰਚੇ। ਇੱਥੇ ਵੀ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ।

ਮੀਂਹ ਦੇ ਬਾਵਜੂਦ ਸਿੱਧੂ ਦੇ ਰੋਡ ਸ਼ੋਅ ਵਿੱਚ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ।

ਢੋਲ ਦੀ ਧਮਕ ਵਿੱਚ ਸਿੱਧੂ ਦੇ ਹੱਕ ਵਿੱਚ ਸਮਰਥਕਾਂ ਦੇ ਜ਼ੋਰਦਾਰ ਨਾਅਰੇ ਵੀ ਸੁਣਾਈ ਦੇ ਰਹੇ ਸਨ। ਰੋਡ ਸ਼ੋਅ ਅੰਮ੍ਰਿਤਰ ਦੇ ਗੋਲਡਨ ਗੇਟ ਤੋਂ ਲੈ ਕੇ ਸ਼ਹਿਰ ਦੇ ਮੁੱਖ ਹਿੱਸਿਆ ਵਿੱਚੋਂ ਲੰਘਿਆ।

ਇੱਕ ਗੱਲ ਜੋ ਇੱਥੇ ਵੀ ਨਜ਼ਰ ਆਈ। ਉਹ ਇਹ ਸੀ ਕਿ ਹੱਥ ਵੀ ਉਨ੍ਹਾਂ ਨੇ ਭਗਤ ਸਿੰਘ ਦੀ ਤਸਵੀਰ ਫੜੀ ਹੋਈ ਸੀ।

ਆਉਣ ਵਾਲੇ ਦਿਨਾਂ ਵਿੱਚ ਨਵਜੋਤ ਸਿੰਘ ਨੇ ਆਪਣੇ ਹੋਰ ਵੀ ਪ੍ਰੋਗਰਾਮ ਤੈਅ ਕੀਤੇ ਹਨ।

ਪਰ ਇੱਕ ਗੱਲ ਜੋ ਦੇਖਣ ਵਾਲੀ ਹੈ, ਉਹ ਇਹ ਹੈ ਕਿ ਸਿੱਧੂ ਅਜੇ ਤੱਕ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲੇ।

ਪੰਜਾਬ ਦੀ ਸਿਆਸਤ ਨੂੰ ਨੇੜਿਓਂ ਵੇਖਣ ਵਾਲੇ ਵਿਸ਼ਲੇਸ਼ਕ ਮੰਨਦੇ ਹਨ ਕਿ ਇੰਝ ਲਗਦਾ ਹੈ ਕਿ ਕੈਪਟਨ ਸੁਲਾਹ ਕਰਨ ਦੇ ਰੌਂਅ ਵਿੱਚ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)