ਨਵਜੋਤ ਸਿੱਧੂ ਨੂੰ ਪ੍ਰਧਾਨਗੀ ਤਾਂ ਮਿਲ ਗਈ, ਹੁਣ ਕਾਂਗਰਸ ’ਚ ਅੱਗੇ ਕੀ ਹੋਵੇਗਾ

ਆਲ ਇੰਡੀਆ ਕਾਂਗਰਸ ਕਮੇਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਹੈ।

ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਵੀ ਬਣਾਏ ਗਏ ਹਨ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਰੀ ਸਮੇਂ ਤੱਕ ਸਿੱਧੂ ਦੀ ਪ੍ਰਧਾਨਗੀ ਰੋਕਣ ਲਈ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ।

ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਨਾਲ ਕੀ ਕਾਂਗਰਸ ਦੀ ਆਪਸੀ ਲੜਾਈ ਖ਼ਤਮ ਹੋ ਗਈ? ਇਹ ਸਮਝਣਾ ਬਹੁਤ ਜ਼ਰੂਰੀ ਹੈ।

ਸਿੱਧੂ ਦੀਆਂ ਚੁਣੌਤੀਆਂ ਕੀ-ਕੀ ਹਨ ਤੇ ਉਸ 18 ਨੁਕਾਤੀ ਪ੍ਰੋਗਰਾਮ ਦਾ ਕੀ ਬਣੇਗਾ ਜੋ ਹਾਈ ਕਮਾਂਡ ਨੇ ਕੈਪਟਨ ਨੂੰ ਚੋਣ ਤੋਂ ਪਹਿਲਾਂ ਲਾਗੂ ਕਰਨ ਲਈ ਆਖਿਆ ਹੈ।

ਕੀ ਕੈਪਟਨ ਇਸ ਨੂੰ ਲਾਗੂ ਕਰਨਗੇ ਅਤੇ ਜੇ ਨਹੀਂ ਕਰਦੇ ਤਾਂ ਕੀ ਸਿੱਧੂ ਇਸ ਦਾ ਖ਼ਮਿਆਜ਼ਾ ਭੁਗਤਣਗੇ?

ਇਸ ਬਾਰੇ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ

ਸਵਾਲ - ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਵਜੋਂ ਨਿਯੁਕਤੀ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ?

ਜਵਾਬ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੰਗ ਕੀਤੇ ਹੋਏ ਕਰੀਬ ਇੱਕ ਸਾਲ ਹੋ ਗਿਆ ਹੈ, ਇਹ ਮਸਲਾ ਬਹੁਤ ਚਿਰਾਂ ਤੋਂ ਲਟਕਿਆ ਹੋਇਆ ਸੀ ਅਤੇ ਹੁਣ ਹਰ ਦਿਨ ਹੋਰ ਉਲਝਦਾ ਜਾ ਰਿਹਾ ਸੀ, ਗਰਾਊਂਡ ਪੱਧਰ ਉੱਤੇ ਵਰਕਰ ਨਿਰਾਸ਼ ਹੋ ਰਿਹਾ ਸੀ, ਦੇਰ ਹੀ ਸਹੀ ਆਖ਼ਿਰਕਾਰ ਹਾਈ ਕਮਾਂਡ ਨੇ ਫ਼ੈਸਲਾ ਲੈ ਹੀ ਲਿਆ।

ਸਵਾਲ -ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀਆਂ ਚੁਣੌਤੀਆਂ ਕੀ ਹਨ?

ਜਵਾਬ - ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਲੋਕਾਂ ਵਿਚ ਕਿਹੜਾ ਏਜੰਡਾ ਲੈ ਕੇ ਜਾਂਦੇ ਹਨ। ਸਰਕਾਰ ਦੇ ਕੰਮਾਂ ਦੇ ਆਧਾਰ ਉੱਤੇ ਹੀ ਆਗੂ ਨੇ ਲੋਕਾਂ ਵਿੱਚ ਜਾਣਾ ਹੁੰਦਾ ਹੈ।

ਜੇ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਸਰਕਾਰ ਦੀਆਂ ਨਾਕਾਮੀਆਂ ਦਾ ਠੀਕਰਾ ਕੈਪਟਨ ਸਿਰ ਭੰਨੇ ਅਤੇ ਆਪਣਾ ਕੋਈ ਨਵਾਂ ਏਜੰਡਾ ਲਾਗੂ ਕਰੇ ਤਾਂ ਫਿਰ ਨਵਜੋਤ ਸਿੰਘ ਸਿੱਧੂ ਬਹੁਤ ਹੀ ਆਰਾਮ ਨਾਲ ਲੋਕਾਂ ਵਿੱਚ ਜਾ ਆਪਣੀ ਗੱਲ ਰੱਖ ਸਕਦੇ ਹਨ। ਇਸ ਤੋਂ ਬਿਨਾਂ ਸਿੱਧੂ ਲਈ ਬਹੁਤ ਔਖਾ ਹੋਵੇਗਾ।

ਇਹ ਵੀ ਪੜ੍ਹੋ:

ਸਵਾਲ - ਕੀ ਸਿੱਧੂ, ਉਹ 18 ਨੁਕਾਤੀ ਪ੍ਰੋਗਰਾਮ ਲਾਗੂ ਕਰਵਾ ਸਕਣਗੇ ਜੋ ਹਾਈ ਕਮਾਂਡ ਨੇ ਕੈਪਟਨ ਨੂੰ ਸੌਂਪਿਆ ਹੈ?

ਜਵਾਬ - ਜਿਹੜੀ ਸਰਕਾਰ ਚਾਰ ਸਾਲਾਂ ਵਿੱਚ ਕੁਝ ਨਹੀਂ ਕਰ ਸਕੀ ਉਸ ਤੋਂ ਇਹ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਅਗਲੇ ਛੇ ਮਹੀਨਿਆਂ ਵਿੱਚ ਇਨ੍ਹਾਂ ਨੂੰ ਲਾਗੂ ਕਰੇਗੀ।

ਅਸਲ ਵਿੱਚ ਮੇਰੇ ਖ਼ਿਆਲ ਮੁਤਾਬਕ ਕੈਪਟਨ ਸਾਹਿਬ ਨੇ ਇਸ ਵਾਰ ਸਰਕਾਰ ਚਲਾਈ ਹੀ ਨਹੀਂ। ਜਦੋਂ ਸਰਕਾਰ ਬਣੀ ਤਾਂ ਇਹ ਧਾਰਨਾ ਉੱਭਰਨ ਲੱਗੀ ਕਿ ਕੈਪਟਨ ਸਾਹਿਬ ਦੀ ਸਿਹਤ ਠੀਕ ਨਹੀਂ ਹੈ। ਇਸ ਕਰ ਕੇ ਉਹ ਲੋਕਾਂ ਵਿੱਚ ਨਹੀਂ ਜਾਂਦੇ।

ਇਸ ਧਾਰਨਾ ਨੂੰ ਠੀਕ ਕਰਨ ਦੇ ਲਈ ਮੁੱਖ ਮੰਤਰੀ ਦੇ ਸਟਾਫ਼ ਨੇ ਉਨ੍ਹਾਂ ਦੀ ਟੈਨਿਸ ਖੇਡਦਿਆਂ ਦੀ ਇੱਕ ਤਸਵੀਰ ਜਾਰੀ ਕਰ ਕੇ ਇਸ ਧਾਰਨਾ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।

ਜਦੋਂ ਅਜਿਹੀ ਗੱਲ ਹੋਵੇ ਤਾਂ ਇੱਥੋਂ ਸਿੱਧ ਹੁੰਦਾ ਹੈ ਕਿ ਗੜਬੜ ਬਹੁਤ ਵੱਡੀ ਹੈ। ਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕੋ-ਇੱਕ ਮੁੱਖ ਮੰਤਰੀ ਹਨ ਜੋ ਆਪਣੇ ਦਫ਼ਤਰ ਟਾਂਵਾਂ-ਟਾਂਵਾਂ ਹੀ ਜਾਂਦੇ ਹਨ, ਇਨ੍ਹਾਂ ਨੇ ਤਾਂ ਆਪਣੀ ਸਰਕਾਰੀ ਰਿਹਾਇਸ਼ ਵੀ ਛੱਡ ਦਿੱਤੀ ਹੈ ਅਤੇ ਨਿਊ ਚੰਡੀਗੜ੍ਹ ਵਿੱਚ ਇੱਕ ਫਾਰਮ ਹਾਊਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਸਰਕਾਰੀ ਆਵਾਸ ਉੱਤੇ ਤਾਂ ਜਨਤਾ ਫਿਰ ਵੀ ਮੁੱਖ ਮੰਤਰੀ ਨੂੰ ਮਿਲ ਸਕਦੀ ਹੈ ਪਰ ਫਾਰਮ ਹਾਊਸ ਵਿੱਚ ਤਾਂ ਬਿਨਾਂ ਪੁੱਛੇ ਦਾਖਲ ਨਹੀਂ ਹੋਇਆ ਜਾ ਸਕਦਾ।

ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਇਹ ਆਖਣਗੇ ਕਿ ਸਰਕਾਰ ਕੈਪਟਨ ਅਮਰਿੰਦਰ ਸਿੰਘ ਕਰ ਕੇ ਨਹੀਂ ਚੱਲੀ, ਸਾਨੂੰ ਕੰਮ ਕਰਨ ਦਾ ਇੱਕ ਮੌਕਾ ਹੋਰ ਦਿਓ, ਸੋ ਇਸ ਕਰ ਕੇ ਫ਼ਿਲਹਾਲ ਬਹੁਤ ਅਜੀਬ ਸਥਿਤੀ ਬਣੀ ਹੋਈ ਹੈ।

ਸਵਾਲ - ਕੀ ਸਿੱਧੂ ਅਤੇ ਕੈਪਟਨ ਸੌਖੇ ਹੀ ਇੱਕ ਮੰਚ ਉੱਤੇ ਆਉਣਗੇ?

ਜਵਾਬ - ਅਕਸਰ ਆਖਿਆ ਜਾਂਦਾ ਹੈ ਕਿ ਰਾਜਨੀਤੀ ਵਿੱਚ ਨਾ ਕੋਈ ਪੱਕਾ ਦੋਸਤ ਹੁੰਦਾ ਹੈ ਅਤੇ ਨਾ ਹੀ ਦੁਸ਼ਮਣ, ਇੱਕ ਰਾਤ ਵਿੱਚ ਹੀ ਰਿਸ਼ਤੇ ਬਦਲ ਜਾਂਦੇ ਹਨ।

ਫ਼ਿਲਹਾਲ ਸਥਿਤੀ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਔਖਾ ਕੰਮ ਹੈ ਪਰ ਅਸੰਭਵ ਨਹੀਂ, ਥੋੜ੍ਹੇ ਦਿਨਾਂ ਬਾਅਦ ਇਹ ਪਿਉ-ਪੁੱਤਰ ਦੇ ਰਿਸ਼ਤੇ ਵਿੱਚ ਆ ਸਕਦੇ ਹਨ ਜਿਵੇਂ ਪਹਿਲਾਂ ਹੋਇਆ ਸੀ ਕਿਉਂਕਿ ਦੋਵੇਂ ਪਟਿਆਲਾ ਨਾਲ ਸਬੰਧਿਤ ਹਨ ਅਤੇ ਦੋਵਾਂ ਦੀ ਪਰਿਵਾਰਕ ਸਾਂਝ ਹੈ।

ਸਵਾਲ - ਸਿੱਧੂ ਦੇ ਨਾਲ ਜੋ ਚਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਹਨ, ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ?

ਜਵਾਬ - ਮੇਰੇ ਖ਼ਿਆਲ ਨਾਲ ਇਹ ਹਾਈ ਕਮਾਂਡ ਨੇ ਸਿਰਫ਼ ਖਾਨਾ ਪੂਰਤੀ ਕੀਤੀ ਹੈ, ਅਸਲ ਵਿੱਚ ਸਾਰੇ ਭਾਈਚਾਰੇ ਨੂੰ ਬਰਾਬਰਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਆਖ਼ਿਰ ਵਿੱਚ ਚੱਲਣੀ ਪ੍ਰਧਾਨ ਦੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਵਿੱਚ ਦਲਿਤ ਭਾਈਚਾਰੇ 'ਚੋਂ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਹਿੰਦੂ ਬਰਾਦਰੀ 'ਚੋਂ ਸੁਨੀਲ ਜਾਖੜ ਅਤੇ ਜੱਟ ਸਿੱਖ ਭਾਈਚਾਰੇ 'ਚੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣ ਚੁੱਕੇ ਹਨ।

ਇਹ ਹਰ ਪਾਰਟੀ ਕਰਦੀ ਹੈ। ਜਿਵੇਂ ਹੁਣ ਸਰਕਾਰ ਬਣਨ ਉੱਤੇ ਦਲਿਤ ਨੂੰ ਉਪ ਮੰਤਰੀ ਦੇ ਅਹੁਦੇ ਦੀ ਗੱਲ ਅਕਾਲੀ ਦਲ ਨੇ ਕੀਤੀ ਹੈ।

ਇਸ ਕਰ ਕੇ ਇਸ ਗੱਲ ਦਾ ਜ਼ਿਆਦਾ ਰੌਲਾ ਪੈਣ ਕਰ ਕੇ ਕਾਂਗਰਸ ਹਾਈ ਕਮਾਂਡ ਨੇ ਇਹ ਚਾਰ ਕਾਰਜਕਾਰੀ ਪ੍ਰਧਾਨ ਜੋ ਕਿ ਵੱਖ-ਵੱਖ ਵਰਗਾਂ ਤੋਂ ਆਉਂਦੇ ਹਨ, ਨਿਯੁਕਤ ਕੀਤੇ ਹਨ।

ਅਸਲ ਵਿੱਚ ਵੋਟਰਾਂ ਨੂੰ ਆਪਣੇ ਨਾਲ ਲੈ ਕੇ ਕੌਣ ਚੱਲ ਸਕਦਾ ਹੈ ਉਸ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ, ਇਨ੍ਹਾਂ ਚਾਰਾਂ ਤੋਂ ਤਾਂ ਇਹ ਉਮੀਦ ਕੀਤੀ ਨਹੀਂ ਜਾ ਸਕਦੀ।

ਸਵਾਲ - ਕੀ ਨਵਜੋਤ ਸਿੰਘ ਸਿੱਧੂ, ਪਾਰਟੀ ਅਤੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋਣਗੇ?

ਜਵਾਬ - ਨਵਜੋਤ ਸਿੰਘ ਸਿੱਧੂ ਇੱਕ ਮਸ਼ਹੂਰ ਹਸਤੀ ਹਨ ਅਤੇ ਉਨ੍ਹਾਂ ਵਿੱਚ ਇਸ ਗੱਲ ਦੀ ਖ਼ੂਬੀ ਹੈ ਕਿ ਵੋਟਰਾਂ ਤੱਕ ਆਪਣੀ ਗੱਲ ਕਿਵੇਂ ਪਹੁੰਚਾਉਣੀ ਹੈ।

ਸਵਾਲ - ਕੀ ਕਾਂਗਰਸ ਸਰਕਾਰ ਦੇ ਚੋਣ ਵਾਅਦਿਆਂ ਬਾਰੇ ਲੋਕ ਨਵਜੋਤ ਸਿੰਘ ਸਿੱਧੂ ਤੋਂ ਸਵਾਲ ਨਹੀਂ ਪੁੱਛਣਗੇ, ਕਿਉਂਕਿ ਹੁਣ ਤੱਕ ਉਹ ਖ਼ੁਦ ਸਰਕਾਰ ਉੱਤੇ ਸਵਾਲ ਚੁੱਕਦੇ ਆਏ ਹਨ?

ਜਵਾਬ - ਬਿਲਕੁਲ ਸਵਾਲ ਹੋਣਗੇ ਇਹ ਉਨ੍ਹਾਂ ਨੂੰ ਦੇਖਣਾ ਹੋਵੇਗਾ ਕਿ ਆਪਣੀ ਹੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਹ ਕਿਵੇਂ ਆਪਣੀਆਂ ਦਲੀਲਾਂ ਨਾਲ ਲੋਕਾਂ ਵਿੱਚ ਰੱਖਣਗੇ।

ਜੇ ਉਹ ਅਜਿਹਾ ਕਰ ਗਏ ਤਾਂ ਕਾਂਗਰਸ ਦੁਬਾਰਾ ਸੱਤਾ ਵਿੱਚ ਆ ਸਕਦੀ ਹੈ ਨਹੀਂ ਤਾਂ ਲੋਕਾਂ ਦੇ ਦਿਲਾਂ ਵਿੱਚ ਗ਼ੁੱਸਾ ਫ਼ਿਲਹਾਲ ਬਰਕਰਾਰ ਹੀ ਹੈ।

ਜਦੋਂ ਇਹ ਗੱਲ ਸਪਸ਼ਟ ਹੈ ਕਿ ਪੰਜਾਬ 'ਚ ਕਾਂਗਰਸ ਨੇ ਕੁਝ ਕੀਤਾ ਹੀ ਨਹੀਂ ਅਤੇ ਪਾਰਟੀ ਦੀ ਹਾਰ ਦਿਖ ਰਹੀ ਹੋਵੇ ਤਾਂ ਤਜਰਬਾ ਕਰਨ ਵਿੱਚ ਕੋਈ ਹਰਜ ਨਹੀਂ ਹੈ ਜੋ ਕਿ ਹਾਈ ਕਮਾਂਡ ਨੇ ਹੁਣ ਸਿੱਧੂ ਨੂੰ ਪ੍ਰਧਾਨ ਬਣਾ ਕੇ ਕੀਤਾ ਹੈ।

ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਫੇਰਬਦਲ ਹੋਣਾ ਹੀ ਸੀ ਇਸ ਕਰ ਕੇ ਪਾਰਟੀ ਤਜਰਬੇ ਦੇ ਤੌਰ ਉੱਤੇ ਇਸ ਗੱਲ ਦੀ ਫ਼ਿਰਾਕ ਵਿੱਚ ਸੀ ਕਿ ਅਜਿਹਾ ਚਿਹਰਾ ਲਿਆਂਦਾ ਜਾਵੇ ਜੋ ਵੋਟਰਾਂ ਨੂੰ ਆਪਣੇ ਨਾਲ ਜੋੜ ਕੇ ਨਤੀਜੇ ਲਿਆ ਸਕੇ ਅਤੇ ਇਸ ਗੱਲ ਦਾ ਉਹ ਦਾਅਵਾ ਵੀ ਕਰਦਾ ਹੋਵੇ।

ਇਸ ਕਰ ਕੇ ਪਾਰਟੀ ਨੇ ਇਹ ਨਿਯੁਕਤੀ ਕੀਤੀ ਅਤੇ ਇਸ ਦੇ ਨਤੀਜੇ ਕੀ ਨਿਕਲਦੇ ਹਨ ਇਹ ਆਉਣ ਵਾਲਾ ਵਕਤ ਦੱਸੇਗਾ।

ਸਵਾਲ - ਕੀ ਇਹ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ?

ਜਵਾਬ - ਮੇਰੇ ਖ਼ਿਆਲ ਨਾਲ ਦੇਰ ਨਾਲ ਲਿਆ ਗਿਆ ਦਰੁਸਤ ਫ਼ੈਸਲਾ ਹੈ। ਵੈਸੇ ਵੀ ਕਾਂਗਰਸ ਹਾਈ ਕਮਾਂਡ ਆਪਣੇ ਵੱਡੇ ਨੁਕਸਾਨ ਹੁਣ ਤੱਕ ਕਰਵਾ ਚੁੱਕੀ ਹੈ ਅਤੇ ਇਸ ਤੋਂ ਬਾਅਦ ਹੀ ਇਹ ਪੰਜਾਬ ਵਿੱਚ ਲਿਆ ਗਿਆ ਪਹਿਲਾ ਫ਼ੈਸਲਾ ਹੈ, ਜਦੋਂ ਕਿ ਬਾਕੀ ਸੂਬਿਆਂ ਵਿੱਚ ਤਾਂ ਕਾਂਗਰਸ ਫ਼ੈਸਲਾ ਹੀ ਨਹੀਂ ਲੈ ਸਕੀ।

ਸਵਾਲ - ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪਾਸੇ ਕਰ ਕੇ ਹਾਈ ਕਮਾਂਡ ਨੇ ਕਿਸ ਆਧਾਰ ਉੱਤੇ ਨਵਜੋਤ ਸਿੰਘ ਸਿੱਧੂ ਉੱਤੇ ਭਰੋਸਾ ਕੀਤਾ ਹੈ?

ਜਵਾਬ- ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਦੇ ਸੋਨੀਆ ਗਾਂਧੀ ਅਤੇ ਰਾਜੀਵ ਗਾਂਧੀ ਨਾਲ ਬਹੁਤ ਗੂੜ੍ਹੇ ਰਿਸ਼ਤੇ ਹਨ, ਪਰ ਹੁਣ ਸੁਣਵਾਈ ਨਵੀਂ ਪੀੜੀ ਦੀ ਹੋ ਰਹੀ ਹੈ। ਕੈਪਟਨ ਅਮਰਿੰਦਰ ਕੰਮ ਨਹੀਂ ਕਰ ਰਹੇ ਅਤੇ ਨਵੀਂ ਪੀੜੀ ਇਸ ਨੂੰ ਪਸੰਦ ਨਹੀਂ ਕਰਦੀ।

ਇਸ ਕਰ ਕੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਚੱਲੀ। ਦੂਜਾ ਪਾਰਟੀ ਕੋਲ ਦੋ ਹੀ ਵਿਕਲਪ ਸੀ ਇੱਕ ਮਨਪ੍ਰੀਤ ਸਿੰਘ ਬਾਦਲ ਅਤੇ ਦੂਜਾ ਨਵਜੋਤ ਸਿੰਘ ਸਿੱਧੂ।

ਮਨਪ੍ਰੀਤ ਬਾਦਲ ਕਈ ਗੱਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲ ਭੁਗਤ ਗਏ ਪਰ ਸਿੱਧੂ ਆਪਣੇ ਸਟੈਂਡ ਉੱਤੇ ਕਾਇਮ ਰਹੇ ਇਸ ਕਰ ਕੇ ਕਾਂਗਰਸ ਦੀ ਨਵੀਂ ਪੀੜੀ ਦੀ ਪਸੰਦ ਨਵਜੋਤ ਸਿੰਘ ਸਿੱਧੂ ਬਣ ਗਏ ਅਤੇ ਪ੍ਰਧਾਨਗੀ ਦਾ ਅਹੁਦਾ ਲੈਣ ਵਿੱਚ ਕਾਮਯਾਬ ਹੋ ਗਏ।

ਸਵਾਲ - ਪ੍ਰਧਾਨ ਦੀ ਨਿਯੁਕਤੀ ਨਾਲ ਕੀ ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਹੋ ਗਿਆ?

ਜਵਾਬ - ਜੇ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਦਿਨਾਂ ਵਿੱਚ ਕੰਮ ਕਰਨਗੇ ਤਾਂ ਉਨ੍ਹਾਂ ਲਈ ਠੀਕ ਹੋਵੋਗਾ ਨਹੀਂ ਤਾਂ ਉਨ੍ਹਾਂ ਨੂੰ ਆਪਣਾ ਅਹੁਦਾ ਖੋਹਣਾ ਪੈ ਸਕਦਾ ਅਤੇ ਇਸ ਗੱਲ ਦਾ ਫ਼ੈਸਲਾ ਵੀ ਹਾਈ ਕਮਾਂਡ ਨੂੰ ਆਉਣ ਵਾਲੇ ਦਿਨਾਂ ਵਿੱਚ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)