ਨਵਜੋਤ ਸਿੱਧੂ ਨਾਲ 4 ਕਾਰਜਕਾਰੀ ਪ੍ਰਧਾਨ ਕਿਸ ਅਧਾਰ ’ਤੇ ਲਗਾਏ ਗਏ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ। ਕਾਂਗਰਸ ਪਾਰਟੀ ਵੱਲੋਂ ਐਤਵਾਰ ਦੇਰ ਸ਼ਾਮ ਜਾਰੀ ਰਸਮੀਂ ਪੱਤਰ ਰਾਹੀਂ ਇਹ ਐਲਾਨ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਅਤੇ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੇ ਵਿਰੋਧ ਦੇ ਬਾਵਜੂਦ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਹੈ।

ਇਸ ਮਸਲੇ ਦੀ ਸਭ ਤੋਂ ਰੋਚਕ ਗੱਲ ਇਹ ਹੈ ਕਿ ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਵੀ ਬਣਾਏ ਗਏ ਹਨ।

ਇਹ ਵੀ ਪੜ੍ਹੋ-

ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜ਼ੀਆ, ਕੁਲਜੀਤ ਸਿੰਘ ਨਾਗਰਾ ਅਤੇ ਪਵਨ ਗੋਇਲ ਨੂੰ ਕਿਸ ਅਧਾਰ ਉੱਤੇ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ, ਇਹ ਸਵਾਲ ਸਭ ਲਈ ਚਰਚਾ ਦਾ ਮੁੱਦਾ ਹੈ।

  • ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਲਾਉਣ ਪਿੱਛੇ ਪਾਰਟੀ ਵਿਚ ਸੱਤਾ ਦਾ ਵਿਕੇਂਦਰੀਕਰਨ ਇੱਕ ਕਾਰਨ ਹੋ ਸਕਦਾ ਹੈ।
  • 4 ਕਾਰਜਕਾਰੀ ਪ੍ਰਧਾਨਾਂ ਵਿਚੋਂ 3 ਸਿੱਧੇ ਰਾਹੁਲ ਗਾਂਧੀ ਬ੍ਰਿਗੇਡ ਦੇ ਆਗੂ ਸਮਝੇ ਜਾਂਦੇ ਹਨ।
  • ਜੱਟ ਸਿੱਖ ਪ੍ਰਧਾਨ ਨਾਲ ਦਲਿਤ, ਓਬੀਸੀ ਅਤੇ ਹਿੰਦੂ ਵਰਗ ਨੂੰ ਨੁਮਾਇਦਗੀ ਦੀ ਕੋਸ਼ਿਸ਼ ਇੱਥੇ ਨਜ਼ਰ ਆ ਰਹੀ ਹੈ।
  • 4 ਵਿਚੋਂ 3 ਆਗੂ ਨੌਜਵਾਨ ਚਿਹਰੇ ਹਨ ਤੇ ਇਹ ਪਾਰਟੀ ਦੀ ਅਗਵਾਈ ਲਈ ਨਵੀਂ ਲੀਡਰਸ਼ਿਪ ਨੂੰ ਮੌਕਾ ਦਿੱਤੇ ਜਾਣ ਵੱਲ ਇਸ਼ਾਰਾ ਹੈ।

ਕਾਂਗਰਸ ਦੀ 4 ਕਾਰਜਕਾਰੀ ਪ੍ਰਧਾਨ ਲਾਉਣ ਪਿੱਛੇ ਰਣਨੀਤੀ ਸਮਝਣ ਲਈ ਆਗੂਆਂ ਦਾ ਪ੍ਰੋਫਾਇਲ ਸਮਝਣ ਦੀ ਲੋੜ ਹੈ।

ਸੁਖਵਿੰਦਰ ਸਿੰਘ ਡੈਨੀ

ਸੁਖਵਿੰਦਰ ਸਿੰਘ ਡੈਨੀ ਕਾਂਗਰਸ ਦਾ ਨੌਜਵਾਨ ਦਲਿਤ ਚਿਹਰਾ ਹਨ। ਉਹ ਲੰਡਨ ਦੇ ਰੀਜੈਂਟ ਬਿਜ਼ਨਸ ਸਕੂਲ ਤੋਂ ਐੱਮਬੀਏ ਹਨ।

ਉਨ੍ਹਾਂ ਦੇ ਪਿਤਾ ਮਰਹੂਮ ਸਰਦੂਲ ਸਿੰਘ ਬੰਡਾਲਾ ਕਾਂਗਰਸ ਦੇ ਟਕਸਾਲੀ ਦਲਿਤ ਚਿਹਰਾ ਰਹੇ ਹਨ।

ਉਹ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਪਹਿਲੇ ਕਾਰਜਕਾਲ 2002-2007 ਦੌਰਾਨ ਮੰਤਰੀ ਸਨ।

ਸੁਖਵਿੰਦਰ ਸਿੰਘ ਪੰਜਾਬ ਯੂਥ ਕਾਂਗਰਸ ਦੇ ਕਾਫ਼ੀ ਸਰਗਰਮ ਆਗੂ ਰਹੇ ਹਨ ਅਤੇ ਉਹ ਰਾਹੁਲ ਗਾਂਧੀ ਦੀ ਯੂਥ ਬ੍ਰਿਗੇਡ ਦਾ ਹਿੱਸਾ ਰਹੇ ਹਨ।

2009 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਯੂਥ ਚਿਹਰੇ ਵਜੋਂ ਫਰੀਦਕੋਟ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ, ਪਰ ਉਹ ਚੋਣ ਹਾਰ ਗਏ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਖਵਿੰਦਰ ਸਿੰਘ ਡੈਨੀ ਨੇ ਅੰਮ੍ਰਿਤਸਰ ਤੇ ਅਜਨਾਲਾ ਹਲਕੇ ਤੋਂ ਚੋਣ ਲੜੀ ਤੇ ਵਿਧਾਇਕ ਬਣੇ।

ਸਮਝਿਆ ਜਾ ਰਿਹਾ ਹੈ, ਕਿ ਡੈਨੀ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਰਾਹੁਲ ਗਾਂਧੀ ਨੇ ਜਿੱਥੇ ਆਪਣੇ ਖ਼ੇਮੇ ਨੂੰ ਮਜ਼ਬੂਤ ਕੀਤਾ ਉੱਥੇ ਡੈਨੀ ਰਾਹੀਂ ਦਲਿਤ ਨੁਮਾਇੰਦੇ ਨੂੰ ਪਾਰਟੀ ਵਿਚ ਉਭਾਰਿਆ ਹੈ।

ਡੈਨੀ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਚੰਗੇ ਸਬੰਧ ਹਨ ਅਤੇ ਉਨ੍ਹਾਂ ਨਾਲ ਕਿਸੇ ਕਿਸਮ ਦਾ ਵਿਵਾਦ ਨਹੀਂ ਜੁੜਿਆ ਹੋਇਆ ਹੈ।

ਸੰਗਤ ਸਿੰਘ ਗਿਲਜ਼ੀਆਂ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੰਗਤ ਸਿੰਘ ਗਿਲਜ਼ੀਆਂ ਲਗਾਤਾਰ ਤੀਜੀ ਵਾਰ ਵਿਧਾਇਕ ਵਜੋਂ ਸੇਵਾ ਨਿਭਾ ਰਹੇ ਹਨ।

ਉਹ ਲੁਬਾਣਾ ਭਾਈਚਾਰੇ ਨਾਲ ਸਬੰਧਤ ਹੈ, ਜੋ ਕਿ ਓਬੀਸੀ ਭਾਈਚਾਰਾ ਹੈ।

ਟਾਂਡਾ ਉੜਮੜ ਹਲਕੇ ਵਿਚ ਮਜ਼ਬੂਤ ਅਧਾਰ ਦੇ ਨਾਲ-ਨਾਲ ਸੰਗਤ ਸਿੰਘ ਗਿਲਜ਼ੀਆਂ ਦਾ ਪ੍ਰਭਾਵ ਲੁਬਾਣਾ ਭਾਈਚਾਰੇ ਵਿਚ ਹੁਸ਼ਿਆਰਪੁਰ, ਕਪੂਰਥਲਾ ਤੇ ਜਲੰਧਰ ਵਿਚ ਹੈ।

ਕਾਂਗਰਸ ਪਾਰਟੀ ਦੀ ਸਿਆਸਤ ਨੂੰ ਸਮਝਣ ਵਾਲੇ ਮੰਨਦੇ ਹਨ ਕਿ ਗਿਲਜ਼ੀਆਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਕਾਂਗਰਸ ਨੇ ਦੁਆਬੇ ਖਿੱਤੇ ਦੇ ਨਾਲ-ਨਾਲ ਓਬੀਸੀ ਭਾਈਚਾਰੇ ਨੂੰ ਖ਼ੁਸ਼ ਕਰਨ ਦੀ ਕੋਸਿਸ਼ ਕੀਤੀ ਹੈ।

ਸੰਗਤ ਸਿੰਘ ਗਿਲਜ਼ੀਆ ਨੇ ਆਪਣਾ ਸਿਆਸੀ ਕਰੀਅਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਹੇ।

ਜ਼ਮੀਨੀ ਆਗੂ ਹੋਣ ਦੇ ਨਾਲ-ਨਾਲ ਉਹ ਬਾਗ਼ੀ ਸੁਭਾਅ ਦੇ ਵੀ ਹਨ, 2007 ਵਿਚ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ, ਪਰ ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ।

ਉਸ ਤੋਂ ਬਾਅਦ ਵੀ ਉਹ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਵਲੋਂ ਲੜੇ ਅਤੇ ਵਿਧਾਨ ਸਭਾ ਤੱਕ ਪਹੁੰਚੇ।

ਉਹ ਕਾਂਗਰਸ ਦੇ ਵਿਧਾਇਕਾਂ ਵਿਚੋਂ ਤੀਜੀ ਵਾਰ ਵਿਧਾਇਕ ਬਣੇ ਸਨ ਅਤੇ ਸੀਨੀਅਰ ਵਿਧਾਇਕ ਹੋਣ ਦੇ ਬਾਵਜੂਦ ਜਦੋਂ ਅਮਰਿੰਦਰ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤੇ ਗਏ ਤਾਂ ਉਨ੍ਹਾਂ 2018 ਵਿਚ ਪੰਜਾਬ ਕਾਂਗਰਸ ਦੀ ਉੱਪ ਪ੍ਰਧਾਨਗੀ ਤੋਂ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ-

ਉਹ ਪਹਿਲਾਂ ਕੈਪਟਨ ਅਮਰਿੰਦਰ ਧੜੇ ਦੇ ਵਿਧਾਇਕ ਸਮਝੇ ਜਾਂਦੇ ਸਨ, ਪਰ ਬਾਅਦ ਵਿਚ ਉਹ ਨਵਜੋਤ ਸਿੱਧੂ ਵੱਲ ਝੁਕ ਗਏ।

ਉਹ ਉਨ੍ਹਾਂ ਵਿਧਾਇਕਾਂ ਵਿਚੋਂ ਇੱਕ ਸਨ ਜਿੰਨ੍ਹਾਂ ਨੇ ਸੂਬੇ ਦੇ ਰੈਵੇਨਿਊ ਘਾਟੇ ਦੇ ਮੁੱਦੇ ਨੂੰ ਚੁੱਕਿਆ ਪਰ ਬਾਅਦ ਵਿਚ ਹੋਰਾਂ ਵਾਂਗ ਹੀ ਛੱਡ ਦਿੱਤਾ ।

ਕੁਲਜੀਤ ਸਿੰਘ ਨਾਗਰਾ

ਕੁਲਜੀਤ ਸਿੰਘ ਨਾਗਰਾ ਪੰਜਾਬ ਵਿੱਚ ਵਿਦਿਆਰਥੀ ਸਿਆਸਤ ਤੋਂ ਸਿਆਸੀ ਕਰੀਅਰ ਸ਼ੁਰੂ ਕਰਨ ਵਾਲੇ ਆਗੂ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਹਨ।

ਜਦੋਂ ਪੰਜਾਬ ਵਿਚ ਅੱਤਵਾਦ ਦਾ ਦੌਰ ਚੱਲ ਰਿਹਾ ਸੀ ਉਦੋਂ 1980 ਤੋਂ 1990 ਵਿਆਂ ਦੌਰਾਨ ਉਹ ਵਿਦਿਆਰਥੀ ਸਿਆਸਤ ਦਾ ਵੱਡਾ ਚਿਹਰਾ ਰਹੇ ਸਨ।

ਯੂਨੀਵਰਸਿਟੀ ਛੱਡਣ ਤੋਂ ਬਾਅਦ ਕੁਲਜੀਤ ਸਿੰਘ ਨਾਗਰਾ ਨੇ 2002 ਵਿਚ ਹਲਕਾ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਦੀ ਚੋਣ ਲੜੀ ਅਤੇ ਉਹ ਇਸੇ ਦੌਰਾਨ ਰਾਹੁਲ ਗਾਂਧੀ ਦੇ ਕਾਫ਼ੀ ਨਜ਼ਦੀਕ ਚਲੇ ਗਏ।

ਉਹ ਪੰਜਾਬ ਵਿਚ ਅਜਿਹੇ ਨੌਜਵਾਨ ਕਾਂਗਰਸ ਆਗੂ ਵਜੋਂ ਵਿਚਰਦੇ ਰਹੇ, ਜਿਨ੍ਹਾਂ ਪੰਜਾਬ ਦੇ ਕਿਸੇ ਸੀਨੀਅਰ ਆਗੂ ਨੂੰ ਸ਼ਾਇਦ ਹੀ ਆਪਣੇ ਮੋਢੇ ਉੱਤੇ ਹੱਥ ਧਰਨ ਦਿੱਤਾ ਹੋਵੇ।

ਉਹ ਹਮੇਸ਼ਾ ਰਾਹੁਲ ਗਾਂਧੀ ਨਾਲ ਖੜ੍ਹੇ ਨਜ਼ਰ ਆਉਂਦੇ ਰਹੇ, ਪੰਜਾਬ ਤੋਂ ਬਾਹਰ ਕਿਸੇ ਸੂਬੇ ਦੀ ਚੋਣ ਹੋਵੇ ਜਾਂ ਲੋਕ ਸਭਾ ਚੋਣਾਂ, ਕੁਲਜੀਤ ਨਾਗਰਾ ਰਾਹੁਲ ਦੀ ਪਿੱਠ ਉੱਤੇ ਖੜ੍ਹੇ ਦਿਖਾਈ ਦਿੰਦੇ।

ਨਾਗਰਾ ਦੇ ਪ੍ਰਭਾਵ ਵਾਲਾ ਜ਼ਿਆਦਾ ਖੇਤਰ ਪੁਆਧ ਤੇ ਕੇਂਦਰੀ ਮਾਲਵਾ ਹੈ।

ਉਹ ਪਾਰਟੀ ਦਾ ਨੌਜਵਾਨ ਜੱਟ ਸਿੱਖ ਚਿਹਰਾ ਹਨ, ਪਰ ਕਾਰਜਕਾਰੀ ਪ੍ਰਧਾਨ ਬਣਾਏ ਜਾਣਾ ਰਾਹੁਲ ਗਾਂਧੀ ਦੇ ਪੰਜਾਬ ਵਿਚ ਸੱਤਾ ਦੇ ਗੜ੍ਹ ਨੂੰ ਮਜ਼ਬੂਤ ਕਰਨ ਵਾਲਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਵਨ ਗੋਇਲ

ਪਵਨ ਗੋਇਲ ਇਸ ਸਮੇਂ ਫਰੀਦਕੋਟ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਹਨ, ਉਹ ਫਰੀਦਕੋਟ ਜ਼ਿਲ੍ਹੇ ਦੇ ਕਾਂਗਰਸ ਪਾਰਟੀ ਦੀ ਇਕਾਈ ਦੇ ਉੱਪ ਪ੍ਰਧਾਨ ਵੀ ਰਹਿ ਚੁੱਕੇ ਹਨ।

ਪਵਨ ਗੋਇਲ ਦਾ ਆਪਣਾ ਭਾਵੇਂ ਸਿਆਸੀ ਕੱਦ ਇੰਨਾ ਵੱਡਾ ਨਹੀਂ ਹੈ, ਪਰ ਮਾਲਵੇ ਵਿਚ ਉਨ੍ਹਾਂ ਦੀ ਪਛਾਣ ਹਿੰਦੂ ਕਾਂਗਰਸ ਪਰਿਵਾਰ ਵਾਲੀ ਹੈ।

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਵਾਨ ਦਾਸ ਦੇ ਸਪੁੱਤਰ ਪਵਨ ਗੋਇਲ ਨੂੰ ਹਿੰਦੂ ਚਿਹਰੇ ਵਜੋਂ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਮਿਲਿਆ ਹੈ।

ਪਵਨ ਗੋਇਲ ਰਾਹੀ ਕਾਂਗਰਸ ਦੇ ਨੇ ਮਾਲਵੇ ਵਿਚ ਹਿੰਦੂ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)