ਨਵਜੋਤ ਸਿੱਧੂ ਨੇ ਪ੍ਰਧਾਨ ਬਣਨ ਮਗਰੋਂ ਕਿਹਾ,'ਲੋਕਾਂ ਨੂੰ ਸ਼ਕਤੀ ਦੇਣ ਲਈ ਮੇਰੀ ਅਸਲ ਯਾਤਰਾ ਹੁਣ ਸ਼ੁਰੂ ਹੋਈ'

ਨਵਜੋਤ ਸਿੰਘ ਸਿੱਧੂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਨਾਲ ਚੱਲੀ ਲੰਬੀ ਨਾਰਾਜ਼ਗੀ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ।

ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਤਿੰਨ ਟਵੀਟ ਕੀਤੇ।

ਨਵਜੋਤ ਸਿੰਘ ਸਿੱਧੂ ਨੇ ਪਹਿਲੇ ਟਵੀਟ ਵਿੱਚ ਲਿਖਿਆ ਕਿ ਅਹੁਦੇ ਲਈ ਰਾਹੁਲ ਸਣੇ ਸੋਨੀਆ ਤੇ ਪ੍ਰਿਅੰਕਾ ਗਾਂਧੀ ਦਾ ਧੰਨਵਾਦ ਕਰਦਾ ਹਾਂ। ਨਾਲ ਹੀ ਉਨ੍ਹਾਂ ਲਿਖਿਆ ਕਿ ਪੰਜਾਬ ਦੇ ਹਰੇਕ ਮੈਂਬਰ ਨਾਲ ਮਿਲ ਕੇ ਕੰਮ ਕਰਾਂਗੇ।

''ਅੱਜ ਉਸੇ ਸੁਪਨੇ 'ਤੇ ਅੱਗੇ ਕੰਮ ਕਰਨ ਲਈ ਤੇ ਨੈਸ਼ਨਲ ਕਾਂਗਰਸ ਦੇ ਅਜਿੱਤ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਲਈ, ਮੈਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ਵਿਸ਼ਵਾਸ਼ ਕੀਤਾ ਅਤੇ ਜ਼ਿੰਮੇਵਾਰੀ ਸੌਂਪੀ।

ਇਹ ਵੀ ਪੜ੍ਹੋ-

ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਹੋਰ ਟਵੀਟ ਕਰਦਿਆਂ ਇਸ ਬਾਰੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਰਿਵਾਰ ਦੇ ਹਰੇਕ ਮੈਂਬਰ ਨਾਲ ਮਿਲ ਕੇ ਕੰਮ ਕਰਾਂਗੇ।

ਉਨ੍ਹਾਂ ਨੇ ਅੱਗੇ ਹੈਸ਼ਟੈਗ ਪਾ ਕੇ ਲਿਖਿਆ, "ਜਿੱਤੇਗਾ ਪੰਜਾਬ ਮਿਸ਼ਨ ਨੂੰ ਪੂਰਾ ਕਰਨ ਲਈ ਇੱਕ ਨਿਮਰ ਕਾਂਗਰਸ ਵਰਕਰ ਵਜੋਂ ਪੰਜਾਬ ਮਾਡਲ ਅਤੇ ਹਾਈ ਕਮਾਨ ਦੇ 18 ਨੁਕਾਤੀ ਏਜੰਡੇ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਸ਼ਕਤੀ ਵਾਪਸ ਦੇਣ ਲਈ ਮੇਰੀ ਯਾਤਰਾ ਹੁਣ ਸ਼ੁਰੂ ਹੋਈ।"

ਖੁਸ਼ਹਾਲੀ ਅਤੇ ਵਿਸ਼ੇਸ਼-ਅਧਿਕਾਰ ਅਤੇ ਸੁੰਤਤਰਤਾ ਨੂੰ ਨਾ ਸਿਰਫ਼ ਕੁਝ ਇੱਕ ਵਿਚਾਲੇ ਸਾਂਝਾ ਕਰਨ ਬਲਕਿ ਸਾਰਿਆਂ ਵਿੱਚ ਸਾਂਝਾ ਕਰਨ ਲਈ ਮੇਰੇ ਪਿਤਾ ਇੱਕ ਕਾਂਗਰਸ ਵਰਕਰ ਨੇ ਸ਼ਾਹੀ ਘਰ ਛੱਡ ਦਿੱਤਾ ਅਤੇ ਸੁਤੰਤਰਤਾ ਸੰਗ੍ਰਾਮ ਵਿੱਚ ਸ਼ਾਮਿਲ ਹੋ ਗਏ।

ਡੇਢ ਸਾਲ ਤੋਂ ਚੱਲ ਰਹੀ ਪੰਜਾਬ ਵਿੱਚ ਆਪਸੀ ਖਿੱਚੋਤਾਣ

ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਨਾਲ ਚੱਲੀ ਲੰਬੀ ਨਾਰਾਜ਼ਗੀ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾ ਦਿੱਤਾ ਗਿਆ ਹੈ।

ਕਰੀਬ ਪਿਛਲੇ ਇੱਕ-ਡੇਢ ਸਾਲ ਤੋਂ ਕਾਂਗਰਸ ਪਾਰਟੀ ਵਿਚਾਲੇ ਖਿੱਚੋਤਾਣ ਚੱਲ ਰਹੀ ਸੀ। ਨਵਜੋਤ ਸਿੰਘ ਸਿੱਧੂ ਖੁੱਲ੍ਹ ਕੇ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲਦੇ ਰਹੇ ਹਨ।

ਆਪਣੀ ਪਰਟੀ ਨਾਲ ਨਾਰਾਜ਼ਗੀ ਦੇ ਚਲਦਿਆਂ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ। ਪਾਰਟੀ ਵਿੱਚ ਉੱਠਦੀਆਂ ਬਾਗੀ ਸੁਰਾਂ ਦਾ ਨੋਟਿਸ ਹਾਈਕਮਾਨ ਨੇ ਲਿਆ।

ਇਸ ਸਭ ਜੱਦੋਜਹਿਦ ਵਿਚਾਲੇ ਆਖ਼ਰਕਾਰ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਂ ਬਣਾ ਦਿੱਤਾ ਗਿਆ ਪਰ ਐਨੇ ਕੌੜੇ ਰਿਸ਼ਤਿਆਂ ਵਿੱਚ ਸਿੱਧੂ ਅਤੇ ਕੈਪਟਨ ਇਕੱਠੇ ਕੰਮ ਕਿਵੇਂ ਕਰਨਗੇ।

ਕੇਸੀ ਵੇਣੂਗੋਪਾਲ ਵੱਲੋਂ ਸਿੱਧੂ ਦੀ ਪ੍ਰਧਾਨਗੀ ਦੀ ਚਿੱਠੀ ਜਾਰੀ

ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਚਾਰ ਵਰਕਿੰਗ ਪ੍ਰਧਾਨ ਵੀ ਬਣਾਏ ਗਏ ਹਨ।

ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਤੇ ਕੁਲਜੀਤ ਸਿੰਘ ਨਾਗਰਾ ਨੂੰ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸਿੱਧੂ ਦੀ ਪ੍ਰਧਾਨਗੀ ਬਾਰੇ ਜਾਣਕਾਰੀ ਦਿੰਦਿਆਂ ਚਿੱਠੀ ਜਾਰੀ ਕੀਤੀ ਹੈ।

ਅਸਫ਼ਲ ਮੁੱਖ ਮੰਤਰੀ ਨੂੰ ਬਦਲਣ ਦਾ ਨਾਟਕ ਕਰ ਰਹੀ ਹੈ ਕਾਂਗਰਸ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਅਸਫ਼ਲ ਮੁੱਖ ਮੰਤਰੀ ਦੀ ਥਾਂ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਉਣ ਲਈ ਨਾਟਕ ਰਚ ਰਹੀ ਹੈ, ਜੋ ਪ੍ਰਸ਼ਾਸਨਿਕ ਕੰਮਾਂ ਦੀ ਬਜਾਇ ਨਾਟਕ ਲਈ ਜ਼ਿਆਦਾ ਜਾਣੇ ਜਾਂਦੇ ਹਨ।

ਕੈਪਟਨ ਦੇ ਮੰਤਰੀ ਨੇ ਉਨ੍ਹਾਂ ਨੂੰ ਕੀ ਦਿੱਤੀ ਸੀ ਸਲਾਹ

ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਨੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਨਾਲ ਮਿਲ ਕੇ ਵੱਡਾ ਦਿਲ ਵਿਖਾਇਆ ਹੈ, ਉਸੇ ਤਰ੍ਹਾਂ ਉਹ ਨਵਜੋਤ ਸਿੰਘ ਸਿੱਧੂ ਨਾਲ ਵੀ ਕਰਨ।

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਗੱਲ ਪੰਜਾਬ ਕਾਂਗਰਸ ਦੇ ਮੌਜੂਦਾ ਘਟਨਾਕ੍ਰਮ ਬਾਰੇ ਕਾਦੀਆਂ ਵਿੱਚ ਕਹੀ। ਕਾਂਗਰਸ ਦੇ ਦੋ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਖਿਚੋਤਾਣ ਬੀਤੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਪਰ ਹੁਣ ਐਤਵਾਰ ਰਾਤ ਨੂੰ ਇਸ ਬਾਰੇ ਰਸਮੀ ਐਲਾਨ ਹੋਇਆ ਹੈ।

ਬੀਤੇ ਕੁਝ ਦਿਨਾਂ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਇੱਕ-ਦੂਜੇ ਖਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ। ਕਾਂਗਰਸ ਹਾਈਕਮਾਨ ਦੋਵੇਂ ਆਗੂਆਂ ਨੂੰ ਨਾਲ ਲੈ ਕੇ ਚੱਲਣ ਦਾ ਰਾਹ ਲੱਭ ਰਹੀ ਸੀ। ਇਸ ਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਸੀ। ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂਆਂ ਨੂੰ ਦਿੱਲੀ ਤਲਬ ਵੀ ਕੀਤਾ ਗਿਆ ਸੀ।

ਦੋ ਦਿਨਾਂ ਤੋਂ ਲਗਾਤਾਰ ਦੋਵਾਂ ਧਿਰਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ। ਨਵਜੋਤ ਸਿੰਘ ਸਿੱਧੂ ਮੌਜੂਦਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਲਾਲ ਸਿੰਘ ਤੇ ਕਈ ਹੋਰ ਵਿਧਾਇਕਾਂ ਨੂੰ ਮਿਲ ਚੁੱਕੇ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ।

ਸਿੱਧੂ ਨੂੰ ਵਧਾਈਆਂ ਵਿੱਚ ਕਿਸ ਨੇ ਕੀ ਕਿਹਾ?

ਸਾਬਕਾ ਹਾਕੀ ਖਿਡਾਰੀ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਅਤੇ ਇੱਕ ਪੋਸਟਰ ਆਪਣੀ ਫੇਸਬੁੱਕ ਵਾਲ ਉੱਪਰ ਪੋਸਟ ਕੀਤਾ। ਪਰਗਟ ਸਿੰਘ ਨੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਵਾਲੇ ਹਾਈ ਕਮਾਂਡ ਦੇ ਹੁਕਮਾਂ ਦੀ ਤਸਵੀਰ ਵੀ ਪੋਸਟ ਕੀਤੀ।

ਅਮਰਿੰਦਰ ਸਿੰਘ ਰਾਜਾਵੜਿੰਗ ਨੇ ਲਿਖਿਆ,“ਉਹ ਗਰਜਦੇ ਵੀ ਨੇ ਤੈ ਬਰਸਦੇ ਵੀ ਨੇ, ਨਾਮ ਹੈ ਸਰਦਾਰ ਨਵਜੋਤ ਸਿੱਧੂ, ਠੋਕੋ ਤਾਲੀ ...ਬਹੁਤ ਬਹੁਤ ਮੁਬਾਰਕਾਂ ਨਵਜੋਤ ਸਿੰਘ ਸਿੱਧੂ”

ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਸਿੱਧੂ ਨੂੰ ਵਧਾਈ ਦਿੱਤੀ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ,"ਜਿਵੇਂ ਕੈਪਟਨ ਅਮਰਿੰਦਰ ਸਿੰਘ ਵੱਡੇ ਦਿਲ ਦੀ ਨਿਸ਼ਾਨੀ ਪੇਸ਼ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਦੀਆਂ ਪੰਜਾਬ ਸਰਕਾਰ ਦੇ ਖਿਲਾਫ ਲਿਖੀਆਂ ਚਿੱਠੀਆਂ ਭੁੱਲ ਗਏ ਹਨ ਓਵੇਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਮਿਸਾਲ ਕਾਂਗਰਸ ਪਾਰਟੀ ਦੇ ਭਲੇ ਵਾਸਤੇ ਪੇਸ਼ ਕਰਦੇ ਹੋਏ ਉਹ ਨਵਜੋਤ ਸਿੰਘ ਸਿੱਧੂ ਵਲੋਂ ਕੀਤੇ ਗਏ ਕੀਤੇ ਗਏ ਟਵੀਟ ਨੂੰ ਵੀ ਭੁੱਲ ਜਾਣ।"

ਇਹ ਵੀ ਪੜ੍ਹੋ:

ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਸ਼ਾਮ ਨੂੰ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਸੀ।

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਉੱਤੇ ਸਵਾਲ ਚੁੱਕਦੇ ਰਹੇ ਹਨ। ਉਹ ਭਾਵੇਂ ਚਿੱਠੀਆਂ ਦੇ ਰੂਪ ਵਿੱਚ ਹੋਵੇ ਜਾਂ ਟਵੀਟ ਦੇ ਰੂਪ ਵਿੱਚ, ਉਹ ਬੇਅਦਬੀ ਤੇ ਹੋਰ ਮੁੱਦਿਆਂ ਬਾਰੇ ਗੱਲ ਕਰਦੇ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਹੈ।

ਨਵਜੋਤ ਸਿੰਘ ਸਿੱਧੂ ਵੀ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੀ ਸਰਕਾਰ ’ਤੇ ਹਮਲੇ ਕਰਦੇ ਰਹੇ ਹਨ। ਉਨ੍ਹਾਂ ਨੇ ਕਈ ਬਿਆਨ ਦਿੱਤੇ ਹਨ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ’ਤੇ ਸਿੱਧੇ ਹਮਲੇ ਦੇ ਤੌਰ ’ਤੇ ਵੇਖਿਆ ਗਿਆ ਹੈ। ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਕਈ ਵਿਧਾਇਕਾਂ ਨਾਲ ਤਾਂ ਮਿਲ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਹੋਈ ਹੈ।

ਪ੍ਰਤਾਪ ਬਾਜਵਾ ਦੀ ਕਾਂਗਰਸੀ ਐੱਮਪੀਜ਼ ਨਾਲ ਮੁਲਾਕਾਤ

ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਪੰਜਾਬ ਕਾਂਗਰਸ ਪਾਰਟੀ ਦੇ ਸਾਂਸਦਾਂ ਨਾਲ ਐਤਵਾਰ ਨੂੰ ਦਿੱਲੀ ਵਿੱਚ ਮੀਟਿੰਗ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਭਾਵੇਂ ਟਵਿੱਟਰ ਹੈਂਡਲ ’ਤੇ ਇਸ ਮੀਟਿੰਗ ਦਾ ਏਜੰਡਾ ਅਗਾਮੀ ਲੋਕ ਸਭਾ ਦੇ ਸੈਸ਼ਨ ਬਾਰੇ ਚਰਚਾ ਨੂੰ ਦੱਸਿਆ ਹੈ।

ਨਵਜੋਤ ਸਿੱਧੂ ਤੇ ਕੈਪਟਨ ਦੀਆਂ ਮੁਲਾਕਾਤਾਂ ਦੌਰ ਜਾਰੀ ਹੈ...

ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਪਟਿਆਲਾ ਵਿੱਚ ਸਰਗਰਮ ਰਹੇ। ਉੱਥੇ ਉਨ੍ਹਾਂ ਨੇ ਪਟਿਆਲਾ ਦੇ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ।

ਕੌਣ ਕਿਹੜੇ ਪਾਸੇ?

ਸਿੱਧੂ ਅਤੇ ਕੈਪਟਨ ਦੀ ਇਸ ਨੂਰਾ ਕੁਸ਼ਤੀ ਵਿੱਚ ਇਹ ਦੇਖਣਾ ਵੀ ਦਿਲਚਸਪ ਹੈ ਕਿ ਪੰਜਾਬ ਕਾਂਗਰਸ ਦਾ ਕਿਹੜਾ ਆਗੂ ਕਿਸ ਨਾਲ ਦਿਸ ਰਿਹਾ ਹੈ।

ਸ਼ਨਿੱਚਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਧਾਇਕ ਰਾਜਾ ਵੜਿੰਗ, ਕੁਲਬੀਰ ਸਿੰਘ ਜ਼ੀਰਾ, ਦਵਿੰਦਰ ਘੁਬਾਇਆ, ਬਰਿੰਦਰਮੀਤ ਸਿੰਘ ਪਾਹੜਾ ਅਤੇ ਸੀਨੀਅਰ ਆਗੂ ਲਾਲ ਸਿੰਘ ਵੀ ਮੌਜੂਦ ਰਹੇ।

ਖ਼ਬਰ ਏਜੰਸੀ ਏਐੱਨਆਈ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿੱਚ ਪਹਿਲਾਂ ਵੀ ਸਭ ਕੁਝ ਠੀਕ ਸੀ ਅਤੇ ਭਵਿੱਖ ਵਿੱਚ ਸਭ ਕੁਝ ਠੀਕ ਹੋਵੇਗਾ। ਸਿੱਧੂ ਨਾਲ ਮੁਲਾਕਾਤ ਉਪਰ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਅਤੇ ਵਰਕਰ ਇੱਕ ਦੂਜੇ ਨਾਲ ਅਕਸਰ ਮਿਲਦੇ ਰਹਿੰਦੇ ਹਨ।

ਕੈਪਟਨ ਅਮਰਿੰਦਰ ਨੇ ਸ਼ਾਮ ਨੂੰ ਆਪਣੇ ਘਰ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਵਿਧਾਨ ਸਭਾ ਦੇ ਸਪੀਕਾਰ ਰਾਣਾ ਕੇਪੀ ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਵਿੱਚ ਕੀ ਚਰਚਾ ਹੋਈ ਇਸ ਬਾਰੇ ਤਾਂ ਜਾਣਕਾਰੀ ਨਹੀਂ ਹੈ ਪਰ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)