ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਵਿਚਾਲੇ ਖਿੱਚੋਤਾਣ ਨੂੰ ਖ਼ਤਮ ਕਰਨ ਵਿੱਚ ਕਿਵੇਂ ਨਾਕਾਮ ਹੋਈ ਕਾਂਗਰਸ ਹਾਈਕਮਾਨ

    • ਲੇਖਕ, ਰਾਘਵੇਂਦਰ ਰਾਵ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਿਹਾ ਕਾਟੋ-ਕਲੇਸ਼ ਇੱਕ ਫਿਰ ਵਾਰ ਮੁੜ ਚਰਚਾ ਵਿੱਚ ਹੈ।

ਇੱਕ ਪਾਸੇ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਂ ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਅਮਰਿੰਦਰ ਅਤੇ ਸਿੱਧੂ ਦੇ ਨਾਲ ਮਿਲ ਕੇ ਕੰਮ ਕਰਨ ਦਾ ਫਾਰਮੂਲਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਹਾਲਾਂਕਿ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਕਹਿ ਚੁੱਕੇ ਹਨ ਕਿ ਅਮਰਿੰਦਰ ਸਿੰਘ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਮੁੱਖ ਮੰਤਰੀ ਬਣੇ ਰਹਿਣਗੇ।

ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਜੇ ਸਿੱਧੂ ਨੂੰ ਕਾਂਗਰਸ ਵਿੱਚ ਕੋਈ ਅਹਿਮ ਅਹੁਦਾ ਨਹੀਂ ਮਿਲੇਗਾ ਤਾਂ ਉਹ ਆਮ ਆਦਮੀ ਪਾਰਟੀ ਵਿੱਚ ਵੀ ਜਾ ਸਕਦੇ ਹਨ।

ਕੈਪਟਨ-ਸਿੱਧੂ ਦੇ ਰਿਸ਼ਤਿਆਂ ਵਿੱਚ ਪੁਰਾਣੀ ਦਰਾਰ

ਸਿੱਧੂ ਅਤੇ ਕੈਪਟਨ ਵਿਚਕਾਰ ਲੜਾਈ 2017 ਵਿੱਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੇ ਹੀ ਸ਼ੁਰੂ ਹੋ ਗਈ ਸੀ। ਅਮਰਿੰਦਰ 2017 ਵਿੱਚ ਵਿਧਾਨ ਸਭਾ ਚੋਣਾਂ ਸਮੇਂ ਸਿੱਧੂ ਨੂੰ ਕਾਂਗਰਸ ਵਿੱਚ ਲਿਆਉਣ ਦੇ ਪੱਖ 'ਚ ਨਹੀਂ ਸਨ।

ਸ਼ਾਇਦ ਅਮਰਿੰਦਰ ਸਿੰਘ, ਨਵਜੋਤ ਸਿੱਧੂ ਨੂੰ ਆਪਣੇ ਖਿਲਾਫ਼ ਇੱਕ ਚੁਣੌਤੀ ਦੇ ਰੂਪ ਵਿੱਚ ਦੇਖ ਰਹੇ ਸਨ। ਉਸ ਵੇਲੇ ਇਹ ਸਾਫ਼ ਸੀ ਕਿ ਸਿੱਧੂ ਦੀ ਕਾਂਗਰਸ ਵਿੱਚ ਐਂਟਰੀ ਗਾਂਧੀ ਪਰਿਵਾਰ ਦੇ ਆਸ਼ੀਰਵਾਦ ਸਦਕਾ ਹੋਈ ਸੀ ਅਤੇ 2017 ਦੀਆਂ ਚੋਣਾਂ ਜਿੱਤਣ 'ਤੇ ਅਮਰਿੰਦਰ ਸਿੰਘ ਨੂੰ ਸਿੱਧੂ ਨੂੰ ਕੈਬਿਨੇਟ ਮੰਤਰੀ ਬਣਾਉਣਾ ਪਿਆ।

ਇਹ ਵੀ ਪੜ੍ਹੋ:

ਨਵਜੇਤ ਸਿੰਘ ਸਿੱਧੂ ਪੰਜਾਬ ਵਿੱਚ ਕੈਬਿਨੇਟ ਮੰਤਰੀ ਬਣ ਗਏ ਪਰ ਇਹ ਸਿਰਫ਼ ਉਨ੍ਹਾਂ ਦੀਆਂ ਮੁਸ਼ਕਿਲਾਂ ਦੀ ਸ਼ੁਰੂਆਤ ਸੀ।

ਬਾਦਲ ਪਰਿਵਾਰ ਦੇ ਕੇਬਲ ਟੀਵੀ ਵਪਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਨਵਾਂ ਕਾਨੂੰਨ ਲਿਆਉਣ ਦੀ ਸਿੱਧੂ ਦੀ ਕੋਸ਼ਿਸ਼ ਨੂੰ ਉਨ੍ਹਾਂ ਦੀ ਹੀ ਸਰਕਾਰ ਵੱਲੋਂ ਕੋਈ ਖ਼ਾਸ ਸਮਰਥਨ ਨਾ ਮਿਲਿਆ।

2018 ਵਿੱਚ ਸਿੱਧੂ ਨੂੰ ਇੱਕ ਵੱਡਾ ਝਟਕਾ ਉਦੋਂ ਮਿਲਿਆ ਜਦੋਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਸਾਹਮਣੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਦਾ ਸਮਰਥਨ ਕੀਤਾ ਜਿਸ 'ਚ 1998 ਦੇ ਰੋਡ ਰੇਜ ਮਾਮਲੇ 'ਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਨਵਜੋਤ ਸਿੱਧੂ ਦੀ ਪਾਕਿਸਤਾਨ ਦੀ ਫੇਰੀ ਵੀ ਵਿਵਾਦ ਬਣੀ

ਦੋਵਾਂ ਵਿਚਾਲੇ ਦੂਰੀ ਉਦੋਂ ਹੋਰ ਵਧੀ ਜਦੋਂ ਸਿੱਧੂ ਨੇ ਇਹ ਐਲਾਨ ਕੀਤਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨ ਲਈ ਪਾਕਿਸਤਾਨ ਜਾਣਗੇ।

ਅਮਰਿੰਦਰ ਨੇ ਸਿੱਧੂ ਨੂੰ ਇਸ ਗੱਲ ਉੱਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਪਰ ਉਸ ਸਲਾਹ ਨੂੰ ਲਾਂਭੇ ਕਰਦਿਆਂ ਸਿੱਧੂ ਵਾਘ੍ਹਾ ਬਾਰਡਰ ਪਾਰ ਕਰਕੇ ਉਸ ਸਮਾਗਮ ਦਾ ਹਿੱਸਾ ਬਣਨ ਲਈ ਚਲੇ ਗਏ।

ਮਾਮਲਾ ਉਦੋਂ ਪੇਚੀਦਾ ਹੋ ਗਿਆ ਜਦੋਂ ਅਮਰਿੰਦਰ ਨੇ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਨਾਲ ਸਿੱਧੂ ਦੇ ਗਲੇ ਮਿਲਣ ਦੀ ਸ਼ਰੇਆਮ ਆਲੋਚਨਾ ਕੀਤੀ।

2019 ਦੀਆਂ ਲੋਕਸਭਾ ਚੋਣਾਂ ਵਿੱਚ ਅੱਠ ਸੰਸਦੀ ਸੀਟਾਂ ਜਿੱਤਣ ਤੋਂ ਬਾਅਦ ਅਮਰਿੰਦਰ ਸਿੰਘ ਦਾ ਸਿਆਸੀ ਕਦ ਹੋਰ ਵਧਿਆ ਅਤੇ ਉਨ੍ਹਾਂ ਨੇ ਸਿੱਧੂ 'ਤੇ ਸਿੱਧੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ।

ਇੱਥੋਂ ਤੱਕ ਕਿ ਅਮਰਿੰਦਰ ਨੇ ਸਿੱਧੂ ਨੂੰ ਇੱਕ ਨੌਨ-ਪਰਫੌਮਰ ਤੱਕ ਕਹਿ ਦਿੱਤਾ ਅਤੇ ਉਨ੍ਹਾਂ ਤੋਂ ਲੋਕਲ ਬੌਡੀ ਡਿਪਾਰਟਮੈਂਟ ਵਾਪਸ ਲੈ ਲਿਆ ਗਿਆ।

ਸਿੱਧੂ ਨੇ ਕਾਂਗਰਸ ਹਾਈ ਕਮਾਂਡ ਤੋਂ ਆਪਣੀ ਨੇੜਤਾ ਦਾ ਲਾਭ ਲੈਂਦਿਆਂ ਅਮਰਿੰਦਰ ਦੇ ਨਾਲ ਚੱਲ ਰਹੇ ਉਨ੍ਹਾਂ ਦੇ ਝਗੜੇ ਨੂੰ ਗਾਂਧੀ ਪਰਿਵਾਰ ਸਾਹਮਣੇ ਰੱਖਿਆ ਅਤੇ ਆਖ਼ਿਰਕਾਰ ਉਨ੍ਹਾਂ ਨੂੰ 2019 ਵਿੱਚ ਅਮਰਿੰਦਰ ਦੀ ਕੈਬਿਨੇਟ ਤੋਂ ਅਸਤੀਫ਼ਾ ਦੇਣਾ ਪਿਆ।

ਅਮਰਿੰਦਰ ਦਾ ਸਿਆਸੀ ਕੱਦ

2014 ਵਿੱਚ ਜਦੋਂ ਅਜਿਹੀ ਧਾਰਣਾ ਬਣ ਰਹੀ ਸੀ ਕਿ ਕਾਂਗਰਸ ਦੇ ਵੱਡੇ ਲੀਡਰ ਲੋਕ ਸਭਾ ਚੋਣਾਂ ਲੜਨ ਤੋਂ ਬਚ ਰਹੇ ਹਨ, ਉਸ ਸਮੇਂ ਵੀ ਸੋਨੀਆ ਗਾਂਧੀ ਦੇ ਕਹਿਣ 'ਤੇ ਅਮਰਿੰਦਰ ਨੇ ਅਰੁਣ ਜੇਟਲੀ ਖ਼ਿਲਾਫ਼ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨ ਲਈ ਹਾਮੀ ਭਰੀ ਅਤੇ ਜੇਟਲੀ ਨੂੰ ਹਰਾਇਆ।

ਇਹ ਚੋਣ ਲੜਨ ਸਮੇਂ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਸਨ।

2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਕੁੱਲ 117 ਸੀਟਾਂ ਵਿੱਚੋਂ 77 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਤੇ ਸੱਤਾ ਵਿੱਚ 10 ਸਾਲ ਬਾਅਦ ਵਾਪਸੀ ਕੀਤੀ ਸੀ।

ਇਹ ਵੀ ਪੜ੍ਹੋ:

ਅਮਰਿੰਦਰ ਸਿੰਘ ਦੀ ਇਹ ਜਿੱਤ ਇਸ ਮਾਅਨੇ ਵਿੱਚ ਬੇਹੱਦ ਅਹਿਮ ਸੀ ਕਿ 2014 ਵਿੱਚ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਬਣਨ ਤੋਂ ਬਾਅਦ ਭਾਜਪਾ ਲਗਾਤਾਰ ਕਈ ਸੂਬਿਆਂ ਵਿੱਚ ਆਪਣੀ ਸਰਕਾਰ ਬਣਾਉਂਦੀ ਜਾ ਰਹੀ ਸੀ।

ਇਨ੍ਹਾਂ ਵਿੱਚ ਹਰਿਆਣਾ, ਮਹਾਰਾਸ਼ਟਰ, ਝਾਰਖੰਡ, ਅਸਮ, ਗੁਜਰਾਤ, ਹਿਮਾਚਲ ਪ੍ਰਦੇਸ਼ ਵਰਗੇ ਸੂਬੇ ਸ਼ਾਮਲ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਾਲਾਂਕਿ ਪੰਜਾਬ ਦੀ ਸੱਤਾ ਵਿੱਚ ਕਾਂਗਰਸ ਦੀ ਵਾਪਸੀ ਕਰਕੇ ਅਮਰਿੰਦਰ ਸਿੰਘ ਭਾਜਪਾ ਦੇ ਵਿਜੇ ਰੱਥ ਨੂੰ ਰੋਕਣ ਵਾਲੇ ਗਿਣਤੀ ਦੇ ਲੀਡਰਾਂ ਵਿੱਚ ਸ਼ੁਮਾਰ ਹੋ ਗਏ।

2019 ਦੀਆਂ ਲੋਕਸਭਾ ਚੋਣਾਂ ਵਿੱਚ ਹਰ ਪਾਸੇ ਮੋਦੀ ਲਹਿਰ ਦੀ ਹੀ ਚਰਚਾ ਸੀ। ਇਹ ਨਤੀਜਿਆਂ ਵਿੱਚ ਵੀ ਸਾਫ਼ ਦਿਖਿਆ ਅਤੇ ਲੋਕਾਂ ਦਾ ਸਮਰਥਨ ਸਪੱਸ਼ਟ ਰੂਪ 'ਚ ਭਾਜਪਾ ਨੂੰ ਮਿਲਿਆ।

ਹਾਲਾਂਕਿ ਮੋਦੀ ਲਹਿਰ ਦੇ ਬਾਵਜੂਦ ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 8 ਸੀਟਾਂ ਜਿੱਤੀਆਂ ਅਤੇ ਇਸ ਨਾਲ ਅਮਰਿੰਦਰ ਦਾ ਕੱਦ ਹੋਰ ਉੱਚਾ ਹੋ ਗਿਆ।

ਕਾਂਗਰਸ ਹਾਈਕਮਾਨ ਦੀ ਅਸਫ਼ਲਤਾ?

ਪੰਜਾਬ ਦੀ ਸਿਆਸਤ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਰਾਜਨੀਤੀ ਵਿਗਿਆਨ ਵਿਭਾਗ ਦੇ ਹੈੱਡ ਪ੍ਰੋਫ਼ੈਸਰ ਆਸ਼ੁਤੋਸ਼ ਕੁਮਾਰ ਕਹਿੰਦੇ ਹਨ, ''ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਪਾਰਟੀ ਹਾਈ ਕਮਾਂਡ ਦੀ ਬੇਵਕੂਫ਼ੀ ਦਾ ਨਤੀਜਾ ਹੈ।''

ਉਹ ਕਹਿੰਦੇ ਹਨ, ''ਇਹ ਤੈਅ ਹੈ ਕਿ ਸਿੱਧੂ ਜਾਂ ਤਾਂ ਆਮ ਆਦਮੀ ਪਾਰਟੀ ਵਿੱਚ ਜਾਣਗੇ ਜਾਂ ਅਮਰਿੰਦਰ ਕਾਂਗਰਸ ਨੂੰ ਤੋੜ ਦੇਣਗੇ। ਜੇ ਅਮਰਿੰਦਰ ਅਜੇ ਸਿੱਧੂ ਦੇ ਪਾਰਟੀ ਪ੍ਰਧਾਨ ਬਣਨ ਨੂੰ ਮੰਨ ਵੀ ਲੈਣ ਤਾਂ ਵੀ ਉਹ ਸਿੱਧੂ ਦੀ ਅਹਿਮੀਅਤ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।''

ਪ੍ਰੋਫ਼ੈਸਰ ਆਸ਼ੁਤੋਸ਼ ਕਹਿੰਦੇ ਹਨ, ''ਇਸ ਸਮੇਂ ਪੰਜਾਬ ਵਿੱਚ ਹਲਚਲ ਸਿੱਧੂ ਦੇ ਨਾਮ 'ਤੇ ਨਹੀਂ ਸਗੋਂ ਇਸ ਗੱਲ ਉੱਤੇ ਚੱਲ ਰਹੀ ਹੈ ਕਿ ਕੈਪਟਨ ਨੇ ਕੁਝ ਕੰਮ ਨਹੀਂ ਕੀਤਾ ਅਤੇ ਕਈ ਵਾਅਦੇ ਨਹੀਂ ਨਿਭਾਏ। ਇਨ੍ਹਾਂ ਵਿੱਚੋਂ ਇੱਕ ਵਾਅਦਾ ਅਕਾਲੀਆਂ ਨੂੰ ਸਬਕ ਸਿਖਾਉਣ ਦਾ ਸੀ।“

“ਜਦੋਂ ਅਕਾਲੀ ਸੱਤਾ ਵਿੱਚ ਆਏ ਸੀ ਤਾਂ ਕਾਂਗਰਸੀਆਂ ਦੀ ਹਾਲਤ ਬਹੁਤ ਮਾੜੀ ਸੀ। ਉਨ੍ਹਾਂ ਉੱਤੇ ਕਈ ਮੁਕੱਦਮੇ ਦਰਜ ਕੀਤੇ ਗਏ ਸੀ, ਜੋ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਵਾਪਸ ਨਹੀਂ ਲਏ ਗਏ।''

''ਕਾਂਗਰਸੀਆਂ ਦੇ ਦਿਲ ਦਾ ਦਰਦ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹੈ ਕਿ ਉਹ ਕਾਫ਼ੀ ਕੁਝ ਕਰ ਸਕਦੇ ਸਨ ਪਰ ਉਨ੍ਹਾਂ ਨੇ ਨਹੀਂ ਕੀਤਾ ਅਤੇ ਬਾਦਲ ਪਰਿਵਾਰ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਿਸ ਕਰਕੇ ਬੱਸਾਂ ਅਤੇ ਕੇਬਲ ਟੀਵੀ ਦਾ ਉਨ੍ਹਾਂ ਦਾ ਵਪਾਰ ਵੱਧ ਰਿਹਾ ਹੈ।''

ਉਹ ਕਹਿੰਦੇ ਹਨ ਕਿ ਹੁਣ ਚੋਣਾਂ ਸਿਰ ਉੱਤੇ ਹਨ ਤਾਂ ਕਾਂਗਰਸੀ ਵਿਧਾਇਕਾਂ ਨੂੰ ਲੱਗ ਰਿਹਾ ਹੈ ਕਿ ਉਹ ਸਭ ਮੁੱਦੇ ਉੱਠਣਗੇ ਜਿਨ੍ਹਾਂ 'ਤੇ ਅਮਰਿੰਦਰ ਨੇ ਵੱਡੇ-ਵੱਡੇ ਵਾਅਦੇ ਕੀਤੇ ਸੀ ਅਤੇ ਉਨ੍ਹਾਂ ਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਇਸ ਦਾ ਫ਼ਾਇਦਾ ਚੁੱਕ ਸਕਦੀ ਹੈ।

ਡਾ. ਪ੍ਰਮੋਦ ਕੁਮਾਰ ਚੰਡੀਗੜ੍ਹ ਸਥਿਤ ਇੰਸਟੀਚਿਊਟ ਫ਼ਾਰ ਡਿਵਲੇਪਮੈਂਟ ਐਂਡ ਕਮਿਊਨਿਕੇਸ਼ਨ ਦੇ ਡਾਇਰੈਕਟਰ ਹਨ। ਉਹ ਮਾਰਚ 2012 ਤੋਂ 2017 ਤੱਕ ਪੰਜਾਬ ਗਵਰਨੈਂਸ ਰਿਫਾਰਮਜ਼ ਕਮਿਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ।

ਕਾਂਗਰਸ ਹਾਈ ਕਮਾਂਡ ਦੇ ਰਵੱਈਏ ਬਾਰੇ ਉਹ ਕਹਿੰਦੇ ਹਨ, ''ਤੁਸੀਂ ਆਪਣੇ ਮੁੱਖ ਮੰਤਰੀ ਨੂੰ ਦਿੱਲੀ ਬੁਲਾਉਂਦੇ ਹੋ ਅਤੇ ਕਹਿੰਦੇ ਹੋ ਕਿ ਤੁਹਾਡਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਹੁਣ ਇਹ 18 ਪੁਆਇੰਟ ਲਿਜਾ ਕੇ ਕੰਮ ਕਰਕੇ ਦਿਖਾਓ ਤੇ 15 ਦਿਨਾਂ ਵਿੱਚ ਰਿਪੋਰਟ ਦਿਓ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਾਢੇ ਚਾਰ ਸਾਲ ਬਾਅਦ ਇਹ ਮੰਨ ਰਹੇ ਹੋ ਕਿ ਤੁਹਾਡੇ ਮੁੱਖ ਮੰਤਰੀ ਨੇ ਕੰਮ ਨਹੀਂ ਕੀਤਾ।''

ਡਾ. ਪ੍ਰਮੋਦ ਮੁਤਾਬਕ ਕਾਂਗਰਸ ਹਾਈ ਕਮਾਂਡ ਇਸ ਉਲਝਣ ਵਿੱਚ ਹੈ ਅਤੇ ਪੰਜਾਬ ਰਾਹੀਂ ਆਪਣਾ ਆਲ ਇੰਡੀਆ ਮੌਤ ਦਾ ਲੇਖ ਲਿਖ ਰਹੀ ਹੈ।

ਡਾ. ਪ੍ਰਮੋਦ ਕਹਿੰਦੇ ਹਨ, ''ਇੱਥੇ ਕੇਂਦਰ ਵਿੱਚ ਇੱਕ ਅਜਿਹਾ ਅਗਵਾਈ ਕਰਨ ਵਾਲਾ ਗਰੁੱਪ ਹੈ ਜੋ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਵਿੱਚ ਪਾਰਟੀ ਦੀ ਅਗਵਾਈ ਕੌਣ ਕਰੇਗਾ।''

ਪ੍ਰੋਫ਼ੈਸਰ ਆਸ਼ੁਤੋਸ਼ ਅਨੁਸਾਰ ਕੈਪਟਨ ਦੀ ਕਾਰਜ ਸ਼ੈਲੀ ਨੂੰ ਲੈ ਕੇ ਇੱਕ-ਡੇਢ ਸਾਲ ਤੋਂ ਸਵਾਲ ਉੱਠ ਰਹੇ ਹਨ ਪਰ ਪਾਰਟੀ ਹਾਈ ਕਮਾਂਡ ਨੇ ਇਸ ਬਾਰੇ ਕੁਝ ਨਹੀਂ ਕਿਹਾ।

ਉਹ ਕਹਿੰਦੇ ਹਨ, ''ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕਿਉਂਕਿ ਸਿੱਧੂ ਦੀ ਪਹੁੰਚ ਪ੍ਰਿਅੰਕਾ ਗਾਂਧੀ ਤੱਕ ਹੈ ਤਾਂ ਉਨ੍ਹਾਂ ਕਰਕੇ ਹਾਈ ਕਮਾਂਡ ਨੇ ਪੰਜਾਬ ਦੇ ਮਾਮਲੇ 'ਚ ਦਿਲਚਸਪੀ ਦਿਖਾਉਣੀ ਸ਼ੁਰੂ ਕੀਤੀ ਹੈ। ਪਰ ਇੱਥੇ ਵੀ ਸਿੱਧੂ ਨੂੰ ਸ਼ਾਂਤ ਕਰਵਾਉਣ 'ਚ ਹਾਈ ਕਮਾਂਡ ਦੀ ਦਿਲਚਸਪੀ ਹੈ, ਮੁੱਦਿਆਂ ਉੱਤੇ ਗੱਲ ਕਰਨ 'ਚ ਨਹੀਂ।''

ਉਹ ਕਹਿੰਦੇ ਹਨ, ''ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾ ਵੀ ਦਿੱਤਾ ਜਾਵੇ ਤਾਂ ਉਨ੍ਹਾਂ ਲਈ ਔਖੀ ਸਥਿਤੀ ਹੋਵੇਗੀ। ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਉਹ ਕੁਝ ਚੰਗਾ ਪ੍ਰਦਰਸ਼ਨ ਕਰ ਕੇ ਦਿਖਾਉਣ ਦੀ ਕੋਸ਼ਿਸ਼ ਵਿੱਚ ਹੋਣਗੇ। ਪਰ ਅਮਰਿੰਦਰ ਅਜਿਹਾ ਨਹੀਂ ਚਾਹੁਣਗੇ। ਉਨ੍ਹਾਂ ਨੂੰ ਇਹ ਜ਼ਰੂਰ ਲੱਗੇਗਾ ਕਿ ਜੋ ਕੁਝ ਉਹ ਕਰਨਗੇ ਉਸ ਦਾ ਸਿਹਰਾ ਸਿੱਧੂ ਲੈ ਜਾਣਗੇ, ਕਹਿਣ ਤੋਂ ਭਾਵ ਆਪਸੀ ਖਿੱਚੋਤਾਨ ਚਲਦੀ ਹੀ ਰਹੇਗੀ।''

ਪ੍ਰੋ. ਆਸ਼ੁਤੋਸ਼ ਦਾ ਮੰਨਣਾ ਹੈ ਕਿ ਕਾਂਗਰਸ ਹਾਈ ਕਮਾਂਡ ਨੂੰ ਪਹਿਲਾਂ ਹੀ ਦਖ਼ਲ ਦੇਣਾ ਚਾਹੀਦਾ ਸੀ।

ਉਹ ਕਹਿੰਦੇ ਹਨ, ''ਪਾਰਟੀ ਕੇਰਲ, ਅਸਮ ਹਾਰ ਗਈ। ਬੰਗਾਲ ਵਿੱਚ ਸਿਫ਼ਰ 'ਤੇ ਪਹੁੰਚ ਗਈ। ਪਰ ਇਹ ਸਾਫ਼ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਕੋਈ ਸਬਕ ਨਹੀਂ ਸਿੱਖੇ।''

ਵਿਵਾਦ ਦਾ ਚੋਣਾਂ 'ਤੇ ਅਸਰ

ਪ੍ਰੋਫ਼ੈਸਰ ਆਸ਼ੁਤੋਸ਼ ਕਹਿੰਦੇ ਹਨ, ''2017 ਦੀਆਂ ਪੰਜਾਬ ਚੋਣਾਂ ਵੇਲੇ ਅਮਰਿੰਦਰ ਨੇ ਧਮਕੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਉਮੀਦਵਾਰ ਨਹੀਂ ਬਣਾਇਆ ਗਿਆ ਤਾਂ ਉਹ ਪਾਰਟੀ ਤੋੜ ਦੇਣਗੇ, ਉਹ ਫ਼ਿਰ ਉਹੀ ਕਰ ਸਕਦੇ ਹਨ।''

ਉਹ ਕਹਿੰਦੇ ਹਨ ਕਿ 2016 ਦੇ ਅੰਤ ਵਿੱਚ ਇੱਕ ਸਮੇਂ ਲੱਗਿਆ ਸੀ ਕਿ 'ਆਪ' ਪੰਜਾਬ ਦੀਆਂ ਚੋਣਾਂ ਵੀ ਜਿੱਤ ਸਕਦੀ ਹੈ ਪਰ 2017 ਵਿੱਚ ਅਮਰਿੰਦਰ ਦਾ ਜਿੱਤਣਾ ਇਸ ਲਈ ਵੀ ਸੰਭਵ ਹੋਇਆ ਕਿਉਂਕਿ 'ਆਪ' ਨੇ ਕਈ ਗੜਬੜੀਆਂ ਕੀਤੀਆਂ।

ਉਹ ਕਹਿੰਦੇ ਹਨ, ''ਆਪ ਲੀਡਰਾਂ ਉੱਤੇ ਖਾਲੀਸਤਾਨੀਆਂ ਤੋਂ ਪੈਸੇ ਲੈਣ ਦੇ ਇਲਜ਼ਾਮ ਲੱਗੇ। ਇਸ ਨਾਲ ਹਿੰਦੂ ਵੋਟ ਕਾਂਗਰਸ ਵੱਲ ਚਲਾ ਗਿਆ। ਆਪ ਨੇ ਟਿਕਟ ਦੇਣ ਵਿੱਚ ਵੀ ਗੜਬੜੀ ਕੀਤੀ। ਸਭ ਤੋਂ ਵੱਡੀ ਗੱਲ ਇਹ ਹੋਈ ਕਿ ਅਰਵਿੰਦ ਕੇਜਰੀਵਾਲ ਖ਼ੁਦ ਹੀ ਚੋਣ ਅਭਿਆਨ ਦਾ ਚਿਹਰਾ ਬਣ ਗਏ।''

ਮੌਜੂਦਾ ਵਿਵਾਦ ਦੇ ਚਲਦਿਆਂ ਉਨ੍ਹਾਂ ਦਾ ਮੰਨਣਾ ਹੈ ਕਿ ਅਮਰਿੰਦਰ ਅਤੇ ਸਿੱਧੂ ਦੀ ਜੋੜੀ ਨਹੀਂ ਚੱਲ ਸਕਦੀ ਕਿਉਂਕਿ ਦੋਵੇਂ ਹੀ ਮਿਲ ਜੁਲ ਕੇ ਕੰਮ ਕਰਨ ਵਾਲਿਆਂ ਵਿੱਚੋਂ ਨਹੀਂ ਹਨ।

ਨਾਲ ਹੀ ਉਹ ਕਹਿੰਦੇ ਹਨ ਕਿ ਅਜਿਹਾ ਲੱਗ ਰਿਹਾ ਹੈ ਕਿ 'ਆਪ' ਸਿੱਧੂ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਅਤੇ ਕਾਂਗਰਸ ਹਾਈ ਕਮਾਂਡ ਨੂੰ ਲੱਗ ਰਿਹਾ ਹੈ ਕਿ ਜੇ ਅਜਿਹਾ ਹੋਇਆ ਤਾਂ ਕਾਂਗਰਸ ਦਾ ਨੁਕਸਾਨ ਹੋਵੇਗਾ।

ਜੇ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ

ਪ੍ਰੋ. ਆਸ਼ੁਤੋਸ਼ ਕਹਿੰਦੇ ਹਨ, ''ਜੇ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸਵੀਕਾਰ ਕਰ ਲੈਂਦੇ ਹਨ ਅਤੇ ਪਾਰਟੀ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੀ ਤਾਂ ਉਨ੍ਹਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਅਮਰਿੰਦਰ ਉਨ੍ਹਾਂ ਨੂੰ ਕੰਮ ਕਰਨ ਨਹੀਂ ਦੇਣਗੇ।

“ਟਿਕਟ ਵੰਡਣ 'ਚ ਵੀ ਅਮਰਿੰਦਰ ਸਿੱਧੂ ਨੂੰ ਖੁੱਲ੍ਹਾ ਹੱਥ ਨਹੀਂ ਦੇਣਗੇ ਅਤੇ ਜੇ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਉੱਤੇ ਜ਼ਿਆਦਾ ਦਬਾਅ ਪਾਇਆ ਤਾਂ ਉਹ ਪਾਰਟੀ ਤੋੜ ਸਕਦੇ ਹਨ। ਉਹ ਇੱਕ ਸਮੇਂ ਅਕਾਲੀ ਦਲ ਵਿੱਚ ਰਹੇ ਹਨ। ਉਨ੍ਹਾਂ ਦਾ ਆਪਣਾ ਆਧਾਰ ਅਤੇ ਪ੍ਰਭਾਵ ਖ਼ੇਤਰ ਹੈ।”

“ਜੇ ਉਨ੍ਹਾਂ ਨੂੰ ਲੱਗਿਆ ਕਿ ਉਹ ਮੁੱਖ ਮੰਤਰੀ ਨਹੀਂ ਬਣਨ ਜਾ ਰਹੇ ਤਾਂ ਅਜਿਹੀ ਸਥਿਤੀ 'ਚ ਵੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।''

ਪ੍ਰੋਫ਼ੈਸਰ ਆਸ਼ੁਤੋਸ਼ ਪੁੱਛਦੇ ਹਨ ਕਿ ਹਰੀਸ਼ ਰਾਵਤ ਜਿਹੜੀਆਂ ਦੋ ਸੀਟਾਂ ਉੱਤੇ ਲੜਨ ਦੇ ਬਾਵਜੂਦ ਇੱਕ ਉੱਤੇ ਵੀ ਚੋਣਾਂ ਨਹੀਂ ਜਿੱਤ ਸਕੇ, ਉਨ੍ਹਾਂ ਦਾ ਸਿਆਸੀ ਕਦ ਕੀ ਹੈ? ਕੀ ਅਮਰਿੰਦਰ ਸਿੰਘ ਉਨ੍ਹਾਂ ਨੂੰ ਕੁਝ ਸਮਝਣਗੇ?

ਉਹ ਕਹਿੰਦੇ ਹਨ, ''ਅਮਰਿੰਦਰ ਕਾਂਗਰਸ ਦੇ ਸੀਨੀਅਰ ਲੀਡਰਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨੇ ਕਈ ਚੋਣਾਂ ਜਿੱਤੀਆਂ ਹਨ ਅਤੇ ਪਾਰਟੀ ਨੂੰ ਜਿਤਾਇਆ ਹੈ। ਉਨ੍ਹਾਂ ਨੂੰ ਦੋ ਵਾਰ ਦਿੱਲੀ ਬੁਲਾ ਕੇ ਆਪਣੇ ਤੋਂ ਛੋਟੇ ਕਦ ਦੇ ਲੀਡਰਾਂ ਸਾਹਮਣੇ ਪੇਸ਼ ਹੋਣ ਨੂੰ ਕਹਿਣਾ ਬਹੁਤ ਬਚਕਾਨਾ ਸੀ। ਅਜਿਹਾ ਕਰਕੇ ਉਨ੍ਹਾਂ ਨੂੰ ਬੇਇਜ਼ਤ ਕੀਤਾ ਗਿਆ ਹੈ।''

ਉਹ ਕਹਿੰਦੇ ਹਨ ਕਿ ਜੇ ਇਹ ਵਿਵਾਦ ਨਾ ਹੋਇਆ ਹੁੰਦਾ ਤਾਂ ਕਾਂਗਰਸ ਬਹੁਤ ਚੰਗੀ ਸਥਿਤੀ ਵਿੱਚ ਸੀ।

ਉਹ ਕਹਿੰਦੇ ਹਨ, ''ਕੈਪਟਨ ਨੇ ਕਿਸਾਨਾਂ ਦੇ ਮੁੱਦੇ ਨੂੰ ਇਸ ਢੰਗ ਨਾਲ ਸੰਭਾਲਿਆ ਕਿ ਇਸ ਮੁੱਦੇ ਕਾਰਨ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਾਂਗਰਸ ਅਜੇ ਵੀ ਬਹੁਮਤ ਹਾਸਿਲ ਕਰ ਸਕਦੀ ਹੈ ਜੇ ਉਹ ਇਸ ਮੁੱਦੇ ਨੂੰ ਸੰਭਾਲ ਲੈਂਦੀ ਹੈ।''

ਡਾ. ਪ੍ਰਮੋਦ ਕੁਮਾਰ ਕਹਿੰਦੇ ਹਨ ਕਿ ਇਸ ਸੰਕਟ ਦੀ ਜੜ ਕਿਤੇ ਹੋਰ ਹੈ। ਸਿੱਧੂ ਤੇ ਅਮਰਿੰਦਰ ਵਿਚਾਲੇ ਜੋ ਸੰਘਰਸ਼ ਹੈ ਉਸ ਦਾ ਇੱਕ ਪਿਛੋਕੜ ਹੈ ਅਤੇ ਉਹ ਪਿਛੋਕੜ ਸਰਕਾਰ ਦੇ ਸ਼ਾਸਨ ਨਾਲ ਜੁੜਿਆ ਹੋਇਆ ਹੈ।

ਉਹ ਕਹਿੰਦੇ ਹਨ, ''ਕਾਂਗਰਸ ਹਾਈ ਕਮਾਂਡ ਨੇ ਲੋਕਾਂ ਨੂੰ ਇਹ ਸੰਦੇਸ਼ ਦੇ ਦਿੱਤਾ ਹੈ ਕਿ ਸਾਡੀ ਸਰਕਾਰ ਕੁਝ ਖ਼ਾਸ ਕੰਮ ਨਹੀਂ ਕਰ ਸਕੀ ਹੈ। ਮੁੱਖ ਮੰਤਰੀ ਨੇ ਹਾਈ ਕਮਾਂਡ ਨੂੰ ਦੱਸਿਆ ਕਿ ਉਨ੍ਹਾਂ ਦੇ ਕੁਝ ਮੰਤਰੀ ਭ੍ਰਿਸ਼ਟ ਹਨ। ਤਾਂ ਇਸ ਨਾਲ ਲੋਕਾਂ ਨੂੰ ਇਹ ਸੰਦੇਸ਼ ਜਾ ਰਿਹਾ ਹੈ ਕਿ ਕਾਂਗਰਸ ਦੀ ਸਰਕਾਰ ਭ੍ਰਿਸ਼ਟ ਸੀ। ਮੁੱਖ ਮੰਤਰੀ ਨੌਨ-ਪਰਫੌਰਮਿੰਗ ਸਨ। ਫ਼ਿਰ ਵੀ ਸਾਨੂੰ ਵੋਟ ਦਿਓ।''

ਡਾ. ਪ੍ਰਮੋਦ ਮੁਤਾਬਕ ਇਸ ਵਿਵਾਦ ਨੂੰ ਇਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਕਿ ਕਾਂਗਰਸ ਦੀ ਹਾਰ ਇਨ੍ਹਾਂ ਦੋਵਾਂ ਲੀਡਰਾਂ ਦੇ ਸੰਘਰਸ਼ ਦੀ ਵਜ੍ਹਾ ਨਾਲ ਨਹੀਂ ਹੋਵੇਗੀ ਸਗੋਂ ਇਹ ਕਿ 'ਇਹ ਸੰਘਰਸ਼ ਹੀ ਇਸ ਲਈ ਹੋਇਆ ਹੈ ਕਿਉਂਕਿ ਸਰਕਾਰ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ।'

ਉਹ ਕਹਿੰਦੇ ਹਨ, ''ਇਹ ਇੱਕ ਅਜਿਹੀ ਸਰਕਾਰ ਸੀ ਜਿਸ ਨੇ ਕੰਮ ਕਰਕੇ ਨਹੀਂ ਦਿਖਾਇਆ। ਕਾਂਗਰਸ ਜਨਤਾ ਤੋਂ ਪੂਰੀ ਤਰ੍ਹਾਂ ਪਰੇ ਹੋ ਗਈ ਅਤੇ ਭ੍ਰਿਸ਼ਟਾਚਾਰ ਆਇਆ।''

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)