ਕੋਰੋਨਾਵਾਇਰਸ : 10 ਮੁਲਕ ਜਿੰਨ੍ਹਾਂ ਭਾਰਤੀਆਂ ਲਈ ਵੀਜ਼ਾ ਸਰਵਿਸ ਮੁੜ ਸ਼ੁਰੂ ਕੀਤੀ - ਪ੍ਰੈੱਸ ਰਿਵੀਊ

ਜਿਵੇਂ-ਜਿਵੇਂ ਕੋਵਿਡ ਵੈਕਸੀਨੇਸ਼ਨ ਰਫ਼ਤਾਰ ਫੜ ਰਹੀ ਹੈ, ਕਈ ਮੁਲਕਾਂ ਨੇ ਆਵਾਜਾਈ ਲਈ ਪਾਬੰਦੀਆਂ ਵੀ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਭਾਰਤ ਵਿਚ ਦੂਜੀ ਕੋਰੋਨਾ ਲਹਿਰ ਕਾਰਨ ਹੋਈਆਂ ਹਜ਼ਾਰਾਂ ਮੌਤਾਂ ਤੇ ਲਾਗ ਦੇ ਲੱਖਾਂ ਨਵੇਂ ਮਾਮਲੇ ਆਉਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਤੋਂ ਆਵਾਜਾਈ ਰੋਕ ਦਿੱਤੀ ਸੀ।

ਪਰ ਹੁਣ ਕੋਵਿਡ ਲਹਿਰ ਘੱਟ ਹੋਣ ਅਤੇ ਵੈਕਸੀਨੇਸ਼ਨ ਦੀ ਸਪੀਡ ਤੇਜ਼ ਹੋਣ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਰਿਹਾ ਹੈ।

ਸੀਐਨਬੀਸੀ ਟੀਵੀ ਦੀ ਰਿਪੋਰਟ ਮੁਤਾਬਕ ਇਹ ਉਹ 10 ਮੁਲਕ ਹਨ ਜਿਨ੍ਹਾਂ ਨੇ ਭਾਰਤੀ ਪਾਸਪੋਰਟ ਧਾਰਕਾਂ ਵੱਲੋਂ ਵੀਜ਼ਾ ਦੀ ਅਰਜ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ।

  • ਬੰਗਲਾਦੇਸ਼ (ਵੀਜ਼ਾ ਕੈਟੇਗਰੀ - ਟੂਰਿਜ਼ਮ ਅਤੇ ਰੁਜ਼ਗਾਰ)
  • ਸਾਊਦੀ ਅਰਬ (ਵੀਜ਼ਾ ਕੈਟੇਗਰੀ - ਬਿਜ਼ਨਸ, ਫ਼ੈਮਿਲੀ ਵਿਜ਼ਟ, ਰੈਜ਼ੀਡੈਂਟਜ਼, ਰੁਜ਼ਗਾਰ)
  • ਸੰਯੁਕਤ ਅਰਬ ਅਮੀਰਾਤ (ਵੀਜ਼ਾ ਕੈਟੇਗਰੀ - ਟੂਰਿਜ਼ਮ ਅਤੇ ਬਿਜ਼ਨਸ)
  • ਮੋਰੋਕੋ (ਵੀਜ਼ਾ ਕੈਟੇਗਰੀ - ਬਿਜ਼ਨਸ)
  • ਕਰੋਸ਼ੀਆ (ਵੀਜ਼ਾ ਕੈਟੇਗਰੀ - ਟੂਰਿਜ਼ਮ ਅਤੇ ਬਿਜ਼ਨਸ)
  • ਆਈਸਲੈਂਡ (ਵੀਜ਼ਾ ਕੈਟੇਗਰੀ - ਸ਼ੋਰਟ-ਸਟੇਅ ਵੀਜ਼ਾ)
  • ਨੌਰਵੇ (ਵੀਜ਼ਾ ਕੈਟੇਗਰੀ - ਵਿਜ਼ੀਟਰ ਵੀਜ਼ਾ)
  • ਨੀਦਰਲੈਂਡਜ਼ (ਵੀਜ਼ਾ ਕੈਟੇਗਰੀ - ਫ਼ੈਮਿਲੀ ਵਿਜ਼ਟ, ਰੈਜ਼ੀਡੈਂਟਜ਼, ਜਰਨਲਿਸਟ ਅਤੇ ਐਥਲੀਟ)
  • ਸਵਿਟਰਜ਼ਲੈਂਡ (ਵੀਜ਼ਾ ਕੈਟੇਗਰੀ - ਟੂਰਿਜ਼ਮ ਅਤੇ ਬਿਜ਼ਨਸ)
  • ਕੈਨੇਡਾ (ਵੀਜ਼ਾ ਕੈਟੇਗਰੀ - ਸਾਰੀਆਂ ਕੈਟੇਗਰੀਜ਼ 19 ਜਲਾਈ ਤੋਂ)

ਇਹ ਵੀ ਪੜ੍ਹੋ:

ਪਾਕ 'ਚ ਅਫ਼ਗਾਨ ਰਾਜਦੂਤ ਦੀ ਬੇਟੀ ਅਗਵਾ

ਪਾਕਿਸਤਾਨ ਵਿੱਚ ਅਫ਼ਗਾਨ ਰਾਜਦੂਤ ਦੀ ਬੇਟੀ ਦੇ ਅਗਵਾ ਹੋਣ ਤੋਂ ਬਾਅਦ ਭਾਰਤ ਨੇ ਆਪਣੇ ਦੂਤਾਵਾਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਲਰਟ ਰਹਿਣ ਅਤੇ ਸੁਰੱਖਿਆ ਨੂੰ ਲੈ ਕੇ ਚੌਕਸੀ ਵਰਤਣ ਨੂੰ ਕਿਹਾ ਹੈ।

ਨਵਭਾਰਤ ਟਾਈਮਜ਼ ਦੀ ਖ਼ਬਰ ਮੁਤਾਬਕ ਪਾਕਿਸਤਾਨ ਵਿੱਚ ਅਫ਼ਗਾਨ ਰਾਜਦੂਤ ਨਜੀਬੁੱਲ੍ਹਾ ਅਲੀਖੀਲ ਦੀ ਬੇਟੀ ਨੂੰ ਇਸਲਾਮਾਬਾਦ ਤੋਂ ਅਗਵਾ ਕਰਕੇ ਤਸ਼ਦੱਦ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ਭਾਰਤ ਵੀ ਅਲਰਟ ਹੋ ਗਿਆ ਹੈ।

ਖ਼ਬਰ ਮੁਤਾਬਕ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਅਫ਼ਗਾਨ ਰਾਜਦੂਤ ਨਜੀਬੁੱਲ੍ਹਾ ਅਲੀਖੀਲ ਦੀ ਬੇਟੀ ਸਿਲਸਿਲਾ ਅਲੀਖੀਲ ਨੂੰ 17 ਜੁਲਾਈ ਨੂੰ ਇਸਲਾਮਾਬਾਦ ਵਿੱਚ ਉਨ੍ਹਾਂ ਦੇ ਘਰ ਆਉਂਦੇ ਅਗਵਾ ਕਰ ਲਿਆ ਗਿਆ ਸੀ।

ਇਸ ਤੋਂ ਬਾਅਦ ਕਈ ਘੰਟਿਆਂ ਤੱਕ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ, ਹਾਲਾਂਕਿ ਅਗਵਾ ਕਰਨ ਵਾਲਿਆਂ ਨੇ ਬਾਅਦ ਵਿੱਚ ਸਿਲਸਿਲਾ ਅਲੀਖੀਲ ਨੂੰ ਜਾਣ ਦਿੱਤਾ।

ਉਨ੍ਹਾਂ ਨੂੰ ਇੱਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਯੂਪੀ 'ਚ ਕਾਵੜ ਯਾਤਰਾ ਉੱਤੇ ਰੋਕ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸੁਪਰੀਮ ਕੋਰਟ ਦੀ ਫ਼ਟਕਾਰ ਤੋਂ ਬਾਅਦ ਕਾਵੜ ਯਾਤਰਾ ਰੱਦ ਕਰ ਦਿੱਤੀ ਹੈ।

ਭਾਸਕਰ ਦੀ ਖ਼ਬਰ ਮੁਤਾਬਕ ਸਰਕਾਰ ਨੇ ਕਾਵੜ ਸੰਘਾਂ ਨਾਲ ਗੱਲਬਾਤ ਤੋਂ ਬਾਅਦ ਇਸ ਸਾਲ ਵੀ ਯਾਤਰਾ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਇੱਕ ਦਿਨ ਪਹਿਲਾਂ ਹੀ ਦੇਸ ਦੀ ਉੱਚ ਅਦਾਲਤ ਨੇ ਯੋਗੀ ਸਰਕਾਰ ਨੂੰ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਕਰਨ ਨੂੰ ਕਿਹਾ ਸੀ।

ਪਿਛਲੇ ਸਾਲ ਕਾਵੜ ਸੰਘਾਂ ਨੇ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਖ਼ੁਦ ਹੀ ਯਾਤਰਾ ਰੱਦ ਕਰ ਦਿੱਤੀ ਸੀ। ਇਸ ਵਾਰ ਵੀ ਸਰਕਾਰ ਨੇ ਸੰਘਾਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਹੈ।

ਹਾਲਾਂਕਿ ਯੂਪੀ ਸਰਕਾਰ ਚਾਹੁੰਦੀ ਹੈ ਇਸ ਵਾਰ ਕਾਵੜ ਯਾਤਰਾ ਉੱਤੇ ਪਾਬੰਦੀ ਨਾ ਲੱਗੇ, ਸਗੋਂ ਕੋਵਿਡ ਪ੍ਰੋਟੋਕੌਲ ਤਹਿਤ ਯਾਤਰਾ ਕੱਢੀ ਜਾਵੇ।

ਬਾਇਡਨ ਨੇ ਕਿਹਾ ''ਉਹ ਲੋਕਾਂ ਨੂੰ ਮਾਰ ਰਹੇ ਹਨ'', ਫੇਸਬੁੱਕ ਨੂੰ ਵੀ ਝਾੜਿਆ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ਝਾੜ ਪਾਈ ਹੈ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਬਾਇਡਨ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਜ਼ ਜਿਵੇਂ ਕਿ ਫੇਸਬੁੱਕ ਕੋਰੋਨਾਵਾਇਰਸ ਵੈਕਸੀਨ ਬਾਰੇ ਗ਼ਲਤ ਜਾਣਕਾਰੀ ਆਪਣੇ ਮੰਚ ਉੱਤੇ ਪਾਉਣ ਦੀ ਇਜਾਜ਼ਤ ਦੇਣ ਕਰਕੇ ਲੋਕਾਂ ਨੂੰ ''ਮਾਰ ਰਹੇ ਹਨ।''

ਉਨ੍ਹਾਂ ਕਿਹਾ, ''ਦੇਖੋ, ਜਿਹੜੀ ਮਹਾਮਾਰੀ ਹੁਣ ਹੈ, ਉਹ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਵਿਚ ਹੈ, ਅਤੇ ਇਹ ਲੋਕਾਂ ਨੂੰ ਮਾਰ ਰਹੇ ਹਨ।''

ਬਾਇਡਨ ਨੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਗੱਲ਼ ਕਹੀ।

ਕੋਵਿਡ-19 ਨਾਲ ਜੁੜੀ ਗਲਤ ਜਾਣਕਾਰੀ ਮਹਾਮਾਰੀ ਦੌਰਾਨ ਸੋਸ਼ਲ ਮੀਡੀਆ ਸਾਈਟਸ ਜਿਵੇਂ ਫੇਸਬੁੱਕ, ਟਵਿੱਟਰ ਅਤੇ ਯੂਟਿਊਬ ਉੱਤੇ ਕਾਫ਼ੀ ਫੈਲੀ ਹੈ।

ਖੋਜਾਰਥੀਆਂ ਅਤੇ ਕਾਨੂੰਨ ਦੇ ਜਾਣਕਾਰਾਂ ਨੇ ਅਜਿਹੀ ਜਾਣਕਾਰੀ ਲਈ ਫੇਸਬੁੱਕ ਨੂੰ ਦੋਸ਼ੀ ਮੰਨਿਆ ਹੈ।

ਹਾਲਾਂਕਿ ਫੇਸਬੁੱਕ ਵੱਲੋਂ ਕੋਰੋਨਾ ਅਤੇ ਵੈਕਸੀਨ ਬਾਬਤ ਅਜਿਹੀ ਗਲਤ ਤੇ ਝੂਠੀ ਜਾਣਕਾਰੀ ਲਈ ਨਿਯਮ ਵੀ ਪੇਸ਼ ਕੀਤੇ ਗਏ ਸਨ ਅਤੇ ਕਿਹਾ ਸੀ ਕਿ ਇਸ ਨਾਲ ਲੋਕਾਂ ਨੂੰ ਭਰੋਸਮੰਦ ਜਾਣਕਾਰੀ ਮਿਲੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)