You’re viewing a text-only version of this website that uses less data. View the main version of the website including all images and videos.
ਨਵਜੋਤ ਸਿੱਧੂ ਨੂੰ ਗਾਂਧੀ ਪਰਿਵਾਰ ਦੀ ਥਾਪੀ, ਕੀ ਕੈਪਟਨ ਨੂੰ ਨਾਲ ਤੋਰਨ 'ਚ ਕਾਮਯਾਬ ਹੋ ਸਕਣਗੇ - ਨਜ਼ਰੀਆ
- ਲੇਖਕ, ਅਤੁਲ ਸੰਗਰ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਸੂਬੇ ਵਿੱਚ ਪੈਂਠ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਤਾਏ ਜਾ ਰਹੇ ਖਦਸ਼ਿਆਂ ਤੇ ਸਿੱਧੂ ਲਈ ਉਨ੍ਹਾਂ ਦੀ ਨਾਰਾਜ਼ਗੀ ਦੇ ਬਾਵਜੂਦ ਲਿਆ ਗਿਆ ਹੈ।
ਹਾਲ ਹੀ ਵਿੱਚ ਪਾਰਟੀ ਦੇ ਕੱਦਾਵਰ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਆਪਣੇ 'ਅਪਮਾਨਜਨਕ ਟਵੀਟਸ' ਲਈ ਮਾਫੀ ਨਹੀਂ ਮੰਗ ਲੈਂਦੇ।
ਪਿਛਲੇ ਦੋ ਸਾਲਾਂ ਤੋਂ ਸਿੱਧੂ ਤੇ ਕੈਪਟਨ ਵਿਚਕਾਰ ਚਲ ਰਹੇ ਮਤਭੇਦ ਹੋਰ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਕਾਰਨ ਹਾਲ ਹੀ ਵਿੱਚ ਪਾਰਟੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਪ੍ਰੋਗਰਾਮ 'ਤੇ ਕੰਮ ਕਰਨ ਲਈ ਕਿਹਾ ਹੈ।
ਇਹ ਫੈਸਲਾ ਉਸ ਸਮੇਂ ਆਇਆ ਜਦੋਂ ਸੂਬੇ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲਗਭਗ 8 ਮਹੀਨੇ ਹੀ ਬਚੇ ਹਨ।
ਇਹ ਵੀ ਪੜ੍ਹੋ:
ਇਸ ਫੈਸਲੇ ਨੂੰ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਕਰਨ ਵਿੱਚ ਨਾਕਾਮੀ ਦੇ ਸਿੱਟੇ ਵੱਜੋਂ ਦੇਖਿਆ ਜਾ ਰਿਹਾ ਹੈ।
ਉਧਰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨਦੇ ਹਨ ਕਿ ਉਹ ਹਾਲ ਹੀ ਵਿੱਚ ਵਾਪਰੀਆਂ ਸਿਆਸੀ ਘਟਨਾਵਾਂ ਕਾਰਨ ਨਾਰਾਜ਼ ਹਨ।
ਕਾਂਗਰਸ ਹਾਈ ਕਮਾਂਡ ਦਾ ਸੁਲਾਹ ਕਰਵਾਉਣ ਦਾ ਤੇ ਪਾਰਟੀ ਦੀ ਦਿਖ ਨੂੰ ਬਦਲਣ ਦਾ ਇਹ ਤਰੀਕਾ ਸ਼ਾਇਦ ਸਫਲ ਨਾ ਰਹੇ।
ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਉਦੋ ਭਾਜਪਾ ਤੋਂ ਕੀਤੀ ਸੀ ਜਦੋਂ ਉਹ ਸਾਲ 2004 ਵਿੱਚ ਪਹਿਲੀ ਵਾਰ ਅੰਮ੍ਰਿਤਸਰ ਤੋਂ ਐਮਪੀ ਚੁਣੇ ਗਏ। ਉਨ੍ਹਾਂ ਨੇ 2016 ਵਿੱਚ ਭਾਜਪਾ ਨੂੰ ਅਲਵਿਦਾ ਆਖ ਦਿੱਤਾ ਸੀ।
ਭਾਰਤੀ ਜਨਤਾ ਪਾਰਟੀ ਵੱਲੋਂ ਅਰੁਣ ਜੇਟਲੀ ਨੂੰ 2014 ਵਿੱਚ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਕਿਹਾ ਗਿਆ। ਸਿੱਧੂ ਨੂੰ ਅਡਜਸਟ ਕਰਨ ਲਈ ਰਾਜ ਸਭਾ ਭੇਜ ਦਿੱਤਾ ਗਿਆ।
ਸਿੱਧੂ ਤੇ ਕੈਪਟਨ ਵਿੱਚ ਕਦੋਂ ਪਈ ਸੀ ਫੁੱਟ
ਇਸ ਤੋਂ ਬਾਅਦ ਸਿੱਧੂ ਨੇ ਕੁਝ ਹੀ ਮਹੀਨਿਆਂ ਬਾਅਦ ਭਾਜਪਾ ਛੱਡ ਦਿੱਤੀ ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸਿੱਧੂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਲਿਆਉਣ ਦੇ ਪਿੱਛੇ ਪ੍ਰਿਅੰਕਾ ਤੇ ਰਾਹੁਲ ਗਾਂਧੀ ਸਨ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਨਹੀਂ ਲਈ ਗਈ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ 117 ਸੀਟਾਂ ਵਿੱਚੋਂ 77 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ।
ਸਿੱਧੂ ਨੂੰ ਕੈਪਟਨ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ, ਪਰ 2018 ਵਿੱਚ ਕੈਪਟਨ ਤੇ ਸਿੱਧੂ ਵਿਚਕਾਰ ਉਸ ਸਮੇਂ ਕੁੜਤਣ ਪੈਦਾ ਹੋ ਗਈ ਜਦੋਂ ਸਿੱਧੂ ਨੇ ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਗਮ ਦਾ ਸੱਦਾ ਸਵੀਕਾਰ ਕਰ ਲਿਆ। ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣੀ ਸੀ।
ਪਾਕਿਸਤਾਨ ਦੇ ਜਨਰਲ ਕਮਰ ਬਾਜਵਾ ਨੂੰ ਜੱਫੀ ਪਾਉਣ ਦੀਆਂ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ, ਸਿੱਧੂ ਦੀ ਬਹੁਤ ਆਲੋਚਨਾ ਹੋਈ।
ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ 'ਚੋਂ ਸਨ ਜਿਨ੍ਹਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ। ਜਦੋਂ ਵਖਰੇਵੇਂ ਹੋਰ ਵੱਧ ਗਏ ਤਾਂ ਸਿੱਧੂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ।
ਪਰ ਪੰਜਾਬ ਵਿੱਚ ਸਿੱਖਾਂ ਵੱਲੋਂ ਸਿੱਧੂ ਦੀ ਬਹੁਤ ਤਾਰੀਫ ਹੋਈ ਕਿਉਂਕਿ ਉਹ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਪ੍ਰਸਤਾਵ ਲੈ ਕੇ ਆਏ ਸਨ।
ਇਸ ਨਾਲ ਭਾਰਤ ਵਿੱਚ ਵਸਦੇ ਲੱਖਾਂ ਸ਼ਰਧਾਲੂਆਂ ਦੀ ਦਹਾਕਿਆਂ ਪੁਰਾਣੀ ਇੱਛਾ ਪੂਰੀ ਹੋਣ ਜਾ ਰਹੀ ਸੀ ਜੋ ਕਿ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਕਰਤਾਰਪੁਰ ਸਾਹਿਬ ਗੁਰਦੁਆਰੇ ਜਾ ਕੇ ਮੱਥਾ ਟੇਕਣ ਦੀ ਸੀ।
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਕੈਪਟਨ ਖ਼ਿਲਾਫ਼ ਸਿੱਧੂ ਦੇ ਬਿਆਨ ਅਤੇ ਇਲਜ਼ਾਮ
ਨਵਜੋਤ ਸਿੰਘ ਸਿੱਧੂ ਆਪਣੇ ਅਸਤੀਫੇ ਤੋਂ ਬਾਅਦ ਕੁਝ ਮਹੀਨੇ ਤਾਂ ਸ਼ਾਂਤ ਰਹੇ। ਉਸ ਤੋਂ ਬਾਅਦ ਉਨ੍ਹਾਂ ਨੇ ਕੈਪਟਨ ਸਰਕਾਰ ਉੱਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੱਘ 'ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਗਾਏ।
ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਵੱਲੋਂ ਕੈਪਟਨ ਅਮਰਿੰਦਰ ਨੂੰ ਦਿੱਤੇ ਗਏ 18 ਨੁਕਾਤੀ ਪ੍ਰੋਗਰਾਮ ਵਿੱਚ ਜ਼ਿਆਦਾਤਰ ਇਹ ਹੀ ਵਾਅਦੇ ਸ਼ਾਮਲ ਹਨ।
ਆਪਣੇ ਵੀਡੀਓਜ਼ ਵਿੱਚ ਸਿੱਧੂ ਪੰਜਾਬ ਸਰਕਾਰ ਨੂੰ ਐਮਐਸਪੀ 'ਤੇ ਫਸਲ ਖਰੀਦ ਕੇ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਨੂੰ ਕਹਿ ਰਹੇ ਹਨ।
ਉਨ੍ਹਾਂ ਨੇ 2015 'ਚ ਬਰਗਾੜੀ 'ਚ ਹੋਏ ਬੇਅਦਬੀ ਦੇ ਮਾਮਲੇ ਵਿੱਚ ਨਿਆਂ ਨਾ ਮਿਲਣ ਦਾ ਵੀ ਮੁੱਦਾ ਚੁੱਕਿਆ। ਉਸ ਸਮੇਂ ਬਾਦਲ ਸਰਕਾਰ ਪੰਜਾਬ ਵਿੱਚ ਰਾਜ ਕਰ ਰਹੀ ਸੀ।
ਸਮੇਂ-ਸਮੇਂ 'ਤੇ 'ਰੇਤ ਮਾਫ਼ੀਆ' ਤੇ 'ਟਰਾਂਸਪੋਰਟ ਮਾਫ਼ੀਆ' ਨਾਲ ਜੁੜੇ ਮੁੱਦੇ ਵੀ ਚੁੱਕੇ ਗਏ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਤੱਕ ਆਮ ਲੋਕਾਂ ਤੇ ਵਿਧਾਇਕਾਂ ਦੀ ਪਹੁੰਚ ਨਾ ਹੋਣ ਦਾ ਮੁੱਦਾ ਵੀ ਚੁੱਕਿਆ ਗਿਆ।
ਕੈਪਟਨ ਦੇ ਕਰੀਬੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸੂਚੀ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੇਅਦਬੀ ਦੇ ਕੇਸਾਂ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ ਗਈ, ਨਸ਼ਾ ਤਸਕਰਾਂ ਖਿਲਾਫ ਕੇਸ ਰਜਿਸਟਰ ਕੀਤੇ ਗਏ, ਨੌਕਰੀਆਂ ਦੇਣ ਲਈ ਮੇਲੇ ਲਗਾਏ ਗਏ।
ਪਰ ਉਨ੍ਹਾਂ ਦਾ ਇਹ ਬਚਾਅ ਫਿੱਕਾ ਪੈ ਜਾਂਦਾ ਹੈ ਜਦੋਂ ਕਾਂਗਰਸ ਹਾਈ ਕਮਾਂਡ ਹੀ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਦੀ ਹੈ ਤੇ 18 ਨੁਕਾਤੀ ਪ੍ਰੋਗਰਾਮ 'ਤੇ ਕੰਮ ਕਰਨ ਨੂੰ ਕਹਿੰਦੀ ਹੈ।
ਇਹ ਵੀ ਪੜ੍ਹੋ:
ਮਸਲੇ ਦਾ ਨਿਕਲੇਗਾ ਹੱਲ ਜਾਂ ਹੋਰ ਵਿਗੜਨਗੇ ਹਾਲਾਤ
ਸਿੱਧੂ ਨੂੰ ਕਦੇ ਵੀ ਪਾਰਟੀ ਦੇ ਵਿਧਾਇਕਾਂ ਦੀ ਹਮਾਇਤ ਨਹੀਂ ਸੀ। ਉਨ੍ਹਾਂ ਦੀ ਪਛਾਣ ਇੱਕਲੇ ਹੀ ਕੰਮ ਕਰਨ ਵਾਲੇ ਆਗੂ ਵਜੋਂ ਹੈ।
ਪਰ ਜਦੋਂ ਵਿਧਾਇਕਾਂ ਨੇ ਦੇਖਿਆ ਕਿ ਪਾਰਟੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਤੋਂ ਮੂੰਹ ਮੋੜ ਕੇ ਸਿੱਧੂ ਦੀ ਹਮਾਇਤ ਕੀਤੀ ਤਾਂ ਉਨ੍ਹਾਂ ਦਾ ਰੁਖ ਵੀ ਬਦਲ ਗਿਆ।
ਹਾਲ ਹੀ ਵਿੱਚ ਕੈਬਨਿਟ ਵਿੱਚ ਦੋ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦੇਣ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਦਾ ਵਿਰੋਧ ਕੈਪਟਨ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁੱਖ ਸਰਕਾਰੀਆ ਸਣੇ ਹੋਰਾਂ ਨੇ ਕੀਤਾ।
ਕੁਝ ਹੋਰ ਆਗੂ ਜਿਵੇਂ ਚਰਨਜੀਤ ਸਿੰਘ ਚੰਨੀ, ਰਵਨੀਤ ਸਿੰਘ ਬਿੱਟੂ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਲੰਬੇ ਸਮੇਂ ਤੋਂ ਹੀ ਸਰਕਾਰ ਦੀ ਆਲੋਚਨਾ ਕਰਦੇ ਆਏ ਹਨ।
ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ।
ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਕਾਂਗਰਸ ਹਾਈ ਕਮਾਂਡ ਦਾ ਇਸ ਤਰ੍ਹਾਂ ਦਾ ਐਲਾਨ ਪਾਰਟੀ 'ਚ ਹੋ ਰਹੀ ਖਿੱਚੋਤਾਣ ਨੂੰ ਖਤਮ ਕਰਨ ਦੀ ਥਾਂ ਇਸ ਨੂੰ ਹੋਰ ਵਧਾਉਣ ਦਾ ਕੰਮ ਕਰ ਸਕਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਵੇਖੋ: