ਇੱਕ ਬੱਚਾ ਕਿਵੇਂ ਦੋ ਵਾਰ ਅਗਵਾ ਹੋਣ ਮਗਰੋਂ ਆਪਣੇ ਮਾਪਿਆਂ ਤੱਕ ਪਹੁੰਚਿਆ

ਗੁਜਾਰਾਤ ਦੀ ਇੱਕ ਦਿਹਾੜੀਦਾਰ ਮਾਂ ਦੇ ਨਵਜੰਮੇ ਬੱਚੇ ਨੂੰ ਇੱਕ ਨਹੀਂ ਸਗੋਂ ਦੋ ਵਾਰ ਚੁੱਕ ਲਿਆ ਗਿਆ। ਬੀਬੀਸੀ ਗੁਜਰਾਤੀ ਦੇ ਪੱਤਰਕਾਰ ਭਾਰਗਵ ਪਾਰਿਖ ਨੇ ਮਾਮਲੇ ਦੀ ਪੜਤਾਲ ਕੀਤੀ।
ਗੁਜਰਾਤ ਦੇ ਗਾਂਧੀ ਨਗਰ ਦੀ ਰਹਿਣ ਵਾਲੀ ਗ਼ਰੀਬ ਦਿਹਾੜੀਦਾਰ ਮਾਂ ਮੀਨਾ ਵਦੀ ਨੇ ਦੱਸਿਆ,"ਮੈਂ ਹੁਣ ਆਪਣੇ ਬੱਚੇ ਨੂੰ ਅੱਖੋਂ ਓਹਲੇ ਨਹੀਂ ਹੋਣ ਦਿੰਦੀ।"
ਮੀਨਾ ਦੀਆਂ ਦਿੱਕਤਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਹ ਪਹਿਲੀ ਵਾਰ ਆਪਣੇ ਬੱਚੇ ਨੂੰ ਹਸਪਤਾਲ ਤੋਂ ਘਰ ਲੈ ਕੇ ਵਾਪਸ ਆਈ। ਉਸ ਤੋਂ ਬਾਅਦ ਉਸ ਦੇ ਬੱਚੇ ਨੂੰ ਦੋ ਵਾਰ ਚੁੱਕ ਲਿਆ ਗਿਆ।
ਮੀਨਾ ਨੇ ਦੱਸਿਆ ਕਿ ਜਿਸ ਹਸਪਤਾਲ ਵਿੱਚ ਉਸ ਦੇ ਬੱਚੇ ਦਾ ਜਨਮ ਹੋਇਆ ਸੀ, ਉਸ ਦੀ ਇੱਕ ਨਰਸ ਇੱਕ ਦਿਨ ਉਸ ਕੋਲ ਆਈ ਅਤੇ ਕਹਿਣ ਲੱਗੀ ਕਿ ਮੇਰੇ ਬੱਚੇ ਦੇ ਟੀਕਾ ਲਗਾਉਣਾ ਹੈ।
ਇਹ ਵੀ ਪੜ੍ਹੋ:
ਇਸ ਲਈ ਮੀਨਾ ਆਪਣੇ ਪੁੱਤਰ ਅਕੇ ਨਰਸ ਦੇ ਨਾਲ ਹਸਪਤਾਲ ਗਈ। ਔਰਤ ਬੱਚੇ ਨੂੰ ਲੈ ਗਈ ਅਤੇ ਮੀਨਾ ਨੂੰ ਕਹਿ ਗਈ ਕਿ ਜਦੋਂ ਤੱਕ ਉਸ ਦੇ ਪੁੱਤਰ ਦੀ ਫ਼ੋਟੋ ਖਿੱਚੀ ਜਾ ਰਹੀ ਹੈ ਮੀਨਾ ਉੱਥੇ ਹੀ ਉਡੀਕ ਕਰੇ।
ਕਈ ਘੰਟਿਆਂ ਤੱਕ ਜਦੋਂ ਔਰਤ ਵਾਪਸ ਨਾ ਆਈ ਤਾਂ ਮੀਨਾ ਨੇ ਆਪਣੇ ਬੱਚੇ ਦੀ ਭਾਲ ਸ਼ੁਰੂ ਕੀਤੀ। ਰੋਂਦੀ ਮੀਨਾ ਦੀ ਅਵਾਜ਼ ਜਦੋਂ ਗਾਰਡਾਂ ਨੇ ਸੁਣੀ ਤਾਂ ਪ੍ਰੇਸ਼ਾਨੀ ਦਾ ਸਬੱਬ ਪੁੱਛਿਆ।
ਇਸਤਰੀ ਅਤੇ ਬਾਲ ਵਿਕਾਸ ਮੰਤਰਾਲਾ ਮੁਤਾਬਕ ਪਿਛਲੇ ਸਾਲ ਦੌਰਾਨ ਭਾਰਤ ਵਿੱਚ 43,000 ਬੱਚੇ ਲਾਪਤਾ ਹੋਏ ਸਨ। ਜਦਕਿ ਗੁਜਰਾਤ ਵਿੱਚ ਸਰਕਾਰੀ ਡੇਟਾ ਮੁਤਾਬਕ ਇਹ ਅੰਕੜਾ 3,500 ਸੀ।
ਬਾਲ ਅਧਿਕਾਰਾਂ ਬਾਰੇ ਕੰਮ ਕਰਨ ਵਾਲੇ ਕਾਰਕੁਨਾਂ ਮੁਤਾਬਕ ਅਸਲ ਵਿੱਚ ਇਹ ਅੰਕੜਾਂ ਕਿਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਮੀਨਾ ਅਤੇ ਉਨ੍ਹਾਂ ਦੇ ਪਤੀ ਨੇ ਤੁਰੰਤ ਪੁਲਿਸ਼ ਸ਼ਿਕਾਇਤ ਦਰਜ ਕਰਵਾਈ।
ਬੱਚੇ ਦੀ ਭਾਲ ਕਿਵੇਂ ਹੋਈ?
ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਇੰਸਪੈਕਟਰ ਐੱਚਪੀ ਜ਼ਾਲਾ ਨੇ ਦੱਸਿਆ,"ਮੀਨਾ ਨੂੰ ਉਸ ਔਰਤ ਬਾਰੇ ਕੁਝ ਵੀ ਪਤਾ ਨਹੀਂ ਸੀ, ਨਾਮ ਤੱਕ ਨਹੀਂ। ਉਹ ਕੋਲੋਂ ਉਸ ਦਾ ਹੂਲੀਆ ਵੀ ਬਿਆਨ ਨਹੀਂ ਕੀਤਾ ਜਾ ਰਿਹਾ ਸੀ।"
ਫਿਰ ਪੁਲਿਸ ਨੇ ਹਸਪਤਾਲ ਦੇ ਆਸਪਾਸ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ।
ਇੱਥੋਂ ਹੀ ਪੁਲਿਸ ਨੂੰ ਪਹਿਲਾ ਸੁਰਾਗ ਮਿਲਿਆ-ਇੱਕ ਔਰਤ ਆਪਣੀ ਸਾੜ੍ਹੀ ਵਿੱਚ ਇੱਕ ਬੰਡਲ ਲਕੋ ਕੇ ਮੇਨ ਰੋਡ ਵੱਲ ਜਾ ਰਹੀ ਸੀ।
ਔਰਤ ਦੇ ਪੱਲੂ ਥੱਲੇ ਬੱਚਾ ਹੀ ਸੀ ਜਾਂ ਕੁਝ ਹੋਰ ਇਹ ਦੱਸਣਾ ਮੁਸ਼ਕਲ ਸੀ। ਲਗਭਗ 500 ਰਿਕਸ਼ੇਵਾਲਿਆਂ ਤੋਂ ਪੁੱਛਗਿੱਛ ਕਰ ਕੇ ਪੁਲਿਸ ਨੇ ਗੁੱਥੀ ਸੁਲਝਾਈ।
ਔਰਤ ਇੱਕ ਰਿਕਸ਼ੇ ਵਿੱਚ ਸਵਾਰ ਹੋ ਕੇ ਗੁਆਂਢੀ ਪਿੰਡ ਗਈ ਸੀ।

ਤਸਵੀਰ ਸਰੋਤ, Getty Images
ਪੁਲਿਸ ਨੇ ਫਿਰ ਪਿੰਡ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਅਤੇ ਪਿੰਡ ਦੇ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ।
ਸੂਹ ਦਾ ਪਿੱਛਾ ਕਰਦੇ ਹੋਏ ਪੁਲਿਸ ਇੱਕ ਦੂਜੇ ਪਿੰਡ ਪਹੁੰਚੀ, ਜਿੱਥੇ ਕਿ ਔਰਤ ਨੂੰ ਕਥਿਤ ਰੂਪ ਵਿੱਚ ਆਖ਼ਰੀ ਵਾਰ ਦੇਖਿਆ ਗਿਆ ਸੀ।
ਉੱਥੇ ਇੱਕ ਵਾੜੇ ਵਿੱਚੋਂ ਪੁਲਿਸ ਨੂੰ ਔਰਤ ਦੇ ਕੱਪੜੇ ਅਤੇ ਇੱਕ ਕੌਮੀ ਬਾਇਓਮੀਟਰਿਕ ਪਛਾਣ ਪੱਤਰ ਬਰਾਮਦ ਹੋਇਆ। ਪੁਲਿਸ ਹੁਣ ਪਛਾਣ-ਪੱਤਰ ਉੱਪਰ ਦਿੱਤੇ ਪਤੇ 'ਤੇ ਪਹੁੰਚੀ।
ਇੱਥੇ ਪੁਲਿਸ ਨੂੰ ਬੱਚੇ ਸਮੇਤ ਇੱਕ ਔਰਤ ਮਿਲੀ ਪਰ ਬੱਚਾ ਮੀਨਾ ਦਾ ਨਹੀਂ ਸੀ।
ਔਰਤ ਨੇ ਦੱਸਿਆ ਕਿ ਉਸ ਦਾ ਪਤੀ ਕਿਸੇ ਔਰਤ ਨਾਲ ਭੱਜ ਗਿਆ ਸੀ। ਉਹ ਔਰਤ ਉਸ ਦੇ ਪਛਾਣ-ਪੱਤਰ ਅਤੇ ਹੋਰ ਸਮਾਨ ਚੋਰੀ ਕਰ ਕੇ ਭੱਜੀ ਸੀ।
ਬੱਚੇ ਬਾਰੇ ਔਰਤ ਨੇ ਦੱਸਿਆ ਕਿ ਇਹ ਉਸ ਦੇ ਦੂਜੇ ਵਿਆਹ ਤੋਂ ਸੀ।
ਪੁਲਿਸ ਇੰਸਪੈਕਟਰ ਜ਼ਾਲਾ ਨੇ ਦੱਸਿਆ,"ਅਸੀਂ ਉਸ ਦੇ ਪਤੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਪਹਿਲੀ ਔਰਤ ਵੱਲੋਂ ਦਿੱਤੇ ਪਤੇ ਉੱਪਰ ਇੱਕ ਜੋੜਾ ਆਪਣੇ ਬੱਚੇ ਨਾਲ ਰਹਿੰਦਾ ਸਾਨੂੰ ਮਿਲਿਆ।”
ਡੀਐੱਨਏ ਟੈਸਟ ਤੋਂ ਪੁਸ਼ਟੀ ਹੋਈ ਕਿ ਜੋੜੇ ਕੋਲ ਜੋ ਬੱਚਾ ਸੀ ਉਹ ਮੀਨਾ ਦਾ ਹੀ ਸੀ। ਜੋੜਾ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ֹ'ਤੇ ਹੈ।

ਔਰਤ ਨੇ ਕਥਿਤ ਰੂਪ ਵਿੱਚ ਮੰਨਿਆ ਕਿ ਉਸ ਨੇ ਮੀਨਾ ਦਾ ਬੱਚਾ ਚੋਰੀ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਉਸ ਦੇ ਪਤੀ ਦੀ ਪਹਿਲੀ ਪਤਨੀ ਨੇ ਉਸ ਨੂੰ ਫਸਾਉਣ ਲਈ ਵਾੜੇ ਵਿੱਚ ਕੱਪੜੇ ਅਤੇ ਪਛਾਣ-ਪੱਤਰ ਰੱਖੇ ਸਨ।
ਜਦਕਿ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਇਸ ਪੂਰੇ ਮਾਮਲੇ ਬਾਰੇ ਕੁਝ ਵੀ ਪਤਾ ਨਹੀਂ ਸੀ ਸਗੋਂ ਉਹ ਤਾਂ ਇਹ ਸਮਝ ਰਿਹਾ ਸੀ ਕਿ ਬੱਚਾ, ਉਸੇ ਦਾ ਹੀ ਹੈ।
ਔਰਤ ਨੇ ਦੱਸਿਆ ਕਿ ਉਸ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਨੂੰ ਪਤੀ ਦੁਆਰਾ ਛੱਡੇ ਜਾਣ ਦਾ ਡਰ ਸੀ।
ਪੁਲਿਸ ਮੁਤਾਬਕ ਇਹ ਇੱਕ ਆਮ ਕਹਾਣੀ ਹੈ।
ਸਾਬਕਾ ਪੁਲਿਸ ਅਫ਼ਸਰ ਦੀਪਕ ਵਿਆਸ ਨੇ ਦੱਸਿਆ,"ਲੋਕਾਂ ਵਿੱਚ ਧੀਆਂ ਨਾਲੋਂ ਪੁੱਤਰ ਹਾਸਲ ਕਰਨ ਦੀ ਪ੍ਰਬਲ ਲਾਲਸਾ ਹੈ। ਉਹ ਕਿਵੇਂ ਵੀ ਕਰ ਕੇ ਪੁੱਤਰ ਹਾਸਲ ਕਰਨਾ ਚਾਹੁੰਦੇ ਹਨ। ਇਸ ਲਈ ਉਹ ਗ਼ਰੀਬ ਪਰਿਵਾਰਾਂ ਦੇ ਬੱਚੇ ਚੋਰੀ ਕਰ ਲੈਂਦੇ ਹਨ।"
ਦੂਸਰੀ ਕੋਸ਼ਿਸ਼
ਮੀਨਾ ਅਤੇ ਉਨ੍ਹਾਂ ਦੇ ਪਤੀ ਕੰਨੂ ਆਪਣੇ ਪੁੱਤਰ ਨੂੰ ਵਾਪਸ ਹਾਸਲ ਕਰਕੇ ਬਹੁਤ ਖ਼ੁਸ਼ ਸਨ ਪਰ ਇਹ ਖ਼ੁਸ਼ੀ ਜ਼ਿਆਦਾ ਦੇਰ ਨਾ ਰਹੀ। ਨੌਂ ਜੂਨ ਨੂੰ ਬੱਚਾ ਇੱਕ ਵਾਰ ਫਿਰ ਗੁਆਚ ਗਿਆ।
ਮੀਨਾ ਕੂੜਾ ਚੁੱਕਣ ਗਈ ਹੋਈ ਸੀ ਅਤੇ ਬੱਚਾ ਇੱਕ ਰੁੱਖ ਹੇਠ ਸੁੱਤਾ ਪਿਆ ਸੀ। ਜਦੋਂ ਉਹ ਵਾਪਸ ਆਈ ਤਾਂ ਬੱਚਾ ਗਾਇਬ ਸੀ।

ਜਦੋਂ ਪਤੀ ਪਤਨੀ ਇੱਕ ਵਾਰ ਫਿਰ ਪੁਲਿਸ ਸਟੇਸ਼ਨ ਪਹੁੰਚੇ ਤਾਂ ਇੰਸਪੈਕਟਰ ਜ਼ਾਲਾ ਦਾ ਕਹਿਣਾ ਹੈ ਕਿ ਉਹ ਜੋੜੇ ਨੂੰ ਦੁਬਾਰਾ ਦੇਖ ਕੇ ਬਹੁਤ ਹੈਰਾਨ ਹੋਏ।
ਇੱਕ ਵਾਰ ਫਿਰ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਘਾਲਣ ਤੋਂ ਇੱਕ ਮੋਟਰ ਸਾਈਕਲ ਸਵਾਰ ਉੱਪਰ ਸ਼ੱਕ ਗਿਆ।
ਜਦੋਂ ਪੁਲਿਸ ਉਸ ਵਿਅਕਤੀ ਕੋਲ ਪਹੁੰਚੀ ਤਾਂ ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਬਾਈਕ ਉੱਪਰ ਉਹ ਨਹੀਂ ਸੀ। ਸਗੋਂ ਉਹ ਤਾਂ ਗੁਆਂਢੀ ਸੂਬੇ ਰਾਜਸਥਾਨ ਤੋਂ ਉਸ ਦਾ ਇੱਕ ਮਿੱਤਰ ਸੀ।
ਇੰਸਪੈਕਟਰ ਜ਼ਾਲਾ ਦੀ ਟੀਮ ਨੇ ਰਾਜਸਥਾਨ ਪੁਲਿਸ ਨਾਲ ਰਾਬਤਾ ਕੀਤਾ ਅਤੇ ਉਸ ਮਿਸਤਰੀ ਦੇ ਘਰ ਛਾਪਾ ਮਾਰਿਆ- ਬੱਚਾ ਉਸੇ ਕੋਲ ਸੀ।
ਪਤੀ-ਪਤਨੀ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੀਨਾ ਦਾ ਬੱਚਾ ਇਸ ਲਈ ਚੁੱਕਿਆ ਕਿਉਂਕਿ ਉਨ੍ਹਾਂ ਦਾ ਕੋਈ ਆਪਣਾ ਬੱਚਾ ਨਹੀਂ ਸੀ।
ਇੰਸਪੈਕਟਰ ਜ਼ਾਲਾ ਮੁਤਾਬਕ "ਉਹ ਇੱਕ ਉਸਾਰੀ ਵਾਲੀ ਥਾਂ ਤੇ ਮੀਨਾ ਦੇ ਪਤੀ ਨਾਲ ਕੰਮ ਕਰਿਆ ਕਰਦਾ ਸੀ। ਜਦੋਂ ਉਸ ਨੂੰ ਬੱਚੇ ਬਾਰੇ ਪਤਾ ਚੱਲਿਆ ਤਾਂ ਉਸ ਨੇ ਬੱਚਾ ਚੁੱਕਣ ਦੀ ਵਿਉਂਤ ਬਣਾਈ।"
ਚਾਰ ਦਿਨਾਂ ਬਾਅਦ ਮੀਨਾ ਨੂੰ ਉਸ ਦਾ ਬੱਚਾ ਇੱਕ ਵਾਰ ਫਿਰ ਮਿਲ ਗਿਆ।
ਹੁਣ ਪੁਲਿਸ ਬੱਚੇ ਦੀ ਖ਼ੈਰ-ਖ਼ਬਰ ਜਾਣਨ ਲਈ ਜੋੜੇ ਦੇ ਘਰ ਆਉਂਦੀ-ਜਾਂਦੀ ਰਹਿੰਦੀ ਹੈ। ਮੀਨਾ ਦਾ ਕਹਿਣਾ ਹੈ ਕਿ ਉਹ ਬੱਚੇ ਲਈ ਤੋਹਫ਼ੇ ਲੈ ਕੇ ਆਉਂਦੇ ਹਨ ਅਤੇ ਉਸ ਨਾਲ ਖੇਡਦੇ ਹਨ।
ਮੀਨਾ ਨੇ ਕਿਹਾ,"ਪੁਲਿਸ ਵਾਲੇ ਇਸ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਹਨ।
ਇੰਸਪੈਕਟਰ ਜ਼ਾਲਾ ਵੀ ਇਸ ਤੋਂ ਇਨਕਾਰ ਨਹੀਂ ਕਰਦੇ,"ਅਸੀਂ ਬੱਚੇ ਨੂੰ ਅੱਖਾਂ ਤੋਂ ਓਝਲ ਨਹੀਂ ਹੋਣ ਦੇ ਸਕਦੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












