ਕਿਸਾਨ ਅੰਦੋਲਨ: ਕਿਸਾਨਾਂ ਵੱਲੋਂ ਮੌਨਸੂਨ ਸੈਸ਼ਨ ਦੌਰਾਨ ਸੰਸਦ ਅੱਗੇ ਹਰ ਰੋਜ਼ ਮੁਜ਼ਾਹਰੇ ਦਾ ਐਲਾਨ

ਤਸਵੀਰ ਸਰੋਤ, Skm/fb
ਸਿੰਘੂ-ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੌਰਾਨ ਸੰਸਦ ਦੇ 19 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਅੱਗੇ ਮੁਜ਼ਾਹਰੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ।
ਭਾਰਤ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਪਿਛਲੇ ਕਰੀਬ 7 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ 3 ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਾਈ ਬੈਠੀਆਂ ਹਨ।
ਕਿਸਾਨਾਂ ਦੀ ਸਰਕਾਰ ਨਾਲ 11 ਗੇੜ ਦੀ ਗੱਲਬਾਤ ਨੇਪਰੇ ਨਹੀਂ ਚੜ੍ਹੀ ਹੈ, ਕਿਸਾਨ ਕਾਨੂੰਨ ਰੱਦ ਕਰਨ ਉੱਤੇ ਅੜੇ ਹੋਏ ਹਨ ਪਰ ਕੇਂਦਰ ਸਰਕਾਰ ਸੋਧਾਂ ਤੋਂ ਅੱਗੇ ਨਹੀਂ ਵਧ ਰਹੀ।
26 ਜਨਵਰੀ 2021 ਦੀ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਨਹੀਂ ਹੋ ਰਹੀ ਹੈ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਰਾਹੀ ਕਿਸਾਨਾਂ ਦੀ ਗੱਲਬਾਤ ਮੁਖ ਸ਼ੁਰੂ ਕਰਵਾਉਣ ਲਈ ਯਤਨ ਆਰੰਭੇ ਹਨ।
ਇਹ ਵੀ ਪੜ੍ਹੋ:
ਮੋਰਚੇ ਦੀ ਬੈਠਕ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨ ਮੋਰਚੇ ਵੱਲੋ 17 ਜੁਲਾਈ ਤੱਕ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦੇ ਹੱਕਾਂ ਲਈ ਸੰਸਦ 'ਚ ਆਵਾਜ਼ ਉਠਾਉਣ ਲਈ ਚੇਤਾਵਨੀ ਪੱਤਰ ਭੇਜੇ ਜਾਣਗੇ।
ਕਿਸਾਨ ਆਗੂਆਂ ਨੇ ਹੋਰ ਕੀ ਕਿਹਾ
- ਮਾਨਸੂਨ ਸ਼ੈਸ਼ਨ ਦੌਰਾਨ ਹਰ ਰੋਜ਼ ਸੈਸ਼ਨ ਦੀ ਸਮਾਪਤੀ ਤੱਕ ਹਰੇਕ ਕਿਸਾਨ-ਜਥੇਬੰਦੀ ਵੱਲੋਂ ਪੰਜ ਮੈਂਬਰ ਅਤੇ ਕੁੱਲ ਘੱਟੋ-ਘੱਟ 200 ਕਿਸਾਨ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਗੇ।
- ਖੇਤਾਂ ਲਈ ਬਿਜਲੀ ਸਪਲਾਈ ਵਿੱਚ ਸੁਧਾਰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ-ਮਹਿਲ ਦਾ ਘਿਰਾਓ ਮੁਲਤਵੀ
- ਪਿਛਲੀ ਮੀਟਿੰਗ 'ਚ ਲਏ ਫੈਸਲੇ ਮੁਤਾਬਿਕ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਦੇਸ਼-ਭਰ 'ਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
- ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਤੋਂ ਇੱਕ ਵੱਡਾ ਟਰੈਕਟਰ ਮਾਰਚ ਕਰਨ ਦੀ ਯੋਜਨਾ
- ਕਿਸਾਨ ਲਗਾਤਾਰ ਕਾਨੂੰਨ ਰੱਦ ਕਰਵਾਉਣ ਲਈ ਦ੍ਰਿੜ ਹਨ। ਸਰਕਾਰ ਨੇ ਹਾਲੇ ਤੱਕ ਇੱਕ ਵੀ ਅਜਿਹਾ ਕਾਰਨ ਨਹੀੱ ਦੱਸਿਆ ਕਿ ਕਾਨੂੰਨ ਰੱਦ ਕਿਉਂ ਨਹੀਂ ਕੀਤੇ ਜਾ ਸਕਦੇ?
- ਸਪੱਸ਼ਟ ਹੈ ਕਿ ਲੋਕਾਂ ਦੀ ਚੁਣੀ ਸਰਕਾਰ ਨਾਗਰਿਕਾਂ ਦੇ ਵੱਡੇ ਹਿੱਸੇ ਕਿਸਾਨਾਂ ਨਾਲ ਹੰਕਾਰ ਦੀ ਖੇਡ ਖੇਡ ਰਹੀ ਹੈ। ਸਰਕਾਰ ਕਿਸਾਨਾਂ ਦੀ ਬਜਾਏ ਪੂੰਜੀਪਤੀਆਂ ਦਾ ਪੱਖ ਲੈ ਰਹੀ ਹੈ।
- ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਜੀਂਦ ਇਲਾਕੇ ਦੇ ਪਿੰਡ ਵਾਸੀਆਂ ਵੱਲੋਂ ਕਣਕ ਦੀਆਂ ਟਰਾਲੀਆਂ ਕਿਸਾਨ-ਮੋਰਚਿਆਂ 'ਤੇ ਪਹੁੰਚੀਆਂ ਹਨ।
- ਅੱਜ ਗਾਜ਼ੀਪੁਰ ਮੋਰਚੇ 'ਤੇ ਸਵਰਗੀ ਖਿਡਾਰੀ ਮਿਲਖਾ ਸਿੰਘ ਦੀ ਯਾਦ 'ਚ ਇੱਕ ਕਿਸਾਨ-ਮਜ਼ਦੂਰ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਗਾਜੀਪੁਰ ਬਾਰਡਰ 'ਤੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਮਦਨਪੁਰ ਪਿੰਡ ਤੋਂ ਸ਼੍ਰੀ ਸਵਰਨ ਸਿੰਘ ਨੂੰ ਸ਼ਾਂਤੀਪੂਰਵਕ ਅਤੇ ਦ੍ਰਿੜਤਾ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਹੁਣ ਲਗਭਗ ਸੱਤ ਮਹੀਨੇ ਹੋ ਚੁੱਕੇ ਹਨ।
ਉਹ 101 ਸਾਲ ਦੀ ਉਮਰ ਦੇ ਹੋਣ ਦੇ ਬਾਵਜੂਦ ਬੁਲੰਦ ਹੌਸਲੇ ਨਾਲ ਡਟੇ ਹੋਏ ਹਨ! ਬੈਠਕ ਵਿੱਚ ਉਨ੍ਹਾਂ ਦੀ ਭਾਵਨਾ ਨੂੰ ਸਲਾਮ ਕੀਤਾ ਗਿਆ।
ਦਾਦੂਵਾਲ ਦੀਆਂ ਗਤੀਵਿਧੀਆਂ ਕੀ ਹਨ

ਤਸਵੀਰ ਸਰੋਤ, Sourced by prabhu Dayal
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਮੁੜ ਤੋਂ ਸ਼ੁਰੂ ਕਰਵਾਉਣ ਲਈ ਅੱਗੇ ਆਏ ਹਨ।
ਉਨ੍ਹਾਂ ਨੇ ਇਸ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਪੱਤਰ ਲਿਖਿਆ ਹੈ।
ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਟੁੱਟੀ ਗੱਲਬਾਤ ਮੁੜ ਸ਼ੁਰੂ ਕਰਵਾਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਬੀਤੀ 22 ਜੂਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਚੁੱਕਾ ਹੈ।
ਬਲਜੀਤ ਸਿੰਘ ਦਾਦੂਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਕਿਸਾਨ ਹਨ। ਕਿਸਾਨਾਂ ਦੀ ਰਾਇ ਸੀ ਕਿ ਕਿਸਾਨਾਂ 'ਤੇ ਸਰਕਾਰ ਵਿਚਾਲੇ ਮੁੜ ਤੋਂ ਗੱਲਬਾਤ ਹੋਣੀ ਚਾਹੀਦੀ ਹੈ ਕਿਉਂਕਿ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਜਰੀਏ ਹੀ ਨਿਕਲ ਸਕਦਾ ਹੈ।

ਤਸਵੀਰ ਸਰੋਤ, Sourced by Parbhu Dayal
ਕੌਣ ਹਨ ਦਾਦੂਵਾਲ ਤੇ ਕੀ ਹੈ ਪਿਛੋਕੜ
ਪੰਜਾਬ ਦੇ ਗੁਰਦਾਸਪੁਰ ਤੋਂ ਸਿਰਸਾ ਦੇ ਪਿੰਡ ਦਾਦੂਵਾਲ ਆ ਕੇ ਵਸੇ ਬਲਜੀਤ ਸਿੰਘ ਦਾਦੂਵਾਲ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਸਿੱਖ ਸੰਗਤ ਵਿੱਚ ਤਲਖੀ ਵੱਧੀ।
ਦਾਦੂਵਾਲ ਵੱਲੋਂ ਜਿਥੇ ਡੇਰਾ ਸਿਰਸਾ ਮੁਖੀ ਦਾ ਵਿਰੋਧ ਕੀਤਾ ਜਾਂਦਾ ਰਿਹਾ ਉਥੇ ਹੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਲੰਮੇ ਸਮੇਂ ਤੱਕ ਬਰਗਾੜੀ ਵਿੱਚ ਮੋਰਚਾ ਲਾਇਆ ਗਿਆ ਸੀ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ 11 ਜੁਲਾਈ 2014 ਨੂੰ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਕੈਥਲ ਵਿੱਚ ਕੀਤਾ ਗਿਆ ਸੀ।
ਮਗਰੋਂ ਹਰਿਆਣਾ ਵਿਧਾਨ ਸਭਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਸਬੰਧੀ ਬਿੱਲ ਪਾਸ ਕੀਤਾ ਗਿਆ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, SUKHCHARAN PREET / BBC
ਕਮੇਟੀ ਦੇ ਚਾਲੀ ਮੈਂਬਰ ਨਿਯੁਕਤ ਕੀਤੇ ਗਏ ਤੇ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਨਿਯੁਕਤ ਕੀਤਾ ਗਿਆ ਸੀ। ਅਗਸਤ 2014 ਤੋਂ ਮਾਮਲਾ ਅਦਾਲਤ ਵਿੱਚ ਜ਼ੇਰੇ ਸੁਣਵਾਈ ਹੈ।
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਮਗਰੋਂ ਜਿੱਥੇ ਇਸ ਵਿੱਚ ਧੜੇਬੰਦੀ ਸ਼ੁਰੂ ਹੋਈ ਉਥੇ ਹੀ ਇਸ ਲਈ ਸੰਘਰਸ਼ ਕਰਨ ਵਾਲੇ ਕਈ ਵਿਅਕਤੀ ਬਿਰਧ ਹੋ ਗਏ ਤੇ ਕੁਝ ਰੱਬ ਨੂੰ ਪਿਆਰੇ ਹੋ ਗਏ।
ਮੈਂਬਰਾਂ ਵਿੱਚ ਧੜੇਬਾਜ਼ੀ ਉਭਰਨ ਮਗਰੋਂ 13 ਅਗਸਤ 2020 ਨੂੰ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਚੋਣ ਕਰਵਾਈ ਗਈ ਜਿਸ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਵਿਰੋਧੀ ਜਥੇਦਾਰ ਜਸਵੀਰ ਸਿੰਘ ਖਾਲਸਾ ਨੂੰ ਦੋ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਤਸਵੀਰ ਸਰੋਤ, Getty Images
ਜੋਗਿੰਦਰ ਸਿੰਘ ਉਗਰਾਹਾਂ: ਗੱਲਬਾਤ ਲਈ ਪ੍ਰਪੋਜ਼ਲ ਨਵਾਂ ਹੋਵੇ
ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਪ੍ਰਪੋਜ਼ਲ ਬਾਰੇ ਕਿਹਾ, "ਮੋਰਚਾ ਗੱਲਬਾਤ ਤੋਂ ਕਦੇ ਨਹੀਂ ਭੱਜਿਆ। ਮੋਰਚਾ ਗੱਲਬਾਤ ਲਈ ਹਰ ਸਮੇਂ ਤਿਆਰ ਹੈ। ਪਰ ਜੋ ਵੀ ਸਾਥੀ ਗੱਲਬਾਤ ਲਈ ਵਿਚੋਲਗੀ ਕਰ ਰਿਹਾ ਹੈ ਉਹ ਜਾਂ ਜਿਸ ਨਾਲ ਉਹ ਗੱਲ ਕਰ ਰਿਹਾ ਹੈ, ਤਾਂ ਕੋਈ ਨਵੀਂ ਪ੍ਰਪੋਜਲ ਤਾਂ ਲੈ ਕੇ ਆਵੇ। ਨਵੀਂ ਪ੍ਰਪੋਜਲ ਕੀ ਹੈ? ਉਸੇ ਪੁਰਾਣੀ ਗੱਲ 'ਤੇ ਗੱਲ ਹੁੰਦੀ ਹੈ ਤਾਂ ਉਸ ਦਾ ਕੋਈ ਫਾਇਦਾ ਨਹੀਂ।"
"ਸਰਕਾਰ ਕਹਿੰਦੀ ਹੈ ਸੋਧ ਕਰਵਾ ਲਓ ਤਾਂ ਅਸੀਂ ਕਹਿੰਨੇ ਹਾਂ ਕਾਨੂੰਨ ਰੱਦ ਤੋਂ ਬਿਨਾਂ ਅਸੀਂ ਨਹੀਂ ਮੰਨਦੇ ਤਾਂ ਇਸ ਦਾ ਕੋਈ ਫਾਇਦਾ ਨਹੀਂ। ਕੁਝ ਤਾਂ ਦੱਸੇ ਸਰਕਾਰ ਕਿ ਅਸੀਂ ਇਹ ਮੋੜਾ ਕਟਿਆ ਹੈ। ਆਪ ਦੱਸੋ ਕਿ ਇਸ ਨਾਲ ਕਿੰਨੇ ਲੋਕ ਸਮਹਿਮਤ ਹੋ।" "ਜੇ ਕੋਈ ਜਤਨ ਕਰਦਾ ਹੈ ਤਾਂ ਚੰਗੀ ਗੱਲ ਹੈ। ਜੇ ਸਰਕਾਰ ਦਾ ਇਰਾਦਾ ਗੱਲਬਾਤ ਕਰਨ ਦਾ ਹੈ ਤਾਂ ਅਸੀਂ ਗੱਲਬਾਤ ਕਰ ਲਵਾਂਗੇ।"
ਸੰਯੁਕਤ ਕਿਸਾਨ ਮੋਰਚਾ ਕਮੇਟੀ ਮੈਂਬਰ ਯੋਗਿੰਦਰ ਯਾਦਵ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਾਲੇ ਇਹ ਮਾਮਲਾ ਬਹੁਤ ਅਗੇਤਾ ਹੈ ਤੇ ਇਸ ਵਿਸ਼ੇ 'ਤੇ ਹਾਲੇ ਉਹ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦੇ। ਹਾਲੇ ਇਸ ਮੁੱਦੇ ਨੂੰ ਵਿਚਾਰਿਆ ਜਾਣਾ ਬਾਕੀ ਹੈ।

ਤਸਵੀਰ ਸਰੋਤ, BKU Ughraha
ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਲੱਖਾ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਆਲੋਚਨਾ ਕੀਤਾ ਗਈ ਹੈ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਵਿੱਚ ਕੋਈ ਸਹਿਯੋਗ ਨਹੀਂ ਪਾਇਆ ਗਿਆ ਹੈ। ਹੁਣ ਦਾਦੂਵਾਲ ਆਪਣਾ ਰਾਜਸੀ ਮਨੋਰਥ ਪੂਰਾ ਕਰਨ ਲਈ ਇਹ ਸਭ ਕੁਝ ਕਰ ਰਹੇ ਹਨ।
ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਹੈ ਕਿ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ, ਉਸ ਮੁਤਾਬਕ ਹੀ ਸਰਕਾਰ ਨਾਲ ਗੱਲਬਾਤ ਹੋਵੇਗੀ।
ਹਾਲਾਂਕਿ ਦਾਦੂਵਾਲ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ 'ਤੇ ਉਹ ਖੁਦ ਕਿਸਾਨਾਂ ਦੀਆਂ ਸਟੇਜਾਂ 'ਤੇ ਕਿਸਾਨਾਂ ਨੂੰ ਸੰਬੋਧਨ ਕਰ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਕਿਸਾਨਾਂ ਲਈ ਲੰਗਰ ਦੀ ਸੇਵਾ ਤੇ ਮੈਡੀਕਲ ਕੈਂਪ ਲਾ ਕੇ ਵੀ ਸੇਵਾ ਕੀਤੀ ਗਈ ਹੈ।

ਤਸਵੀਰ ਸਰੋਤ, REUTERS/DANISH SIDDIQUI
ਭਾਜਪਾ ਵੱਲੋਂ ਸਵਾਗਤ
ਹਰਿਆਣਾ ਸਰਕਾਰ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਾਲਸੀ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ, "ਜੇ ਬਲਜੀਤ ਸਿੰਘ ਦਾਦੂਵਾਲ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਮਿਲੇ ਹਨ ਤਾਂ ਜ਼ਰੂਰ ਸਮੱਸਿਆ ਦੇ ਹੱਲ ਲਈ ਗੱਲਬਾਤ ਹੋਵੇਗੀ।'
"ਕੋਈ ਵੀ ਵਿਅਕਤੀ ਕਿਸੇ ਸਮੱਸਿਆ ਦੇ ਹੱਲ ਲਈ ਕੋਈ ਸਟਪ ਚੁੱਕਦਾ ਹੈ ਤਾਂ ਉਹ ਚੰਗੀ ਗੱਲ ਹੈ। ਦੇਸ਼ ਪ੍ਰਦੇਸ਼ ਦੇ ਹਿੱਤ ਵਿੱਚ ਹੈ।"
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਾਬਕਾ ਓ.ਐਸ.ਡੀ. ਤੇ ਭਾਜਪਾ ਦੇ ਸੀਨੀਅਰ ਆਗੂ ਜਗਦੀਸ਼ ਚੋਪੜਾ ਨੇ ਕਿਹਾ ਹੈ ਕਿ ਭਾਜਪਾ ਹਰ ਉਸ ਜਤਨ ਦਾ ਸਵਾਗਤ ਕਰੇਗੀ ਜੋ ਇਸ ਦੇ ਹੱਲ ਦੇ ਰਸਤੇ ਵੱਲ ਜਾਵੇਗਾ।
“ਉਹ ਸਭ ਸੱਜਣ ਜਿਨ੍ਹਾ ਨੂੰ ਦੇਸ਼ ਦੀ ਚਿੰਤਾ ਹੈ, ਉਹ ਇਸ ਦੇ ਹੱਲ ਲਈ ਜਤਨ ਕਰਨ। ਇਸ ਦਾ ਸਹੀ ਰਸਤਾ ਨਿਕਲੇ। ਇਸ ਦੇ ਹੱਲ ਲਈ ਬੀਜੇਪੀ ਵਚਨਬੱਧ ਹੈ । ਬੀਜੇਪੀ ਹਮੇਸ਼ਾ ਜਤਨ ਵਿੱਚ ਹੈ ਕਿ ਇਸ ਸਮੱਸਿਆ ਦਾ ਹੱਲ ਨਿਕਲੇ ਪਰ ਕਿਸਾਨ ਇਕੋ ਜਿੱਦ 'ਤੇ ਅੜੇ ਹੋਏ ਹਨ ਕਿ ਤਿੰਨੇ ਕਾਨੂੰਨ ਰੱਦ ਹੋਣ।”
“ਸਰਕਾਰ ਬਿਨਾਂ ਸ਼ਰਤ ਇਸ ਦੇ ਲਈ ਲਈ ਤਿਆਰ ਹੈ ਤੇ ਕਿਸਾਨ ਵੀ ਬਿਨਾਂ ਸ਼ਰਤ ਦੇ ਹੱਲ ਲਈ ਅੱਗੇ ਆਉਣ। ਬੀਜੇਪੀ ਹਰ ਉਸ ਵਿਅਕਤੀ ਦਾ ਸਵਾਗਤ ਕਰੇਗੀ ਜੋ ਇਸ ਦੇ ਹੱਲ ਲਈ ਅੱਗੇ ਆਉਂਦਾ ਹੈ।”
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












