ਕੋਰੋਨਾਵਾਇਰਸ : 'ਸਾਡੇ ਆਪਣੇ ਰਹੇ ਨਹੀਂ ਤੇ ਸਰਕਾਰ ਨੇ ਸਾਨੂੰ ਕੀੜੇ ਮਕੌੜਿਆਂ ਵਾਂਗ ਛੱਡ ਦਿੱਤਾ'

ਤਸਵੀਰ ਸਰੋਤ, Trailer grab/WBEntertainment@YT
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
"ਬਦਕਿਸਮਤੀ ਹੈ ਕਿ ਉਹ ਨਹੀਂ ਰਹੀ."
"ਠੀਕ ਹੈ… ਕੀ ਮੈਂ ਉਸ ਨਾਲ ਗੱਲ ਕਰ ਸਕਦਾ ਹਾਂ?"
"ਤੁਹਾਡੀ ਪਤਨੀ ਦੀ ਮੌਤ ਹੋ ਗਈ ਹੈ।"
"ਵੱਟ ਦ ਹੈੱਲ! ਕੀ ਕਹਿ ਰਹੇ ਹੋ? ਕੀ ਹੋਇਆ ਹੈ ਉਸ ਨੂੰ?"
"ਵੇਖੋ, ਮੈਂ ਤੁਹਾਡੀ ਸਥਿਤੀ ਸਮਝ ਸਕਦਾ ਹਾਂ। ਸਾਡੇ ਇੱਥੇ ਗ੍ਰੀਫ ਕਾਊਂਸਲਰ ਹਨ। ਉਹ ਤੁਹਾਡੀ ਮਦਦ ਕਰਨਗੇ।"
ਇਹ ਦ੍ਰਿਸ਼ ਸਾਲ 2011 'ਚ ਆਈ ਹਾਲੀਵੁੱਡ ਫ਼ਿਲਮ ' ਕੰਟੇਜੀਅਨ' ਦਾ ਹੈ। ਫ਼ਿਲਮ ਦਾ ਵਿਸ਼ਾ ਇਕ ਅਣਜਾਣ ਛੂਤ ਦੀ ਬਿਮਾਰੀ ਬਾਰੇ ਹੈ , ਜੋ ਕਿ ਅਚਾਨਕ ਹੀ ਅਮਰੀਕਾ 'ਚ ਫੈਲਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Trailer grab/WBEntertainment@YT
ਇਸ ਦ੍ਰਿਸ਼ 'ਚ ਜਦੋਂ ਡਾਕਟਰ ਇੱਕ ਵਿਅਕਤੀ ਨੂੰ ਉਸ ਦੀ ਪਤਨੀ ਦੀ ਮੌਤ ਦੀ ਖ਼ਬਰ ਦਿੰਦੇ ਹਨ ਤਾਂ ਉਹ ਵਿਅਕਤੀ ਸਦਮੇ ਅਤੇ ਗੁੱਸੇ ਦੇ ਕਾਰਨ ਕੁਝ ਵੀ ਸਮਝਣ ਤੋਂ ਅਸਮਰੱਥ ਮਹਿਸੂਸ ਕਰਦਾ ਹੈ ਅਤੇ ਬੇਕਾਬੂ ਹੋ ਜਾਂਦਾ ਹੈ। ਇਸ ਤੋਂ ਬਾਅਦ ਡਾਕਟਰ ਉਸ ਨੂੰ 'ਗ੍ਰੀਫ ਕਾਊਂਸਲਰ' ਦੇ ਕੋਲ ਭੇਜਦੇ ਹਨ।
ਗ੍ਰੀਫ ਕਾਊਂਸਲਰ ਇਕ ਤਰ੍ਹਾਂ ਨਾਲ ਮਨੋਵਿਗਿਆਨੀ (ਸਾਈਕੋਲੋਜਿਸਟ) ਜਾਂ ਫਿਰ ਪੇਸ਼ੇਵਰ ਥੈਰੇਪਿਸਟ ਹੁੰਦੇ ਹਨ, ਜੋ ਕਿ ਥੈਰੇਪੀ ਦੀ ਮਦਦ ਨਾਲ ਲੋਕਾਂ ਨੂੰ ਗੰਭੀਰ ਸਦਮੇ (ਜਿਵੇਂ ਕਿਸੇ ਅਜ਼ੀਜ਼ ਦੀ ਮੌਤ ਦਾ ਸਦਮਾ) ਨਾਲ ਸਿੱਝਣ 'ਚ ਮਦਦ ਕਰਦੇ ਹਨ।
ਮਰਨ ਵਾਲ਼ਿਆਂ ਦੇ ਪਿੱਛੇ ਰਹਿ ਗਏ ਲੋਕਾਂ ਦਾ ਦਰਦ
ਹੁਣ ਫ਼ਿਲਮ ਤੋਂ ਬਾਹਰ ਅਸਲੀ ਜ਼ਿੰਦਗੀ ਵੱਲ ਝਾਤ ਮਾਰਦੇ ਹਾਂ। ਪਿਛਲੇ ਦੋ ਸਾਲ ਤੋਂ ਵੱਧ ਦੇ ਸਮੇਂ ਦੌਰਾਨ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆਈ ਹੋਈ ਹੈ। ਦੁਨੀਆ ਭਰ 'ਚ ਕੋਵਿਡ-19 ਦੇ ਕਾਰਨ ਲੱਖਾਂ ਹੀ ਲੋਕਾਂ ਨੇ ਆਪਣੇ ਅਜ਼ੀਜ਼ਾਂ ਦੀ ਮੌਤ ਨੂੰ ਵੇਖਿਆ ਹੈ।
ਇੱਕਲੇ ਭਾਰਤ 'ਚ ਹੀ ਕੋਰੋਨਾ ਦੀ ਲਾਗ ਦੇ ਕਾਰਨ ਤਿੰਨ ਲੱਖ ਤੋਂ ਵੀ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ ਇਹ ਸਿਰਫ ਅਧਿਕਾਰਤ ਅੰਕੜੇ ਹਨ। ਮੌਤਾਂ ਦੀ ਅਸਲ ਗਿਣਤੀ ਕਿਤੇ ਵਧੇਰੇ ਹੋਣ ਦੀ ਸੰਭਾਵਨਾ ਹੈ।

ਤਸਵੀਰ ਸਰੋਤ, Basit Zargar/ Majority World/Universal Images Grou
ਇੰਨ੍ਹਾਂ ਲੱਖਾਂ ਹੀ ਲੋਕਾਂ ਦੀ ਬੇਵਕਤੀ ਮੌਤ ਨੇ ਉਨ੍ਹਾਂ ਦੇ ਪਿੱਛੇ ਰਹਿ ਗਏ ਰਿਸ਼ਤੇਦਾਰਾਂ, ਦੋਸਤ ਮਿੱਤਰਾਂ ਅਤੇ ਕਰੀਬੀ ਲੋਕਾਂ ਨੂੰ ਵੱਡਾ ਸਦਮਾ ਦਿੱਤਾ ਹੈ।
ਕਿਸੇ ਆਪਣੇ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਦਾ ਦੁੱਖ ਅਤੇ ਬੇਵਸੀ ਕਿਸੇ ਨੂੰ ਵੀ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਸਕਦੀ ਹੈ।
ਅਜਿਹੀ ਸਥਿਤੀ 'ਚ ਰੋਂਦੇ ਕਰਲਾਉਂਦੇ ਲੋਕਾਂ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਕੋਈ ਅਜਿਹਾ, ਜੋ ਕੁਝ ਸਮੇਂ ਲਈ ਹੀ ਸਹੀ, ਪਰ ਉਨ੍ਹਾਂ ਦੀ ਗੱਲ ਸੁਣੇ, ਉਨ੍ਹਾਂ ਨੂੰ ਸਮਝਾਏ ਅਤੇ ਆਪਣੇ ਅਜ਼ੀਜ਼ ਦੇ ਜਾਣ ਦੇ ਦੁੱਖ 'ਚੋਂ ਬਾਹਰ ਨਿਕਲਣ 'ਚ ਮਦਦ ਕਰੇ।
ਅਜਿਹੀ ਸਥਿਤੀ 'ਚ ਹੀ ਗ੍ਰੀਫ ਕਾਊਂਸਲਰ ਵਰਗੇ ਮਾਨਸਿਕ ਸਿਹਤ ਪੇਸ਼ੇਵਰਾਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ। ਪਰ ਸਿਹਤ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਨਾਲ ਜੂਝ ਰਹੇ ਭਾਰਤ 'ਚ ਤਾਂ ਅਜਿਹੀ ਚਰਚਾ ਵੀ ਮੁਸ਼ਕਲ ਨਾਲ ਹੀ ਹੁੰਦੀ ਹੈ।
' ਨਾ ਹੀ ਕਿਸੇ ਸਾਹਮਣੇ ਰੋ ਸਕਦੇ ਹਾਂ ਅਤੇ ਨਾ ਹੀ ਕਿਸੇ ਨੂੰ ਕੁਝ ਕਹਿ ਸਕਦੇ ਹਾਂ'
ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਰਹਿਣ ਵਾਲੇ ਲਲਿਤ ਮਿੱਤਲ ਦੀ ਪਤਨੀ ਪ੍ਰਿਯੰਕਾ ਦਾ ਲਗਭਗ ਦੋ ਮਹੀਨੇ ਪਹਿਲਾਂ ਕੋਰੋਨਾ ਦੀ ਲਾਗ ਦੇ ਕਾਰਨ ਦੇਹਾਂਤ ਹੋ ਗਿਆ ਸੀ। ਪ੍ਰਿਯੰਕਾ ਦੀ ਉਮਰ ਸਿਰਫ 36 ਸਾਲ ਹੀ ਸੀ।
ਲਲਿਤ ਅਤੇ ਪ੍ਰਿਯੰਕਾ ਦੇ ਦੋ ਛੋਟੇ-ਛੋਟੇ ਬੱਚੇ ਹਨ। ਪ੍ਰਿਯੰਕਾ ਦੇ ਜਾਣ ਤੋਂ ਬਾਅਦ ਲਲਿਤ ਅਤੇ ਉਨ੍ਹਾਂ ਦੇ ਬੱਚੇ ਇੱਕਲੇ ਰਹਿ ਗਏ ਹਨ।
ਲਲਿਤ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ " ਹੁਣ ਘਰ 'ਚ ਅਸੀਂ ਤਿੰਨੇ ਹੀ ਹਾਂ। ਮੈਂ ਆਪਣਾ ਦੁੱਖ ਕਿਸੇ ਅੱਗੇ ਨਹੀਂ ਰੱਖ ਸਕਦਾ ਹਾਂ। ਪਰ ਬੱਚਿਆਂ ਦੇ ਸਾਹਮਣੇ ਮੈਨੂੰ ਮਜ਼ਬੂਤ ਬਣਨਾ ਹੀ ਪਵੇਗਾ। ਇਸ ਦੁੱਖ ਦੀ ਘੜੀ 'ਚ ਮੈਂ ਬੱਚਿਆਂ ਨੂੰ ਸਭਾਲ ਰਿਹਾ ਹਾਂ ਅਤੇ ਉਹ ਮੈਨੂੰ।"

ਤਸਵੀਰ ਸਰੋਤ, Lalit Mittal
ਕੀ ਲਲਿਤ ਨੇ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ?
ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ, " ਇਹ ਦਰਦ ਇੰਨ੍ਹਾਂ ਨਿੱਜੀ ਹੈ ਕਿ ਮੈਂ ਕਿਸੇ ਨਾਲ ਵੀ ਇਸ ਬਾਰੇ ਖੁੱਲ ਕੇ ਗੱਲ ਨਹੀਂ ਕਰ ਸਕਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਕੋਈ ਮੇਰੇ ਦਰਦ ਨੂੰ ਸਮਝ ਪਾਵੇਗਾ। ਹੁਣ ਤਾਂ ਮੈਂ ਆਪਣੇ ਆਪ ਨੂੰ ਉਸ ਰੱਬ ਦੇ ਹਵਾਲੇ ਕਰ ਦਿੱਤਾ ਹੈ।"
ਕੁਝ ਅਜਿਹੀ ਹੀ ਦਾਸਤਾਨ ਜੌਨਪੁਰ ਦੇ ਗੌਤਮ ਗੁਪਤਾ ਦੀ ਹੈ। ਅਪ੍ਰੈਲ ਮਹੀਨੇ ਗੌਤਮ ਦੇ ਦਾਦਾ ਜੀ ਅਤੇ ਪਿਤਾ ਦੀ ਮੌਤ ਮਹਿਜ਼ ਤਿੰਨ ਦਿਨਾਂ ਦੇ ਅੰਦਰ ਹੀ ਹੋ ਗਈ ਸੀ।
ਗੌਤਮ ਕਹਿੰਦੇ ਹਨ, " ਤੁਸੀਂ ਸੋਚੋ ਕਿ ਜ਼ਿੰਦਗੀ ਦੀ ਗੱਡੀ ਲੀਹ 'ਤੇ ਹੋਵੇ ਅਤੇ ਇੱਕ ਦਿਨ ਅਚਾਨਕ ਹੀ ਪਰਿਵਾਰ ਦੇ ਦੋ ਮੈਂਬਰ ਤੁਹਾਨੂੰ ਹਮੇਸ਼ਾਂ ਲਈ ਛੱਡ ਕੇ ਚਲੇ ਜਾਣ ਤਾਂ ਕੀ ਸਥਿਤੀ ਹੋਵੇਗੀ। ਮੇਰੇ ਦਾਦਾ ਜੀ ਅਤੇ ਪਿਤਾ ਜੀ ਪਰਿਵਾਰ ਦੇ ਥੰਮ੍ਹ ਸਨ। ਹੁਣ ਉਨ੍ਹਾਂ ਦੇ ਦੇਹਾਂਤ ਤੋ ਬਾਅਦ ਤਾਂ ਸਾਡੇ ਪਰਿਵਾਰ ਦੀ ਨੀਂਹ ਹੀ ਹਿੱਲ ਗਈ ਹੈ।"
"ਇਸ ਸਮੇਂ ਮੇਰੇ ਲਈ ਸਭ ਤੋਂ ਜ਼ਰੂਰੀ ਕੰਮ ਆਪਣੀ ਮਾਂ ਨੂੰ ਸੰਭਾਲਣਾ ਹੈ। ਮੈਂ ਹਰ ਸਮੇਂ ਇਹ ਹੀ ਯਤਨ ਕਰਦਾ ਹਾਂ ਕਿ ਉਹ ਇੱਕਲੀ ਨਾ ਰਹੇ। ਮੈਂ ਅੰਦਰੋ ਬਹੁਤ ਦੁਖੀ ਹਾਂ ਪਰ ਮਾਂ ਦੇ ਸਾਹਮਣੇ ਮੈਂ ਆਪਣੀਆਂ ਅੱਖਾਂ ਨਹੀਂ ਭਰਦਾ ਹਾਂ।"

ਤਸਵੀਰ ਸਰੋਤ, Gautam Gupta
"ਪਰਿਵਾਰ 'ਚ ਸਭ ਤੋਂ ਵੱਡਾ ਹੋਣ ਦੇ ਨਾਤੇ ਮੇਰੀ ਮਜ਼ਬੂਰੀ ਇਹ ਹੈ ਕਿ ਮੈਂ ਕਿਸੇ ਦੇ ਸਾਹਮਣੇ ਕਮਜ਼ੋਰ ਨਹੀਂ ਪੈ ਸਕਦਾ ਹਾਂ। ਮੈਂ ਨਾ ਹੀ ਰੋ ਸਕਦਾ ਹਾਂ ਅਤੇ ਨਾ ਹੀ ਕਿਸੇ ਨੂੰ ਆਪਣਾ ਦਰਦ ਦੱਸ ਸਕਦਾ ਹਾਂ।"
ਗੌਤਮ ਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਉਸ ਨੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਹਸਪਤਾਲ 'ਚ ਭਰਤੀ ਹੀ ਕਿਉਂ ਕਰਵਾਇਆ। ਉਸ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੋਵਾਂ ਨੂੰ ਘਰ 'ਚ ਹੀ ਏਕਾਂਤਵਾਸ 'ਚ ਰੱਖਿਆ ਜਾਂਦਾ ਤਾਂ ਸ਼ਾਇਦ ਉਹ ਠੀਕ ਹੋ ਜਾਂਦੇ।
ਗੌਤਮ ਅੱਗੇ ਦੱਸਦਾ ਹੈ, " ਮੇਰੇ ਦਿਲ 'ਚ ਇਸ ਸਬੰਧੀ ਅਪਰਾਧਬੋਧ ਦੀ ਭਾਵਨਾ ਹੈ ਅਤੇ ਮੈਂ ਆਪਣੇ ਆਪ ਨੂੰ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਮੰਨਦਾ ਹਾਂ। ਮੈਨੂੰ ਲੱਗਦਾ ਹੈ ਕਿ ਹਸਪਤਾਲ 'ਚ ਸਹੀ ਇੰਤਜ਼ਾਮ ਦੀ ਘਾਟ ਅਤੇ ਇੱਕਲਤਾ ਨੇ ਵੀ ਮੇਰੇ ਦਾਦਾ ਜੀ ਅਤੇ ਪਿਤਾ ਜੀ ਦੀ ਜਾਨ ਲਈ ਹੈ।

ਤਸਵੀਰ ਸਰੋਤ, Gautam Gupta
ਉਹ ਕਹਿੰਦੇ ਹਨ ਕਿ ਅਜਿਹੀ ਮੁਸ਼ਕਲ ਸਥਿਤੀ 'ਚ ਜੇਕਰ ਪੇਸ਼ੇਵਰ ਲੋਕਾਂ ਦੀ ਮਦਦ ਮਿਲਦੀ ਤਾਂ ਸ਼ਾਇਦ ਸਥਿਤੀ ਕੁਝ ਸੌਖੀ ਹੋ ਜਾਂਦੀ।
"ਮੇਰਾ ਪਰਿਵਾਰ ਇੰਨ੍ਹਾਂ ਮੌਤਾਂ ਨਾਲ ਹਿੱਲ ਗਿਆ ਹੈ। ਖਾਸ ਤੌਰ 'ਤੇ ਮੇਰੀਆਂ ਛੋਟੀਆਂ ਭੈਣਾਂ ਦੀ ਹਾਲਤ ਬਹੁਤ ਖਰਾਬ ਹੈ। ਅਜਿਹੀ ਸਥਿਤੀ 'ਚ ਜੇਕਰ ਕੋਈ ਕਾਊਂਸਲਰ ਉਨ੍ਹਾਂ ਨੂੰ ਸਮਝਾਉਂਦਾ ਤਾਂ ਚੰਗਾ ਹੀ ਹੁੰਦਾ।"
ਹਰਿਆਣਾ ਦੇ ਰੇਵਾੜੀ ਦੇ ਵਸਨੀਕ ਪੁਨੀਤ ਅਰੋੜਾ ਦੇ ਪਿਤਾ ਦੀ ਇਸ ਸਾਲ ਮਈ ਮਹੀਨੇ ਮੌਤ ਹੋਈ ਹੈ।
ਪੁਨੀਤ ਕਹਿੰਦੇ ਹਨ, "ਸਾਡੇ ਆਪਣੇ ਤਾਂ ਜ਼ਿਉਂਦੇ ਰਹੇ ਨਹੀਂ ਹਨ ਅਤੇ ਹੁਣ ਸਰਕਾਰ ਨੇ ਸਾਨੂੰ ਵੀ ਕੀੜੇ-ਮਕੌੜਿਆਂ ਦੀ ਤਰ੍ਹਾਂ ਛੱਡ ਦਿੱਤਾ ਹੈ। ਕੋਈ ਵੀ ਸਾਡੀ ਸਾਰ ਲੈਣ ਵਾਲਾ ਨਹੀਂ ਹੈ।"

ਤਸਵੀਰ ਸਰੋਤ, Puneet Arora
ਪੁਨੀਤ ਕਹਿੰਦੇ ਹਨ ਮੇਰੇ ਕੋਲ ਤਾਂ ਦੁੱਖੀ ਹੋਣ ਅਤੇ ਸੋਗ ਮਨਾਉਣ ਦੀ ਵੀ ਸਹੂਲਤ ਨਹੀਂ ਹੈ, ਕਿਉਂਕਿ ਪਿਤਾ ਦੀ ਦਵਾਈ ਲਈ ਕੀਤੇ ਖਰਚੇ ਦੇ ਕਾਰਨ ਉਸ ਦੇ ਸਿਰ 'ਤੇ ਕਰਜੇ ਦਾ ਬੋਝ ਪੈ ਗਿਆ ਹੈ। ਹੁਣ ਜਿਵੇਂ ਤਿਵੇਂ ਕਰਕੇ ਕਰਜ਼ੇ ਦਾ ਭੁਗਤਾਣ ਕਰਨਾ ਹੈ।
ਉਹ ਕਹਿੰਦਾ ਹੈ, "ਸਭ ਕੁਝ ਅਚਾਨਕ ਹੀ ਹੋ ਗਿਆ। ਮੈਂ ਆਪਣਾ ਧਿਆਨ ਬਿਲਕੁੱਲ ਵੀ ਨਹੀਂ ਰੱਖ ਪਾ ਰਿਹਾ ਹਾਂ। ਮੈਂ ਤਾਂ ਸਿਰਫ ਕਿਸੇ ਤਰ੍ਹਾਂ ਕੰਮ ਧੰਦਾ ਸ਼ੁਰੂ ਕਰਕੇ ਕਰਜ਼ੇ ਦੀ ਅਦਾਇਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।"
ਲਲਿਤ , ਗੌਤਮ ਅਤੇ ਪੁਨੀਤ ਦੀਆਂ ਗੱਲਾਂ ਸੁਣ ਕੇ ਇਸ ਗੱਲ ਦਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਕਿ ਇੰਨ੍ਹਾਂ ਸਾਰਿਆਂ ਨੂੰ ਹੀ ਮਦਦ ਦੀ ਲੋੜ ਹੈ। ਕਿਸੇ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ, ਜਿਸ ਅੱਗੇ ਇਹ ਘੱਟ ਤੋਂ ਘੱਟ ਰੋ ਤਾਂ ਸਕਣ।
ਗ੍ਰੀਫ ਕਾਊਂਸਲਿੰਗ ਅਤੇ ਗ੍ਰੀਫ ਸਾਈਕੋਥੈਰੇਪੀ
ਡਾਕਟਰ ਨੀਤੂ ਰਾਣਾ ਇਕ ਕਲੀਨਿਕਲ ਸਾਈਕੋਲੋਜਿਸਟ ਹਨ ਅਤੇ ਉਨ੍ਹਾਂ ਨੂੰ ਗ੍ਰੀਫ ਥੈਰੇਪੀ ਅਤੇ ਗ੍ਰੀਫ ਕਾਊਂਸਲੰਿਗ 'ਚ ਮਹਾਰਤ ਹਾਸਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਆਪਣੇ ਅਜ਼ੀਜ਼ ਦੀ ਮੌਤ ਤੋਂ ਬਾਅਦ ਉਸ ਵਿਅਕਤੀ ਦੀ ਮਦਦ ਲਈ ਮਾਨਸਿਕ ਸਿਹਤ ਪੇਸ਼ੇਵਰ ਦੋ ਤਰ੍ਹਾਂ ਦੀ ਪ੍ਰਕਿਿਰਆ ਅਪਣਾਉਂਦੇ ਹਨ:-
1. ਗ੍ਰੀਫ਼ ਕਾਊਂਸਲਿੰਗ
2. ਗ੍ਰੀਫ ਸਾਈਕੋਥੈਰੇਪੀ
ਡਾ. ਨੀਤੂ ਦੇ ਅਨੁਸਾਰ ਗ੍ਰੀਫ਼ ਕਾਊਂਸਲਿੰਗ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਕਿਸੇ ਦੇ ਕਰੀਬੀ ਦੀ ਮੌਤ ਨੂੰ 6 ਮਹੀਨੇ ਤੋਂ ਘੱਟ ਦਾ ਸਮਾਂ ਗੁਜ਼ਰਿਆ ਹੋਵੇ ਅਤੇ ਉਸ ਨੂੰ ਮਦਦ ਦੀ ਜ਼ਰੂਰਤ ਹੋਵੇ।

ਤਸਵੀਰ ਸਰੋਤ, Indranil Aditya/NurPhoto via Getty Images
ਗ੍ਰੀਫ਼ ਕਾਊਂਸਲਿੰਗ 'ਚ ਕਿਸੇ ਵਿਸ਼ੇਸ਼ ਤਕਨੀਕ ਦੀ ਵਰਤੋ ਨਹੀਂ ਕੀਤੀ ਜਾਂਦੀ ਹੈ। ਇਸ 'ਚ ਕਾਊਂਸਲਰ ਆਪਣੇ ਸਾਹਮਣੇ ਬੈਠੇ ਵਿਅਕਤੀ ਨੂੰ ਹੀ ਸੁਣਦਾ ਹੈ। ਇਸ ਨੂੰ 'ਇੰਪੈਥੇਟਿਕ ਲਿਸਨਿੰਗ' ਕਿਹਾ ਜਾਂਦਾ ਹੈ। ਇਸ ਪ੍ਰਕਿਿਰਆ 'ਚ ਕਾਊਂਸਲਰ ਲੋਕਾਂ ਨੂੰ 'ਸੇਫ ਸਪੇਸ' ਮੁਹੱਈਆ ਕਰਵਾਉਂਦੇ ਹਨ, ਜਿੱਥੇ ਉਹ ਦਿਲ ਖੋਲ ਕੇ ਆਪਣੇ ਮਨ ਦੇ ਭਾਵਾਂ ਨੂੰ ਰੱਖ ਸਕਦੇ ਹਨ।
ਡਾ. ਨੀਤੋ ਦਾ ਕਹਿਣਾ ਹੈ ਕਿ ਕਿਸੇ ਅਜ਼ੀਜ਼ ਦੀ ਮੌਤ ਤੋਂ ਬਾਅਦ ਉਦਾਸ ਹੋਣਾ ਆਮ ਗੱਲ ਹੈ, ਖ਼ਾਸ ਕਰਕੇ ਛੇ ਮਹੀਨਿਆਂ ਲਈ।
"ਇਸ ਦੌਰਾਨ ਆਪਣੇ ਅਜ਼ੀਜ਼ ਨੂੰ ਗੁਆ ਚੁੱਕਾ ਵਿਅਕਤੀ ਰੋਂਦਾ ਕਰਲਾਉਂਦਾ ਹੈ, ਪਰੇਸ਼ਾਨ ਹੁੰਦਾ ਹੈ, ਉਸ ਨੂੰ ਸੁਪਨੇ ਆਉਂਦੇ ਹਨ, ਭੁੱਖ ਘੱਟ ਲੱਗਦੀ ਹੈ, ਨੀਂਦ ਨਹੀਂ ਆਉਂਦੀ ਹੈ। ਇਹ ਸਭ ਸਦਾਰਣ ਸੋਗ ਪ੍ਰਕਿਿਰਆ ਦਾ ਹੀ ਹਿੱਸਾ ਹਨ।"
ਫਰ ਜੇਕਰ ਛੇ ਮਹੀਨਿਆਂ ਦੇ ਬਾਅਦ ਵੀ ਕੋਈ ਵੀ ਵਿਅਕਤੀ ਇਸ ਉਦਾਸੀ ਦੇ ਆਲਮ ਤੋਂ ਬਾਹਰ ਨਹੀਂ ਆਉਂਦਾ ਹੈ ਤਾਂ ਇਹ ਮਾਮਲਾ ਕਲੀਨਿਕਲ ਬਣ ਜਾਂਦਾ ਹੈ। ਮਨੋਵਿਗਿਆਨ ਦੀ ਭਾਸ਼ਾ 'ਚ ਇਸ ਸਥਿਤੀ ਨੂੰ 'ਕੋਂਪਲੀਕੇਟ ਗ੍ਰੀਫ਼' ਕਿਹਾ ਜਾਂਦਾ ਹੈ ਅਤੇ ਇਸ ਲਈ ਗ੍ਰੀਫ਼ ਸਾਈਕੋਥੈਰੇਪੀ ਦੀ ਲੋੜ ਹੁੰਦੀ ਹੈ।
ਡਾ. ਨੀਤੂ ਦਾ ਕਹਿਣਾ ਹੈ, " ਇਸ ਪ੍ਰਕਿਿਰਆ 'ਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗ੍ਰੀਫ਼ ਦਾ ਕਿਹੜਾ ਹਿੱਸਾ ਹੈ, ਜਿਸ ਤੋਂ ਸਾਹਮਣੇ ਵਾਲਾ ਬਾਹਰ ਨਹੀਂ ਆ ਪਾ ਰਿਹਾ ਹੈ ਅਤੇ ਇਹ ਸਭ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ।"
ਨੀਤੂ ਰਾਣਾ ਇੱਕ ਮਿਸਾਲ ਰਾਹੀਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ " ਮੰਨ ਲਵੋ ਕਿ ਕੋਈ ਅਚਾਨਕ ਮਰ ਜਾਂਦਾ ਹੈ। ਅਜਿਹੀ ਸਥਿਤੀ 'ਚ ਉਸ ਦੇ ਪਰਿਵਾਰ ਦੇ ਮੈਂਬਰ ਮੌਤ ਵਰਗੀ ਸਥਿਤੀ ਲਈ ਮਾਨਸਿਕ ਤੌਰ 'ਚਤੇ ਬਿਲਕੁੱਲ ਵੀ ਤਿਆਰ ਨਹੀਂ ਹੁੰਦੇ ਹਨ , ਜਿਸ ਕਰਕੇ ਉਹ ਸਦਮੇ 'ਚ ਚਲੇ ਜਾਂਦੇ ਹਨ।"
" ਜਾਂ ਫਿਰ ਕੋਈ ਅਜਿਹੀ ਸਥਿਤੀ ਜਿਸ 'ਚ ਵਿਅਕਤੀ ਆਪਣੇ ਅਜ਼ੀਜ਼ ਦੀ ਮੌਤ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਕਈ ਵਾਰ ਮਰੀਜ਼ ਮੈਨੂੰ ਕਹਿੰਦੇ ਹਨ ਕਿ ਸਵੇਰੇ ਮੇਰੀ ਉਸ ਨਾਲ ਲੜਾਈ ਹੋਈ ਸੀ, ਸ਼ਾਇਦ ਮੈਂ ਹੀ ਕੁਝ ਜ਼ਿਆਦਾ ਬੋਲ ਦਿੱਤਾ ਸੀ ਜਾਂ ਫਿਰ ਮੈਂ ਉਨ੍ਹਾਂ ਤੋਂ ਮੁਆਫ਼ੀ ਨਹੀਂ ਮੰਗੀ, ਇਸ ਲਈ ਹੀ ਅਜਿਹਾ ਹੋਇਆ ਹੈ..।"
ਡਾ. ਨੀਤੂ ਅੱਗੇ ਕਹਿੰਦੀ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ 'ਚ ਲੋਕ ਆਪਣੇ ਅਜ਼ੀਜ਼ ਦੀ ਮੌਤ ਲਈ ਖੁਦ ਦੇ ਫ਼ੈਸਲਿਆਂ ਨੂੰ ਜ਼ਿੰਮਵਾਰ ਸਮਝਦੇ ਹਨ। ਜਿਵੇਂ ਕਿ ਕਾਸ਼ ਮੈਂ ਹਸਪਤਾਲ ਬਦਲ ਦਿੱਤਾ ਹੁੰਦਾ, ਆਕਸੀਜਨ ਦਾ ਜਲਦੀ ਇੰਤਜ਼ਾਮ ਕਰ ਲੈਂਦਾ ਜਾਂ ਫਿਰ ਮੇਰੇ ਕਾਰਨ ਉਹ ਵੀ ਲਾਗ ਦੀ ਲਪੇਟ 'ਚ ਆ ਗਏ ।
ਇਸ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਮਰਨ ਵਾਲੇ ਦੇ ਉਸ ਦੇ ਨਜ਼ਦੀਕੀ ਲੋਕਾਂ ਦੇ 'ਅਣਸੁਲਝੇ ਮੁੱਦੇ' ਹੁੰਦੇ ਹਨ ਤਾਂ ਉੱਥੇ ਗ੍ਰੀਫ਼ ਥੈਰੇਪੀ ਦੀ ਹੀ ਜ਼ਰੂਰਤ ਹੁੰਦੀ ਹੈ।

ਤਸਵੀਰ ਸਰੋਤ, Sonu Mehta/Hindustan Times via Getty Images
" ਕਈ ਵਾਰ ਤਾਂ ਕਈ ਲੋਕ ਆਪਣੇ ਅਜ਼ੀਜ਼ ਦੀ ਮੌਤ ਤੋਂ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਹਨ- ਤੁਸੀਂ ਮੈਨੂੰ ਇਸ ਤਰ੍ਹਾਂ ਕਿਵੇਂ ਚੱਡ ਕੇ ਜਾ ਸਕਦੇ ਹੋ? ਅਜੇ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ ਜਾਂ ਇੱਕਠਿਆਂ ਸਮਾਂ ਬਿਤਾਉਣਾ ਸੀ। ਮੈਨੂੰ ਵੀ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਏ…?
ਅਜਿਹੀ ਸਥਿਤੀ 'ਚ ਮਨੋਵਿਗਿਆਨੀ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਮਸਲਿਆਂ ਨੂੰ ਸੁਲਝਾਉਣ ਦਾ ਯਤਨ ਕਰਦੇ ਹਨ, ਜਿੰਨ੍ਹਾਂ ਤੋਂ ਉਹ ਬਾਹਰ ਨਹੀਂ ਆ ਪਾ ਰਹੇ ਹੁੰਦੇ ਹਨ। ਅਜਿਹੇ ਮਾਮਲਿਆਂ 'ਚ ਸਾਈਕੋਥੈਰੇਪੀ ਦੀਆਂ ਵੱਖ ਵੱਖ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ। ਉਦਾਹਰਣ ਦੇ ਲਈ ਐਂਪਟੀ ਚੇਅਰ ਤਕਨੀਕ ਅਤੇ ਲੇਟਰ ਤਕਨੀਕ।
ਕਿਵੇਂ ਕੰਮ ਕਰਦੀ ਹੈ ਗ੍ਰੀਫ਼ ਸਾਈਕੋਥੈਰੇਪੀ?
ਐਂਪਟੀ ਚੇਅਰ ਤਕਨੀਕ 'ਚ ਪੀੜ੍ਹਤ ਵਿਅਕਤੀ ਨੂੰ ਇੱਕ ਕਾਲੀ ਕੁਰਸੀ ਦੇ ਸਾਹਮਣੇ ਬੈਠਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਕਲਪਨਾ ਕਰਨ ਲਈ ਕਿਹਾ ਜਾਂਦਾ ਹੈ ਕਿ ਮਰ ਚੁੱਕਾ ਵਿਅਕਤੀ ਉਸ ਦੇ ਸਾਹਮਣੇ ਹੈ। ਫਿਰ ਪੀੜ੍ਹਤ ਨੂੰ ਕਿਹਾ ਜਾਂਦਾ ਹੈ ਕਿ ਉਸ ਕੋਲ ਮੌਕਾ ਹੈ ਕਿ ਉਹ ਅਜ਼ੀਜ਼ ਨਾਲ ਆਖਰੀ ਵਾਰ ਦਿਲ ਦੀ ਗੱਲ ਕਹਿ ਸਕੇ।
ਲੇਟਰ ਤਕਨੀਕ 'ਚ ਵੀ ਲੋਕਾਂ ਨੂੰ ਆਪਣੇ ਮਰ ਚੁੱਕੇ ਕਰੀਬੀਆਂ ਨੂੰ ਚਿੱਠੀ ਲਿਖਣ ਲਈ ਕਿਹਾ ਜਾਂਦਾ ਹੈ।
ਡਾਕਟਰ ਨੀਤੂ ਦਾ ਕਹਿਣਾ ਹੈ, " ਜਦੋਂ ਐਂਪਟੀ ਚੇਅਰ ਅਤੇ ਲੇਟਰ ਤਕਨੀਕ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ ਤਾਂ ਹੌਲੀ-ਹੌਲੀ ਲੋਕਾਂ ਦੇ ਮਨ ਦੀਆਂ ਸਾਰੀਆਂ ਗੱਲਾਂ ਬਾਹਰ ਆ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਸਥਿਤੀ 'ਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ।"
ਸਾਈਕੋਥੈਰੇਪੀ 'ਚ ਅਣਸੁਲਝੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਲਈ ਇਕ ਹੋਰ ਤਕਨੀਕ ਅਪਣਾਈ ਜਾਂਦੀ ਹੈ। ਇਸ ਤਕਨੀਕ 'ਚ ਪੀੜ੍ਹਤ ਲੋਕਾਂ ਨੂੰ ਆਪਣੇ ਮਰ ਚੁੱਕੇ ਲੋਕਾਂ ਦੀਆਂ ਫੋਟੋਆਂ, ਕੱਪੜੇ ਅਤੇ ਹੋਰ ਚੀਜ਼ਾਂ ਲਿਆਉਣ ਲਈ ਕਿਹਾ ਜਾਂਦਾ ਹੈ। ਵਿਛੜ ਚੁੱਕੀ ਰੂਹ ਬਾਰ ਗੱਲ ਕਰਨ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨਾਲ ਜੁੜੀਆਂ ਚੰਗੀਆਂ ਅਤੇ ਮਾੜੀਆਂ ਯਾਦਾਂ ਬਾਰੇ ਚਰਚਾ ਕੀਤੀ ਜਾਂਦੀ ਹੈ। ਮ੍ਰਿਤ ਵਿਅਕਤੀ ਦੀਆਂ ਤਸਵੀਰਾਂ, ਕੱਪੜੇ ਅਤੇ ਹੋਰ ਚੀਜ਼ਾਂ ਨੂੰ ਛੂਹਣ, ਚੁੰਮਣ ਅਤੇ ਗਲੇ ਲਗਾਉਣ ਦਾ ਮੌਕਾ ਦਿੱਤਾ ਜਾਂਦਾ ਹੈ।
ਡਾ . ਨੀਤੂ ਅਨੁਸਾਰ ਇਸ ਪਰਕਿਿਰਆ 'ਚ ਰਾਹੀਂ ਪੀੜ੍ਹਤ ਵਿਅਕਤੀ ਦੀਆਂ ਅਣਸੁਲਝੀਆਂ ਭਾਵਨਾਵਾਂ ਕਿਸੇ ਹੱਦ ਤੱਕ ਸੁਲਝ ਜਾਂਦੀਆਂ ਹਨ ਅਤੇ ਉਸ ਦੀਆਂ ਸ਼ਿਕਾਇਤਾਂ ਵੀ ਘੱਟ ਜਾਂਦੀਆਂ ਹਨ ਅਤੇ ਉਹ ਸੱਚ ਨੂੰ ਸਵੀਕਾਰ ਕਰਨ ਦੀ ਮਾਨਸਿਕ ਸਥਿਤੀ 'ਚ ਆ ਜਾਂਦਾ ਹੈ।

ਤਸਵੀਰ ਸਰੋਤ, Getty Images
ਮਹਾਂਮਾਰੀ ਤੋਂ ਬਾਅਦ ਵੱਧ ਸਕਦੀਆਂ ਹਨ ਮੁਸ਼ਕਲਾਂ
ਡਾ. ਨੀਤੂ ਦੇ ਅਨੁਸਾਰ ਕੋਰੋਨਾ ਨਾਲ ਜੁੜੇ ਮਾਮਲਿਆਂ 'ਚ ਇਹ ਸਮੱਸਿਆ ਆ ਰਹੀ ਹੈ ਕਿ ਲੋਕਾਂ ਨੂੰ ਆਪਣੇ ਅਜ਼ੀਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਤੱਕ ਦਾ ਵੀ ਮੌਕਾ ਨਹੀਂ ਮਿਲ ਰਿਹਾ ਹੈ।
" ਮੇਰੇ ਕੋਲ ਆਉਣ ਵਾਲੇ ਲੋਕਾਂ ਦੇ ਮਨਾਂ 'ਚ ਇਹ ਪਛਤਾਵਾਂ ਰਹਿੰਦਾ ਹੈ ਕਿ ਉਨ੍ਹਾਂ ਦੇ ਕਰੀਬੀ ਆਖਰੀ ਵੇਲੇ ਤੱਕ ਇੱਕਲੇ ਰਹੇ ਅਤੇ ਇੱਕਲੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਲੋਕ ਚਾਹੁੰਦਿਆਂ ਹੋਇਆਂ ਵੀ ਆਪਣੇ ਨਜ਼ਦੀਕੀਆਂ ਦੇ ਸਸਕਾਰ 'ਚ ਸ਼ਾਮਲ ਨਹੀਂ ਹੋ ਪਾ ਰਹੇ ਹਨ। ਇਹ ਸਭ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਪ੍ਰੇਸ਼ਾਨ ਕਰ ਰਿਹਾ ਹੈ।"
ਡਾ.ਨੀਤੂ ਦਾ ਕਹਿਣਾ ਹੈ ਕਿ ਇਸ ਕੋਰੋਨਾ ਕਾਲ ਦੌਰਾਨ ਲੋਕ ਆਪਣੇ ਅਜ਼ੀਜ਼ਾਂ ਦੇ ਗੁਜ਼ਰ ਜਾਣ 'ਤੇ ਠੀਕ ਢੰਗ ਨਾਲ ਸੋਗ ਵੀ ਨਹੀਂ ਕਰ ਪਾ ਰਹੇ ਹਨ।
" ਲੋਕ ਅਜੇ ਸਦਮੇ 'ਚ ਹਨ। ਉਨ੍ਹਾਂ ਦਾ ਅਸਲੀ ਗ੍ਰੀਵਿੰਗ ਪ੍ਰੋਸੇਸ ਤਾਂ ਅਜੇ ਸ਼ੁਰੂ ਹੀ ਨਹੀਂ ਹੋਇਆ ਹੈ। ਉਹ ਤਾਂ ਅਜੇ ਆਪਣੇ ਬੱਚਿਆਂ, ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਆਪਣੇ ਆਪ ਨੂੰ ਬਚਾਉਣ 'ਚ ਲੱਗੇ ਹੋਏ ਹਨ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਉਨ੍ਹਾਂ ਦੇ ਹੱਥੋਂ ਖੁੱਸ ਗਈਆਂ ਹਨ। ਕਈਆਂ ਦੇ ਸਿਰ ਇਲਾਜ ਦੇ ਖਰਚ ਕਾਰਨ ਕਰਜ਼ਾ ਚੜ੍ਹ ਗਿਆ ਹੈ। ਅਜਿਹੀ ਸਥਿਤੀ 'ਚ ਉਹ ਅਜੇ ਸਰਵਾਈਵਲ ਮੋਡ 'ਚ ਹਨ ਅਤੇ ਪੂਰੀ ਤਰ੍ਹਾਂ ਨਾਲ ਦੁੱਖੀ ਵੀ ਨਹੀਂ ਹੋ ਪਾ ਰਹੇ ਹਨ।"
" ਮੈਨੂੰ ਡਰ ਹੈ ਕਿ ਜਦੋਂ ਇਹ ਮਹਾਂਮਾਰੀ ਖ਼ਤਮ ਹੋਵੇਗੀ, ਦੁਨੀਆ ਫਿਰ ਤੋਂ ਲੀਹੇ ਆਵੇਗੀ ਅਤੇ ਸਭ ਕੁਝ ਪਹਿਲਾਂ ਵਾਂਗਰ ਹੋ ਜਾਵੇਗਾ ਤਾਂ ਉਸ ਸਮੇਂ ਲੋਕਾਂ ਨੂੰ ਆਪਣੇ ਅਜ਼ੀਜ਼ਾਂ ਦੇ ਜਾਣ ਦਾ ਦੁੱਖ ਵਧੇਰੇ ਮਹਿਸੂਸ ਹੋਣ ਲੱਗੇਗਾ। ਉਸ ਸਮੇਂ ਕੋਂਪਲੀਕੇਟਿਡ ਗ੍ਰੀਫ਼ ਅਤੇ ਅਣਸੁਲਝੀਆਂ ਭਾਵਨਾਵਾਂ ਹੋਰ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਉਣਗੀਆਂ। ਇਸ ਲਈ ਮੈਨੂੰ ਲੱਗਦਾ ਹੈ ਕਿ ਉਸ ਸਮੇਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਵਧੇਰੇ ਮਦਦ ਦੀ ਜ਼ਰੂਰਤ ਪਵੇਗੀ।"

ਤਸਵੀਰ ਸਰੋਤ, MONEY SHARMA/AFP via Getty Images
ਸਰਵਾਈਵ ਗਿਲਟ: ਜ਼ਿੰਦਾ ਬਚੇ ਰਹਿਣ ਦਾ ਪਛਤਾਵਾ
ਅਮਿਤਾ ਮਾਨੀ ਬੰਗਲੂਰੂ ਵਿਖੇ ਬਤੌਰ ਥੈਰੇਪਿਸਟ ਕੰਮ ਕਰਦੀ ਹੈ ਅਤੇ ਉਹ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਉਨ੍ਹਾਂ ਕੋਲ ਗ੍ਰੀਫ਼ ਕਾਊਂਸਲੰਿਗ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ।
ਉਹ ਕਹਿੰਦੀ ਹੈ, " ਗ੍ਰੀਫ਼ ਕਾਊਂਸਲੰਿਗ ਜਾਂ ਫਿਰ ਗ੍ਰੀਫ਼ ਥੈਰੇਪੀ ਦਾ ਰੁਝਾਨ ਨਵਾਂ ਨਹੀਂ ਹੈ। ਇਹ ਵੱਖ ਗੱਲ ਹੈ ਕਿ ਇਸ ਬਾਰੇ ਜਾਗਰੂਕਤਾ ਦੀ ਘਾਟ ਰਹੀ ਹੈ।"
ਉਨ੍ਹਾਂ ਮੁਤਾਬਕ ਗ੍ਰੀਫ਼ ਥੈਰੇਪੀ ਇੱਕਲੇ ਵਿਅਕਤੀ ਦੀ ਵੀ ਹੁੰਦੀ ਹੈ ਅਤੇ ਇੱਕ ਸਮੂਹ 'ਚ ਵੀ ਕੀਤੀ ਜਾ ਸਕਦੀ ਹੈ।
" ਸ਼ੁਰੂ 'ਚ ਤਾਂ ਅਸੀਂ ਲੋਕਾਂ ਨੂੰ ਇੱਕਲੇ-ਇੱਕਲੇ ਹੀ ਕਾਊਂਸਲੰਿਗ ਦਿੰਦੇ ਹਾਂ ਅਤੇ ਫਿਰ ਉਨ੍ਹਾਂ ਨੂੰ ਗਰੁੱਪ ਥੈਰੇਪੀ 'ਚ ਆਉਣ ਲਈ ਕਹਿੰਦੇ ਹਾਂ। ਗਰੁੱਪ ਥੈਰੇਪੀ ਇਕ ਅਜਿਹੀ ਸਹਾਇਤਾ ਪ੍ਰਣਾਲੀ ਦੀ ਤਰ੍ਹਾਂ ਕੰਮ ਕਰਦੀ ਹੈ, ਜਿੱਥੇ ਤੁਹਾਡੇ ਵਰਗੇ ਦੁੱਖ ਝੱਲ ਰਹੇ ਅਤੇ ਤੁਹਾਨੂੰ ਸਮਝਨ ਵਾਲੇ ਬਹੁਤ ਸਾਰੇ ਲੋਕ ਹਨ।"
ਅਮਿਤਾ ਅੱਗੇ ਕਹਿੰਦੀ ਹੈ ਕਿ ਜਦੋਂ ਇਨਸਾਨ ਆਪਣੇ ਵਰਗੇ ਹੋਰ ਕਈ ਲੋਕਾਂ ਨੂੰ ਵੇਖਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸ਼ਾਇਦ ਉਸ ਦਾ ਦੁੱਖ ਦੁਨੀਆ 'ਚ ਸਭ ਤੋਂ ਵੱਡਾ ਨਹੀਂ ਹੈ।
" ਗਰੁੱਪ ਥੈਰੇਪੀ 'ਚ ਲੋਕ ਇਕ ਦੂਜੇ ਦਾ ਸਹਾਰਾ ਬਣਦੇ ਹਨ ਅਤੇ ਇਕ ਦੂਜੇ ਦੀ ਦੁੱਖ 'ਚੋਂ ਬਾਹਰ ਆਉਣ 'ਚ ਮਦਦ ਵੀ ਕਰਦੇ ਹਨ।" ਮਹਾਮਾਰੀ ਦੇ ਦੌਰਾਨ ਆਪਣਿਆਂ ਨੂੰ ਗੁਆਉਣ ਵਾਲਿਆਂ 'ਚ ਜੋ ਸਭ ਤੋਂ ਵੱਡੀ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ ਉਹ ਹੈ। ਸਰਵਾਈਵਰਜ਼ ਗਿੱਲਟ।
ਇਸ ਨੂੰ ਸੌਖੇ ਸ਼ਬਦਾਂ 'ਚ ਇੱਕ ਅਜਿਹੀ ਸਥਿਤੀ ਕਿਹਾ ਜਾ ਸਕਦਾ ਹੈ ਜਦੋਂ ਵੱਡੀ ਗਿਣਤੀ 'ਚ ਲੋਕ ਆਪਣੀਆਂ ਜਾਨਾਂ ਗੁਆ ਬੈਠਦੇ ਹਨ ਅਤੇ ਬਚ ਗਏ ਲੋਕਾਂ ਦੇ ਮਨਾਂ 'ਚ ਇਕ ਤਰ੍ਹਾਂ ਨਾਲ ਅਪਰਾਧਬੋਧ ਦੀ ਭਾਵਨਾ ਘਰ ਕਰ ਜਾਂਦੀ ਹੈ।
ਲੋਕ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਕਿਵੇਂ ਅਤੇ ਕਿਉਂ ਜ਼ਿੰਦਾ ਬਚ ਗਏ ਹਨ, ਉਨ੍ਹਾਂ ਨੂੰ ਵੀ ਮਰ ਜਾਣਾ ਚਾਹੀਦਾ ਸੀ।
ਅਮਿਤਾ ਦੱਸਦੀ ਹੈ, " ਮੌਜੂਦਾ ਸਮੇਂ ਸਾਡੇ ਅੱਗੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਇਸ ਸਥਿਤੀ ਤੋਂ ਬਾਹਰ ਕੱਢਣ ਦੀ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਕਿਉਂਕਿ ਜੇ ਉਨ੍ਹਾਂ ਦੇ ਮਨ 'ਚੋਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਖੁੱਲ ਕੇ ਬਾਹਰ ਨਹੀਂ ਆਉਣਗੀਆਂ ਤਾਂ ਅੱਗੇ ਜਾ ਕੇ ਇਹ ਪੋਸਟ ਟ੍ਰੋਮੈਟਿਕ ਸੱਟਰੈਸ ਡਿਸਆਰਡਰ, ਪੀਟੀਐਸਡੀ ਗੰਭੀਰ ਮਾਨਸਿਕ ਸਮੱਸਿਆਵਾਂ ਹੋ ਸਕਦੀਆਂ ਹਨ।"

ਤਸਵੀਰ ਸਰੋਤ, SOPA Images/Getty
ਗਰੀਬੀ , ਬੇਰੁਜ਼ਗਾਰੀ ਅਤੇ ਹੁਣ ਮਹਾਂਮਾਰੀ
ਮੁਬੰਈ ਦੇ ਮਸ਼ਹੂਰ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਤੋਂ ਸੋਸ਼ਲ ਵਰਕ (ਮਾਨਸਿਕ ਸਿਹਤ) ਦੀ ਪੜ੍ਹਾਈ ਕਰਨ ਵਾਲੀ ਪ੍ਰਤਿਮਾ ਤਿਰਪਾਠੀ ਨੇ ਹਾਲ 'ਚ ਹੀ ਕਾਊਂਸਲੰਿਗ ਦਾ ਕੰਮ ਸ਼ੁਰੂ ਕੀਤਾ ਹੈ।
ਪ੍ਰਤਿਮਾ ਨੂੰ ਸਮਾਜ ਦੇ ਆਰਥਿਕ ਅਤੇ ਸਮਾਜਿਕ ਪੱਖ ਤੋਂ ਕਮਜ਼ੋਰ ਵਰਗ ਦੇ ਲੋਕਾਂ ਨਾਲ ਕੰਮ ਕਰਨ ਦਾ ਤਜਰਬਾ ਵੀ ਹੈ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, " ਗ੍ਰੀਫ਼ ਕਈ ਤਰ੍ਹਾਂ ਦਾ ਹੁੰਦਾ ਹੈ।ਦੇਸ਼ ਦੇ ਇਕ ਵੱਡੇ ਹਿੱਸੇ ਦੀ ਤਾਂ ਜ਼ਿੰਦਗੀ ਹੀ ਦੁੱਖਾਂ ਨਾਲ ਭਰੀ ਹੋਈ ਹੈ। ਮਹਾਮਾਰੀ ਕਾਲ ਦੌਰਾਨ ਸਾਨੂੰ ਅਜਿਹੇ ਵਰਗ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।"
" ਦੇਸ਼ 'ਚ ਲੋਕ ਤਾਂ ਪਹਿਲਾਂ ਹੀ ਗਰੀਬੀ, ਬੇਰੁਜ਼ਗਾਰੀ, ਬੀਮਾਰੀਆਂ, ਵੱਖ-ਵੱਖ ਤਰ੍ਹਾਂ ਦੀ ਹਿੰਸਾ ਅਤੇ ਵਿਤਕਰੇ ਨਾਲ ਜੂਝ ਰਹੇ ਹਨ। ਹੁਣ ਮਹਾਂਮਾਰੀ 'ਚ ਆਪਣੇ ਅਜ਼ੀਜ਼ਾਂ ਦੀ ਮੌਤ ਨੇ ਉਨ੍ਹਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਨਾ ਸਿਰਫ ਕਾਊਂਸਲੰਿਗ ਜਾਂ ਫਿਰ ਥੈਰੇਪੀ ਦੀ ਲੋੜ ਹੈ ਬਲਕਿ ਦੂਜੀਤ ਤਰ੍ਹਾਂ ਦੀ ਮਦਦ ਅਤੇ ਸਾਥ ਦੀ ਵੀ ਜ਼ਰੂਰਤ ਹੈ। ਉਦਾਹਰਣ ਵੱਜੋਂ ਆਰਥਿਕ ਅਤੇ ਸਮਾਜਿਕ ਸਹਾਇਤਾ।"
ਪ੍ਰਤਿਮਾ ਇੱਕ ਹੋਰ ਮਹੱਤਵਪੂਰਣ ਗੱਲ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ ਕਿ ਕੋਰੋਨਾ ਮਹਾਂਮਾਰੀ ਵਰਗੀ ਗੰਭੀਰ ਸਥਿਤੀ 'ਚ ਲੋਕਾਂ ਦੀ ਮੁਸ਼ਕਲਾਂ ਸਿਰਫ ਮਨੋਵਿਗਿਆਨੀ ਹੀ ਨਹੀਂ ਸੁਲਝਾ ਸਕਦੇ ਹਨ। ਉਨ੍ਹਾਂ ਨੂੰ ਮਾਨਸਿਕ ਰੋਗ ਸਮਾਜ ਸੇਵਕਾਂ ਦੀ ਵੀ ਜ਼ਰੂਰਤ ਹੈ ਅਤੇ ਇਸ ਲਈ ਕਮਿਊਨਿਟੀ ਪੱਧਰ 'ਤੇ ਕੰਮ ਹੋਣਾ ਚਾਹੀਦਾ ਹੈ।"
ਉਹ ਅੱਗੇ ਕਹਿੰਦੀ ਹੈ ਕਿ ਜਿਸ ਤਰ੍ਹਾਂ ਨਾਲ ਮਾਨਸਿਕ ਰੋਗ ਦੇ ਸਮਾਜ ਸੇਵੀ ਦੇਸ਼ ਦੇ ਦੂਰ ਦਰਾਡੇ ਦੇ ਇਲਾਕਿਆਂ 'ਚ ਜਾ ਕੇ ਵੱਖ-ਵੱਖ ਵਰਗਾਂ ਦੇ ਲੋਕਾਂ ਲਈ ਮਦਦ ਲਈ ਅੱਗੇ ਆ ਸਕਦੇ ਹਨ, ਉਹ ਮੌਜੂਦਾ ਸਥਿਤੀ 'ਚ ਮਨੋਵਿਗਿਆਨਕਾਂ ਜਾਂ ਥੈਰੇਪੀਸਟਾਂ ਲਈ ਸਭੰਵ ਨਹੀਂ ਹੈ।
ਪ੍ਰਤਿਮਾ ਨੇ ਦੇਸ਼ 'ਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਦੀ ਘਾਟ, ਮਾਨਸਿਕ ਸਿਹਤ ਸੇਵਾਵਾਂ ਦੀ ਕਮੀ ਅਤੇ ਲੋਕਾਂ ਦੀ ਆਰਥਿਕ-ਸਮਾਜਿਕ ਮਜਬੂਰੀਆਂ ਬਾਰੇ ਵੀ ਗੱਲ ਕੀਤੀ।
ਉਹ ਕਹਿੰਦੀ ਹੈ, " ਦੁੱਖ ਦੀ ਗੱਲ ਇਹ ਹੈ ਕਿ ਸਾਡੇ ਦੇਸ਼ 'ਚ ਤਾਂ ਹਰ ਕਿਸੇ ਕੋਲ ਦੁੱਖ, ਸੋਗ ਮਨਾਉਣ ਦੀ 'ਲਗਜ਼ਰੀ' ਵੀ ਨਹੀਂ ਹੈ।"
ਪ੍ਰਤਿਮਾ ਦੀਆਂ ਗੱਲਾਂ ਸੁਣ ਕੇ ਮਸ਼ਹੂਰ ਲੇਖਕ ਯਸ਼ਪਾਲ ਦੀ ਕਹਾਣੀ 'ਦੁੱਖ ਕਾ ਅਧਿਕਾਰ' ਦੀ ਯਾਦ ਆਉਂਦੀ ਹੈ। ਜਿਸ 'ਚ ਲੇਖਕ ਕਹਿੰਦਾ ਹੈ ਕਿ ਸੋਗ ਕਰਨ , ਦੁੱਖ ਮਨਾਉਣ ਦੇ ਲਈ ਵੀ ਸਹੂਲਤ ਚਾਹੀਦੀ ਹੈ ਅਤੇ ਦੁੱਖੀ ਹੋਣ ਦਾ ਵੀ ਅਧਿਕਾਰ ਹੁੰਦਾ ਹੈ।

ਤਸਵੀਰ ਸਰੋਤ, Reuters
ਕਿਸੇ ਆਪਣੇ ਦੀ ਮੌਤ ਦਾ ਦੁੱਖ ਮਨਾ ਰਹੇ ਵਿਅਕਤੀ ਦੀ ਮਦਦ ਕਿਵੇਂ ਕੀਤੀ ਜਾਵੇ?
ਅਜਿਹੀ ਸਥਿਤੀ 'ਚ ਜ਼ਰੂਰੀ ਹੈ ਕਿ ਜਿੰਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਲੋਕਾਂ ਨੂੰ ਇੱਕਲਾ ਨਾ ਛੱਡਿਆ ਜਾਵੇ।
ਡਾ. ਨੀਤੂ ਰਾਣਾ ਅਤੇ ਅਮਿਤਾ ਮਾਨੀ ਨੇ ਲੋਕਾਂ ਦੀ ਮਦਦ ਲਈ ਕੁਝ ਸੁਝਾਅ ਦਿੱਤੇ ਹਨ, ਜੋ ਕਿ ਇਸ ਤਰ੍ਹਾਂ ਹਨ:-
- ਲੋਕਾਂ ਨੂੰ ਉਨ੍ਹਾਂ ਦੀ ਸਪੇਸ ਜ਼ਰੂਰ ਦੇਵੋ। ਜੇਕਰ ਉਹ ਸ਼ਾਂਤ ਚੁੱਪ ਚਾਪ ਹਨ ਅਤੇ ਗੱਲ ਨਹੀਂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੋ। ਪਰ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਜਦੋਂ ਉਹ ਗੱਲ ਕਰਨ ਲਈ ਤਿਆਰ ਹੋਣ ਤਾਂ ਉਸ ਸਮੇਂ ਤੁਸੀਂ ਉਸ ਦੀ ਗੱਲ ਸੁਣੋਗੇ।
- ਲੋਕਾਂ ਨੂੰ ਰੋਣ ਲਈ ਨਾ ਕਹੋ। ਉਨ੍ਹਾਂ ਨੂੰ ਗੁਜ਼ਰ ਚੁੱਕੇ ਲੋਕਾਂ ਦੀਆਂ ਯਾਦਾਂ ਨਾਲ ਸਮਾਂ ਬਿਤਾਉਣ ਦਿਓ। ਉਨ੍ਹਾਂ ਨੂੰ 'ਮਜਬੂਤ ਬਣਨ ਅਤੇ ਜ਼ਿੰਦਗੀ 'ਚ ਅੱਗੇ ਵੱਧਣ' ਦੀ ਸਲਾਹ ਨਾ ਦਿਓ, ਕਿਉਂਕਿ ਸਮਾਂ ਪੈਣ 'ਤੇ ਉਹ ਆਪਣੇ ਆਪ ਹੀ ਇਸ ਦੁੱਖ ਤੋਂ ਬਾਹਰ ਆ ਜਾਣਗੇ।
- ਉਨ੍ਹਾਂ ਨੂੰ ਇਹ ਅਹਿਸਾਸ ਕਰਾਓ ਕਿ ਉਨ੍ਹਾਂ ਦਾ ਦੁੱਖ, ਉਨ੍ਹਾਂ ਦੀ ਤਕਲੀਫ਼ ਅਤੇ ਭਾਵਨਾਵਾਂ ਪੂਰੀ ਤਰ੍ਹਾਂ ਨਾਲ ਜਾਇਜ਼ ਹਨ ਅਤੇ ਤੁਸੀਂ ਹਰ ਹਾਲਤ 'ਚ ਉਨ੍ਹਾਂ ਦੇ ਨਾਲ ਹੀ ਹੋ।
- ਜ਼ਰੂਰੀ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਕੁਝ ਕਹੋ, ਸਮਝਾਓ ਜਾਂ ਫਿਰ ਗੱਲਬਾਤ ਕਰੋ। ਤੁਸੀਂ ਚੁੱਪ ਚਾਪ ਵੀ ਉਨ੍ਹਾਂ ਦੇ ਕੋਲ ਬੈਠ ਸਕਦੇ ਹੋ। ਉਨ੍ਹਾਂ ਦੇ ਸਿਰ 'ਤੇ ਹੱਥ ਫੇਰ ਸਕਦੇ ਹੋ ਅਤੇ ਉਨ੍ਹਾਂ ਨੂੰ ਗਲੇ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਵੀ ਉਨ੍ਹਾਂ ਨੂੰ ਭਾਵਨਾਤਮਕ ਸ਼ਕਤੀ ਮਿਲੇਗੀ।
ਨੋਟ: ਕੁਝ ਅਜਿਹੇ ਵੀ ਮਨੋਵਿਗਿਆਨੀ ਅਤੇ ਮਨੋਚਕਿਤਸਕ ਹਨ ਜੋ ਕਿ ਜ਼ਰੂਰਤਮੰਦ ਲੋਕਾਂ ਨੂੰ ਘੱਟ ਫੀਸ ਜਾਂ ਫਿਰ ਮੁਫ਼ਤ ਹੀ ਸੇਵਾਵਾਂ ਦੇ ਰਹੇ ਹਨ। ਅਜਿਹੇ ਡਾਕਟਰਾਂ ਦੀ ਸੂਚੀ ਵੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















