ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ: ਹਾਈ ਕਮਾਂਡ ਦਾ ਸੰਕਟ ਸੁਲਝਾਉਣ ਦਾ ਕੀ ਹੈ ਫਾਰਮੂਲਾ

ਤਸਵੀਰ ਸਰੋਤ, FB
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਅਤੇ ਤਪਦੀ ਗਰਮੀ ਹੋਣ ਦੇ ਬਾਵਜੂਦ ਦਿੱਲੀ ਦੇ ਰਕਾਬ ਗੰਜ ਰੋਡ ਉੱਤੇ ਸਵੇਰੇ ਤੋਂ ਕਾਫ਼ੀ ਚਹਿਲ ਪਹਿਲ ਨਜ਼ਰ ਆਈ।
ਕੌਮੀ ਰਾਜਧਾਨੀ ਵਿੱਚ ਮੀਡੀਆ ਪੰਜਾਬ ਨੰਬਰ ਦੀਆਂ ਗੱਡੀਆਂ ਉੱਤੇ ਖ਼ਾਸ ਤੌਰ 'ਤੇ ਧਿਆਨ ਦੇ ਰਿਹਾ ਸੀ, ਜੋ ਵੀ ਪੰਜਾਬ ਨੰਬਰ ਵਾਲੀ ਗੱਡੀ ਆਉਂਦੀ, ਮੀਡੀਆ ਉਸ ਨੂੰ ਘੇਰ ਲੈਂਦਾ ਅਤੇ ਸਵਾਲ ਕਰਦਾ, ''ਨਾਰਾਜ਼ਗੀ ਕਿਸ ਗੱਲ ਨੂੰ ਲੈ ਕੇ ਹੈ।''
ਅੱਗੋਂ ਜਵਾਬ ਸਾਰਿਆਂ ਦਾ ਇੱਕੋ ਹੀ ਹੁੰਦਾ, ''ਕੋਈ ਨਾਰਾਜ਼ਗੀ ਨਹੀਂ ਹੈ।''
ਦਰਅਸਲ ਪੰਜਾਬ ਕਾਂਗਰਸ ਦਾ ਮਸਲਾ ਦਿੱਲੀ ਪਹੁੰਚਿਆ, ਜਿੱਥੇ ਸੂਬੇ ਦੇ ਆਗੂ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਅੱਗੇ ਪੇਸ਼ ਹੋਣ ਲਈ ਪਹਿਲੇ ਦਿਨ ਇਕੱਠੇ ਹੋਏ ਸਨ। ਮੀਟਿੰਗ ਦਾ ਇਹ ਸਿਲਸਲਾ ਅਗਲੇ ਕੁਝ ਹੋਰ ਦਿਨਾਂ ਤੱਕ ਚੱਲੇਗਾ।
ਅਸਲ 'ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਹੁਣ ਦਿੱਲੀ ਪਹੁੰਚ ਗਈ ਹੈ ਅਤੇ ਅਗਲੇ ਦਿਨਾਂ ਤੱਕ ਕਾਂਗਰਸ ਦੇ ਰਕਾਬ ਗੰਜ ਰੋਡ ਉੱਤੇ ਬਣੇ 15 ਨੰਬਰ ਬੰਗਲੇ ਵਿਚ ਕਾਂਗਰਸ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਹੈ ਅਤੇ ਹੁਣ ਸਥਿਤੀ ਨੂੰ ਸੰਭਾਲਣ ਦੇ ਲਈ ਕਾਂਗਰਸ ਹਾਈ ਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਪਿਛਲੇ ਦਿਨੀਂ ਬਣਾਈ ਹੈ।
ਕਮੇਟੀ ਦੇ ਚੇਅਰਮੈਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਹਨ, ਜਦ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਜੇ ਪੀ ਅਗਰਵਾਲ ਇਸ ਦੇ ਮੈਂਬਰ ਹਨ। ਇਹ ਕਮੇਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਇੱਕ-ਇੱਕ ਕਰ ਕੇ ਗੱਲਬਾਤ ਕਰ ਰਹੀ ਹੈ।
ਯਾਦ ਰਹੇ ਕਿ ਇੱਕ ਕਮੇਟੀ ਕੋਈ ਫ਼ੈਸਲਾ ਨਹੀਂ ਲੈ ਸਕਦੀ, ਸਿਰਫ਼ ਆਪਣੀ ਰਿਪੋਰਟ ਹਾਈ ਕਮਾਂਡ ਨੂੰ ਭੇਜੇਗੀ ਅਤੇ ਉਹ ਤੈਅ ਕਰੇਗੀ ਇਸ ਮਸਲੇ ਦਾ ਹੱਲ ਕਿਸ ਤਰੀਕੇ ਨਾਲ ਕਰਨਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਗੱਲਬਾਤ ਦਾ ਕੀ ਹੈ ਫ਼ਾਰਮੂਲਾ?
ਕਾਂਗਰਸ ਹਾਈ ਕਮਾਂਡ ਦੀ ਇਹ ਕਮੇਟੀ ਤਿੰਨ ਦਿਨ ਕਾਂਗਰਸ ਆਗੂਆਂ ਨਾਲ ਗੱਲਬਾਤ ਕਰੇਗੀ , ਗੱਲਬਾਤ ਲਈ ਖ਼ਾਸ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ।
ਹਰ ਰੋਜ਼ ਇਹ ਕਮੇਟੀ 25 ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੂੰ ਮਿਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਗਲੇ ਦਿਨਾਂ ਵਿੱਚ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ।

ਤਸਵੀਰ ਸਰੋਤ, FB/NAvjot singh sidhu
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਆਖਿਆ ਹੈ ਕਿ ਪੰਜਾਬ ਦੇ ਵਿਧਾਇਕ, ਅੱਠ ਲੋਕ ਸਭਾ ਮੈਂਬਰ ਅਤੇ ਤਿੰਨ ਰਾਜ ਸਭਾ ਮੈਂਬਰਾਂ ਨਾਲ ਕਮੇਟੀ ਨੇ ਗੱਲਬਾਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿਚ ਮੁੱਖ ਤੌਰ ਉੱਤੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਉਲੀਕੀ ਜਾਵੇਗੀ।
ਸੋਮਵਾਰ (31 ਮਈ) ਨੂੰ 11 ਵਜੇ ਕਾਂਗਰਸ ਦੇ ਵਾਰ ਰੂਮ ਵਿੱਚ ਇਹ ਮੀਟਿੰਗ ਸ਼ੁਰੂ ਹੋਈ ਅਤੇ ਪਹਿਲੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਓ ਪੀ ਸੋਨੀ ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਪੇਸ਼ ਹੋਏ।
ਇਸ ਤੋਂ ਇਲਾਵਾ ਕਪਰੂਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਕੋਟਲੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਸਮੇਤ ਕਈ ਹੋਰ ਵਿਧਾਇਕ ਪੇਸ਼ ਹੋਏ।
ਕਮੇਟੀ ਨੇ ਬਕਾਇਦਾ ਆਗੂਆਂ ਨਾਲ ਗੱਲਬਾਤ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ ਅਤੇ ਗੱਲਬਾਤ ਲਈ 10 ਤੋਂ 15 ਮਿੰਟ ਦਾ ਸਮਾਂ ਦਿੱਤਾ ਜਾ ਰਿਹਾ ਹੈ। ਮੀਟਿੰਗ ਦਾ ਵਕਤ ਸਵੇਰੇ 11 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਦਾ ਹੈ।
ਕੀ ਹੈ ਆਪਸੀ ਵਿਵਾਦ ਦਾ ਕਾਰਨ?
ਅਸਲ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲ ਹੀ ਵਿੱਚ ਬੇਅਦਬੀ ਅਤੇ ਗੋਲੀ-ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਨੂੰ ਰੱਦ ਕਰਨ ਅਤੇ ਇੱਕ ਨਵੀਂ ਐੱਸਆਈਟੀ ਬਣਾਉਣ ਦੇ ਹੁਕਮਾਂ ਨਾਲ, ਜਾਂਚ ਨੂੰ ਵੱਡਾ ਝਟਕਾ ਦਿੱਤਾ ਸੀ।
ਇਹ ਝਟਕਾ ਉਸ ਸਮੇਂ ਮਿਲਿਆ ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿਚ ਕੁਝ ਮਹੀਨਿਆਂ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ। ਇਸ ਕਰ ਕੇ ਵਿਰੋਧੀ ਧਿਰ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਆਗੂਆਂ ਨੇ ਹੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਤਸਵੀਰ ਸਰੋਤ, FB/Sukhjinder Singh Randhawa
ਸ਼ੁਰੂਆਤ ਨਵਜੋਤ ਸਿੰਘ ਸਿੱਧੂ ਤੋਂ ਹੋਈ। ਉਨ੍ਹਾਂ ਬੇਅਦਬੀ ਮਾਮਲੇ ਦਾ ਇਨਸਾਫ਼ ਨਾ ਮਿਲਣ ਉੱਤੇ ਮੌਜੂਦਾ ਸਰਕਾਰ ਉੱਤੇ ਸਵਾਲ ਚੁੱਕਿਆ।
ਨਵਜੋਤ ਸਿੰਘ ਸਿੱਧੂ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਮੁੱਦੇ ਉੱਤੇ ਸਵਾਲ ਚੁੱਕਿਆ। ਇਸ ਤੋਂ ਇਲਾਵਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਮੁੱਦਾ ਵੀ ਮੀਡੀਆ ਅੱਗੇ ਰੱਖਣਾ ਸ਼ੁਰੂ ਹੋਇਆ।
ਚੋਣ ਵਾਅਦੇ ਪੂਰੇ ਨਾ ਕਰਨ ਅਤੇ ਬੇਅਦਬੀ ਦੇ ਮੁੱਦੇ ਉੱਤੇ ਸਰਕਾਰ ਨੂੰ ਸਵਾਲ ਪੁੱਛਣ ਵਾਲਿਆਂ ਦੀ ਗਿਣਤੀ ਵਧਦੀ ਗਈ।
ਵਿਧਾਇਕ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪਰਗਟ ਸਿੰਘ ਇਸ ਵਿੱਚ ਸ਼ਾਮਲ ਹੁੰਦੇ ਗਏ। ਹਾਲਾਤ ਇੱਥੋਂ ਤੱਕ ਤਾਂ ਠੀਕ ਸੀ ਪਰ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਦੇ ਓਐਸਡੀ ਉੱਤੇ ਧਮਕੀ ਦੇਣ ਦਾ ਦੋਸ਼ ਲਗਾ ਕੇ ਇਸ ਲੜਾਈ ਨੂੰ ਹੋਰ ਭਖਾ ਦਿੱਤਾ।
ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਪੁਰਾਣੇ ਮਾਮਲੇ ਨੂੰ ਫਿਰ ਤੋਂ ਉਭਾਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਲੜਾਈ ਹੋਰ ਭਖ ਗਈ।
ਨਾਰਾਜ਼ ਵਿਧਾਇਕਾਂ ਨੇ ਆਪਣੇ ਆਪ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਹਿਤ ਪਹਿਲਾਂ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ, ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਰਵਨੀਤ ਬਿੱਟੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਅਤੇ ਚਰਨਜੀਤ ਸਿੰਘ ਚੰਨੀ ਰੰਧਾਵਾ ਦੀ ਰਿਹਾਇਸ਼ ਵਿਖੇ ਚੰਡੀਗੜ੍ਹ 'ਚ ਮਿਲੇ।
ਇਸ ਤੋਂ ਬਾਅਦ ਹੋਰ ਵੀ ਕਈ ਮੀਟਿੰਗਾਂ ਹੋਈਆਂ ਪਰ ਮੁੱਦਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਹੱਦ ਤੱਕ ਕਹਿ ਦਿੱਤਾ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਵਜੋਂ ਬਾਦਲਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤਾਂ ਹੋਰ ਯੋਗ ਵਿਅਕਤੀ ਵੀ ਹਨ ਜਿੰਨਾ ਨੂੰ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਤਸਵੀਰ ਸਰੋਤ, FB/Partap Singh Bajwa
ਯਾਦ ਰਹੇ ਕਿ ਕੈਪਟਨ ਗ੍ਰਹਿ ਵਿਭਾਗ ਸਮੇਤ ਕਈ ਵਿਭਾਗਾਂ ਨੂੰ ਸੰਭਾਲਦੇ ਹਨ।
ਉੱਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵਾਰ-ਵਾਰ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਦੇ ਮੁੱਦੇ ਉੱਤੇ ਇਨਸਾਫ਼ ਨਾ ਦੇਣ ਲਈ ਘੇਰਦੇ ਗਏ।
ਇਸ ਤਹਿਤ ਪੰਜਾਬ ਦੇ ਤਿੰਨ ਮੰਤਰੀਆਂ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਸੀ ਕਿ ਉਹ ਸਿੱਧੂ ਵੱਲੋਂ ਮੁੱਖ ਮੰਤਰੀ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਲਈ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
ਮਾਮਲਾ ਉਲਝਦਾ ਦੇਖ ਕਾਂਗਰਸ ਹਾਈ ਕਮਾਂਡ ਨੇ ਇਸ ਮੁੱਦੇ ਉੱਤੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਜੋ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ।
ਮੀਟਿੰਗ ਤੋਂ ਬਾਅਦ ਕੀ ਰਹੀ ਕਾਂਗਰਸੀ ਆਗੂਆਂ ਦੀ ਰਾਇ?
ਸੁਨੀਲ ਜਾਖੜ- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਆਖਿਆ ਕਿ ਬੇਅਦਬੀ ਦੇ ਮੁੱਦੇ ਉੱਤੇ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ ਲੋਕਾਂ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ।

ਤਸਵੀਰ ਸਰੋਤ, FB/Sunil Jakhar
ਨਾਲ ਹੀ ਉਨ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ਵਿਚਾਲੇ ਨਾਰਾਜ਼ਗੀ ਦੀਆਂ ਗੱਲਾਂ ਨੂੰ ਸਿਰੇ ਤੋਂ ਰੱਦ ਕੀਤਾ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਮੁੱਖ ਤੌਰ ਉੱਤੇ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਹੋਈ ਹੈ ਅਤੇ ਇਸ ਤੋਂ ਇਲਾਵਾ ਹੋਰਨਾਂ ਮੁੱਦਿਆਂ ਨੂੰ ਵਿਚਾਰਿਆ ਗਿਆ ਹੈ।
ਸੰਗਤ ਸਿੰਘ ਗਿਲਜੀਆ- ਗਿਲਜੀਆ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਉੱਤੇ ਇਨਸਾਫ਼ ਨਹੀਂ ਮਿਲਿਆ ਹੈ ਤੇ ਇਹ ਮਿਲਣਾ ਚਾਹੀਦਾ ਹੈ। ਜੇ ਹੁਣ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਅਸੀਂ ਸਾਰੇ ਕਸੂਰਵਾਰ ਹਾਂ, ਲੋਕ ਸਾਡੇ ਤੋਂ ਸਵਾਲ ਪੁੱਛ ਰਹੇ ਹਨ।
ਰਾਜ ਕੁਮਾਰ ਵੇਰਕਾ - ਵੇਰਕਾ ਨੇ ਕਿਹਾ ਕਿ ਦਲਿਤ ਭਾਈਚਾਰੇ ਨੂੰ ਛੇਤੀ ਖੁਸ਼ਖ਼ਬਰੀ ਮਿਲੇਗੀ, ਪਾਰਟੀ ਅੰਦਰ ਜੋ ਵੀ ਗਿਲੇ ਸ਼ਿਕਵੇ ਹਨ, ਉਹ ਛੇਤੀ ਖ਼ਤਮ ਹੋ ਜਾਣਗੇ।
ਸਾਧੂ ਸਿੰਘ ਧਰਮਸੋਤ - ਕੈਬਨਿਟ ਮੰਤਰੀ ਸਾਧੂ ਸਿੰਘ ਨੇ ਵੀ ਪਾਰਟੀ ਆਗੂਆਂ ਵਿਚਾਲੇ ਨਾਰਾਜ਼ਗੀ ਦੀਆਂ ਗੱਲਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ।
ਵਿਰੋਧੀਆਂ ਨੇ ਕਾਂਗਰਸ ਉੱਤੇ ਚੁੱਕੇ ਸਵਾਲ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਤੰਜ ਕਸਦਿਆਂ ਆਖਿਆ ਕਿ ਚੰਗਾ ਹੁੰਦਾ ਜੇ ਕਾਂਗਰਸ ਕਿਸਾਨੀ ਮੁੱਦੇ ਉੱਤੇ ਜਾਂ ਵੈਕਸੀਨ ਨੂੰ ਲੈ ਕੇ ਦਿੱਲੀ ਜਾਂਦੀ ਪਰ ਇਹ ਤਾਂ ਆਪਣੀ ਲੜਾਈ ਦੇ ਲਈ ਦਿੱਲੀ ਡੇਰੇ ਲਾ ਕੇ ਬੈਠ ਗਏ ਹਨ।
ਭਗਵੰਤ ਨੇ ਆਖਿਆ ਕਿ ਕਿਸਾਨਾਂ ਨੂੰ ਛੇ ਮਹੀਨੇ ਤੋਂ ਜ਼ਿਆਦਾ ਦਿੱਲੀ ਬੈਠਿਆ ਨੂੰ ਹੋ ਗਏ, ਚੰਗਾ ਹੁੰਦਾ ਪੰਜਾਬ ਕਾਂਗਰਸ ਲੀਡਰਸ਼ਿਪ ਸੋਨੀਆ ਗਾਂਧੀ ਰਾਹੀਂ ਪ੍ਰਧਾਨ ਮੰਤਰੀ ਤੋਂ ਸਮਾਂ ਲੈ ਕੇ ਕਿਸਾਨੀ ਦਾ ਮਸਲਾ ਹੱਲ ਕਰਵਾਉਂਦੀ ਪਰ ਇਹ ਤਾਂ ਦਿੱਲੀ ਆਪਣੀ ਕੁਰਸੀ ਖ਼ਾਤਰ ਬੈਠੇ ਹੋਏ ਹਨ।

ਤਸਵੀਰ ਸਰੋਤ, FB/Bhagwant Mann
ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਸਭ ਤੋਂ ਜ਼ਿਆਦਾ ਮੌਤ ਦਰ ਪੰਜਾਬ ਵਿੱਚ ਹੈ ਤੇ ਇਹ ਕੇਂਦਰ ਤੋਂ ਵੈਂਟੀਲੇਟਰ ਜਾਂ ਵੈਕਸੀਨ ਦੀ ਮੰਗ ਨਹੀਂ ਕਰ ਰਹੇ ਸਗੋਂ ਪੰਜਾਬ ਨੂੰ ਲਵਾਰਿਸ਼ ਛੱਡ ਕੇ ਪੂਰੀ ਸਰਕਾਰ ਦਿੱਲੀ ਵਿਚ ਡੇਰੇ ਲਗਾ ਕੇ ਬੈਠ ਗਈ ਹੈ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕਾਂਗਰਸ ਨੇ ਕੀਤਾ ਸੀ ਪਰ ਚਾਰ ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ।
ਅਕਾਲੀ ਦਲ ਵਲੋਂ ਨਿਖੇਧੀ
ਅਕਾਲੀ ਦਲ ਦੀ ਕੋਰ ਕਮੇਟੀ ਨੇ ਬੈਠਕ ਤੋਂ ਬਾਅਦ ਇੱਕ ਬਿਆਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਾਰੇ ਵਰਤਾਰੇ ਦੀ ਪ੍ਰਧਾਨਗੀ ਕਰਨ ਅਤੇ ਆਪਣੇ ਆਪ ਨੂੰ ਕੁਰਸੀ ਬਚਾਉਣ ਵਿਚ ਰੁੱਝੇ ਰੱਖਣ ਤੇ ਕੋਰੋਨਾ ਖਿਲਾਫ ਲੜਾਈ ਵਾਸਤੇ ਨਿਗਰਾਨੀ ਵਾਸਤੇ ਬਾਹਰ ਹੀ ਨਾ ਨਿਕਲਣ ਦੀ ਨਿਖੇਧੀ ਕੀਤੀ।
ਕਮੇਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਧੁਨਿਕ ਨੀਰੋ ਵਾਂਗ ਵਿਹਾਰ ਕਰ ਰਹੇ ਹਨ ਜੋ ਸਿਰਫ ਆਪਣੇ ਬਾਰੇ ਸੋਚ ਰਹੇ ਹਨ ਅਤੇ ਆਪਣੇ ਰਾਜ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦੀ ਬਿਲਕੁਲ ਪਰਵਾਹ ਨਹੀਂ ਹੈ।
ਕਮੇਟੀ ਨੇ ਕਿਹਾ ਕਿ ਜਿਸ ਤਰੀਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ ਤੇ ਦਵਾਈਆਂ, ਆਕਸੀਜ਼ਨ ਤੇ ਵੈਕਸੀਨ ਡੋਜ਼ ਪ੍ਰਦਾਨ ਨਹੀਂ ਕੀਤੀ ਗਈ, ਇਸ ਵਿਹਾਰ ਦਾ ਕੋਈ ਜਵਾਬ ਨਹੀਂ ਹੋ ਸਕਦਾ।
ਉਹ ਆਪਣੇ ਪੈਰ ਖਿੱਚਣ ਵਾਲਿਆਂ ਨਾਲ ਖੇਡ ਵਿਚ ਲੱਗੇ ਹਨ ਤੇ ਉਹਨਾਂ ਆਪਣੀ ਕੁਰਸੀ ਬਚਾਉਣ ਲਈ ਆਪਣੀ ਟੀਮ ਦਿੱਲੀ ਭੇਜ ਦਿੱਤੀ ਹੈ ਬਜਾਏ ਕਿ ਉਹ ਇਸ ਟੀਮ ਨੂੰ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੇ ਬਚਾਅ ਵਿਚ ਲਗਾਉਂਦੇ।
ਰਾਜਨੀਤਿਕ ਜਾਣਕਾਰਾਂ ਦੀ ਰਾਇ
ਪੰਜਾਬ ਕਾਂਗਰਸ ਦੇ ਆਪਸੀ ਘਮਾਸਾਣ ਉੱਤੇ ਟਿੱਪਣੀ ਕਰਦਿਆਂ ਪੱਤਰਕਾਰ ਜਗਤਾਰ ਸਿੰਘ ਨੇ ਆਖਿਆ, ''ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਹੈ, ਉਦੋਂ ਤੋ ਹੀ ਕਾਂਗਰਸ ਵਰਕਰਾਂ ਦੀ ਇਹ ਸ਼ਿਕਾਇਤ ਰਹੀ ਹੈ ਕਿ ਸੂਬੇ ਵਿੱਚ ਸਰਕਾਰ ਬਦਲੀ ਹੈ, ਇਹ ਉਨ੍ਹਾਂ ਨੂੰ ਨਹੀਂ ਲੱਗਦਾ ਅਤੇ ਨਾ ਹੀ ਅਫ਼ਸਰਸ਼ਾਹੀ ਉਨ੍ਹਾਂ ਦੀ ਗੱਲ ਮੰਨਦੀ ਹੈ।''
''ਇਹ ਸਾਰੀਆਂ ਗੱਲਾਂ ਆਨ ਰਿਕਾਰਡ ਹਨ ਅਤੇ ਉਸ ਸਮੇਂ ਇਸ ਨੂੰ ਰੋਕਣ ਲਈ ਕਦਮ ਚੁੱਕਣੇ ਜ਼ਰੂਰੀ ਸਨ ਜੋ ਕਿ ਨਹੀਂ ਚੁੱਕੇ ਗਏ।''
ਉਨ੍ਹਾਂ ਅੱਗੇ ਆਖਿਆ ਕਿ ਕਿਸੇ ਵੀ ਸਰਕਾਰ ਵਿੱਚ ਮੁੱਖ ਮੰਤਰੀ ਦੀ ਭੂਮਿਕਾ ਕਾਫ਼ੀ ਅਹਿਮ ਹੁੰਦੀ ਹੈ ਪਰ ਉਹ ਇਹ ਮੌਜੂਦਾ ਸਰਕਾਰ ਵਿਚ ਗ਼ੈਰ ਹਾਜ਼ਰ ਹੈ।

ਜਗਤਾਰ ਸਿੰਘ ਮੁਤਾਬਕ ਸਰਕਾਰ ਦੇ ਗਠਨ ਦੇ ਨਾਲ ਹੀ ਮੁੱਖ ਮੰਤਰੀ ਨੇ ਇੱਕ ਸੇਵਾ ਮੁਕਤ ਅਧਿਕਾਰੀ ਦੇ ਹਵਾਲੇ ਇਸ ਨੂੰ ਕਰ ਦਿੱਤਾ।
ਉਨ੍ਹਾਂ ਆਖਿਆ ਕਿ ਹੁਣ ਆਗੂਆਂ ਦੇ ਵਿਚਾਲੇ ਇਹ ਗੱਲ ਘਰ ਕਰ ਗਈ ਹੈ ਕਿ ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਨਹੀਂ ਜਿਤਾ ਸਕਦੇ, ਇਸ ਕਰਕੇ ਹੁਣ ਦਿੱਲੀ ਵਿਚ ਇਸ ਦੇ ਬਦਲ ਉੱਤੇ ਚਰਚਾ ਹੋ ਰਹੀ ਹੈ।
ਜਗਤਾਰ ਸਿੰਘ ਕਹਿੰਦੇ ਹਨ ਕਿ ਕਾਂਗਰਸ ਵਿੱਚ ਆਗੂ ਬਦਲਣ ਦੀ ਕੋਈ ਨਵੀਂ ਪ੍ਰਥਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਬਦਲ ਕੇ ਰਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਗਈ ਸੀ।
ਉਨ੍ਹਾਂ ਆਖਿਆ ਕਿ ਉਦੋਂ ਅਤੇ ਹੁਣ ਦੇ ਸਮੇਂ ਵਿੱਚ ਕਾਫ਼ੀ ਅੰਤਰ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਇਸ ਸਮੇਂ ਕਾਂਗਰਸ ਵਿੱਚ ਆਪਣਾ ਕੱਦ ਬਹੁਤ ਵੱਡਾ ਹੋ ਸਕਦਾ ਹੈ, ਇਸ ਹਾਈ ਕਮਾਂਡ ਉਨ੍ਹਾਂ ਨੂੰ ਬਦਲਣ ਦੀ ਥਾਂ ਕੋਈ ਹੋਰ ਤਰੀਕਾ ਅਪਣਾਏ।
ਉਨ੍ਹਾਂ ਆਖਿਆ ਕਿ ਸੀਐਮ ਦਾ ਚਿਹਰਾ ਕੈਪਟਨ ਹੀ ਹੋਣ ਪਰ ਟਿਕਟਾਂ ਕਿਸੇ ਹੋਰ ਵੱਲੋਂ ਵੰਡਣ ਦੀ ਸੰਭਾਵਨਾ ਇਸ ਵਾਰ ਜ਼ਿਆਦਾ ਲੱਗ ਰਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












