ਕੋਰੋਨਾਵਾਇਰਸ: ਪੰਜਾਬ ਤੇ ਹਰਿਆਣਾ 'ਚ ਕਾਲੀ ਫੰਗਸ ਦਾ ਕਹਿਰ ਵਧਿਆ, ਹੁਣ ਤੱਕ ਹਰਿਆਣਾ 'ਚ 27 ਮਾਮਲੇ - ਪ੍ਰੈੱਸ ਰਿਵੀਊ

ਪੰਜਾਬ ਅਤੇ ਹਰਿਆਣਾ ਵਿੱਚ ਕਾਲੀ ਫੰਗਸ ਦੇ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਦਿ ਟ੍ਰਿਬਿਊਨ ਮੁਤਾਬਕ ਹੁਣ ਤੱਕ ਹਰਿਆਣਾ ਵਿੱਚ ਕਾਲੀ ਫੰਗਸ ਦੇ 27 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਮਾਮਲੇ ਪੀਜੀਆਈਐੱਮਐੱਸ ਅਤੇ ਗੁਰੂਗ੍ਰਾਮ ਦੇ ਦੋ ਨਿੱਜੀ ਹਸਪਤਾਲਾਂ ਵਿੱਚ ਆਏ ਹਨ। ਪੀਜੀਆਈਐੱਮਐੱਸ ਦੇ ਪਲਮੁਨਰੀ ਵਿਭਾਗ ਦੇ ਮੁਖੀ ਡਾ. ਧਰੁਵ ਚੌਧਰੀ ਮੁਤਾਬਕ ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਜਦੋਂਕਿ 12 ਮਰੀਜ਼ਾਂ ਦਾ ਹਾਲੇ ਇਲਾਜ ਚੱਲ ਰਿਹਾ ਹੈ।

ਉੱਥੇ ਹੀ ਲੁਧਿਆਣਾ ਦੇ ਹਸਪਤਾਲਾਂ ਵਿੱਚ ਵੀ ਤਿੰਨ ਤੋਂ ਚਾਰ ਕਾਲੀ ਫੰਗਸ ਦੇ ਮਾਮਲੇ ਹਰ ਹਫ਼ਤੇ ਸਾਹਮਣੇ ਆ ਰਹੇ ਹਨ। ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਡਾ. ਮਨੀਸ਼ ਮੁਨਜਾਲ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਾਲੀ ਫੰਗਸ ਦੇ 20-25 ਮਾਮਲੇ ਆ ਚੁੱਕੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਜ਼ਿਆਦਾਤਰ ਮਾਮਲੇ ਕੋਵਿਡ ਤੋਂ ਠੀਕ ਹੋਏ ਉਨ੍ਹਾਂ ਮਰੀਜ਼ਾਂ ਦੇ ਹਨ ਜਿਨ੍ਹਾਂ ਨੂੰ ਡਾਇਬਟੀਜ਼, ਹਾਈਪਰਟੈਂਸ਼ਨ ਜਾਂ ਕਿਡਨੀ ਦੀ ਸਮੱਸਿਆ ਹੈ।"

ਬਿੱਟੂ ਦਾ ਸਿੱਧੂ 'ਤੇ ਨਿਸ਼ਾਨਾ

ਦਿ ਟ੍ਰਿਬਿਊਨ ਮੁਤਾਬਕ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਹੁਣ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਆ ਗਏ ਹਨ।

ਬਿੱਟੂ ਨੇ ਕਿਹਾ ਕਿ ਸਿਧੂ ਦੀ ਐਕਸਪਾਇਰੀ ਡੇਟ ਨੇੜੇ ਹੈ ਅਤੇ ਉਹ ਜਲਦੀ ਹੀ ਪਾਰਟੀ ਬਦਲਣਗੇ। ਬਿੱਟੂ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਸਿੱਧੂ ਦਾ ਵਿਰੋਧ ਕੀਤਾ ਹੈ ਕਿਉਂਕਿ ਉਹ ਮੁੱਢ ਤੋਂ ਕਾਂਗਰਸ ਆਗੂ ਨਹੀਂ ਸਨ ਅਤੇ ਪੈਰਾਸ਼ੂਟ ਲੀਡਰ ਸਨ।

ਹਾਲਾਂਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਹੁਣ ਤੱਕ ਨੇਪਰੇ ਨਾ ਚੜ੍ਹਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਗ੍ਰਹਿ ਮੰਤਰਾਲੇ ਦਾ ਕਾਰਜਭਾਰ ਕਿਸੇ ਹੋਰ ਆਗੂ ਨੂੰ ਸੌਂਪਣ ਦੀ ਸਲਾਹ ਵੀ ਦੇ ਚੁੱਕੇ ਹਨ।

ਕੋਵਿਡ ਕਾਰਨ ਅਨਾਥ ਬੱਚਿਆਂ ਲਈ ਕੇਜਰੀਵਾਲ ਦਾ ਐਲਾਨ

ਦਿ ਇੰਡਿਅਨ ਐਕਸਪ੍ਰੈਸ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਉਨ੍ਹਾਂ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਦਾ ਖਰਚਾ ਚੁੱਕੇਗੀ ਜਿਨ੍ਹਾਂ ਨੇ ਕੋਵਿਡ-19 ਕਾਰਨ ਆਪਣੇ ਮਾਪੇ ਗੁਆ ਦਿੱਤੇ ਹਨ।

ਇੱਕ ਵੈੱਬਕਾਸਟ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, "ਅਸੀਂ ਹਾਲ ਹੀ ਵਿੱਚ ਬਹੁਤ ਹੀ ਦੁਖਦਾਈ ਦਿਨ ਦੇਖੇ ਹਨ। ਬਹੁਤ ਸਾਰੇ ਪਰਿਵਾਰਾਂ ਨੇ ਇੱਕ ਤੋਂ ਵੱਧ ਮੌਤਾਂ ਦੇਖੀਆਂ। ਬਹੁਤ ਸਾਰੇ ਬੱਚਿਆਂ ਦੇ ਦੋਵੇਂ ਮਾਪਿਆਂ ਦੀਆਂ ਜਾਨਾਂ ਚਲੀਆਂ ਗਈਆਂ।"

"ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦੇ ਦਰਦ ਨੂੰ ਸਮਝਦਾ ਹਾਂ ਅਤੇ ਮਦਦ ਲਈ ਖੜ੍ਹਾ ਹਾਂ। ਹਰੇਕ ਬੱਚਾ ਜੋ ਆਪਣੇ ਮਾਪਿਆਂ ਨੂੰ ਗੁਆ ਚੁੱਕਾ ਹੈ, ਉਸ ਨੂੰ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਦਾ ਖਰਚਾ ਸਰਕਾਰ ਚੁੱਕੇਗੀ। ਮੈਂ ਗੁਆਂਢੀਆਂ ਅਤੇ ਪਰਿਵਾਰਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਲਈ ਵੀ ਕਹਿੰਦਾ ਹਾਂ।

ਕਈ ਮਾਪੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਗੁਆ ਦਿੱਤੇ ਹਨ ਅਤੇ ਪਰਿਵਾਰ ਜਿਨ੍ਹਾਂ ਨੇ ਆਪਣੇ ਕਮਾਉਣ ਵਾਲੇ ਮੈਂਬਰ ਗੁਆ ਦਿੱਤੇ ਹਨ। ਅਸੀਂ ਉਨ੍ਹਾਂ ਦੀ ਸੰਭਾਲ ਕਰਾਂਗੇ। ਮੈਂ ਹਾਂ ਨਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵੱਟਸਐਪ ਨਿੱਜਤਾ ਨੀਤੀ ਬਾਰੇ ਬਿਆਨ

ਹਿੰਦੁਸਤਾਨ ਟਾਈਮਜ਼ ਮੁਤਾਬਕ ਮੋਬਾਇਲ ਮੈਸੇਜਿੰਗ ਸਰਵਿਸ ਪ੍ਰੋਵਾਈਡਰ ਵੱਟਸਐਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਦੇ ਯੂਜ਼ਰ ਜੇ ਨਵੀਂ ਨਿੱਜਤਾ ਨੀਤੀ ਨਾਲ ਸਹਿਮਤ ਨਹੀਂ ਹੁੰਦੇ ਤਾਂ 15 ਮਈ ਨੂੰ ਉਹ ਕੰਮ ਕਰਨਾ ਜਾਂ ਕੋਈ ਫੀਚਰ ਬੰਦ ਨਹੀਂ ਹੋਵੇਗਾ।

ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ, "ਵੱਟਸਐਪ ਇਸ ਮੁਸ਼ਕਲ ਸਮੇਂ ਦੌਰਾਨ ਦੋਸਤਾਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਰਹਿਣ ਲਈ ਇੱਕ ਅਹਿਮ ਤਰੀਕਾ ਦਿੰਦਾ ਹੈ। ਹਾਲਾਂਕਿ ਜ਼ਿਆਦਾਤਰ ਉਪਭੋਗਤਾ ਪਹਿਲਾਂ ਹੀ ਸਾਡੇ ਅਪਡੇਟ ਨੂੰ ਮਨਜ਼ੂਰੀ ਦੇ ਚੁੱਕੇ ਹਨ। ਪਰ ਜੇ ਕਿਸੇ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ ਤਾਂ 15 ਮਈ ਨੂੰ ਕਿਸੇ ਦਾ ਵੀ ਫੀਚਰ ਬੰਦ ਨਹੀਂ ਹੋਵੇਗਾ। ਅਸੀਂ ਬਾਅਦ ਵਿੱਚ ਯਾਦ ਕਰਾਵਾਂਗੇ।"

ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਹਰੇਕ ਵਿਅਕਤੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਅਪਡੇਟ ਨਿੱਜੀ ਮੈਸੇਜਸ ਦੀ ਨਿੱਜਤਾ ਨੂੰ ਪ੍ਰਭਾਵਤ ਨਹੀਂ ਕਰਦੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)