ਕੋਰੋਨਾਵਾਇਰਸ: ਪੰਜਾਬ ਦੇ ਮਾਲਵਾ ਖ਼ੇਤਰ ਦਾ ਹਾਲ: 'ਹਾਲੇ ਵੀ ਗੰਭੀਰਤਾ ਨਾਲ ਨਾ ਲਿਆ ਤਾਂ ਘਰ-ਘਰ ਸੱਥਰ ਵਿਛ ਜਾਣਗੇ'

ਕੋਰੋਨਾਵਾਇਰਸ

ਤਸਵੀਰ ਸਰੋਤ, BBC/Surinder Mann

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

"ਲਾਸ਼ਾਂ ਦੇ ਹੋ ਰਹੇ ਅੰਤਿਮ ਸੰਸਕਾਰ ਦੇਖ ਕੇ ਆਪ-ਮੁਹਾਰੇ ਧਾਹਾਂ ਨਿਕਲ ਜਾਂਦੀਆਂ ਹਨ ਤੇ ਧੁਰ ਅੰਦਰ ਤੱਕ ਝੰਜੋੜਿਆ ਜਾਂਦਾ ਹਾਂ।''

''ਮਰਨ ਵਾਲਿਆਂ ਦੇ ਸੰਸਕਾਰ ਲਈ ਸਿਵਿਆਂ ਵਿੱਚ ਬਣਾਏ ਗਏ ਪੱਕੇ ਚਬੂਤਰੇ ਵਿੱਚ ਆ ਰਹੀਆਂ ਲਾਸ਼ਾਂ ਕਾਰਨ ਘੱਟ ਪੈ ਰਹੇ ਹਨ। ਜੇ ਅਸੀਂ ਕੋਰੋਨਾਵਾਇਰਸ ਨੂੰ ਹਾਲੇ ਵੀ ਗੰਭੀਰਤਾ ਨਾਲ ਨਾ ਲਿਆ ਤਾਂ ਘਰ-ਘਰ ਸੱਥਰ ਵਿੱਛ ਜਾਣਗੇ।"

ਇਹ ਸ਼ਬਦ ਬਠਿੰਡਾ ਸੋਸ਼ਲ ਗਰੁੱਪ ਨਾਂ ਦੀ ਸੰਸਥਾ ਦੇ ਵਲੰਟੀਅਰ ਰਾਜੇਸ਼ ਬਾਂਸਲ ਦੇ ਹਨ। ਉਨ੍ਹਾਂ ਦੀ ਸੰਸਥਾ ਆਮ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਜਾਗਰੂਕ ਕਰਨ ਅਤੇ ਪੀੜਤ ਪਰਿਵਾਰਾਂ ਲਈ ਖਾਣਾ ਪਹੁੰਚਾਉਣ ਲਈ ਪਿਛਲੇ ਵਰ੍ਹੇ ਤੋਂ ਲਗਾਤਾਰ ਕੰਮ ਕਰਦੀ ਆ ਰਹੀ ਹੈ।

ਇਹ ਵੀ ਪੜ੍ਹੋ:

ਅਸਲ ਵਿੱਚ ਪੰਜਾਬ ਦੇ ਲੁਧਿਆਣਾ, ਜਲੰਧਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਅੰਮ੍ਰਿਤਸਰ ਤੋਂ ਬਾਅਦ ਮਾਲਵਾ ਖਿੱਤੇ ਦਾ ਬਠਿੰਡਾ ਜ਼ਿਲ੍ਹਾ ਕੋਵਿਡ-19 ਨਾਲ ਵੱਧ ਮੌਤਾਂ ਕਾਰਨ ਚਰਚਾ ਵਿੱਚ ਆਇਆ ਹੈ।

ਰਾਜੇਸ਼ ਬਾਂਸਲ ਕਹਿੰਦੇ ਹਨ, ''ਜਿਹੜੇ ਮਰੀਜ਼ਾਂ ਦੀ ਮੌਤ ਹਸਪਤਾਲਾਂ ਵਿੱਚ ਹੋ ਰਹੀ ਹੈ ਤੇ ਜਾਂ ਫਿਰ ਆਪਣੇ ਘਰਾਂ ਵਿੱਚ ਇਕਾਂਤਵਾਸ ਹੋਏ ਕੋਵਿਡ-19 ਤੋਂ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਮੌਤ ਦਾ ਰਿਕਾਰਡ ਤਾਂ ਦਰਜ ਹੋ ਰਿਹਾ ਹੈ ਪਰ ਆਮ ਮੌਤਾਂ ਦਾ ਕਾਰਨ ਹਾਲ ਦੀ ਘੜੀ ਸਪਸ਼ਟ ਨਹੀਂ ਹੈ।"

"ਬਠਿੰਡਾ ਸ਼ਹਿਰ ਦੇ ਦਾਣਾ ਮੰਡੀ ਸਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਨ ਲਈ 24 ਪੱਕੇ ਥੜ੍ਹੇ ਹਨ। ਪਰ, ਹੁਣ ਲਾਸ਼ਾਂ ਕੋਰੋਨਾਵਾਇਰਸ ਦੇ ਪਹਿਲੇ ਦੌਰ ਦੇ ਮੁਕਾਬਲੇ ਵੱਧ ਆਉਣ ਲੱਗੀਆਂ ਹਨ, ਜਿਸ ਕਾਰਨ ਮਜਬੂਰੀ-ਵੱਸ ਲਾਸ਼ਾਂ ਦਾ ਅੰਤਿਮ ਸੰਸਕਾਰ ਸ਼ਮਸ਼ਨ ਘਾਟ ਅੰਦਰ ਕੱਚੀ ਜਗ੍ਹਾ 'ਤੇ ਕਰਨਾ ਪੈ ਰਿਹਾ ਹੈ। ਹਾਲਾਤ ਬੇਕਾਬੂ ਹੋ ਰਹੇ ਹਨ। ਜੇਕਰ ਸਮਾਜ-ਸੇਵੀ ਸੰਸਥਾਵਾਂ ਦੇ ਵਲੰਟੀਅਰ ਅੱਗੇ ਨਾ ਆਉਂਦੇ ਤਾਂ ਸਥਿਤੀ ਵਧੇਰੇ ਬਦਤਰ ਹੋ ਜਾਣੀ ਸੀ।"

ਕੋਵਿੰਡ-19 ਨੂੰ ਲੈ ਕੇ ਪ੍ਰਸਾਸ਼ਨ ਸਖ਼ਤੀ ਕਰ ਰਿਹਾ ਹੈ, ਪਰ ਸ਼ਹਿਰਾਂ ਵਿੱਚ ਆਮ ਲੋਕਾਂ ਦੀ ਬੇਲੋੜੀ ਆਵਾਜਾਈ ਘਟਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਸਥਿਤੀ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸਾਸ਼ਨ ਨੇ ਖੇਡ ਮੈਦਾਨਾਂ ਨੂੰ 'ਓਪਨ ਜੇਲ੍ਹ' ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਫਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ 'ਤੇ ਬਣੇ ਅੰਤਰਰਾਸ਼ਟਰੀ ਇੰਡੋਰ ਸਟੇਡੀਅਮ ਨੂੰ 'ਓਪਨ ਜੇਲ੍ਹ' ਦਾ ਦਰਜਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਦੇ ਪ੍ਰਸ਼ਾਸਨ ਨੇ ਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ਨੂੰ ਅਜਿਹੀ ਹੀ ਜੇਲ੍ਹ ਵਿੱਚ ਬਦਲਣ ਦੇ ਹੁਕਮ ਜਾਰੀ ਕੀਤੇ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, BBC/Surinder Mann

ਸੂਰਤ-ਏ-ਹਾਲ ਤਾਂ ਇਹ ਹੈ ਕਿ ਹੁਣ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਹੋ ਰਹੀਆਂ ਮੌਤਾਂ ਦੀ ਗਿਣਤੀ ਵਧੇਰੇ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡਾਂ ਵਿੱਚ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਕਾਰਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਦੱਸਿਆ ਗਿਆ 'ਕਾਰਨ' ਹੀ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾ ਰਿਹਾ ਹੈ।

ਪਿੰਡ ਧੱਲੇਕੇ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਜੌਹਲ ਕਹਿੰਦੇ ਹਨ ਕਿ ਅੱਜ-ਕੱਲ੍ਹ ਡੈਥ ਸਰਟੀਫਿਕੇਟ ਦੀ ਲੋੜ ਹਰ ਪਰਿਵਾਰ ਨੂੰ ਹੁੰਦੀ ਹੈ ਤੇ ਆਮ ਤੌਰ 'ਤੇ ਕੋਈ ਮੌਤ ਹੋਣ ਦੀ ਸੂਰਤ ਵਿੱਚ 'ਸਾਧਾਰਣ' ਮੌਤ ਹੀ ਕਾਰਨ ਵਜੋਂ ਸਬੰਧਤ ਆਸ਼ਾ ਵਰਕਰ (ਐਕਰੀਡੀਟਿਡ ਸੋਸ਼ਲ ਹੈਲਥ ਵਰਕਰ) ਕੋਲ ਦਰਜ ਕਰਵਾਈ ਜਾਂਦੀ ਹੈ।

''ਮੋਤਾਂ ਤਾਂ ਪਿੰਡਾਂ ਵਿੱਚ ਹੋ ਹੀ ਰਹੀਆਂ ਹਨ ਪਰ ਅਜਿਹੀ ਸਥਿਤੀ ਵਿੱਚ ਮੌਤ ਦੇ ਕਾਰਨ ਦਾ ਪਤਾ ਲਾਉਣਾ ਕੋਈ ਸੌਖੀ ਗੱਲ ਨਹੀਂ। ਕਾਰਨ ਸਾਫ਼ ਹੈ, ਪਿੰਡਾਂ ਵਿੱਚ ਆਮ ਲੋਕ ਕੋਰੋਨਾਵਾਇਰਸ ਤੋਂ ਜਾਂ ਤਾਂ ਡਰਦੇ ਹੀ ਨਹੀਂ ਤੇ ਜਾਂ ਫਿਰ ਇਸ ਨੂੰ ਲੈ ਕੇ ਟੈਸਟ ਕਰਵਾਉਣ ਤੋਂ ਝਿਜਕਦੇ ਹਨ। ਫਿਰ, ਤੁਸੀਂ ਹੀ ਦੱਸੋ ਕਿਵੇਂ ਪਤ ਲੱਗੇਗਾ ਕਿ ਮੌਤ ਕੋਵਿਡ-19 ਕਰਕੇ ਹੋਈ ਹੈ ਜਾਂ ਕਿਸੇ ਹਰ ਕਾਰਨ ਕਰਕੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਬਠਿੰਡਾ ਸ਼ਹਿਰ ਵਿੱਚ 8 ਸਮਸ਼ਾਨ ਘਾਟ ਹਨ ਪਰ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਵਾਲੇ ਲੋਕਾਂ ਦਾ ਅੰਤਿਮ ਸੰਸਕਾਰ ਦਾਣਾ ਮੰਡੀ ਵਾਲੇ ਸਿਵਿਆਂ ਵਿੱਚ ਹੀ ਕੀਤਾ ਜਾ ਰਿਹਾ ਹੈ।

ਬਠਿੰਡਾ ਸੋਸ਼ਲ ਗਰੁੱਪ ਦੇ ਵਲੰਟੀਅਰ ਡਾ. ਤਰਸੇਮ ਗਰਗ ਕਹਿੰਦੇ ਹਨ ਕਿ ਕੋਵਿੰਡ-19 ਦੀ ਦਹਿਸ਼ਤ ਕਾਰਨ ਸਾਧਾਰਣ ਤੌਰ 'ਤੇ ਮਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਔਰਤ ਦੇ ਪਰਿਵਾਰ ਵਾਲੇ ਆਪਣੇ ਨਜ਼ਦੀਕੀ ਦਾ ਅੰਤਿਮ ਸੰਸਕਾਰ ਦਾਣਾ ਮੰਡੀ ਵਾਲੇ ਸਮਸ਼ਾਨ ਘਾਟ ਵਿੱਚ ਕਰਨ ਤੋਂ ਗੁਰੇਜ਼ ਹੀ ਕਰ ਰਹੇ ਹਨ।

"ਅਜਿਹੇ ਵਿੱਚ ਸਾਫ਼ ਹੈ ਕਿ ਬਾਕੀ ਦੇ ਸਮਸ਼ਾਨ ਘਾਟਾਂ ਜਾਂ ਪਿੰਡਾਂ ਵਿੱਚ ਬਣੇ ਅਨੇਕਾਂ ਸਿਵਿਆਂ ਵਿੱਚ ਅਗਨ-ਭੇਂਟ ਕੀਤੀਆਂ ਜਾਣ ਵਾਲੀਆਂ ਲਾਸ਼ਾਂ ਵੱਲ ਜ਼ਿਆਦਾਤਰ ਸਬੰਧਤ ਪਰਿਵਾਰਾਂ ਵਾਲੇ ਹੀ ਨਜ਼ਰ ਰੱਖਦੇ ਹਨ। ਸਾਡੇ ਵਲੰਟੀਅਰ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਰਹੇ ਹਨ ਪਰ ਬਿਮਾਰੀ ਦੇ ਇਸ ਭਿਆਨਕ ਦੌਰ ਵਿੱਚ ਮਨੁੱਖਤਾ ਦੀ ਸੇਵਾ ਅਤਿ ਜ਼ਰੂਰੀ ਹੈ। ਅਸੀਂ ਕਰ ਰਹੇ ਹਾਂ ਤੇ ਕਰਦੇ ਰਹਾਂਗੇ।"

ਕੋਰੋਨਾਵਾਇਰਸ

ਤਸਵੀਰ ਸਰੋਤ, BBC/Surinder Mann

ਅਜਿਹਾ ਵੀ ਨਹੀਂ ਹੈ ਕਿ ਪੇਂਡੂ ਖੇਤਰ ਦੇ ਲੋਕ ਕੋਰੋਨਾਵਾਇਰਸ ਪ੍ਰਤੀ ਜਾਗਰੂਕ ਹੀ ਨਹੀਂ ਹਨ। ਪਿੰਡ ਸੰਗਤਪੁਰਾ ਦੇ ਸਰਪੰਚ ਦਿਲਬਾਗ ਸਿੰਘ ਦੇ ਮਾਤਾ ਕੋਰੋਨਾਵਾਇਰਸ ਦੀ ਮਾਰ ਹੇਠ ਆ ਕੇ ਆਪਣੇ ਪ੍ਰਾਣ ਤਿਆਗ ਗਏ।

ਦਿਲਬਾਗ ਸਿੰਘ ਨੇ ਦੱਸਿਆ ਕਿ ਉਨਾਂ ਦੇ ਮਾਤਾ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਤੋਂ ਬੇਲਾਗ ਸਨ ਪਰ ਉਹ ਮਰਨ ਵਾਲੀ ਕਿਸੇ ਵੀ ਸਖ਼ਸ਼ੀਅਤ ਦੇ ਅੰਤਿਮ ਸੰਸਕਾਰ ਜਾਂ ਅੰਤਿਮ ਅਰਦਾਸ ਵਿੱਚ ਜਾਣ ਤੋਂ ਗੁਰੇਜ਼ ਨਹੀਂ ਕਰਦੇ ਸਨ।

"ਕੁੱਝ ਕੁ ਘੰਟੇ ਪਹਿਲਾਂ ਮੇਰੀ ਮਾਂ ਦੀ ਸਿਹਤ ਵਿਗੜੀ ਤੇ ਹਸਪਤਾਲ 'ਚ ਦਾਖ਼ਲ ਕਰਵਾਉਣ ਤੋਂ ਕੁਝ ਪਲਾਂ ਬਾਅਦ ਹੀ ਉਹ ਸਰੀਰ ਛੱਡ ਗਏ। ਅਸੀਂ ਉਨਾਂ ਦਾ ਅੰਤਮ ਸੰਸਕਾਰ ਕੋਵਿਡ-19 ਸਬੰਧੀ ਹਦਾਇਤਾਂ ਮੁਤਾਬਕ ਹੀ ਕੀਤਾ। ਮੈਂ ਤਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਆਰਿਆਂ ਤੇ ਰਿਸ਼ਤੇਦਾਰਾਂ ਨੂੰ ਬੇਨਤੀ ਹੀ ਕਰ ਦਿੱਤੀ ਹੈ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਕਿ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕੇ।''

ਇਸ ਮਹਾਂਮਾਰੀ ਦੇ ਦੌਰ ਵਿੱਚ ਮਾਲਵਾ ਖੇਤਰ ਦੀਆਂ ਜਾਣੀਆਂ-ਪਛਾਣੀਆਂ ਸੰਸਥਾਵਾਂ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ, ਸਹਾਰਾ ਵੈਲਫੇਅਰ ਕਲੱਬ ਤੇ ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਲੀ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਲਾਸ਼ਾਂ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।

ਨੌਜਵਾਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਨਿਰਧਾਰਤ ਕੀਤੀ ਗਈ ਜਗ੍ਹਾ 'ਤੇ ਬਾਕਾਇਦਾ ਤੌਰ 'ਤੇ ਰਸਮਾਂ ਨਿਭਾਉਣ ਲਈ ਦਿੱਕਤ ਆਉਣ ਲੱਗੀ ਹੈ, ਜਿਸ ਨੂੰ ਠਰ੍ਹੰਮੇ ਨਾਲ ਨਜਿੱਠਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਉਹ ਕਹਿੰਦੇ ਹਨ, ''ਪਹਿਲਾਂ ਤਾਂ ਵੱਡੀ ਉਮਰ ਦੇ ਲੋਕ ਹੀ ਕਰੋਨਾਵਾਇਰਸ ਦੀ ਮਾਰ ਹੇਠ ਆਉਂਦੇ ਸਨ ਪਰ ਹੁਣ ਸਥਿਤੀ ਅਲਿਹਦਾ ਹੀ ਹੈ।"

"ਸਾਡੇ ਕੋਲ ਕੁੱਲ 87 ਵਲੰਟੀਅਰ ਹਨ, ਜਿਹੜੇ ਇਸ ਔਖੀ ਘੜੀ ਵਿੱਚ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ।"

"ਅਸੀਂ ਕੋਰੋਨਾ ਪੀੜਤ ਲੋਕਾਂ ਦੇ ਪਰਿਵਾਰਾਂ ਨੂੰ ਪਿਛਲੇ ਸਾਲ ਵਾਂਗ ਹੀ ਰਾਸ਼ਨ ਹੀ ਨਹੀਂ ਸਗੋਂ ਪੱਕਿਆ ਹੋਇਆ ਭੋਜਨ ਤਿੰਨ ਵੇਲੇ ਨਿਰੰਤਰ ਪਹੁੰਚਾ ਰਹੇ ਹਨ। ਕੋਈ ਸ਼ੱਕ ਨਹੀਂ, ਲਾਸ਼ ਨੂੰ ਅਗਨੀ-ਭੇਂਟ ਕਰਨ ਲਈ ਸਿਵਿਆ ਵਿੱਚ ਥਾਂ ਘੱਟ ਰਹੀ ਹੈ ਤੇ ਅਸੀਂ ਸਿਵਿਆਂ 'ਚ ਪਈ ਕੱਚੀ ਜਗ੍ਹਾ 'ਤੇ ਹੀ ਇਹ ਰਸਮ ਅਦਾ ਕਰ ਰਹੇ ਹਾਂ।''

ਕੋਰੋਨਾਵਾਇਰਸ

ਤਸਵੀਰ ਸਰੋਤ, BBC/Surinder Mann

ਦੱਸਣਾ ਬਣਦਾ ਹੈ ਕਿ ਵੱਖ-ਵੱਖ ਸਿਵਿਆਂ 'ਚ ਅਗਨ-ਭੇਂਟ ਹੋਣ ਵਾਲੇ ਲੋਕਾਂ ਦੀ ਉਮਰ 8 ਤੋਂ ਲੈ ਕੇ 50 ਸਾਲ ਦੇ ਕਰੀਬ ਹੈ, ਜਿਹੜਾ ਕਿ ਕੋਰੋਨਾ ਦੇ ਦੌਰ 'ਚ ਪਹਿਲੀ ਵਾਰ ਹੈ। ਇਹ ਗੱਲ ਵੀ ਸਹੀ ਹੈ ਕਿ ਆਮ ਲੋਕ ਹੁਣ ਡਰਨ ਲੱਗੇ ਹਨ।

ਕਮਿਊਨਿਟੀ ਹੈਲਥ ਸੈਂਅਰ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਵੀਰ ਸਿੰਘ ਗਿੱਲ ਦਾ ਕਹਿਣਾ ਹੈ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਤੇ ਅਸੀਂ ਆਮ ਲੋਕਾਂ ਦੇ ਮਨਾਂ 'ਚੋਂ ਗਲਤ ਗੱਲਾਂ ਕੱਢਣ ਲਈ ਜੱਦੋ-ਜਹਿਦ ਕੀਤੀ ਹੈ ਤੇ ਪੰਜਾਬ ਦਾ ਸਿਹਤ ਵਿਭਾਗ ਸਫ਼ਲ ਵੀ ਹੋਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)