ਕੋਰੋਨਾਵਇਰਸ: ਚੋਣ ਰੈਲੀਆਂ ਸਣੇ ਉਹ ਕਾਰਨ ਜਿਸ ਕਰਕੇ ਭਿਆਨਕ ਹੋਏ ਹਾਲਾਤ

ਭਾਜਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਦੀ ਇੱਕ ਰੈਲੀ ਦਾ ਦ੍ਰਿਸ਼
    • ਲੇਖਕ, ਸ਼ਰੂਤੀ ਮੈਨਨ ਅਤੇ ਜੈਕ ਗੁੱਡਮੈਨ
    • ਰੋਲ, ਬੀਬੀਸੀ ਰਿਐਲਟੀ ਚੈੱਕ

ਇੱਕ ਪਾਸੇ ਭਾਰਤ ਕੋਰੋਨਾਵਾਇਰਸ ਮਹਾਂਮਾਰੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨਾਲ ਜੂਝ ਰਿਹਾ ਹੈ ਅਤੇ ਦੂਜੇ ਪਾਸੇ ਭਾਰਤੀ ਸਿਹਤ ਪ੍ਰਣਾਲੀ ਆਪਣੇ ਆਪ ਨੂੰ ਪੈਰਾਂ 'ਤੇ ਖੜ੍ਹੇ ਰੱਖਣ ਲਈ ਲੱਖ ਕੋਸ਼ਿਸ਼ਾਂ ਕਰ ਰਹੀ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਕੋਵਿਡ-19 ਦੇ ਮਾਮਲਿਆਂ 'ਚ ਅਚਾਨਕ ਰਿਕਾਰਡ ਤੋੜ ਵਾਧੇ ਪਿੱਛੇ ਉਹ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਹਨ, ਜਿੰਨ੍ਹਾਂ ਨੇ ਖ਼ਤਰਿਆਂ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰੀ ਇੱਕਠ ਵਾਲੀਆਂ ਰੈਲੀਆਂ ਦਾ ਪ੍ਰਬੰਧ ਕੀਤਾ ਹੈ।

ਹਾਲਾਂਕਿ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ ਰਾਜਨੀਤਿਕ ਰੈਲੀਆਂ ਵਿਚਾਲੇ ਕੋਈ ਸਬੰਧ ਨਹੀਂ ਹੈ।

ਭਾਜਪਾ ਆਗੂ ਡਾ. ਵਿਜੈ ਚੌਥਾਈਵਾਲੇ ਨੇ ਬੀਬੀਸੀ ਨੂੰ ਦੱਸਿਆ, "ਲਾਗ ਦੇ ਵੱਧ ਰਹੇ ਮਾਮਲਿਆਂ ਦਾ ਧਾਰਮਿਕ ਜਾਂ ਫਿਰ ਰਾਜਨੀਤਿਕ ਕਾਰਨਾਂ ਕਰਕੇ ਇੱਕਠੀ ਹੋਈ ਭੀੜ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"

ਇਹ ਵੀ ਪੜ੍ਹੋ:

ਭਾਰਤ 'ਚ ਕੋਰੋਨਾ ਲਾਗ ਦੀ ਸਥਿਤੀ

ਸਤੰਬਰ 2020 ਤੋਂ ਭਾਰਤ 'ਚ ਕੋਵਿਡ-19 ਦੀ ਲਾਗ ਦੇ ਮਾਮਲੇ ਹੌਲੀ-ਹੌਲੀ ਹੀ ਸਹੀ, ਪਰ ਘੱਟ ਹੋਣ ਲੱਗ ਪਏ ਸਨ। ਪਰ ਫਰਵਰੀ 2021 'ਚ ਲਾਗ ਦੇ ਮਾਮਲਿਆਂ 'ਚ ਤੇਜ਼ੀ ਆਉਣ ਲੱਗੀ।

ਮਾਰਚ ਮਹੀਨੇ ਲਾਗ ਦੇ ਮਾਮਲੇ ਇੰਨ੍ਹੀ ਰਫ਼ਤਾਰ ਨਾਲ ਵਧੇ ਕਿ ਪਿਛਲੇ ਸਾਲ ਦੇ ਸਾਰੇ ਰਿਕਾਰਡ ਟੁੱਟ ਗਏ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਲਗਾਤਾਰ ਆਕਸੀਜਨ ਦੀ ਕਮੀ ਨਜ਼ਰ ਆ ਰਹੀ ਹੈ

ਮਾਰਚ 'ਚ ਇੱਕ ਪਾਸੇ ਲਾਗ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਸਨ ਅਤੇ ਦੂਜੇ ਪਾਸੇ ਭਾਰਤ ਦੀਆਂ ਸਿਆਸੀ ਪਾਰਟੀਆਂ ਪੱਛਮੀ ਬੰਗਾਲ, ਅਸਮ, ਕੇਰਲ ਅਤੇ ਤਾਮਿਲਨਾਡੂ 'ਚ ਹੋਣ ਵਾਲੀਆਂ ਚੋਣਾਂ ਲਈ ਵੱਡੀਆਂ-ਵੱਡੀਆਂ ਰੈਲੀਆਂ ਦਾ ਆਯੋਜਨ ਕਰ ਰਹੀਆਂ ਸਨ।

ਚੋਣ ਰੈਲੀਆਂ ਦਾ ਸਿਲਸਿਲਾ ਮਾਰਚ ਮਹੀਨੇ ਦੇ ਸ਼ੁਰੂ ਤੋਂ ਹੀ ਜਾਰੀ ਸੀ, ਕਿਉਂਕਿ ਮਾਰਚ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਅਪ੍ਰੈਲ ਦੇ ਪੂਰੇ ਮਹੀਨੇ ਲਈ ਵੋਟਿੰਗ ਤੈਅ ਸੀ।

ਕੀ ਚੋਣ ਰੈਲੀਆਂ ਕੋਰੋਨਾ ਲਾਗ ਦੇ ਵੱਧ ਰਹੇ ਮਾਮਲਿਆਂ ਦਾ ਕਾਰਨ ਹਨ?

ਇੰਨ੍ਹਾਂ ਚੋਣ ਰੈਲੀਆਂ 'ਚ ਵੱਡੀ ਗਿਣਤੀ 'ਚ ਲੋਕਾਂ ਦਾ ਹਜ਼ੂਮ ਪਹੁੰਚਿਆ ਅਤੇ ਫ਼ਿਜ਼ੀਕਲ ਡਿਸਟੈਂਸਿੰਗ ਦੀਆਂ ਤਾਂ ਧੱਜੀਆਂ ਹੀ ਉੱਡ ਗਈਆਂ। ਰੈਲੀਆਂ 'ਚ ਮਾਸਕ ਵੀ ਬਹੁਤ ਹੀ ਘੱਟ ਲੋਕਾਂ ਨੇ ਪਾਇਆ ਸੀ।

ਆਮ ਲੋਕਾਂ ਦੀ ਗੱਲ ਹੋਵੇ, ਰੈਲੀਆਂ ਕਰ ਰਹੇ ਆਗੂ ਹੋਣ ਜਾਂ ਉਮੀਦਵਾਰ, ਇਹ ਸਾਰੇ ਕੋਵਿਡ ਨਾਲ ਜੁੜੇ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦੇ ਵਿਖਾਈ ਦਿੱਤੇ।

ਭਾਰਤ ਦੇ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ ਚੋਣ ਰੈਲੀਆਂ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਾ ਹੋਣ 'ਤੇ ਚੇਤਾਵਨੀ ਜਾਰੀ ਕੀਤੀ। ਪਰ ਚੇਤਾਵਨੀ ਦੇ ਬਾਵਜੂਦ ਆਗੂਆਂ ਨੂੰ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਾ ਕਰਦਾ ਵੇਖ, ਆਖਰਕਾਰ ਚੋਣ ਕਮਿਸ਼ਨ ਨੇ 22 ਅਪ੍ਰੈਲ ਤੋਂ ਚੋਣ ਰੈਲੀਆਂ 'ਤੇ ਪਾਬੰਦੀ ਲਗਾ ਦਿੱਤੀ।

ਪੱਛਮੀ ਬੰਗਾਲ 'ਚ ਮਾਰਚ ਮਹੀਨੇ ਦੇ ਦੂਜੇ ਹਫ਼ਤੇ ਤੋਂ ਲੈ ਕੇ ਹੁਣ ਤੱਕ ਕੋਰੋਨਾ ਦੀ ਲਾਗ ਦੇ ਰੋਜ਼ਾਨਾ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਹੋਰ ਚੋਣਾਵੀ ਰਾਜਾਂ ਜਿਵੇਂ ਕਿ ਅਸਮ, ਕੇਰਲ ਅਤੇ ਤਾਮਿਲਨਾਡੂ 'ਚ ਵੀ ਮਾਰਚ ਦੇ ਆਖਰੀ ਅਤੇ ਅਪ੍ਰੈਲ ਦੇ ਸ਼ੁਰੂਆਤੀ ਹਫ਼ਤਿਆਂ 'ਚ ਕੋਰੋਨਾ ਲਾਗ ਦੇ ਮਾਮਲਿਆਂ 'ਚ ਅਜਿਹਾ ਹੀ ਵਾਧਾ ਵੇਖਣ ਨੂੰ ਮਿਲਿਆ ਹੈ।

ਭਾਜਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਵਿੱਚ ਭਾਜਪਾ ਦੀ ਰੈਲੀ ਵਿੱਚ ਸ਼ਾਮਿਲ ਬਹੁਤੇ ਲੋਕਾਂ ਮਾਸਕ ਤੋਂ ਬਗੈਰ ਨਜ਼ਰ ਆਏ

ਹਾਲਾਂਕਿ ਸਾਡੇ ਕੋਲ ਉਨ੍ਹਾਂ ਥਾਵਾਂ 'ਤੇ ਲਾਗ ਨਾਲ ਜੁੜਿਆ ਸਥਾਨਕ ਡਾਟਾ ਨਹੀਂ ਹੈ, ਜਿੱਥੇ ਚੋਣ ਰੈਲੀਆਂ ਆਯੋਜਿਤ ਕੀਤੀਆਂ ਗਈਆਂ ਜਾਂ ਫਿਰ ਜਿੱਥੋਂ ਦੇ ਲੋਕਾਂ ਨੇ ਰੈਲੀਆਂ 'ਚ ਸ਼ਿਰਕਤ ਕੀਤੀ ਹੈ।

ਹਾਲਾਂਕਿ, ਅਜਿਹਾ ਨਹੀਂ ਹੈ ਕਿ ਇਸ ਮਿਆਦ ਦੌਰਾਨ ਸਿਰਫ ਚੋਣਾਵੀ ਸੂਬਿਆਂ 'ਚ ਹੀ ਲਾਗ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਬਲਕਿ ਇਸ ਦੌਰਾਨ ਦੇਸ਼ ਭਰ 'ਚ ਕੋਰੋਨਾ ਦੀ ਲਾਗ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ।

ਉਦਾਹਰਣ ਦੇ ਲਈ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਰਗੇ ਬਹੁਤ ਸਾਰੇ ਰਾਜਾਂ 'ਚ ਲਾਗ ਦੇ ਮਾਮਲਿਆਂ 'ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ ਇੱਥੇ ਚੋਣਾਂ ਜਾਂ ਚੋਣ ਰੈਲੀਆਂ ਵਰਗਾ ਕੁਝ ਵੀ ਨਹੀਂ ਸੀ।

ਇਸ ਲਈ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ ਚੋਣ ਰੈਲੀਆਂ ਦਰਮਿਆਨ ਕੋਈ ਸਿੱਧਾ ਸਬੰਧ ਦਰਸਾਉਣ ਲਈ ਕੋਈ ਠੋਸ ਸਬੂਤ ਹਾਂ ਡਾਟਾ ਮੌਜੂਦ ਨਹੀਂ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਆਊਟਡੋਰ ਪ੍ਰੋਗਰਾਮਾਂ ਨਾਲ ਕਿੰਨ੍ਹਾਂ ਖ਼ਤਰਾ ਹੈ?

ਮਾਹਰਾਂ ਦਾ ਕਹਿਣਾ ਹੈ ਕਿ ਬਾਹਰ ਖੁੱਲ੍ਹੀ ਫਿਜ਼ਾ 'ਚ ਹੋਣ ਵਾਲੇ ਪ੍ਰੋਗਰਾਮਾਂ 'ਚ ਲਾਗ ਦਾ ਖ਼ਤਰਾ ਮੁਕਾਬਲਤਨ ਘੱਟ ਹੁੰਦਾ ਹੈ।

ਵਾਰਵਿਕ ਮੈਡੀਕਲ ਸਕੂਲ ਦੇ ਪ੍ਰੋਫੈਸਰ ਲਾਰੈਂਸ ਯੰਗ ਦਾ ਕਹਿਣਾ ਹੈ, "ਖੁੱਲ੍ਹੀ ਹਵਾ 'ਚ ਵਾਇਰਸ ਦਾ ਪ੍ਰਭਾਵ ਜਲਦੀ ਹੀ ਘੱਟ ਹੋ ਜਾਂਦਾ ਹੈ।"

ਪਰ ਇਸ ਦੇ ਬਾਵਜੂਦ ਬਹੁਤ ਸਾਰੇ ਅਜਿਹੇ ਕਾਰਨ ਹਨ, ਜੋ ਚੋਣ ਰੈਲੀ ਵਰਗੇ ਪ੍ਰੋਗਰਾਮਾਂ 'ਚ ਲਾਗ ਦੀ ਸੰਭਾਵਨਾ ਨੂੰ ਵਧਾ ਸਕਦੇ ਹਨ।

ਟੀਐਮਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀਐਮਸੀ ਆਗੂ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇੱਕ ਮਾਰਚ ਦੌਰਾਨ

ਜੇਕਰ ਲੋਕ ਖੁੱਲ੍ਹੇ 'ਚ ਵੀ ਭੀੜ ਵਾਲੀ ਜਗ੍ਹਾ 'ਤੇ ਵਧੇਰੇ ਸਮੇਂ ਲਈ ਰਹਿੰਦੇ ਹਨ ਤਾਂ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ।

ਪ੍ਰੋ. ਯੰਗ ਦਾ ਕਹਿਣਾ ਹੈ, "ਜੇ ਬਾਹਰ ਵੀ ਲੋਕ ਬਿਨ੍ਹਾਂ ਫ਼ਿਜ਼ੀਕਲ ਦੂਰੀ ਦੇ ਲੰਮੇ ਸਮੇਂ ਤੱਕ ਰਹਿੰਦੇ ਹਨ ਤਾਂ ਲਾਗ ਫੈਲੇਗੀ ਹੀ।"

ਯੂਨੀਵਰਸਿਟੀ ਆਫ਼ ਬ੍ਰਿਸਟਲ ਦੇ ਪ੍ਰੋਫੈਸਰ ਜੋਨਾਥਨ ਰੀਡ ਦਾ ਕਹਿਣਾ ਹੈ ਕਿ ਖੁੱਲ੍ਹੇ 'ਚ ਵੀ ਜੇਕਰ ਲੋਕ ਇੱਕ ਮੀਟਰ ਦੇ ਅੰਦਰ-ਅੰਦਰ ਹੀ ਆਹਮੋ-ਸਾਹਮਣੇ ਖੜ੍ਹੇ ਹੋਣਗੇ ਤਾਂ ਇਸ ਨਾਲ ਵੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ।

ਉਹ ਕਹਿੰਦੇ ਹਨ , "ਕਿਉਂਕਿ ਚੋਣ ਰੈਲੀਆਂ 'ਚ ਜ਼ੋਰ-ਜ਼ੋਰ ਨਾਲ ਨਾਅਰੇਬਾਜ਼ੀ ਹੁੰਦੀ ਹੈ, ਅਜਿਹੇ 'ਚ ਲੋਕਾਂ ਦੇ ਮੂੰਹ 'ਚੋਂ ਲਾਗ ਫੈਲਾਉਣ ਵਾਲੀਆਂ ਬੂੰਦਾਂ ਦੇ ਨਿਕਲਣ ਦੀ ਸੰਭਾਵਣਾ ਵੀ ਵੱਧ ਜਾਂਦੀ ਹੈ।"

ਕੀ ਲਾਗ ਦੇ ਪਿੱਛੇ ਵਾਇਰਸ ਦਾ ਨਵਾਂ ਰੂਪ/ਵੇਰੀਐਂਟ ਹੈ ?

ਵਿਗਿਆਨੀ ਇਹ ਜਾਣਨ ਦਾ ਯਤਨ ਕਰ ਰਹੇ ਹਨ ਕਿ ਕੀ ਭਾਰਤ 'ਚ ਲਾਗ ਦੀ ਦੂਜੀ ਲਹਿਰ ਪਿੱਛੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਹੱਥ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਹੋ ਸਕਦਾ ਹੈ ਪਰ ਇਸ ਨੂੰ ਸਾਬਤ ਕਰਨ ਲਈ ਕਾਫ਼ੀ ਸਬੂਤ ਮੌਜੂਦ ਨਹੀਂ ਹਨ।

ਅੰਕੜਿਆਂ ਦੀ ਘਾਟ ਦੇ ਕਾਰਨ ਹੀ ਇੰਗਲੈਂਡ ਦੇ ਪਬਲਿਕ ਹੈਲਥ ਨੇ ਕੋਰੋਨਾਵਾਇਰਸ ਦੇ ਭਾਰਤੀ ਰੂਪ ਨੂੰ ਅਜੇ ਤੱਕ 'ਵੇਰੀਐਂਟ ਆਫ਼ ਕੰਸਰਨ' ਨਹੀਂ ਐਲਾਨਿਆ ਹੈ, ਜਦਕਿ ਬ੍ਰਿਟੇਨ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੇ ਕੋਰੋਨਾ ਰੂਪਾਂ ਨੂੰ ਵੇਰੀਐਂਟ ਆਫ਼ ਕੰਸਰਨ ਮੰਨ ਲਿਆ ਗਿਆ ਹੈ।

ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ 'ਚ ਮਾਰਚ ਮਹੀਨੇ ਤੋਂ ਕੁੰਭ ਮੇਲੇ ਵਰਗਾ ਵਿਸ਼ਾਲ ਧਾਰਮਿਕ ਸਮਾਗਮ ਵੀ ਆਯੋਜਿਤ ਹੋਇਆ। ਇਸ ਮੇਲੇ 'ਚ ਭਾਰਤ ਭਰ ਤੋਂ ਲੱਖਾਂ ਹੀ ਸ਼ਰਧਾਲੂ ਆਉਂਦੇ ਰਹੇ, ਪਰ ਇਸ ਦੇ ਬਾਵਜੂਦ ਇੱਥੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਘਾਟ ਰਹੀ ਹੈ।

10-14 ਅਪ੍ਰੈਲ ਵਿਚਾਲੇ ਕੁੰਭ ਮੇਲੇ 'ਚ 1,600 ਤੋਂ ਵੀ ਵੱਧ ਕੋਵਿਡ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)