ਜਦੋਂ ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੁਨੀਆਂ ਭਰ ਵਿੱਚ ਕੁਝ ਸਮੇਂ ਲਈ ਡਾਊਨ ਹੋ ਗਏ-ਪ੍ਰੈੱਸ ਰਿਵੀਊ

ਸੋਸ਼ਲ ਮੀਡੀਆ ਪਲੇਟਫਾਰਮਜ਼ ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੀ ਵਰਤੋਂ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਭਾਰਤ ਸਮੇਤ ਵਿਸ਼ਵ ਭਰ ਵਿੱਚ ਦਿੱਕਤ ਆਈ ਹੈ।

ਡਾਊਨਡਿਟੈਕਟਰ ਡਾਟ ਕਾਮ ਮੁਤਾਬਕ ਇਹ ਸਮੱਸਿਆ ਰਾਤ ਕਰੀਬ 10.40 ਵਜੇ ਸ਼ੁਰੂ ਹੋਈ ਅਤੇ ਫੌਰੀ ਤੌਰ 'ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਦਾ ਕਾਰਨ ਕੀ ਸੀ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ, ਵਟਸਐਪ ਦਾ ਦਾਅਵਾ ਹੈ ਕਿ ਉਸ ਦੀ ਸਰਵਿਸ ਮਹਿਜ਼ 49 ਮਿੰਟਾਂ ਲਈ ਪ੍ਰਭਾਵਿਤ ਹੋਈ ਹੈ।

ਹਾਲਾਂਕਿ ਕੰਪਨੀ ਨੇ ਇਸ ਦਾ ਕੋਈ ਖ਼ਾਸ ਕਾਰਨ ਨਾ ਦੱਸਦਿਆਂ ਕਿਹਾ ਕਿ ਇਹ ਸਭ ਤਕਨੀਕੀ ਦਿੱਕਤ ਕਰਕੇ ਹੋਇਆ ਹੈ।

ਇਹ ਵੀ ਪੜ੍ਹੋ-

ਲਗਭਗ ਇਕ ਘੰਟੇ ਬਾਅਦ ਵਟਸਐਪ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਮੈਸੇਂਜਰ ਅਤੇ ਇੰਸਟਾਗ੍ਰਾਮ ਵੀ ਪਹਿਲਾਂ ਵਾਂਗ ਚੱਲਣੇ ਸ਼ੁਰੂ ਹੋ ਗਏ।

ਇਸਦੇ ਨਾਲ, #whatsappdown ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਅਤੇ ਲੋਕਾਂ ਨੇ ਆਪਣੇ ਢੰਗ ਨਾਲ ਇਸ ਦਾ ਪ੍ਰਗਟਾਵਾ ਕੀਤਾ। ਪ੍ਰਵੀਨ ਕਾਸਵਾਨ ਨਾਮ ਦੇ ਇਕ ਉਪਭੋਗਤਾ ਨੇ ਟਵਿੱਟਰ 'ਤੇ ਲਿਖਿਆ ਕਿ ਬੰਦ ਹੋਣ ਕਾਰਨ ਵਟਸਐਪ ਅਤੇ ਇੰਸਟਾਗ੍ਰਾਮ ਦੇ ਉਪਭੋਗਤਾ ਟਵਿੱਟਰ' ਤੇ ਆਉਣੇ ਸ਼ੁਰੂ ਹੋ ਗਏ ਹਨ।

ਦੇਸ਼ ਵਿੱਚ ਪੰਜਾਬ ਅਤੇ ਬਿਹਾਰ ਖਾਦ ਦੀ ਸਭ ਤੋਂ ਜ਼ਿਆਦਾ ਖ਼ਪਤ ਵਾਲੇ ਸੂਬੇ ਹਨ - ਰਿਪੋਰਟ

ਖਾਦਾਂ ਦੀ ਪ੍ਰਤੀ ਹੈਕਟੇਅਰ ਖਪਤ ਵਿੱਚ ਪੰਜਾਬ ਅਤੇ ਬਿਹਾਰ ਸਭ ਤੋਂ ਅੱਗੇ ਹਨ, ਜਦਕਿ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਰਸਾਇਣਕ ਕੀਟਨਾਸ਼ਕਾਂ ਦੇ ਪ੍ਰਮੁੱਖ ਖਪਤਕਾਰ ਹਨ। ਇੰਨਾਂ ਹੀ ਨਹੀਂ, ਪੱਛਮੀ ਬੰਗਾਲ ਦੇ ਨਾਲ ਮਹਾਰਾਸ਼ਟਰ ਵੀ ਬਾਇਓ-ਕੀਟਨਾਸ਼ਕਾਂ ਦੀ ਵਰਤੋਂ ਵਿੱਚ ਮੋਹਰੀ ਹੈ।

ਦਿ ਹਿੰਦੂ ਅਖ਼ਬਾਰ ਮੁਤਾਬਕ, ਰਾਜ ਸਭਾ ਵਿੱਚ ਸ਼ੁੱਕਰਵਾਰ ਨੂੰ ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਈ ਕਾਰਕਾਂ 'ਤੇ ਨਿਰਭਰ ਕਰਦੀ ਹੈ ਜਿਵੇਂ ਕਿ ਕਾਸ਼ਤ ਅਧੀਨ ਰਕਬਾ, ਫਸਲਾਂ ਦੀ ਕਿਸਮ, ਫਸਲਾਂ ਦੀ ਤੀਬਰਤਾ, ਮਿੱਟੀ ਦੀ ਸਥਿਤੀ, ਬੂਟੀ, ਕੀੜੇ, ਬਿਮਾਰੀ ਸਥਿਤੀ, ਆਦਿ।

ਪੰਜਾਬ ਅਤੇ ਬਿਹਾਰ ਤੋਂ ਇਲਾਵਾ, 2015-16 ਦੇ ਪੰਜ ਸਾਲਾਂ ਦੀ ਮਿਆਦ ਵਿੱਚ ਪੁਡੂਚੇਰੀ, ਹਰਿਆਣਾ ਅਤੇ ਤੇਲੰਗਾਨਾ ਵਿੱਚ ਖਾਦਾਂ ਦੀ ਖਪਤ 200 ਕਿਲੋ ਪ੍ਰਤੀ ਹੈਕਟੇਅਰ ਤੋਂ ਵੱਧ ਰਹੀ। 2015-16 ਵਿਚ ਪੁਡੂਚੇਰੀ ਦੀ ਖਾਦ ਦੀ ਖਪਤ 405.99 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ।

ਖਾਦ ਦੀ ਖਪਤ ਭਾਰਤ ਵਿੱਚ ਸਾਲ 2019- 13 ਵਿੱਚ ਔਸਤਨ 133.44 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ, ਜੋ ਕਿ 2015-16 ਵਿੱਚ 135.76 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ।

ਬੀਬੀਸੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਫਿਨਲੈਂਡ ਦੇ ਸਿਰ ਮੁੜ ਸਜਿਆ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ ਦਾ ਖਿਤਾਬ

ਸੰਯੁਕਤ ਰਾਸ਼ਟਰ-ਪ੍ਰਯੋਜਿਤ ਵਰਲਡ ਹੈਪੀਨੇਸ ਰਿਪੋਰਟ ਵਿੱਚ, ਯੂਰਪ ਦਾ ਦੇਸ਼ ਫਿਨਲੈਂਡ ਲਗਾਤਾਰ ਚੌਥੇ ਸਾਲ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਦੇਸ਼ ਪਾਇਆ ਗਿਆ ਹੈ।

ਇਸ ਰਿਪੋਰਟ ਵਿੱਚ ਡੈਨਮਾਰਕ ਦੂਜੇ, ਸਵਿੱਟਜ਼ਰਲੈਂਡ ਤੀਜੇ, ਆਈਸਲੈਂਡ ਚੌਥੇ ਅਤੇ ਨੀਦਰਲੈਂਡ ਪੰਜਵੇਂ ਸਥਾਨ 'ਤੇ ਹੈ।

ਬੀਬੀਸੀ ਨਿਊਜ਼ ਹਿੰਦੀ ਦੀ ਖ਼ਬਰ ਮੁਤਾਬਕ, ਇਸ ਰਿਪੋਰਟ ਵਿੱਚ ਥਾਂ ਬਣਾਉਣ ਵਾਲੇ ਟੌਪ ਦੇ 10 ਦੇਸ਼ਾਂ ਵਿੱਚੋਂ ਨਿਊਜ਼ੀਲੈਂਡ ਇਕਲੌਤਾ ਗੈਰ ਯੂਰਪੀਅਨ ਦੇਸ਼ ਹੈ। ਬ੍ਰਿਟੇਨ 13ਵੇਂ ਸਥਾਨ ਤੋਂ ਹੇਠਾਂ 17ਵੇਂ ਸਥਾਨ 'ਤੇ ਆ ਗਿਆ ਹੈ।

ਇਸ ਰਿਪੋਰਟ ਵਿੱਚ ਦੁਨੀਆਂ ਦੇ 149 ਦੇਸ਼ਾਂ ਦੇ ਲੋਕਾਂ ਦਾ ਸਰਵੇਖਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਖੁਸ਼ੀ ਦੀ ਰੇਟਿੰਗ ਦੇਣ ਲਈ ਕਿਹਾ ਗਿਆ। ਰੇਟਿੰਗ ਵਿੱਚ ਸਮਾਜਕ ਜੀਵਨ, ਨਿੱਜੀ ਆਜ਼ਾਦੀ, ਕੁੱਲ ਘਰੇਲੂ ਉਤਪਾਦ (ਜੀਡੀਪੀ) ਅਤੇ ਭ੍ਰਿਸ਼ਟਾਚਾਰ ਦੇ ਪੱਧਰ ਵਰਗੇ ਕਾਰਕ ਸ਼ਾਮਲ ਕੀਤੇ ਗਏ ਸਨ।

ਇਸ ਸੂਚੀ ਵਿੱਚ, ਅਫਗਾਨਿਸਤਾਨ ਦੁਨੀਆਂ ਦਾ ਸਭ ਤੋਂ ਘੱਟ ਖੁਸ਼ਹਾਲ ਦੇਸ਼ ਪਾਇਆ ਗਿਆ ਹੈ, ਉਸ ਤੋਂ ਬਾਅਦ ਲੈਸੋਥੋ, ਬੋਤਸਵਾਨਾ, ਰਵਾਂਡਾ ਅਤੇ ਜ਼ਿੰਬਾਬਵੇ ਹਨ।

ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਰਵੇ 'ਚ ਸ਼ਾਮਲ ਇੱਕ ਤਿਹਾਈ ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਨਕਾਰਾਤਮਕ ਭਾਵਨਾਵਾਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)