ਮੁਸਲਮਾਨ ਬੱਚੇ ਨੂੰ ਪਾਣੀ ਪੀਣ ਦੇ ਬਦਲੇ ਕੁੱਟਣ ਦਾ ਮੰਦਰ ਦੇ ਮਹੰਤ ਨੂੰ ਕੋਈ ਅਫਸੋਸ ਨਹੀਂ

ਵੀਡੀਓ ਕੈਪਸ਼ਨ, ਮੰਦਰ ’ਚ ਪਾਣੀ ਪੀਣ ਆਏ ਮੁਸਲਿਮ ਬੱਚੇ ਦੀ ਕੁੱਟਮਾਰ ਦੀ ਪੂਰੀ ਕਹਾਣੀ ਆਖ਼ਰ ਕੀ ਹੈ (ਵੀਡੀਓ 18 ਮਾਰਚ 2021 ਦੀ ਹੈ)
    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਬੀਬੀਸੀ ਲਈ

ਗ਼ਾਜ਼ੀਆਬਾਦ ਦੇ ਡਾਸਨਾ ਇਲਾਕੇ ਵਿੱਚ ਇੱਕ ਖੁੱਲ੍ਹੇ ਨਾਲੇ ਦੇ ਇੱਕ ਪਾਸੇ ਕਬਰਿਸਤਾਨ ਹੈ ਅਤੇ ਦੂਜੇ ਪਾਸੇ ਬਸਤੀ।

ਬਸਤੀ ਦੇ ਪਹਿਲੇ ਮਕਾਨ ਦੀ ਛੱਤ 'ਤੇ ਕੁਝ ਕਮਰੇ ਬਣੇ ਹੋਏ ਹਨ ਜਿਨ੍ਹਾਂ ਵਿੱਚ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਜ਼ਦੂਰੀ ਕਰਨ ਵਾਲੇ ਲੋਕ ਕਿਰਾਏ 'ਤੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਕਮਰਾ ਹਬੀਬ ਦਾ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਹਨ।

ਕਮਰੇ ਦੇ ਇੱਕ ਖੂੰਝੇ ਵਿੱਚ ਹਬੀਬ ਦਾ 14 ਸਾਲਾਂ ਬੇਟਾ ਆਸਿਫ਼ ਬਾਂਸ ਅਤੇ ਰੱਸੀਆਂ ਦੇ ਬਣੇ ਇੱਕ ਛੋਟੇ ਜਿਹੇ ਮੰਜੇ 'ਤੇ ਲੰਮਾ ਪਿਆ ਹੈ।

ਇਹ ਵੀ ਪੜ੍ਹੋ-

ਹੇਠਾਂ ਫ਼ਰਸ਼ 'ਤੇ ਉਸ ਦੇ ਮਾਤਾ-ਪਿਤਾ ਅਤੇ ਛੋਟੇ ਭੈਣ-ਭਰਾ ਬੈਠੇ ਹਨ। ਆਸਿਫ਼ ਦੇ ਸਿਰ 'ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਪਿਛਲੇ ਚਾਰ ਦਿਨਾਂ ਤੋਂ ਉਹ ਦਰਦ ਨਾਲ ਕੁਰਲਾ ਰਿਹਾ ਹੈ।

ਸ਼ੁੱਕਰਵਾਰ ਯਾਨਿ 11 ਮਾਰਚ ਨੂੰ ਡਾਸਨਾ ਦੇ ਹੀ ਦੇਵੀ ਮੰਦਰ ਵਿੱਚ ਲੱਗੇ ਨਲਕੇ ਤੋਂ ਪਾਣੀ ਪੀਣ ਕਾਰਨ ਮੰਦਰ ਵਿੱਚ ਰਹਿਣ ਵਾਲੇ ਸ਼੍ਰੀਂਗੀਨੰਦਨ ਯਾਦਵ ਨੇ ਆਸਿਫ਼ ਨੂੰ ਨਾ ਸਿਰਫ਼ ਬੇਰਹਿਮੀ ਨਾਲ ਕੁੱਟਿਆ ਸਗੋੰ ਕੁੱਟਣ ਦਾ ਵੀਡੀਓ ਬਣਾਕੇ ਵਾਇਰਲ ਵੀ ਕੀਤਾ ਸੀ।

ਵਾਇਰਲ ਵੀਡੀਓ ਨੂੰ ਦੇਖਦਿਆਂ ਪੁਲਿਸ ਨੇ ਖ਼ੁਦ ਹੀ ਮੁਕੱਦਮਾ ਦਰਜ ਕੀਤਾ ਅਤੇ ਸ਼੍ਰੀਂਗੀਨੰਦਨ ਯਾਦਵ ਦੇ ਨਾਲ ਵੀਡੀਓ ਸ਼ੂਟ ਕਰਨ ਵਾਲੇ ਉਨ੍ਹਾਂ ਦੇ ਸਾਥੀ ਸ਼ਿਵਾਨੰਦ ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ।

ਆਸਿਫ਼ ਦੀ ਮੈਡੀਕਲ ਜਾਂਚ ਹੋ ਚੁੱਕੀ ਹੈ ਪਰ ਹਾਲੇ ਐਕਸਰੇ ਅਤੇ ਹੋਰ ਰਿਪੋਰਟਾਂ ਨਹੀਂ ਮਿਲੀਆਂ।

ਘਰ ਤੋਂ ਮੰਦਰ ਦੀ ਦੂਰੀ

ਬੀਬੀਸੀ ਨਾਲ ਗੱਲ ਕਰਦਿਆਂ ਆਸਿਫ਼ ਨੇ ਘਟਨਾ ਬਾਰੇ ਕੁਝ ਇਸ ਤਰ੍ਹਾਂ ਜਾਣਕਾਰੀ ਦਿੱਤੀ, "ਮੈਂ ਉੱਧਰ ਕਬਾੜ ਚੁੱਕਣ ਗਿਆ ਸੀ। ਮੈਨੂੰ ਪਿਆਸ ਲੱਗੀ ਤਾਂ ਮੰਦਰ ਵਿੱਚ ਲੱਗੇ ਨਲਕੇ ਨੂੰ ਦੇਖਕੇ ਪਾਣੀ ਪੀਣ ਲਈ ਚਲਾ ਗਿਆ। ਪਹਿਲਾਂ ਮੈਨੂੰ ਇੱਕ ਪੰਡਿਤ ਜੀ ਨੇ ਬੁਲਾਇਆ ਅਤੇ ਪੁੱਛਿਆ ਕਿ ਕੀ ਕਰ ਰਿਹਾ ਹੈ।"

"ਮੈਂ ਕਿਹਾ ਕਿ ਪਾਣੀ ਪੀਣ ਆਇਆ ਸੀ ਤਾਂ ਉਨ੍ਹਾਂ ਨੇ ਕਿਹਾ ਠੀਕ ਹੈ ਚਲੇ ਜਾਓ। ਮੈਂ ਬਾਹਰ ਜਾ ਰਿਹਾ ਸੀ ਤਾਂ ਇੱਕ ਹੋਰ ਪੰਡਿਤ ਜੀ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਆਓ ਤੇਰਾ ਵੀਡੀਓ ਬਣਾਵਾਂਗੇ।"

"ਮੈਨੂੰ ਮੇਰਾ ਨਾਮ ਪੁੱਛਿਆ ਅਤੇ ਪਿਤਾ ਦਾ ਨਾਮ ਪੁੱਛਿਆ। ਮੈਂ ਜਿਵੇਂ ਹੀ ਨਾਮ ਦੱਸਿਆ ਤਾਂ ਮੈਨੂੰ ਗਾਲ੍ਹਾਂ ਕੱਢਕੇ ਕੁੱਟਣ ਲੱਗ ਗਏ, ਇੱਕ ਹੋਰ ਉਸ ਦਾ ਵੀਡੀਓ ਬਣਾ ਰਹੇ ਸਨ। ਦੋਵੇਂ ਲੋਕ ਬਹੁਤ ਹੱਟੇ-ਕੱਟੇ ਸਨ। ਮੈਨੂੰ ਬਹੁਤ ਮਾਰਿਆ।''

''ਮੇਰੇ ਸਿਰ ਵਿੱਚ ਵੀ ਸੱਟ ਲੱਗੀ ਅਤੇ ਹੱਥ ਮੋੜ ਦਿੱਤਾ। ਫ਼ਿਰ ਵੀਡੀਓ ਬਣਾਉਣ ਵਾਲੇ ਨੇ ਕਿਹਾ ਹੁਣ ਛੱਡ ਦਿਓ ਨਹੀਂ ਤਾਂ ਮਰ ਜਾਵੇਗਾ।"

ਆਸਿਫ਼ ਦੇ ਘਰ ਤੋਂ ਮੰਦਰ ਦੀ ਦੂਰੀ ਕਰੀਬ ਦੋ ਕਿਲੋਮੀਟਰ ਹੈ। ਆਸਿਫ਼ ਦਾ ਕਹਿਣਾ ਸੀ ਕਿ ਉਹ ਉਸ ਪਾਸੇ ਪਹਿਲਾਂ ਵੀ ਕਈ ਵਾਰ ਗਿਆ ਸੀ ਅਤੇ ਉਥੇ ਪਾਣੀ ਵੀ ਪੀਤਾ ਹੈ ਪਰ ਉਸ ਦਿਨ ਪਤਾ ਨਹੀਂ ਕਿਉਂ ਉਸ ਤੋਂ ਨਾਮ ਪੁੱਛਿਆ ਗਿਆ ਅਤੇ ਫ਼ਿਰ ਕੁੱਟਿਆ ਗਿਆ ਸੀ।

ਆਸਿਫ਼ ਆਪਣੇ ਨੌਂ ਭੈਣ ਭਰਾਵਾਂ ਵਿੱਚ ਤੀਜੇ ਨੰਬਰ 'ਤੇ ਹਨ। ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ। ਆਸਿਫ਼ ਦੇ ਪਿਤਾ ਹਬੀਬ ਵੀ ਮਜ਼ਦੂਰੀ ਕਰਦੇ ਹਨ ਅਤੇ ਪਰਿਵਾਰ ਦੇ ਨਾਲ ਇਸੇ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਹਨ।

ਸੋਸ਼ਲ ਮੀਡੀਆ 'ਤੇ ਨਿੰਦਾ

ਆਸਿਫ਼ ਨਾਲ ਕੁੱਟਮਾਰ ਬਾਰੇ ਸ਼ਾਇਦ ਕਿਸੇ ਨੂੰ ਪਤਾ ਵੀ ਨਾ ਲੱਗਦਾ ਜੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਨਾ ਹੋਈ ਹੁੰਦੀ। ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਮੁਜਰਮਾਂ ਨੇ ਵੀ ਅਪਲੋਡ ਕੀਤਾ।

ਸ਼ਨਿੱਚਰਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਵਿੱਚ ਇਸ ਘਟਨਾ ਦੀ ਨਿੰਦਾ ਹੋਣ ਲੱਗੀ ਅਤੇ #SorryAsif ਟਵਿੱਟਰ ਹੈਂਡਲ ਟ੍ਰੈਂਡ ਹੋਣ ਲੱਗਿਆ। ਵੀਡੀਓ ਕਲਿੱਪ ਸਾਂਝਾ ਕਰਨ ਵਾਲੇ ਸਾਰੇ ਲੋਕ ਇਸ ਮੁੱਦੇ ਨੂੰ ਚੁੱਕ ਰਹੇ ਹਨ।

ਪੁਲਿਸ ਨੇ ਵੀ ਸੋਸ਼ਲ ਮੀਡੀਆ ਤੋਂ ਆਈ ਕਲਿੱਪ ਵੱਲ ਧਿਆਨ ਦਿੰਦਿਆਂ ਹੀ ਕਾਰਵਾਈ ਕੀਤੀ ਹੈ। ਦੇਸ-ਵਿਦਸ਼ ਦੇ ਮੀਡੀਆ ਨੇ ਵੀ ਇਸ ਘਟਨਾ ਨੂੰ ਪ੍ਰਮੁੱਖਤਾ ਨਾਲ ਜਗ੍ਹਾ ਦਿੱਤੀ ਗਈ ਹੈ।

ਗ਼ਾਜ਼ੀਆਬਾਦ ਦੇ ਪੁਲਿਸ ਮੁਖੀ (ਗ੍ਰਾਮੀਣ) ਇਰਾਦ ਰਾਜਾ ਨੇ ਬੀਬੀਸੀ ਨੂੰ ਦੱਸਿਆ, "ਵਾਇਰਲ ਵੀਡੀਓ ਵੱਲ ਖ਼ੁਦ ਹੀ ਧਿਆਨ ਦਿੰਦਿਆਂ ਪੁਲਿਸ ਨੇ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਬੱਚੇ ਦੇ ਪਿਤਾ ਵਲੋਂ ਦਿੱਤੇ ਗਏ ਬਿਆਨ ਨੂੰ ਵੀ ਉਸ ਵਿੱਚ ਜੋੜ ਲਿਆ ਗਿਆ ਹੈ। ਲੜਕੇ ਨੂੰ ਕੁੱਟਣ ਵਾਲੇ ਸ਼੍ਰੀਂਗੀਨੰਦਨ ਯਾਦਵ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ।"

ਗਾਜ਼ੀਆਬਾਦ

ਤਸਵੀਰ ਸਰੋਤ, SAMIRATMAJ MISHRA/BBC

ਤਸਵੀਰ ਕੈਪਸ਼ਨ, ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ

"ਬਾਅਦ ਵਿੱਚ ਵੀਡੀਓ ਬਣਾਉਣ ਵਾਲੇ ਵਿਅਕਤੀ ਸ਼ਿਵਾਨੰਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਮੁਜਰਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 504, 505 ਅਤੇ 352 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।"

"ਲੜਕੇ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਲੋੜੀਂਦੀਆਂ ਹੋਰ ਧਾਰਾਵਾਂ ਵੀ ਵਿੱਚ ਜੋੜੀਆਂ ਜਾਣਗੀਆਂ। ਪੁਲਿਸ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰੇਗੀ।"

ਇਹ ਵੀ ਪੜ੍ਹੋ-

ਵਾਇਰਲ ਵੀਡੀਓ

ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨੌਜਵਾਨ ਨੂੰ ਪਹਿਲਾਂ ਉਸ ਦਾ ਨਾਮ ਪੁੱਛਦਾ ਹੈ, ਪਿਤਾ ਦਾ ਨਾਮ ਪੁੱਛਦਾ ਹੈ ਅਤੇ ਮੰਦਰ ਵਿੱਚ ਆਉਣ ਦਾ ਕਾਰਨ ਪੁੱਛਦਾ ਹੈ। ਲੜਕੇ ਦਾ ਜਵਾਬ ਮਿਲਦਿਆਂ ਹੀ ਉਸ ਨੂੰ ਬੇਰਹਿਮੀ ਨਾਲ ਕੁੱਟਣ ਲੱਗਦਾ ਹੈ।

ਦੂਜੇ ਪਾਸੇ, ਵੀਡੀਓ ਬਣਾਉਣ ਵਾਲਾ ਵਿਅਕਤੀ ਕੁੱਟਣ ਵਾਲੇ ਨੂੰ ਕੁਝ ਕਹਿੰਦੇ ਹੋਏ ਵੀ ਸੁਣਾਈ ਦਿੰਦਾ ਹੈ।

ਪੁਲਿਸ ਮੁਤਾਬਕ, ਮੁੱਖ ਦੋਸ਼ੀ ਸ਼੍ਰੀਂਗੀਨੰਦਨ ਯਾਦਵ ਇਸ ਮੰਦਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਰਹਿ ਰਿਹਾ ਹੈ। ਸ਼੍ਰੀਂਗੀਨੰਦਨ ਯਾਦਵ ਇੰਜੀਨੀਅਰਿੰਗ ਗ੍ਰੈਜੁਏਟ ਹਨ ਅਤੇ ਬਿਹਾਰ ਦੇ ਸਾਸਾਰਾਮ ਦੇ ਰਹਿਣ ਵਾਲੇ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਹਿਲਾਂ ਵੀ ਮੰਦਰਾਂ ਵਿੱਚ ਰਿਹਾ ਹੈ ਵਿਵਾਦ

ਡਾਸਨਾ ਦੇ ਜਿਸ ਦੇਵੀ ਮੰਦਰ ਪਰਿਸਰ ਵਿੱਚ ਇਹ ਘਟਨਾ ਹੋਈ ਹੈ, ਉਹ ਮੰਦਰ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਿਹਾ ਹੈ। ਕਈ ਏਕੜਾਂ ਵਿੱਚ ਬਣੇ ਇਸ ਮੰਦਰ ਨੂੰ ਪੁਰਾਤਨ ਦੱਸਿਆ ਜਾਂਦਾ ਹੈ।

ਮੰਦਰ ਦੀ ਇਮਾਰਤ ਦੇ ਅੰਦਰ ਇੱਕ ਵਿਸ਼ਾਲ ਤਲਾਬ ਅਤੇ ਗਾਊਸ਼ਾਲਾ ਵੀ ਹੈ। ਮੰਦਰ ਦੇ ਬਾਹਰ ਮੁੱਖ ਦਰਵਾਜ਼ੇ 'ਤੇ ਇੱਕ ਵੱਡਾ ਸਾਰਾ ਗੇਟ ਹੈ ਜਿਸ 'ਤੇ ਸਪੱਸ਼ਟ ਤੌਰ 'ਤੇ ਲਿਖਿਆ ਹੋਇਆ ਹੈ, 'ਇਥੇ ਮੁਸਲਮਾਨਾਂ ਦਾ ਦਾਖ਼ਲ ਹੋਣਾ ਵਰਜਿਤ ਹੈ।'

ਇਹ ਵਿਸ਼ਾਲ ਮੰਦਰ ਦੇ ਮਹੰਤ ਯਤੀ ਨਰਸਿੰਘਾਂਨੰਦ ਸਰਸਵਤੀ ਦੇ ਹੁਕਮਾਂ 'ਤੇ ਲਿਖਿਆ ਗਿਆ ਹੈ।

ਮੰਦਰ ਦੀ ਇਮਾਰਤ ਦੇ ਅੰਦਰ ਯੂਪੀ ਪੁਲਿਸ ਦੇ ਦੋ ਜਵਾਨਾਂ ਤੋਂ ਇਲਾਵਾ ਕਈ ਹਥਿਆਰਬੰਦ ਨਿੱਜੀ ਸੁਰੱਖਿਆਕਰਮੀਆਂ ਨਾਲ ਘਿਰੇ ਮਹੰਤ ਯਤੀ ਨਰਸਿੰਘਾਂਨੰਦ ਨੇ ਇਸ ਪੂਰੇ ਮਾਮਲੇ ਬਾਰੇ ਬੀਬੀਸੀ ਨਾਲ ਲੰਬੀ ਗੱਲਬਾਤ ਕੀਤੀ।

ਉੱਤਰ ਪ੍ਰਦੇਸ਼

ਤਸਵੀਰ ਸਰੋਤ, SAMIRATMAJ MISHRA/BBC

ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਹੈ ਕਿ ਮੰਦਰ ਦੀ ਇਮਾਰਤ ਅੰਦਰ ਪਾਣੀ ਪੀਣ ਬਦਲੇ ਇੱਕ 14 ਸਾਲ ਦੇ ਬੱਚੇ ਨੂੰ ਇੰਨੀ ਬੇਰਿਹਮੀ ਨਾਲ ਕੁੱਟਿਆ ਗਿਆ। ਬਲਕਿ ਉਹ ਤਾਂ ਆਸਿਫ਼ ਨੂੰ ਬੱਚਾ ਕਹਿੰਦਿਆਂ ਹੀ ਭੜਕ ਜਾਂਦੇ ਹਨ।

ਮਹੰਤ ਨਰਸਿੰਘਾਂਨੰਦ ਅਪਰਾਧਾਂ ਦੀ ਇੱਕ ਲੰਬੀ ਲਿਸਟ ਪੇਸ਼ ਕਰਦੇ ਹਨ ਅਤੇ ਇਲਜ਼ਾਮ ਲਗਾਉਂਦੇ ਹਨ ਕਿ ਇਹ ਸਭ ਕਰਨ ਵਾਲੇ ਇਸ ਇਲਾਕੇ ਦੇ ਮੁਸਲਮਾਨ ਲੋਕ ਹਨ।

ਮਹੰਤ ਨਰਸਿੰਘਾਨੰਦ ਕਹਿੰਦੇ ਹਨ, "ਤੁਸੀਂ ਉਸ ਨੂੰ ਬੱਚਾ ਕਹਿ ਰਹੇ ਹੋ? ਇਸ ਸਭ ਅਪਰਾਧੀ ਹਨ। ਇਹ ਕਤਲ, ਡਕੈਤੀ ਅਤੇ ਹੋਰ ਪਤਾ ਨਹੀਂ ਕੀ ਕੀ ਜੁਰਮ ਕਰਦੇ ਹਨ।"

"ਅਸੀਂ ਇਸੇ ਲਈ ਮੰਦਰ ਦੇ ਬਾਹਰ ਸਾਫ਼ ਤੌਰ 'ਤੇ ਲਿਖ ਦਿੱਤਾ ਹੈ ਕਿ ਇੱਥੇ ਕੋਈ ਮੁਸਲਮਾਨ ਅੰਦਰ ਨਹੀਂ ਆ ਸਕਦਾ। ਸਾਡੇ ਮੱਠ ਦੇ ਕਈ ਮਹੰਤਾਂ ਦਾ ਕਤਲ ਹੋ ਚੁੱਕਿਆ ਹੈ ਅਤੇ ਇਨ੍ਹਾਂ ਲੋਕਾਂ ਨੇ ਮੰਦਰ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ।"

ਉਹ ਕਹਿੰਦੇ ਹਨ, "ਪਹਿਲੇ ਮਹੰਤ ਹਿੰਦੂ-ਮੁਸਲਮਾਨ ਭਾਈਚਾਰੇ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਇਹ ਲੋਕ ਇਸ ਦਾ ਗ਼ਲਤ ਫ਼ਾਇਦਾ ਚੁੱਕਦੇ ਸਨ।"

"ਮੈਂ ਇਸ 'ਤੇ ਸਖ਼ਤੀ ਵਰਤੀ, ਇਸੇ ਲਈ ਸੁਰੱਖਿਅਤ ਹਾਂ। ਆਪਣੀ ਸੁਰੱਖਿਆ ਖ਼ੁਦ ਕਰਦਾ ਹਾਂ। ਮੰਦਰ ਵਿੱਚ ਜੋ ਕੁਝ ਵੀ ਹੋਇਆ, ਅਸੀਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਸ਼੍ਰੀਂਗੀਯਾਦਵ ਦੀ ਕਾਨੂੰਨੀ ਮਦਦ ਕਰਾਂਗੇ, ਉਨ੍ਹਾਂ ਦੀ ਜ਼ਮਾਨਤ ਕਰਵਾਵਾਂਗੇ।"

ਮਹੰਤ ਨਰਸਿੰਘਾਨੰਦ ਦੀਆਂ ਗੱਲਾਂ ਨਾਲ ਆਲੇ-ਦੁਆਲੇ ਖੜ੍ਹੇ ਲੋਕ ਵੀ ਸਹਿਮਤ ਹੋਣ, ਅਜਿਹਾ ਨਹੀਂ ਹੈ।

ਮੰਦਰ ਤੋਂ ਕੁਝ ਦੂਰੀ 'ਤੇ ਰਹਿਣ ਵਾਲੇ ਦਿਨੇਸ਼ ਚੰਦਰ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਇਸ ਮੰਦਰ ਵਿੱਚ ਦਰਸ਼ਨ ਕਰਨ ਵੀ ਜਾਂਦੇ ਹਨ। ਪਰ ਉਨ੍ਹਾਂ ਨੂੰ ਅਜਿਹਾ ਕੋਈ ਡਰ ਨਹੀਂ ਹੈ ਜਿਸ ਦਾ ਜ਼ਿਕਰ ਮਹੰਤ ਕਰ ਰਹੇ ਸਨ।

ਹਾਂ, ਮੰਦਰ ਦੀ ਇਮਾਰਤ ਵਿੱਚ ਮੋਜੂਦ ਕਈ ਲੋਕਾਂ ਨੂੰ ਵੀ 14 ਸਾਲਾਂ ਆਸਿਫ਼ ਨੂੰ ਬਾਲਕ ਜਾਂ ਬੱਚਾ ਕਹਿਣ 'ਤੇ ਉਸੇ ਤਰ੍ਹਾਂ ਦਾ ਇਤਰਾਜ਼ ਹੈ ਜਿਸ ਤਰ੍ਹਾਂ ਦਾ ਮਹੰਤ ਨਰਸਿੰਘਾਂਨੰਦ ਨੂੰ।

ਉਹ ਕਹਿੰਦੇ ਹਨ, "ਮਹੰਤ ਜੀ ਦੇ ਇਲਾਵਾ ਹੋਰ ਸ਼ਾਇਦ ਹੀ ਕੋਈ ਇਸ ਤਰ੍ਹਾਂ ਦੀ ਗੱਲ ਕਰੇ। ਮਹੰਤ ਯਤੀ ਨਰਸਿੰਘਾਨੰਦ ਨੇ ਜਦੋਂ ਤੋਂ ਇਸ ਗੱਦੀ ਨੂੰ ਸੰਭਾਲਿਆ ਹੈ ਉਸ ਸਮੇਂ ਤੋਂ ਉਹ ਲਗਾਤਾਰ ਮੁਸਲਮਾਨਾਂ ਦੇ ਖ਼ਿਲਾਫ਼ ਅਜਿਹੀਆਂ ਗੱਲਾਂ ਕਰਦੇ ਰਹੇ ਹਨ।''

''ਇਲਾਕੇ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।"

ਪੁਲਿਸ ਦਾ ਕਹਿਣਾ ਹੈ ਮੰਦਰ ਦੀ ਇਮਾਰਤ ਵਿੱਚ ਆਸਿਫ਼ ਨਾਲ ਕੁੱਟਮਾਰ ਕਰਨ ਵਾਲੇ ਅਤੇ ਉਸਦਾ ਵੀਡੀਓ ਬਣਾਉਣ ਵਾਲੇ ਦੋਵਾਂ ਮੁਜਰਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਕਿਉਂਕਿ ਕਿਸੇ ਦਾ ਨਾਮ ਨਹੀਂ ਹੈ, ਇਸ ਲਈ ਹੋਰ ਕੋਈ ਕਾਰਵਾਈ ਨਹੀਂ ਬਣਦੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)