ਕੋਵਿਡ-19 ਦਾ ਟੀਕਾ ਕੋਵੀਸ਼ੀਲਡ ਕਿੰਨਾ ਸੁਰੱਖਿਅਤ ਹੈ

ਐਸਟਰਾਜ਼ੈਨੇਕਾ, ਕੋਰੋਨਾ ਵੈਕਸੀਨ,

ਤਸਵੀਰ ਸਰੋਤ, SOPA Images/Getty Images

ਤਸਵੀਰ ਕੈਪਸ਼ਨ, ਥਾਈਲੈਂਡ 'ਚ ਖੂਨ ਦੇ ਜੰਮਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਐਸਟ੍ਰਾਜ਼ੈਨੇਕਾ ਕੰਪਨੀ ਵੱਲੋਂ ਤਿਆਰ ਕੀਤੇ ਟੀਕੇ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਗਈ ਹੈ
    • ਲੇਖਕ, ਭੂਮਿਕਾ ਰਾਏ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸਾਲ ਲਗਭਗ ਇਸੇ ਹੀ ਸਮੇਂ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਹੀ ਆਪਣੀ ਮਾਰ ਹੇਠ ਲੈ ਲਿਆ ਸੀ। ਜਿਸ ਤੋਂ ਬਾਅਦ ਦੁਨੀਆਂ ਦੇ ਜ਼ਿਆਦਾਤਰ ਦੇਸਾਂ 'ਚ ਲੌਕਡਾਊਨ ਲਗਾ ਦਿੱਤਾ ਗਿਆ ਅਤੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਅਤੇ ਇਸ ਦੀ ਰੋਕਥਾਮ ਲਈ ਇੱਕ ਟੀਕੇ ਦੀ ਉਡੀਕ ਵੱਧਣ ਲੱਗੀ।

ਇਸ ਆਲਮੀ ਮਹਾਂਮਾਰੀ ਦੇ ਦੌਰ 'ਚ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਇਸ ਨਾਲ ਨਜਿੱਠਣ ਲਈ ਇੱਕ ਸਾਲ ਦੇ ਅੰਦਰ ਹੀ ਟੀਕਾ ਤਿਆਰ ਕਰ ਲਿਆ ਗਿਆ।

ਭਾਰਤ ਸਮੇਤ ਦੁਨੀਆਂ ਭਰ ਦੇ ਹੋਰਨਾ ਦੇਸਾਂ ਵੱਲੋਂ ਕੋਵੀਸ਼ੀਲਡ, ਜਿਸ ਨੂੰ ਕਿ ਐਸਟ੍ਰਾਜ਼ੈਨੇਕਾ ਅਤੇ ਓਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਹੈ, ਦੀ ਵਰਤੋਂ ਕੀਤੀ ਜਾ ਰਹੀ ਹੈ।

ਇਸ ਟੀਕੇ ਦਾ ਉਤਪਾਦਨ ਭਾਰਤ 'ਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ। ਪਰ ਹੁਣ ਇਸ ਟੀਕੇ ਦੇ ਭਰੋਸੇਯੋਗ ਅਤੇ ਸੁਰੱਖਿਅਤ ਹੋਣ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕਈ ਮੁਲਕਾਂ 'ਚ ਤਾਂ ਟੀਕਾਕਰਨ ਮੁੰਹਿਮ ਨੂੰ ਅਸਥਾਈ ਤੌਰ 'ਤੇ ਰੋਕ ਵੀ ਦਿੱਤਾ ਗਿਆ ਹੈ। ਟੀਕਾਕਰਨ ਰੋਕਣ ਵਾਲੇ ਦੇਸਾਂ 'ਚ ਸਭ ਤੋਂ ਨਵਾਂ ਨਾਂਅ ਬੁਲਗਾਰੀਆ ਦਾ ਹੈ।

ਇਹ ਵੀ ਪੜ੍ਹੋ:

ਥਾਈਲੈਂਡ 'ਚ ਖੂਨ ਦੇ ਜੰਮ ਜਾਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਐਸਟ੍ਰਾਜ਼ੈਨੇਕਾ ਕੰਪਨੀ ਵੱਲੋਂ ਤਿਆਰ ਕੀਤੇ ਗਏ ਟੀਕੇ ਦੀ ਵਰਤੋਂ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਯੂਰਪੀ ਮੈਡੀਸਿਨਸ ਏਜੰਸੀ (ਈਐੱਮਏ) ਨੇ ਅਜਿਹੇ ਕਿਸੇ ਵੀ ਹਾਲਾਤ ਦੇ ਪੈਦਾ ਹੋਣ ਤੋਂ ਇਨਕਾਰ ਕੀਤਾ ਹੈ।

ਪਰ ਥਾਈਲੈਂਡ ਦਾ ਇਹ ਕਦਮ ਇਸ ਲਈ ਵੀ ਅਹਿਮ ਹੈ ਕਿਉਂਕਿ ਥਾਈਲੈਂਡ ਦੇ ਪ੍ਰਧਾਨ ਮੰਤਰੀ ਸ਼ੁੱਰਕਵਾਰ ਨੂੰ ਟੀਕਾ ਲਗਵਾਉਣ ਵਾਲੇ ਸਨ ਅਤੇ ਇਸ ਦੇ ਨਾਲ ਹੀ ਦੇਸ ਭਰ 'ਚ ਟੀਕਾਕਰਨ ਸ਼ੁਰੂ ਹੋਣ ਵਾਲਾ ਸੀ। ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਹੋਰ ਕਈ ਦੇਸਾਂ 'ਚ ਵੀ ਟੀਕਾਕਰਨ 'ਤੇ ਰੋਕ

ਇਸ ਤੋਂ ਪਹਿਲਾਂ ਡੈਨਮਾਰਕ, ਨਾਰਵੇ, ਆਈਸਲੈਂਡ ਸਣੇ ਕਈ ਯੂਰਪੀ ਦੇਸਾਂ ਨੇ ਵੀ ਇਸ ਟੀਕੇ ਦੀ ਵਰਤੋਂ 'ਤੇ ਪਹਿਲਾਂ ਹੀ ਅਸਥਾਈ ਪਾਬੰਦੀ ਲਗਾ ਦਿੱਤੀ ਹੈ।

ਹੁਣ ਤੱਕ ਯੂਰਪ 'ਚ 50 ਲੱਖ ਤੋਂ ਵੀ ਵੱਧ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ ਅਤੇ ਇੰਨ੍ਹਾਂ 'ਚੋਂ 30 ਮਾਮਲੇ ਅਜਿਹੇ ਸਾਹਮਣੇ ਆਏ ਹਨ ਜਿੰਨ੍ਹਾਂ 'ਚ ਲੋਕਾਂ ਨੇ ਟੀਕਾ ਲੱਗਣ ਤੋਂ ਬਾਅਦ ਸਰੀਰ 'ਚ ਖੂਨ ਜੰਮਣ ਦੀ ਸ਼ਿਕਾਇਤ ਕੀਤੀ ਹੈ।

ਕੋਵੀਸ਼ੀਲਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਸਮੇਤ ਦੁਨੀਆਂ ਭਰ ਦੇ ਹੋਰਨਾ ਦੇਸਾਂ ਵੱਲੋਂ ਕੋਵੀਸ਼ੀਲਡ ਟੀਕਾ ਵਰਤਿਆ ਜਾ ਰਿਹਾ ਹੈ

ਸਾਵਧਾਨੀ ਵਜੋਂ ਇਟਲੀ ਅਤੇ ਆਸਟਰੀਆ 'ਚ ਵੀ ਇਸ ਟੀਕੇ ਦੀ ਵਰਤੋਂ 'ਤੇ ਹਾਲ ਦੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਸਟੋਨੀਆ, ਲਾਤਵੀਆ, ਲਿਥੁਆਨੀਆ ਅਤੇ ਲਕਜ਼ਮਬਰਗ 'ਚ ਵੀ ਟੀਕੇ ਦੇ ਉਨ੍ਹਾਂ ਸਮੂਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿੰਨ੍ਹਾਂ 'ਤੇ ਆਸਟਰੀਆ 'ਚ ਰੋਕ ਲਗਾਈ ਗਈ ਹੈ।

ਇੰਨ੍ਹਾਂ ਯੂਰਪੀ ਦੇਸਾਂ ਤੋਂ ਇਲਾਵਾ ਕੁਝ ਖ਼ਬਰਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੱਖਣੀ ਕੋਰੀਆ 'ਚ ਇਸ ਟੀਕੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਹਾਲਾਂਕਿ ਇਸ ਦੌਰਾਨ ਆਸਟਰੇਲੀਆ ਨੇ ਕਿਹਾ ਹੈ ਕਿ ਉਹ ਐਸਟ੍ਰਾਜ਼ੈਨੇਕਾ ਦੇ ਕੋਵਿਡ-19 ਦੇ ਟੀਕੇ ਨੂੰ ਜਾਰੀ ਰੱਖੇਗਾ ਕਿਉਂਕਿ ਉੱਥੇ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ।

'ਟੀਕੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ'

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੋਵਿਡ ਦੇ ਟੀਕੇ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਟੀਕੇ ਦੇ ਲੱਗਣ ਤੋਂ ਬਾਅਦ ਖੂਨ ਦੇ ਜੰਮਣ ਦਾ ਕੋਈ ਠੋਸ ਸਬੂਤ ਹਾਸਲ ਨਹੀਂ ਹੋਇਆ ਹੈ।

ਉੱਥੇ ਹੀ ਦੂਜੇ ਪਾਸੇ ਯੂਰਪੀ ਯੂਨੀਅਨ ਦੇ ਡਰੱਗ ਰੈਗੁਲੇਟਰ ਨੇ ਕਿਹਾ ਹੈ ਕਿ ਓਕਸਫੋਰਡ-ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਦਾ ਟੀਕਾ ਲੱਗਣ ਤੋਂ ਬਾਅਦ ਖੂਨ ਜੰਮਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।

ਟੀਕੇ ਦੇ ਹੱਕ 'ਚ ਇਹ ਵੀ ਕਿਹਾ ਗਿਆ ਹੈ ਕਿ ਖੂਨ ਦਾ ਜੰਮਣਾ ਆਮ, ਕੁਦਰਤੀ ਵੀ ਹੋ ਸਕਦਾ ਹੈ ਅਤੇ ਇਹ ਅਸਧਾਰਨ ਨਹੀਂ ਹੈ।

ਇਹ ਮੰਨਿਆ ਜਾਂਦਾ ਹੈ ਕਿ ਬ੍ਰਿਟੇਨ 'ਚ ਹਰ ਸਾਲ ਹਜ਼ਾਰ ਵਿਅਕਤੀਆਂ 'ਚੋਂ ਇੱਕ ਵਿਅਕਤੀ 'ਚ ਅਜਿਹੇ ਲੱਛਣ ਦਿਖਾਈ ਦਿੰਦੇ ਹਨ।

ਕੀ ਕਹਿਣਾ ਹੈ ਮਾਹਿਰਾਂ ਦਾ

ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਹੈਲਥ ਦੇ ਡਾ. ਸੁਰੇਸ਼ ਕੁਮਾਰ ਰਾਠੀ ਦਾ ਕਹਿਣਾ ਹੈ, "ਸਾਡੇ ਸਰੀਰ 'ਚ ਜਦੋਂ ਵੀ ਕੋਈ ਚੀਜ਼ ਜਾਂਦੀ ਹੈ ਤਾਂ ਇਹ ਸੰਭਾਵਨਾ ਰਹਿੰਦੀ ਹੈ ਕਿ ਸਾਡਾ ਸਰੀਰ ਉਸ ਚੀਜ਼ ਨੂੰ ਸਵੀਕਾਰ ਨਾ ਕਰੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਸਵੀਕਾਰ ਕਰ ਲਏ।"

"ਜੇਕਰ ਸਰੀਰ ਉਸ ਬਾਹਰੀ ਚੀਜ਼ ਅਨੁਸਾਰ ਢੱਲ ਗਿਆ ਹੈ ਤਾਂ ਸਭ ਕੁਝ ਠੀਕ ਹੈ ਅਤੇ ਜੇਕਰ ਨਹੀਂ ਤਾਂ ਪ੍ਰਤੀਕ੍ਰਿਆ, ਰੀਐਕਸ਼ਨ ਤਾਂ ਹੁੰਦਾ ਹੀ ਹੈ। ਤੁਸੀਂ ਇਸ ਪ੍ਰਤੀਕ੍ਰਿਆ ਨੂੰ ਐਲਰਜੀ ਜਾਂ ਰੀਐਕਸ਼ਨ ਕਹਿ ਸਕਦੇ ਹੋ। ਇਹ ਸਭ ਹਰ ਕਿਸੇ ਦੇ ਆਪਣੇ ਸਰੀਰ ਦੀ ਸਮੱਰਥਾ 'ਤੇ ਨਿਰਭਰ ਕਰਦਾ ਹੈ।"

"ਆਮ ਤੌਰ 'ਤੇ ਟੀਕੇ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ ਹੈ ਪਰ ਇਹ ਹਰੇਕ ਵਿਅਕਤੀ 'ਤੇ ਨਿਰਭਰ ਕਰਦਾ ਹੈ।"

ਡਾ. ਰਾਠੀ ਦਾ ਮੰਨਣਾ ਹੈ ਕਿ ਇਹ ਇੱਕ ਬਹੁਤ ਹੀ ਛੋਟੀ ਜਿਹੀ ਸਮੱਸਿਆ ਹੈ।

"ਯੂਰਪ 'ਚ ਹੁਣ ਤੱਕ 50 ਲੱਖ ਤੋਂ ਵੀ ਵੱਧ ਲੋਕਾਂ ਨੂੰ ਇਹ ਟੀਕਾ ਲੱਗ ਚੁੱਕਾ ਹੈ ਅਤੇ ਸਿਰਫ਼ 30 ਲੋਕਾਂ 'ਚ ਹੀ ਇਹ ਪਰੇਸ਼ਾਨੀ ਦੇਖਣ ਨੂੰ ਮਿਲੀ ਹੈ।"

ਕੋਰੋਨਾ ਵੈਕਸੀਨ, ਕੋਵੀਸ਼ੀਲਡ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੋਵਿਡ ਦੇ ਟੀਕੇ ਤੋਂ ਡਰਨ ਦੀ ਲੋੜ ਨਹੀਂ ਹੈ

ਉਹ ਇੱਕ ਉਦਾਹਰਨ ਦਿੰਦੇ ਹੋਏ ਕਹਿੰਦੇ ਹਨ ਕਿ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਕੁਝ ਖਾ ਕੇ ਕਿਸੇ ਵਿਅਕਤੀ ਨੂੰ ਤਾਂ ਕੁਝ ਨਹੀਂ ਹੁੰਦਾ ਹੈ ਪਰ ਕਿਸੇ ਦੂਜੇ ਵਿਅਕਤੀ ਨੂੰ ਉਹੀ ਖਾਣਾ ਖ਼ਰਾਬ ਕਰਦਾ ਹੈ।

ਡਾ. ਰਾਠੀ ਕਹਿੰਦੇ ਹਨ, "ਟੀਕੇ ਦੇ ਪ੍ਰਭਾਵਾਂ ਤੋਂ ਡਰਨ ਦੀ ਲੋੜ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਟੀਕਾ ਜਨਤਕ ਤੌਰ 'ਤੇ ਉਦੋਂ ਹੀ ਬਾਜ਼ਾਰ 'ਚ ਆਉਂਦਾ ਹੈ ਜਾਂ ਫਿਰ ਟੀਕਾਕਰਨ ਲਈ ਯੋਗ ਦੱਸਿਆ ਜਾਂਦਾ ਹੈ ਜਦੋਂ ਉਹ ਸਾਰੇ ਮਾਪਦੰਢਾਂ ਨੂੰ ਪੂਰਾ ਕਰ ਲੈਂਦਾ ਹੈ। ਐਸਟ੍ਰਾਜ਼ੈਨੇਕਾ ਨੇ ਸਾਰੇ ਹੀ ਕਲੀਨੀਕਲ ਟੈਸਟ ਅਤੇ ਹੋਰ ਟੈਸਟਾਂ ਨੂੰ ਪਾਸ ਕੀਤਾ ਹੈ। ਇਸ ਲਈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।"

ਹਾਲਾਂਕਿ ਦਿੱਲੀ ਸਥਿਤ ਸਫ਼ਦਰਜੰਗ ਹਸਪਤਾਲ 'ਚ ਕਮਿਊਨਿਟੀ ਮੈਡੀਸਨ ਦੇ ਮੁਖੀ ਜੁਗਲ ਕਿਸ਼ੋਰ ਦਾ ਮੰਨਣਾ ਹੈ ਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਜ਼ਰੂਰੀ ਹੈ ਕਿ ਇਸ ਸਥਿਤੀ 'ਤੇ ਧਿਆਨ ਦਿੱਤਾ ਜਾਵੇ। ਅਜਿਹੇ ਮਾਮਲਿਆਂ ਦਾ ਅਧਿਐਨ ਕਰਨ ਦੀ ਲੋੜ ਹੈ ਤਾਂ ਜੋ ਸਹੀ ਨਤੀਜੇ 'ਤੇ ਪਹੁੰਚਿਆ ਜਾ ਸਕੇ।

ਦੂਜੇ ਪਾਸੇ ਮਹਾਰਾਸ਼ਟਰ ਕੋਵਿਡ ਟਾਸਕ ਫੋਰਸ ਦੇ ਮੈਂਬਰ ਡਾ. ਸ਼ਸ਼ਾਂਕ ਜੋਸ਼ੀ ਦਾ ਕਹਿਣਾ ਹੈ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਰੀਰ 'ਚ ਖੂਨ ਕਿਉਂ ਜੰਮਿਆ ਹੈ, ਇਸ ਬਾਰੇ ਕਿਸੇ ਨੂੰ ਵੀ ਪੱਕੇ ਤੌਰ 'ਤੇ ਪਤਾ ਨਹੀਂ ਹੈ।

ਇਸ ਨਾਲ ਹੀ ਉੱਥੇ ਜਿੰਨੀ ਵੱਡੀ ਗਿਣਤੀ 'ਚ ਲੋਕਾਂ ਨੂੰ ਕੋਵਿਡ ਟੀਕਾ ਲੱਗ ਚੁੱਕਾ ਹੈ, ਉਸ ਦੇ ਮੁਕਾਬਲੇ ਖੂਨ ਜੰਮਣ ਦੇ ਮਾਮਲਿਆਂ ਦੀ ਗਿਣਤੀ ਦਾ ਅਨੁਪਾਤ ਬਹੁਤ ਹੀ ਘੱਟ ਹੈ।

ਸ਼ਸ਼ਾਂਕ ਜੋਸ਼ੀ ਦਾ ਕਹਿਣਾ ਹੈ ਕਿ ਇੰਝ ਨਹੀਂ ਜਾਪਦਾ ਹੈ ਕਿ ਟੀਕੇ ਦਾ ਇਸ ਸਥਿਤੀ ਨਾਲ ਕੋਈ ਸਿੱਧਾ ਸਬੰਧ ਹੈ।

ਕੋਰੋਨਾ ਵੈਕਸੀਨ

ਤਸਵੀਰ ਸਰੋਤ, SOPA IMAGES/GETTY IMAGES

"ਮੈਂ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਵੀ ਲੋਕ ਟੀਕਾ ਲੈਣ ਦੇ ਯੋਗ ਹਨ, ਉਨ੍ਹਾਂ ਨੂੰ ਇਹ ਟੀਕਾ ਜ਼ਰੂਰ ਹੀ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ।"

ਆਈਐੱਚਐੱਸ ਹੈਲਥ ਇਕਨੌਮਿਕਸ ਅਤੇ ਹੈਲਥ ਪਾਲਿਸੀ ਦੇ ਮੁਖੀ ਡਾ. ਥੌਮਸ ਨੇ ਵੀ ਟਵੀਟ ਕਰਕੇ ਲੋਕਾਂ ਨੂੰ ਪਰੇਸ਼ਾਨ ਨਾ ਹੋਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ, "ਹਰ ਸਾਲ ਲਗਭਗ ਇੱਕ ਲੱਖ ਲੋਕਾਂ 'ਚੋਂ 100 ਲੋਕਾਂ 'ਚ ਥ੍ਰੋਮਬੋਮਬੋਲਿਜ਼ਮ ਦੀ ਸ਼ਿਕਾਇਤ ਮਿਲਦੀ ਹੈ ਅਤੇ ਬਜ਼ੁਰਗਾਂ 'ਚ ਵੀ ਇਹ ਵਧੇਰੇ ਦੇਖਣ ਨੂੰ ਮਿਲਦੀ ਹੈ। ਪੀਏਆਰਸੀ/ਈਐੱਮਏ ਜਲਦੀ ਹੀ ਮਸਲੇ ਦਾ ਹੱਲ ਲੱਭ ਲਏਗਾ।"

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਿਵੇਂ ਪਤਾ ਚਲਦਾ ਹੈ ਕਿ ਕੋਈ ਟੀਕਾ ਸੁਰੱਖਿਅਤ ਹੈ ਅਤੇ ਕਿੰਨਾਂ

ਟੀਕੇ ਲਈ ਸਭ ਤੋਂ ਪਹਿਲਾਂ ਲੈਬ 'ਚ ਹੀ ਸੇਫ਼ਟੀ ਟ੍ਰਾਇਲ ਸ਼ੂਰੂ ਕੀਤੇ ਜਾਂਦੇ ਹਨ, ਜਿਸ ਦੇ ਤਹਿਤ ਸੈੱਲਾਂ ਅਤੇ ਜਾਨਵਰਾਂ 'ਤੇ ਤਜੁਰਬਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਇਸ ਦਾ ਮਨੁੱਖਾਂ 'ਤੇ ਅਧਿਐਨ ਕੀਤਾ ਜਾਂਦਾ ਹੈ।

ਜੇਕਰ ਲੈਬ ਦਾ ਡਾਟਾ ਠੀਕ ਆਉਂਦਾ ਹੈ ਤਾਂ ਹੀ ਵਿਗਿਆਨੀ ਇਸ ਦੇ ਪ੍ਰਭਾਵਾਂ ਨੂੰ ਜਾਣਨ ਲਈ ਅਗਲੀ ਕਾਰਵਾਈ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਫਿਰ ਵਲੰਟੀਅਰਾਂ ਦੇ ਇੱਕ ਵੱਡੇ ਸਮੂਹ 'ਤੇ ਟੈਸਟ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਆਮ ਤੌਰ 'ਤੇ ਟੀਕੇ ਨਾਲ ਤੁਹਾਨੂੰ ਕੋਈ ਬਿਮਾਰੀ ਨਹੀਂ ਲਗਦੀ ਹੈ। ਸਗੋਂ ਟੀਕਾ ਤਾਂ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਉਸ ਲਾਗ ਦੀ ਪਛਾਣ ਕਰਨਾ ਅਤੇ ਉਸ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ।

ਟੀਕਾ ਲੱਗਣ ਤੋਂ ਬਾਅਦ ਕੁਝ ਲੋਕਾਂ 'ਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ। ਇਹ ਕੋਈ ਬਿਮਾਰੀ ਨਹੀਂ ਹੁੰਦੀ ਬਲਕਿ ਟੀਕੇ ਦੇ ਪ੍ਰਤੀ ਸਰੀਰ ਦੀ ਅਸਲ ਪ੍ਰਤੀਕ੍ਰਿਆ ਹੁੰਦੀ ਹੈ।

10 ਵਿਅਕਤੀਆਂ 'ਚੋਂ ਇੱਕ ਨੂੰ ਸਧਾਰਨ ਰਿਐਕਸ਼ਨ ਹੋ ਸਕਦਾ ਹੈ ਅਤੇ ਇਹ ਕੁਝ ਹੀ ਦਿਨਾਂ 'ਚ ਠੀਕ ਵੀ ਹੋ ਜਾਂਦਾ ਹੈ। ਜਿਵੇਂ ਕਿ ਬਾਂਹ 'ਚ ਦਰਦ, ਸਿਰ ਦਰਦ ਜਾਂ ਫਿਰ ਬੁਖਾਰ, ਠੰਡ ਲੱਗਣਾ, ਥਕਾਵਟ ਮਹਿਸੂਸ ਹੋਣਾ, ਬਿਮਾਰ ਅਤੇ ਕਮਜ਼ੋਰੀ ਲੱਗਣਾ, ਚੱਕਰ ਆਉਣਾ, ਮਾਸਪੇਸ਼ੀਆਂ 'ਚ ਦਰਦ ਮਹਿਸੂਸ ਹੋਣਾ।

ਕੋਰੋਨਾ ਦੇ ਮਾਮਲਿਆਂ 'ਚ ਮੁੜ ਹੋ ਰਿਹਾ ਹੈ ਵਾਧਾ

ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ 'ਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 11.86 ਕਰੋੜ ਹੋ ਗਏ ਹਨ। ਹੁਣ ਤੱਕ ਵਿਸ਼ਵ ਭਰ 'ਚ 26 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਨਾਲ ਲਾਗ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ 'ਚ ਆਏ ਹਨ। ਅਮਰੀਕਾ 'ਚ ਕੁੱਲ ਲਾਗ ਦੇ ਮਾਮਲੇ 2.92 ਕਰੋੜ ਰਹੇ, ਜਿਸ 'ਚ ਹੁਣ ਤੱਕ 5,30,821 ਲੋਕਾਂ ਦੀ ਮੌਤ ਹੋ ਗਈ ਹੈ।

ਕੋਵਿਡ-19 ਨਾਲ ਲਾਗ ਦੇ ਮਾਮਲਿਆਂ ਦੇ ਅਧਾਰ 'ਤੇ ਭਾਰਤ ਦੂਜੇ ਨੰਬਰ 'ਤੇ ਹੈ। ਭਾਰਤ 'ਚ ਲਾਗ ਦੇ ਕੁੱਲ ਮਾਮਲੇ 1.13 ਕਰੋੜ ਤੋਂ ਵੱਧ ਹਨ ਅਤੇ ਹੁਣ ਤੱਕ 1.58 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪਿਛਲੇ ਕੁੱਝ ਮਹੀਨਿਆਂ 'ਚ ਭਾਵੇਂ ਕਿ ਕੋਰੋਨਾ ਦੇ ਨਵੇਂ ਲਾਗ ਦੇ ਮਾਮਲਿਆਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ ਹੈ ਪਰ ਹੁਣ ਫਿਰ ਇਸ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦੁਨੀਆਂ ਦੇ ਹੋਰਨਾਂ ਦੇਸਾਂ ਸਮੇਤ ਭਾਰਤ 'ਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।

ਐਸਟਰਾਜ਼ੈਨੇਕਾ

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ, ਡੈਨਮਾਰਕ, ਨਾਰਵੇ, ਆਈਸਲੈਂਡ ਸਣੇ ਕਈ ਯੂਰਪੀ ਦੇਸ ਕੋਵੀਸ਼ੀਲਡ ਦੀ ਵਰਤੋਂ 'ਤੇ ਅਸਥਾਈ ਪਾਬੰਦੀ ਲਾ ਚੁੱਕੇ ਹਨ

ਬ੍ਰਾਜ਼ੀਲ 'ਚ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਪਹਿਲੀ ਵਾਰ ਇੱਕ ਹੀ ਦਿਨ 'ਚ ਦੋ ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

11 ਮਾਰਚ ਨੂੰ ਦੇਸ 'ਚ 2286 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।

ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਹੁਣ ਤੱਕ 2,68,370 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਰੂਪਾਂ ਦੀ ਆਮਦ ਨੇ ਲਾਗ ਦੀ ਦਰ ਨੂੰ ਵਧਾ ਦਿੱਤਾ ਹੈ। ਅਜਿਹੀ ਹੀ ਕੁਝ ਸਥਿਤੀ ਭਾਰਤ 'ਚ ਵੀ ਦੇਖਣ ਨੂੰ ਮਿਲ ਰਹੀ ਹੈ।

ਭਾਰਤ 'ਚ ਬੀਤੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 23,285 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 117 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।

ਭਾਰਤ 'ਚ ਮਹਾਰਾਸ਼ਟਰ 'ਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਹੀ ਨਾਗਪੁਰ ਸ਼ਹਿਰ 'ਚ 15 ਤੋਂ 21 ਮਾਰਚ ਤੱਕ ਪੂਰੀ ਤਰ੍ਹਾਂ ਨਾਲ ਲੌਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਮਹਾਰਾਸ਼ਟਰ 'ਚ ਤਾਂ ਸ਼ੁਰੂ ਤੋਂ ਹੀ ਕੋਵਿਡ-19 ਦੇ ਮਾਮਲੇ ਸਭ ਤੋਂ ਵੱਧ ਰਹੇ ਹਨ। ਮਹਾਰਾਸ਼ਟਰ ਦੇ ਨਾਲ-ਨਾਲ ਪੰਜਾਬ ਦੇ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਵਿਖੇ 12 ਮਾਰਚ ਤੋਂ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਹ ਕਰਫਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਨਾਗਪੁਰ 'ਚ ਬੁੱਧਵਾਰ ਨੂੰ ਕੋਵਿਡ-19 ਦੇ 1,710 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸ਼ਹਿਰ 'ਚ ਹੁਣ ਤੱਕ ਕੋਵਿਡ-19 ਦੇ 2 ਲੱਖ 43 ਹਜ਼ਾਰ ਤੋਂ ਵੀ ਵੱਧ ਮਾਮਲੇ ਦਰਜ ਕੀਤੇ ਗਏ ਹਨ।

ਦੇਸ ਦੀ ਰਾਜਧਾਨੀ 'ਚ ਵੀ ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਤੇਜ਼ੀ ਵੇਖੀ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਇੱਥੇ ਕੋਵਿਡ-19 ਦੇ 431 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)