ਕੀ ਉੱਤਰਾਖੰਡ ਵਿੱਚ ਹੜ੍ਹ ਦਾ ਕਾਰਨ ਜਸੂਸੀ ਕਰਨ ਵਾਲਾ ਪਰਮਾਣੂ ਉਪਕਰਣ ਸੀ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਹਿਮਾਲਿਆ ਖੇਤਰ ਦੇ ਇੱਕ ਪਿੰਡ ਵਿੱਚ ਲੋਕ ਪੀੜ੍ਹੀਆਂ ਤੋਂ ਮੰਨਦੇ ਆ ਰਹੇ ਹਨ ਕਿ ਉੱਚੇ ਪਹਾੜਾਂ ਦੀ ਬਰਫ਼ ਅਤੇ ਚੱਟਾਨਾਂ ਦੇ ਹੇਠਾਂ ਪਰਮਾਣੂ ਉਪਕਰਣ ਦੱਬੇ ਹਨ।
ਇਸ ਲਈ ਜਦੋਂ ਫ਼ਰਵਰੀ ਦੀ ਸ਼ੁਰੂਆਤ ਵਿੱਚ ਗਲੇਸ਼ੀਅਰ ਟੁੱਟਣ ਨਾਲ ਰੈਨੀ ਪਿੰਡ ਵਿੱਚ ਭਿਆਨਕ ਹੜ੍ਹ ਆਇਆ ਤਾਂ ਪਿੰਡ ਵਾਲਿਆਂ ਵਿੱਚ ਹਫ਼ੜਾ-ਤਫ਼ੜੀ ਮੱਚ ਗਈ ਅਤੇ ਅਫ਼ਵਾਹਾਂ ਉੱਡਣ ਲੱਗੀਆਂ ਕਿ ਉਪਕਰਣਾਂ ਵਿੱਚ 'ਧਮਾਕਾ' ਹੋ ਗਿਆ ਹੈ ਜਿਸ ਕਾਰਨ ਇਹ ਹੜ੍ਹ ਆਇਆ।
ਜਦੋਂ ਕਿ ਵਿਗਿਆਨਿਕਾਂ ਦਾ ਮੰਨਣਾ ਹੈ ਕਿ ਹਿਮਾਲਿਆ ਖੇਤਰ 'ਚ ਵਸੇ ਸੂਬੇ ਉੱਤਰਾਖੰਡ ਵਿੱਚ ਹੜ੍ਹ ਆਉਣ ਦਾ ਕਾਰਨ ਗਲੇਸ਼ੀਅਰ ਦਾ ਇੱਕ ਟੁਕੜਾ ਸੀ।
ਇਸ ਘਟਨਾ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:
ਪਰ 250 ਪਰਿਵਾਰਾਂ ਵਾਲੇ ਪਿੰਡ ਰੈਨੀ ਦੇ ਲੋਕਾਂ ਨੂੰ ਤੁਸੀਂ ਅਜਿਹਾ ਕਹੋਗੇ ਤਾਂ ਕਈ ਲੋਕ ਤੁਹਾਡੇ 'ਤੇ ਭਰੋਸਾ ਨਹੀਂ ਕਰਨਗੇ।
ਰੈਨੀ ਪਿੰਡ ਦੇ ਸਰਪੰਚ ਸੰਗਰਾਮ ਸਿੰਘ ਰਾਵਤ ਨੇ ਮੈਨੂੰ ਦੱਸਿਆ, "ਸਾਨੂੰ ਲੱਗਦਾ ਹੈ ਕਿ ਉਪਕਰਣ ਦੇ ਕਾਰਨ ਇਹ ਸਭ ਹੋਇਆ ਹੋਵੇਗਾ। ਇੱਕ ਗਲੇਸ਼ੀਅਰ ਠੰਡ ਦੇ ਮੌਸਮ ਵਿੱਚ ਕਿਵੇਂ ਟੁੱਟ ਸਕਦਾ ਹੈ? ਸਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਅਤੇ ਉਪਕਰਣ ਨੂੰ ਲੱਭਣਾ ਚਾਹੀਦਾ ਹੈ।"
ਉਨ੍ਹਾਂ ਦੇ ਡਰ ਪਿੱਛੇ ਜਸੂਸੀ ਦੀ ਇੱਕ ਦਿਲਚਸਪ ਕਹਾਣੀ ਹੈ, ਜਿਸ ਵਿੱਚ ਦੁਨੀਆਂ ਦੇ ਕੁਝ ਚੋਟੀ ਦੇ ਪਰਬਤਰੋਹੀ ਹਨ, ਜਸੂਸੀ ਸਿਸਟਮਾਂ ਨੂੰ ਚਲਾਉਣ ਲਈ ਰੇਡੀਓਐਕਟਿਵ ਮਟੀਰੀਅਲ ਹੈ ਅਤੇ ਜਸੂਸ ਹਨ।
ਇਹ ਕਹਾਣੀ ਹੈ ਕਿ ਕਿਵੇਂ ਅਮਰੀਕਾ ਨੇ 1960 ਦੇ ਦਹਾਕੇ ਵਿੱਚ ਭਾਰਤ ਦੇ ਨਾਲ ਮਿਲਕੇ ਚੀਨ ਦੇ ਪਰਮਾਣੂ ਪਰੀਖਣਾਂ ਅਤੇ ਮਿਜ਼ਾਈਲ ਫ਼ਾਇਰਿੰਗ ਦੀ ਜਸੂਸੀ ਕਰਨ ਲਈ ਹਿਮਾਲਿਆ ਵਿੱਚ ਨਿਊਕਲੀਅਰ-ਪਾਵਰਡ ਮੌਨੀਟਰਿੰਗ ਡਿਵਾਈਸ ਲਗਾਏ ਸਨ।
ਚੀਨ ਨੇ 1964 ਵਿੱਚ ਆਪਣਾ ਪਹਿਲਾ ਪਰਮਾਣੂ ਪਰੀਖਣ ਕੀਤਾ ਸੀ।
ਇਸ ਵਿਸ਼ੇ 'ਤੇ ਵਿਸਥਾਰ ਨਾਲ ਲਿਖ ਚੁੱਕੇ ਅਮਰੀਕਾ ਦੀ ਰੌਕ ਐਂਡ ਆਈਸ ਮੈਗਜ਼ੀਨ ਦੇ ਸਹਿਯੋਗੀ ਸੰਪਾਦਕ ਪੀਟ ਟਾਕੇਡਾ ਕਹਿੰਦੇ ਹਨ, "ਸ਼ੀਤ ਜੰਗ ਨਾਲ ਜੁੜੇ ਡਰ ਸਿਖ਼ਰਾਂ 'ਤੇ ਸਨ। ਕੋਈ ਠੋਸ ਯੋਜਨਾ ਨਹੀਂ ਸੀ, ਕੋਈ ਵੱਡਾ ਨਿਵੇਸ਼ ਨਹੀਂ ਸੀ।"
ਅਕਤੂਬਰ 1965 ਵਿੱਚ ਭਾਰਤੀ ਅਤੇ ਅਮਰੀਕੀ ਪਰਬਤਰੋਹੀਆਂ ਦਾ ਇੱਕ ਸਮੂਹ ਸੱਤ ਪਲੂਟੋਨਿਯਮ ਕੈਪਸੂਲ ਅਤੇ ਨਿਗਰਾਨੀ ਉਪਕਰਣ ਲੈ ਕੇ ਨਿਕਲਿਆ, ਜਿਨ੍ਹਾਂ ਦਾ ਵਜ਼ਨ ਕਰੀਬ 57 ਕਿਲੋ ਸੀ।
ਇਨ੍ਹਾਂ ਨੂੰ 7,816 ਮੀਟਰ ਉੱਚੇ ਨੰਦਾ ਦੇਵੀ ਚੋਟੀ 'ਤੇ ਰੱਖਣਾ ਸੀ। ਨੰਦਾ ਦੇਵੀ ਭਾਰਤ ਦੀ ਦੂਜੀ ਸਭ ਤੋਂ ਉੱਚੀ ਚੋਟੀ ਹੈ ਅਤੇ ਚੀਨ ਨਾਲ ਲੱਗਣ ਵਾਲੀ ਭਾਰਤ ਦੀ ਉੱਤਰ-ਪੂਰਬੀ ਸਰਹੱਦ ਦੇ ਨੇੜੇ ਹੈ।
ਪਰ ਇੱਕ ਬਰਫ਼ੀਲੇ ਤੂਫ਼ਾਨ ਕਾਰਨ ਪਰਬਤਰੋਹੀਆਂ ਨੂੰ ਚੋਟੀ 'ਤੇ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਆਉਣਾ ਪਿਆ।
ਉਹ ਹੇਠਾਂ ਵੱਲ ਭੱਜੇ ਤਾਂ ਉਨ੍ਹਾਂ ਨੇ ਉਪਰਕਣ ਉੱਥੇ ਹੀ ਛੱਡ ਦਿੱਤਾ, ਜਿਸ ਵਿੱਚ ਛੇ ਫ਼ੁੱਟ ਲੰਬਾ ਐਨਟੀਨਾਂ, ਦੋ ਰੇਡੀਓ ਕਮਿਊਨੀਕੇਸ਼ਨ ਸੈਟ, ਇੱਕ ਪਾਵਰ ਪੈਕ ਅਤੇ ਇੱਕ ਪਲੂਟੋਨਿਯਮ ਕੈਪਸੂਲ ਸ਼ਾਮਲ ਸੀ।

ਤਸਵੀਰ ਸਰੋਤ, Getty Images
ਇੱਕ ਮੈਗਜ਼ੀਨ ਨੇ ਰਿਪੋਰਟ ਕੀਤਾ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਪਹਾੜ ਦੇ ਕਿਨਾਰੇ ਇੱਕ ਚੱਟਾਨ ਦੀ ਤਰੇੜ ਵਿੱਚ ਛੱਡ ਆਏ ਸਨ, ਇਹ ਤਰੇੜ ਉੱਪਰੋਂ ਢੱਕੀ ਹੋਈ ਸੀ, ਜਿੱਥੇ ਤੇਜ਼ ਹਵਾਵਾਂ ਨਹੀਂ ਆ ਸਕਦੀਆਂ ਸਨ।
ਭਾਰਤੀ ਟੀਮ ਦੀ ਅਗਵਾਈ ਕਰ ਰਹੇ ਅਤੇ ਮੁੱਖ ਸਰਹੱਦੀ ਗਸ਼ਤ ਸੰਗਠਨ ਦੇ ਲਈ ਕੰਮ ਕਰ ਚੁੱਕੇ ਇੱਕ ਮਸ਼ਹੂਰ ਪਰਬਤਰੋਹੀ ਮਨਮੋਹਨ ਸਿੰਘ ਕੋਹਲੀ ਕਹਿੰਦੇ ਹਨ, "ਸਾਨੂੰ ਹੇਠਾਂ ਆਉਣਾ ਪਿਆ। ਨਹੀਂ ਤਾਂ ਕਈ ਪਰਬਤਰੋਹੀ ਮਾਰੇ ਜਾਂਦੇ।"
ਜਦੋਂ ਪਰਬਤਰੋਹੀ ਉਪਕਰਣ ਦੀ ਤਲਾਸ਼ ਵਿੱਚ ਅੱਗੇ ਬਸੰਤ ਪਹਾੜ 'ਤੇ ਵਾਪਸ ਆਏ ਤਾਂ ਕਿ ਉਸ ਨੂੰ ਫ਼ਿਰ ਤੋਂ ਚੋਟੀ 'ਤੇ ਲੈ ਜਾ ਸਕਣ ਉਸ ਸਮੇਂ ਤੱਕ ਉਪਕਰਣ ਗਵਾਚ ਚੁੱਕਿਆ ਸੀ।
ਉਪਕਰਣਾਂ ਨਾਲ ਕੀ ਹੋਇਆ
50 ਤੋਂ ਵੀ ਜ਼ਿਆਦਾ ਸਾਲ ਬੀਤ ਜਾਣ ਅਤੇ ਨੰਦਾ ਦੇਵੀ 'ਤੇ ਕਈ ਤਲਾਸ਼ੀ ਮੁਹਿੰਮਾਂ ਦੇ ਬਾਅਦ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਉਸ ਕੈਪਸੂਲ ਨਾਲ ਕੀ ਹੋਇਆ।
ਟਾਕੇਡਾ ਲਿਖਦੇ ਹਨ, "ਹੋ ਸਕਦਾ ਹੈ, ਗਵਾਚਿਆ ਹੋਇਆ ਪਲੂਟੋਨਿਯਮ ਹੁਣ ਤੱਕ ਕਿਸੇ ਗਲੇਸ਼ੀਅਰ ਦੇ ਅੰਦਰ ਹੋਵੇ, ਸ਼ਾਇਦ ਉਹ ਚੂਰਾ ਹੋ ਕੇ ਧੂੜ ਬਣ ਗਿਆ ਹੋਵੇ, ਗੰਗਾ ਦੇ ਪਾਣੀ ਦੇ ਨਾਲ ਵਹਿ ਗਿਆ ਹੋਵੇ।"
ਵਿਗਿਆਨਿਕਾਂ ਦਾ ਕਹਿਣਾ ਹੈ ਕਿ ਇਹ ਅਤਿਕਥਨੀ ਹੈ। ਪਲੂਟੋਨਿਯਮ ਪਰਮਾਣੂ ਬੰਬ ਵਿੱਚ ਇਸਤੇਮਾਲ ਹੋਣ ਵਾਲਾ ਮੁੱਖ ਸਾਮਾਨ ਹੈ।
ਪਰ ਪਲੂਟੋਨਿਯਮ ਦੀ ਬੈਟਰੀ ਵਿੱਚ ਇੱਕ ਵੱਖਰੀ ਕਿਸਮ ਦਾ ਆਈਸੋਟੋਪ (ਇੱਕ ਤਰ੍ਹਾਂ ਦਾ ਕੈਮੀਕਲ ਪਦਾਰਥ) ਹੁੰਦਾ ਹੈ, ਜਿਸ ਨੂੰ ਪਲੂਟੋਨਿਯਮ-238 ਕਿਹਾ ਜਾਂਦਾ ਹੈ।
ਜਿਸਦੀ ਹਾਫ਼-ਲਾਈਫ਼ (ਅੱਧੇ ਰੇਡੀਓਐਕਟਿਵ ਆਈਸੋਟੋਪ ਨੂੰ ਗਲਣ ਵਿੱਚ ਲੱਗਣ ਵਾਲਾ ਸਮਾਂ) 88 ਸਾਲ ਹੈ।
ਜੋ ਬਚਿਆ ਰਹਿ ਗਿਆ ਹੈ ਉਹ ਹੈ ਰੋਚਕ ਕਹਾਣੀਆਂ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਪਣੀ ਕਿਤਾਬ 'ਨੰਦਾ ਦੇਵੀ: ਏ ਜਰਨੀ ਟੂ ਦਿ ਲਾਸਟ ਸੈਂਚਰੀ' ਵਿੱਚ ਬਰਤਾਨਵੀਂ ਸੈਰ-ਸਪਾਟਾ ਲੇਖਕ ਥੋਂਪਸਨ ਦੱਸਦੇ ਹਨ ਕਿ ਕਿਵੇਂ ਅਮਰੀਕਾ ਪਰਬਤਰੋਹੀਆਂ ਨੂੰ ਚਮੜੀ ਦਾ ਰੰਗ ਗੂੜ੍ਹਾ ਕਰਨ ਲਈ, ਭਾਰਤੀ ਸਨ ਟੈਨ ਲੋਸ਼ਨ ਇਸਤੇਮਾਲ ਕਰਨ ਲਈ ਗਿਆ ਗਿਆ ਸੀ ਤਾਂ ਕਿ ਸਥਾਨਕ ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ।
ਪਰਬਤਰੋਹੀਆਂ ਨੂੰ ਕਿਹਾ ਗਿਆ ਸੀ ਕਿ ਉਹ ਇਸ ਤਰ੍ਹਾਂ ਦਿਖਾਉਣ ਕਿ ਉਹ ਉਨ੍ਹਾਂ ਦੇ ਸਰੀਰਾਂ 'ਤੇ ਘੱਟ ਆਕਸੀਜ਼ਨ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ 'ਹਾਈ ਆਲਟੀਟਿਊਡ ਪ੍ਰੋਗਰਾਮ' 'ਤੇ ਹਨ।
ਇਹ ਵੀ ਪੜ੍ਹੋ:-

ਤਸਵੀਰ ਸਰੋਤ, Getty Images
ਜਿਨ੍ਹਾਂ ਲੋਕਾਂ ਨੂੰ ਸਮਾਨ ਚੁੱਕਣ ਲਈ ਨਾਲ ਲੈ ਕੇ ਗਏ ਸਨ, ਉਨ੍ਹਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ 'ਇਹ ਕੋਈ ਖ਼ਜ਼ਾਨਾ ਹੈ, ਹੋ ਸਕਦਾ ਹੈ ਸੋਨਾ ਹੋਵੇ।'
ਇੱਕ ਅਮਰੀਕੀ ਰਸਾਲੇ ਆਊਟਲੁੱਕ ਨੇ ਰਿਪੋਰਟ ਕੀਤਾ ਸੀ ਕਿ ਇਸ ਤੋਂ ਪਹਿਲਾਂ, ਪਰਬਤਰੋਹੀਆਂ ਨੂੰ ਨਿਊਕਲੀਅਰ ਜਸੂਸੀ ਦੇ ਕ੍ਰੈਸ਼ ਕੋਰਸ ਲਈ ਹਾਰਵੇ ਪੁਆਇੰਟਸ ਲੈ ਜਾਇਆ ਗਿਆ ਸੀ, ਜੋ ਨੌਰਥ ਕੈਰੋਲਾਈਨਾ ਵਿੱਚ ਇੱਕ ਸੀਆਈਏ ਬੇਸ ਹੈ।
ਇੱਕ ਪਰਬਤਰੋਹੀ ਨੇ ਰਸਾਲੇ ਨੂੰ ਦੱਸਿਆ ਹੈ, "ਕੁਝ ਸਮੇਂ ਬਾਅਦ ਅਸੀਂ ਆਪਣਾ ਜ਼ਿਆਦਾ ਸਮਾਂ ਵਾਲੀਬਾਲ ਖੇਡਣ ਅਤੇ ਪੀਣ ਵਿੱਚ ਗ਼ੁਜ਼ਾਰਨ ਲੱਗੇ।"
ਇਸ ਗੁਪਤ ਮੁਹਿੰਮ ਬਾਰੇ ਜਦੋਂ ਪਤਾ ਲੱਗਿਆ
ਭਾਰਤ ਵਿੱਚ 1978 ਤੱਕ ਇਸ ਗੁਪਤ ਮੁਹਿੰਮ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ ਗਿਆ।
ਉਸ ਸਮੇਂ ਜਦੋਂ ਵਾਸ਼ਿੰਗਟਨ ਪੋਸਟ ਨੇ ਆਊਟਸਾਈਡ ਦੀ ਕਹਾਣੀ ਚੁੱਕੀ ਅਤੇ ਛਾਪਿਆ ਕਿ ਸੀਆਈਏ ਨੇ ਚੀਨ ਦੀ ਜਸੂਸੀ ਲਈ ਹਿਮਾਲਿਆ ਦੀਆਂ ਦੋ ਚੋਟੀਆਂ 'ਤੇ ਨਿਊਕਲੀਅਰ-ਪਾਵਰਡ ਡਿਵਾਈਸ ਰੱਖਣ ਲਈ ਅਮਰੀਕੀ ਪਰਬਤਰੋਹੀਆਂ ਦੀ ਭਰਤੀ ਕੀਤੀ ਹੈ, ਜਿਸ ਵਿੱਚ ਮਾਉਂਟ ਐਵਰੇਸਟ ਦੇ ਹਾਲ ਹੀ ਵਿੱਚ ਸਫ਼ਲ ਰਹੇ ਸੰਮੇਲਨ ਦੇ ਮੈਂਬਰ ਵੀ ਸ਼ਾਮਲ ਹਨ।
ਅਖ਼ਬਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ "1965 ਤੋਂ ਪਹਿਲੀ ਮੁਹਿੰਮ ਵਿੱਚ ਉਪਕਰਣ ਗਵਾਚ ਗਏ ਸਨ ਅਤੇ ਦੋ ਸਾਲ ਬਾਅਦ ਦੂਸਰੀ ਕੋਸ਼ਿਸ਼ ਹੋਈ, ਜੋ ਇੱਕ ਸਾਬਕਾ ਸੀਆਈਏ ਅਧਿਕਾਰੀ ਮੁਤਾਬਕ 'ਅੰਸ਼ਕ ਤੌਰ 'ਤੇ ਸਫ਼ਲ' ਰਹੀ।"

ਤਸਵੀਰ ਸਰੋਤ, NASA
1967 ਵਿੱਚ ਨਵੇਂ ਉਪਕਰਣ ਲਗਾਉਣ ਦੀ ਤੀਜੀ ਕੋਸ਼ਿਸ਼ ਹੋਈ।
ਇਸ ਵਾਰ ਇਹ ਸੌਖੀ ਚੜ੍ਹਾਈ ਵਾਲੇ 6,861-ਮੀਟਰ (22,510 ਫੁੱਟ) ਪਹਾੜ ਨੰਦਾ ਕੋਟ 'ਤੇ ਕੀਤੀ ਗਈ ਜੋ ਸਫ਼ਲ ਰਹੀ।
ਹਿਮਾਲਿਆ ਵਿੱਚ ਜਸੂਸੀ ਕਰਨ ਵਾਲੇ ਉਪਕਰਣਾਂ ਨੂੰ ਤਿੰਨ ਸਾਲ ਤੱਕ ਲਗਾਉਣ ਲਈ ਇਸ ਕੰਮ ਵਿੱਚ ਕੁੱਲ 14 ਅਮਰੀਕੀ ਪਰਬਤਰੋਹੀਆਂ ਨੂੰ ਇੱਕ ਮਹੀਨੇ ਵਿੱਚ 1,000 ਡਾਲਰ ਦਿੱਤੇ ਗਏ।
ਅਪ੍ਰੈਲ 1978 ਵਿੱਚ ਭਾਰਤ ਦੇ ਤੱਤਕਾਲੀ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਇਹ ਕਹਿੰਦਿਆਂ ਸੰਸਦ ਵਿੱਚ ਖੁਲਾਸਾ ਕੀਤਾ ਕਿ ਭਾਰਤ ਅਤੇ ਅਮਰੀਕਾ ਨੇ ਸਾਂਝੇ ਤੌਰ 'ਤੇ ਮਿਲ ਕੇ ਇਨ੍ਹਾਂ ਨਿਊਕਲੀਅਰ-ਪਾਵਰਡ ਉਪਕਰਣਾਂ ਨੂੰ ਨੰਦਾ ਦੇਵੀ 'ਤੇ ਲਗਾਇਆ ਹੈ।
ਇੱਕ ਰਿਪੋਰਟ ਮੁਤਾਬਕ, ਦੇਸਾਈ ਨੇ ਇਹ ਨਹੀਂ ਦੱਸਿਆ ਕਿ ਇਹ ਮਿਸ਼ਨ ਕਿੱਥੋਂ ਤੱਕ ਸਫ਼ਲ ਹੋਇਆ।
ਉਸੇ ਮਹੀਨੇ ਅਮਰੀਕੀ ਵਿਦੇਸ਼ ਵਿਭਾਗ ਦੇ ਟੈਲੀਗ੍ਰਾਮ (ਕੇਬਲਜ਼) ਵਿੱਚ 'ਭਾਰਤ ਵਿੱਚ ਕਥਿਤ ਸੀਆਈਏ ਗਤੀਵਿਧੀਆਂ' ਖ਼ਿਲਾਫ਼ ਦਿੱਲੀ ਦੇ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਕਰੀਬ 60 ਲੋਕਾਂ ਦੇ ਬਾਰੇ ਗੱਲ ਕੀਤੀ ਗਈ ਸੀ।
ਮੁਜ਼ਾਹਰਾਕਾਰੀਆਂ ਦੇ ਹੱਥਾਂ ਵਿੱਚ 'ਸੀਆਈਏ ਭਾਰਤ ਛੱਡੋ' ਅਤੇ 'ਸੀਆਈਏ ਸਾਡੇ ਪਾਣੀ ਨੂੰ ਜ਼ਹਿਰੀਲਾ ਕਰ ਰਹੀ ਹੈ' ਵਰਗੇ ਨਾਅਰੇ ਲਿਖੇ ਪੋਸਟਰ ਸਨ।
ਕੀ ਮੁਹਿੰਮ ਦਾ ਹਿੱਸਾ ਹੋਣ ਦਾ ਪਛਤਾਵਾ
ਹਿਮਾਲਿਆ ਵਿੱਚ ਲਾਪਤਾ ਹੋਏ ਨਿਊਕਲੀਅਰ ਉਪਕਰਣਾਂ ਦਾ ਕੀ ਬਣਿਆ, ਇਸ ਬਾਰੇ ਕੋਈ ਨਹੀਂ ਜਾਣਦਾ।
ਇੱਕ ਅਮਰੀਕੀ ਪਰਬਤਰੋਹੀ ਨੇ ਟਾਕੇਡਾ ਨੂੰ ਕਿਹਾ, "ਹਾਂ ਡਿਵਾਈਸ ਪਹਾੜਾਂ ਤੋਂ ਖਿਸਕਦੀ ਬਰਫ਼ ਦੀ ਚਪੇਟ ਵਿੱਚ ਆ ਗਈ ਅਤੇ ਗਲੇਸ਼ੀਅਰ ਵਿੱਚ ਫ਼ਸ ਗਈ ਅਤੇ ਰੱਬ ਜਾਣੇ ਕਿ ਉਸਦਾ ਕੀ ਅਸਰ ਹੋਇਆ ਹੋਵੇਗਾ।"
ਪਰਬਤਰੋਹੀਆਂ ਦਾ ਕਹਿਣਾ ਹੈ ਕਿ ਰੈਨੀ ਵਿੱਚ ਇੱਕ ਛੋਟੇ ਸਟੇਸ਼ਨ ਨੇ ਰੇਡੀਓਐਕਟੀਵਿਟੀ ਦਾ ਪਤਾ ਲਗਾਉਣ ਲਈ ਨਦੀ ਦੇ ਪਾਣੀ ਅਤੇ ਰੇਤ ਦੇ ਬਕਾਇਦਾ ਟੈਸਟ ਕੀਤੇ ਪਰ ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਦੂਸ਼ਿਤ ਹੋਣ ਦਾ ਕੋਈ ਸਬੂਤ ਮਿਲਿਆ ਜਾਂ ਨਹੀਂ।
ਆਊਟਸਾਈਡ ਨੇ ਲਿਖਿਆ, "ਜਦੋਂ ਤੱਕ ਪਲੂਟੋਨਿਯਮ (ਪਾਵਰ ਪੈਕ ਵਿੱਚ ਰੇਡੀਓ-ਐਕਟੀਵਿਟੀ ਦਾ ਸਾਧਨ) ਖ਼ਤਮ ਨਹੀਂ ਹੋ ਜਾਂਦਾ, ਜਿਸ ਵਿੱਚ ਸਦੀਆਂ ਲੱਗ ਸਕਦੀਆਂ ਹਨ, ਇਹ ਉਪਕਰਣ ਇੱਕ ਰੇਡੀਓਐਕਟਿਵ ਖ਼ਤਰਾ ਰਹੇਗਾ ਜੋ ਹਿਮਾਲਿਆ ਦੀ ਬਰਫ਼ ਵਿੱਚੋਂ ਲੀਕ ਹੋ ਸਕਦਾ ਹੈ ਅਤੇ ਗੰਗਾ ਦੇ ਪਾਣੀ ਨਾਲ ਵਹਿਕੇ ਭਾਰਤੀ ਦਰਿਆ ਪ੍ਰਣਾਲੀ ਤੱਕ ਪਹੁੰਚ ਸਕਦਾ ਹੈ।"
ਜਦੋਂ ਮੈਂ 89 ਸਾਲ ਦੇ ਹੋ ਚੁੱਕੇ ਕੈਪਟਨ ਕੋਹਲੀ ਨੂੰ ਪੁੱਛਿਆ, ਕੀ ਉਨ੍ਹਾਂ ਨੂੰ ਉਸ ਮੁਹਿੰਮ ਦਾ ਹਿੱਸਾ ਹੋਣ ਦਾ ਪਛਤਾਵਾ ਹੈ ਜਿਸ ਦੌਰਾਨ ਹਿਮਾਲਿਆ ਵਿੱਚ ਪਰਮਾਣੂ ਉਪਕਰਣ ਨੂੰ ਛੱਡ ਦਿੱਤਾ ਗਿਆ।
ਉਹ ਕਹਿੰਦੇ ਹਨ, "ਕੋਈ ਪਛਤਾਵਾ ਜਾਂ ਖੁਸ਼ੀ ਨਹੀਂ ਹੈ। ਮੈਂ ਸਿਰਫ਼ ਹੁਕਮਾਂ ਦਾ ਪਾਲਣ ਕਰ ਰਿਹਾ ਸੀ।"

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














