ਕੋਰੋਨਾਵਾਇਰਸ ਵੈਕਸੀਨ: ਭਾਰਤ ਚ 16 ਜਨਵਰੀ ਤੋਂ ਸ਼ੁਰੂ ਹੋ ਰਿਹਾ ਟੀਕਾਕਰਨ ਪਰ ਤੁਹਾਡੀ ਵਾਰੀ ਕਦੋਂ ਆਵੇਗੀ

ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਰਜ਼ੀਹੀ ਪੱਧਰ 'ਤੇ ਪਹਿਲਾਂ ਤਿੰਨ ਕਰੋੜ ਸਿਹਤਕਰਮੀਆਂ ਅਤੇ ਫ਼ਰੰਟਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ
    • ਲੇਖਕ, ਨੀਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ 16 ਜਨਵਰੀ ਨੂੰ ਕੋਵਿਡ-19 ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਸਿਹਤ ਵਿਭਾਗ ਨੇ ਕਿਹਾ ਕਿ ਤਰਜ਼ੀਹੀ ਪੱਧਰ 'ਤੇ ਪਹਿਲਾਂ ਤਿੰਨ ਕਰੋੜ ਸਿਹਤਕਰਮੀਆਂ ਅਤੇ ਫ਼ਰੰਟਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ।

ਭਾਰਤ ਵਿੱਚ ਹੁਣ ਤੱਕ ਇੱਕ ਕਰੋੜ ਲੋਕਾਂ ਨੂੰ ਕੋਵਿਡ-19 ਲਾਗ਼ ਲੱਗ ਚੁੱਕੀ ਹੈ ਅਤੇ ਕਰੀਬ ਡੇਢ ਲੱਖ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਵੈਕਸੀਨ ਭਾਰਤ ਚ ਸਭ ਤੋਂ ਪਹਿਲਾਂ ਕਿਸ ਨੂੰ ਮਿਲੇਗੀ?

ਨਿਰਧਾਰਿਤ ਪ੍ਰੋਟੋਕੋਲ ਦੇ ਮੁਤਾਬਿਕ ਸਭ ਤੋਂ ਪਹਿਲਾਂ ਇਸ ਨੂੰ ਸਿਹਤ ਕਰਮੀਆਂ ਯਾਨੀ ਡਾਕਟਰਾਂ, ਪੈਰਾਮੈਡੀਕਲਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਵੇਗਾ। ਇਨ੍ਹਾਂ ਦੀ ਗਿਣਤੀ 80 ਲੱਖ ਤੋਂ ਇੱਕ ਕਰੋੜ ਦੱਸੀ ਜਾ ਰਹੀ ਹੈ।

ਅਗਲਾ ਗੇੜ ਕਰੀਬ ਦੋ ਕਰੋੜ ਫ਼ਰੰਟਲਾਈਨ ਵਰਕਰਾਂ ਯਾਨੀ ਸੂਬਾ ਪੁਲਿਸਕਰਮੀਆਂ, ਪੈਰਾਮਿਲਟਰੀ ਫ਼ੋਰਸਾਂ, ਫ਼ੌਜ਼, ਸੈਨੀਟਾਈਜੇਸ਼ਨ ਕਰਮੀਆਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਦਾ ਹੈ।

ਇਸ ਦੇ ਬਾਅਦ 50 ਸਾਲ ਤੋਂ ਵੱਧ ਉਮਰ ਵਾਲੇ ਅਤੇ 50 ਤੋਂ ਘੱਟ ਉਮਰ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ ਨੂੰ ਵੈਕਸੀਨ ਲਗਾਈ ਜਾਵੇਗੀ।

ਭਾਰਤ ਵਿੱਚ ਅਜਿਹੇ ਲੋਕਾਂ ਦੀ ਤਾਦਾਦ 27 ਕਰੋੜ ਹੈ। 50 ਸਾਲ ਤੋਂ ਘੱਟ ਉਮਰ ਦੇ ਉਹ ਲੋਕ ਵੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਿਲ ਹੋਣਗੇ ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਹਨ।

ਜਿੰਨਾਂ ਖੇਤਰਾਂ ਵਿੱਚ ਕੋਵਿਡ-19 ਲਾਗ਼ ਦੇ ਬਹੁਤੇ ਮਾਮਲੇ ਹਨ, ਉਨਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ।

ਇੰਨਾਂ ਸਾਰੇ ਤਰਜ਼ੀਹੀ ਸੂਚੀਆਂ ਵਿੱਚ ਸ਼ਾਮਲ ਲੋਕਾਂ ਦਾ ਕੋਵਿਡ-19 ਟੀਕਾਕਰਨ ਕਰਨ ਤੋਂ ਬਾਅਦ ਦੇਸ ਦੀ ਬਚੀ ਹੋਈ ਆਬਾਦੀ ਦੀ ਵਾਰੀ ਆਵੇਗੀ।

ਕੋਰੋਨਾ ਵੈਕਸੀਨ

ਤਸਵੀਰ ਸਰੋਤ, ANI

ਭਾਰਤ ਵਿੱਚ ਕਿਹੜੀ ਕੋਰੋਨਾ ਵੈਕਸੀਨ ਸਵਿਕਾਰਿਤ ਹੈ?

ਭਾਰਤ ਵਿੱਚ ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੇ ਕੋਵਿਡ-19 ਦੇ ਇਲਾਜ ਲਈ ਦੋ ਵੈਕਸੀਨਾਂ ਦੀ ਐਮਰਜੈਂਸੀ ਵਰਤੋਂ ਦੀ ਮਨਜੂਰੀ ਦਿੱਤੀ ਹੈ।

ਇਹ ਦੋ ਵੈਕਸੀਨਾਂ ਹਨ- ਕੋਵੀਸ਼ੀਲਡ ਅਤੇ ਕੋਵੈਕਸੀਨ

ਕੋਵੀਸ਼ੀਲਡ ਜਿਥੇ ਅਸਲ 'ਚ ਆਕਸਫ਼ੋਰਡ-ਐਸਟ੍ਰਾਜੇਨੇਕਾ ਦਾ ਭਾਰਤੀ ਪ੍ਰਤੀਰੂਪ ਹੈ ਉਥੇ ਹੀ ਕੋਵੈਕਸੀਨ ਪੂਰੀ ਤਰ੍ਹਾਂ ਭਾਰਤ ਦੀ ਆਪਣੀ ਵੈਕਸੀਨ ਹੈ ਜਿਸਨੂੰ 'ਸਵਦੇਸ਼ੀ ਵੈਕਸੀਨ' ਵੀ ਕਿਹਾ ਜਾ ਰਿਹਾ ਹੈ।

ਕੋਵੀਸ਼ੀਲਡ ਨੂੰ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੰਪਨੀ ਬਣਾ ਰਹੀ ਹੈ। ਸਿਹਤ ਵਿਭਾਗ ਨੇ ਕਿਾਹ ਕਿ ਹਾਲੇ ਕੋਵੀਸ਼ੀਲਡ ਦੀਆਂ 110 ਲੱਖ (ਜਾਂ 1.1 ਕਰੋੜ) ਖ਼ੁਰਾਕਾਂ ਖ਼ਰੀਦੀਆਂ ਜਾ ਰਹੀਆਂ ਹਨ।

ਉਥੇ ਹੀ ਕੋਵੈਕਸੀਨ ਨੂੰ ਭਾਰਤ ਬਾਇਓਟੈਕ ਕੰਪਨੀ, ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਨਾਲ ਮਿਲ ਕੇ ਬਣਾ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਕੋਵੈਕਸੀਨ ਦੀਆਂ 55 ਲੱਖ ਖ਼ੁਰਾਕਾਂ ਖ਼ਰੀਦੀਆਂ ਜਾ ਰਹੀਆਂ ਹਨ।

ਵੈਕਸੀਨ

ਤਸਵੀਰ ਸਰੋਤ, EUROPEAN PRESSPHOTO AGENCY

ਤਸਵੀਰ ਕੈਪਸ਼ਨ, ਵਾਸ਼ੀਲਡ ਵੈਕਸੀਨ ਦੀ ਇੱਕ ਖ਼ੁਰਾਕ ਦੀ ਕੀਮਤ ਭਾਰਤ ਸਰਕਾਰ ਨੂੰ 200 ਤੋਂ 300 ਰੁਪਏ ਤੱਕ ਪਵੇਗੀ (ਸੰਕੇਤਕ ਤਸਵੀਰ)

ਭਾਰਤ ਵਿੱਚ ਕੋਵੈਕਸੀਨ ਅਤੇ ਕੋਵਾਸ਼ੀਲਡ ਕਦੋਂ ਤੋਂ ਮਿਲਣੀ ਸ਼ੁਰੂ ਹੋਵੇਗੀ?

ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ 130 ਕਰੋੜ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ 16 ਜਨਵਰੀ ਨੂੰ ਸ਼ੁਰੂ ਹੋਵੇਗਾ।

ਕੋਰੋਨਾਵੈਕਸੀਨ ਦਾ ਪਹਿਲਾ ਡਰਾਈ ਰਨ 2 ਜਨਵਰੀ ਨੂੰ ਮੁਕੰਮਲ ਹੋਇਆ ਅਤੇ ਦੂਸਰਾ ਡਰਾਈ ਰਨ ਸ਼ੁੱਕਰਵਾਰ ਯਾਨੀ 8 ਜਨਵਰੀ ਨੂੰ ਸ਼ੁਰੂ ਹੋ ਚੁੱਕਿਆ ਹੈ। ਇਸ ਤਹਿਤ ਦੇਸ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੀਕਾਕਰਨ ਦਾ ਅਭਿਆਸ ਕਰਵਾਏ ਜਾਣ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ।

ਕੇਂਦਰੀ ਸਿਹਤ ਵਿਭਾਗ ਮੁਤਾਬਿਕ ਸਰਕਾਰ ਜਨਵਰੀ 2021 ਦੇ ਤੀਸਰੇ ਹਫ਼ਤੇ ਤੋਂ ਕੋਵਿਡ-19 ਦਾ ਟੀਕਾਕਰਨ ਸ਼ੁਰੂ ਕਰ ਸਕਦੀ ਹੈ।

ਸਰਕਾਰ ਦਾ ਮੰਤਵ ਜੁਲਾਈ 2021 ਤੱਕ 30 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨ ਲਾਉਣ ਦਾ ਹੈ ਅਤੇ ਇਸ ਨੂੰ ਵਿਸ਼ਵ ਦੀ 'ਸਭ ਤੋਂ ਵੱਡੀ ਟੀਕਾਕਰਨ ਮੁਹਿੰਮ' ਵੀ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ

ਕੋਵਿਡ-19 ਵੈਕਸੀਨ ਲਗਵਾਉਣ ਲਈ ਪੰਜੀਕਰਨ ਕਿਵੇਂ ਕੀਤਾ ਜਾਵੇ?

ਵੈਕਸੀਨ ਲਈ ਸਾਰੇ ਲੋਕਾਂ ਨੂੰ ਭਾਰਤ ਸਰਕਾਰ ਦੁਆਰਾ ਜਾਰੀ ਐਪ ਕੋ-ਵਿਨ ਡੌਟ ਇੰਨ (CoWIN App) 'ਤੇ ਆਪਣਾ ਪੰਜੀਕਰਨ ਕਰਵਾਉਣਾ ਪਵੇਗਾ। ਧਿਆਨ ਦੇਣ ਯੋਗ ਗੱਲ ਹੈ ਕਿ ਪੰਜੀਕਰਨ ਕਰਵਾਏ ਬਿਨਾ ਕਿਸੇ ਨੂੰ ਵੀ ਵੈਕਸੀਨ ਨਹੀਂ ਦਿੱਤੀ ਜਾਵੇਗੀ।

ਇਸ ਐਪ 'ਤੇ ਰਜ਼ਿਸਟਰੇਸ਼ਨ ਹੋਣ ਤੋਂ ਬਾਅਦ ਤੁਹਾਡੇ ਮੋਬਾਇਲ 'ਤੇ ਇੱਕ ਮੈਸੇਜ ਆਵੇਗਾ ਜਿਸ ਵਿੱਚ ਵੈਕਸੀਨ ਲਗਵਾਉਣ ਦਾ ਸਮਾਂ, ਤਾਰੀਖ਼ ਅਤੇਂ ਕੇਂਦਰ ਦਾ ਪੂਰਾ ਵੇਰਵਾ ਹੋਵੇਗਾ।

ਪੰਜੀਕਰਨ ਲਈ ਤੁਹਾਨੂੰ ਆਪਣੀ ਕੋਈ ਇੱਕ ਫ਼ੋਟੋ ਸ਼ਨਾਖਤ ਦਰਜ ਕਰਵਾਉਣੀ ਪਵੇਗੀ, ਇਸ ਵਿੱਚ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ, ਨਮਰੇਗਾ ਨੌਕਰੀ ਕਾਰਡ, ਬੈਂਕ ਜਾਂ ਪੋਸਟ ਆਫ਼ਿਸ ਖ਼ਾਤੇ ਦੀ ਪਾਸਬੁੱਕ, MP/MLA/MLC ਦੁਆਰਾ ਜਾਰੀ ਕੀਤਾ ਗਿਆ ਕੋਈ ਪਛਾਣ ਪੱਤਰ ਜਾਂ ਫ਼ਿਰ ਪੈਨਸ਼ਨ ਕਾਰਡ ਜਾਂ ਇੰਪਲਾਇਰ ਦੁਆਰਾ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਜਾਂ ਫ਼ਿਰ ਵੋਟਰ ਆਈਕਾਰਡ ਜਮ੍ਹਾਂ ਕਰਵਾ ਸਕਦੇ ਹੋ।

ਅਹਿਮ ਗੱਲ ਇਹ ਹੈ ਕਿ ਜਿਸ ਆਈਡੀ ਨੂੰ ਰਜਿਸਟਰੇਸ਼ਨ ਦੇ ਸਮੇਂ ਦਿੱਤਾ ਜਾਵੇਗਾ, ਟੀਕਾਕਰਨ ਉਸੇ ਆਧਾਰ 'ਤੇ ਹੋਵੇਗਾ ਕਿਸੇ ਹੋਰ ਆਈਡੀ 'ਤੇ ਨਹੀਂ।

ਕਿਉਂਕਿ ਵੈਕਸੀਨ ਦੋ ਗੇੜਾਂ ਵਿੱਚ ਦਿੱਤੀ ਜਾਣੀ ਹੈ ਤਾਂ ਅਗਲੀ ਤਾਰੀਖ਼ ਵੀ ਐਸਐਮਐਸ ਦੇ ਜ਼ਰੀਏ ਹੀ ਪਤਾ ਲੱਗੇਗੀ।

ਇਸ ਐਪ ਬਾਰੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਾਲੇ ਤੱਕ ਸਰਕਾਰ ਦੁਆਰਾ ਇਸ ਐਪ ਨੂੰ ਡਾਉਨਲੌਡ ਕਰਨ ਲਈ ਨਹੀਂ ਕਿਹਾ ਗਿਆ ਹੈ ਮਤਲਬ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ CoWin ਐਪ ਲੋਕਾਂ ਦੇ ਸਵੈ-ਪੰਜੀਕਰਨ ਲਈ ਹਾਲੇ ਉਪਲੱਬਧ ਨਹੀਂ ਹੈ ਅਤੇ ਸਰਕਾਰ ਇਸ ਨੂੰ ਜਲਦ ਹੀ ਜਨਤਕ ਕਰਨ ਸੰਬੰਧੀ ਕੰਮ ਕਰ ਰਹੀ ਹੈ।

ਵੈਕਸੀਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਬਾਇਓਟੈਕ ਦੀ ਬਣਾਈ ਕੋਵੈਕਸੀਨ ਦੇ ਤੀਜੇ ਗੇੜ ਦੇ ਟਰਾਇਲ ਹਾਲੇ ਚੱਲ ਰਹੇ ਹਨ

ਕੀ ਕੋਵਿਡ-19 ਵੈਕਸੀਨ ਮੁਫ਼ਤ ਮਿਲੇਗੀ?

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਇੱਕ ਹਫ਼ਤੇ ਪਹਿਲਾਂ ਹੀ ਲੋਕਾਂ ਨੂੰ ਵੈਕਸੀਨ-ਵਿਰੋਧੀ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਵੈਕਸੀਨ ਸਾਰਿਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਹਾਲਾਂ ਕਿ ਇਸ ਤੋਂ ਬਾਅਦ ਵੈਕਸੀਨ ਦੀ ਕੀਮਤ ਜਾਂ ਮੁਫ਼ਤ ਮਿਲਣ ਸੰਬੰਧੀ ਕੋਈ ਸਰਕਾਰੀ ਬਿਆਨ ਨਹੀਂ ਆਇਆ ਹੈ।

ਇਸ ਤੋਂ ਪਹਿਲਾਂ ਕੋਵਾਸ਼ੀਲਡ ਵੈਕਸੀਨ ਦੀਆਂ ਕੀਮਤਾਂ ਬਾਰੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਦੱਸਿਆ ਸੀ ਕਿ ਵੈਕਸੀਨ ਦੀ ਇੱਕ ਖ਼ੁਰਾਕ ਦੀ ਕੀਮਤ ਭਾਰਤ ਸਰਕਾਰ ਨੂੰ 200 ਤੋਂ 300 ਰੁਪਏ ਤੱਕ ਪਵੇਗੀ।

ਯਾਨੀ ਕੋਵੀਸ਼ੀਲਡ ਵੈਕਸੀਨ ਕੰਪਨੀ ਭਾਰਤ ਸਰਕਾਰ ਨੂੰ ਟੀਕਾ ਤਕਰੀਬਨ ਉਸੇ ਕੀਮਤ 'ਤੇ ਦੇ ਰਹੀ ਹੈ (ਤਿੰਨ ਡਾਲਰ ਪ੍ਰਤੀ ਖ਼ੁਰਾਕ) ਜਿਸ 'ਤੇ ਉਸ ਦੀ ਸਹਿਯੋਗੀ ਆਕਸਫੋਰਡ ਐਸਟ੍ਰਾਜੇਨੇਕਾ ਇਸ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਦੇ ਰਹੀ ਹੈ।

ਭਾਰਤ ਵਿੱਚ ਕੋਰੋਨਾਵੈਕਸੀਨ ਦੇ ਨਿੱਜੀ ਹਸਪਤਾਲਾਂ ਵਿੱਚ ਲਾਉਣ ਦੇ ਪ੍ਰਬੰਧ 'ਤੇ ਵੀ ਕੰਮ ਚੱਲ ਰਿਹਾ ਹੈ, ਇਥੇ ਇਸਦੀ ਕੀਮਤ ਦੁਗਣੀ ਵੀ ਹੋ ਸਕਦੀ ਹੈ।

ਭਾਰਤ ਵਿੱਚ ਬਾਇਓਟੈਕ ਨੇ ਕਿਹਾ ਹੈ ਕਿ 16.5 ਲੱਖ ਖ਼ੁਰਾਕਾਂ ਉਹ ਮੁਫ਼ਤ ਮੁਹੱਈਆ ਕਰਵਾਏਗਾ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ, "ਬੀਬੀਆਈਐਲ ਕੋਵੈਕਸੀਨ ਦੀਆਂ 16.5 ਲੱਖ ਖ਼ੁਰਾਕਾਂ ਕੇਂਦਰ ਸਰਕਾਰ ਨੂੰ ਵਿਸ਼ੇਸ਼ ਸੰਕੇਤ ਦੇ ਰੂਪ ਵਿੱਚ ਮੁਫ਼ਤ ਮੁਹੱਈਆ ਕਰਵਾਏਗਾ।"

ਸਹਿਤ ਵਿਭਾਗ ਨੇ ਅੱਗੇ ਕਿਹਾ, ਕਿ ਬਾਕੀ ਦੀਆਂ 38.5 ਲੱਖ ਖ਼ੁਰਾਕਾਂ ਲਈ ਭਾਰਤ ਬਾਇਓਟੈਕ ਸਰਕਾਰ ਤੋਂ 295 ਰੁਪਏ ਪ੍ਰਤੀ ਖ਼ੁਰਾਕ ਲੈ ਰਿਹਾ ਹੈ। ਹਾਲਾਂ ਕਿ ਇਹ ਦੇਖਦੇ ਹੋਏ ਕਿ ਕੁੱਲ ਖ਼ਰੀਦ 55 ਲੱਖ ਖ਼ੁਰਾਕਾਂ ਦੀ ਹੈ, ਪ੍ਰਤੀ ਖ਼ੁਰਾਕ ਕੀਮਤ ਘੱਟ ਕੇ 206 ਰੁਪਏ ਤੇ ਆ ਜਾਂਦੀ ਹੈ।

ਅਮਰੀਕਾ ਸਮੇਤ ਦੁਨੀਆਂ ਦੇ ਕਈ ਹੋਰ ਦੇਸਾਂ ਵਿੱਚ ਕੋਰੋਨਾਵੈਕਸੀਨ ਬਣਾਉਣ 'ਚ ਮੋਢੀ ਰਹੀ ਫ਼ਾਈਜ਼ਰ ਕੰਪਨੀ ਦੇ ਸੀਈਓ ਨੇ ਕੁਝ ਦਿਨ ਪਹਿਲਾਂ ਕਿਹਾ ਸੀ, "ਸਾਡੀ ਵੈਕਸੀਨ ਦੀਆਂ ਕੀਮਤਾਂ ਤਿੰਨ ਸ਼੍ਰੇਣੀਆਂ ਵਿੱਚ ਰਹਿਣਗੀਆਂ-ਵਿਕਸਿਤ ਦੇਸਾਂ ਲਈ, ਮੱਧ-ਆਮਦਨ ਵਾਲੇ ਦੇਸਾਂ ਲਈ ਅਤੇ ਘੱਟ ਆਮਦਨ ਵਾਲੇ ਕੁਝ ਦੇਸਾਂ ਜਿਵੇਂ ਕਿ ਅਫ਼ਰੀਕਾ ਵਗੈਰ੍ਹਾ ਵਿੱਚ ਹੈ।"

ਵੈਕਸੀਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਵੈਕਸੀਨ ਬਣਾਉਣ ਦਾ ਪਾਵਰ ਹਾਊਸ ਹੈ ਇਥੇ ਦੁਨੀਆਂ ਭਰ ਦੀ 60 ਫ਼ੀਸਦ ਵੈਕਸੀਨ ਦਾ ਉਤਪਾਦਨ ਹੁੰਦਾ ਹੈ (ਸੰਕੇਤਕ ਤਸਵੀਰ)

ਕੀ ਕੋਵਿਡ-19 ਵੈਕਸੀਨ ਲਗਵਾਉਣਾ ਸੁਰੱਖਿਅਤ ਹੈ?

ਜ਼ਿਆਦਾਤਰ ਮਾਹਰਾਂ ਦੀ ਰਾਇ ਹੈ ਕਿ ਕੋਰੋਨਾ ਨਾਲ ਲੜਨ ਲਈ ਬਣੀਆਂ ਹੁਣ ਤੱਕ ਦੀਆਂ ਤਕਰੀਬਨ ਸਾਰੀਆਂ ਵੈਕਸੀਨਾਂ ਦੀ ਸੁਰੱਖਿਆ ਸੰਬੰਧੀ ਰਿਪੋਰਟ ਠੀਕ ਰਹੀ ਹੈ।

ਹੋ ਸਕਦਾ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਮਾਮੂਲੀ ਬੁਖ਼ਾਰ ਹੋ ਜਾਵੇ ਜਾਂ ਫ਼ਿਰ ਸਿਰਦਰਦ ਜਾਂ ਟੀਕਾ ਲੱਗਣ ਵਾਲੀ ਜਗ੍ਹਾ 'ਤੇ ਦਰਦ ਹੋਣ ਲੱਗੇ।

ਡਾਕਟਰਾਂ ਦਾ ਕਹਿਣਾ ਹੈ ਕਿ ਜੇ ਕੋਈ ਵੈਕਸੀਨ 50 ਫ਼ੀਸਦ ਤੱਕ ਕਾਰਗਰ ਹੁੰਦੀ ਹੈ ਤਾਂ ਉਸ ਨੂੰ ਸਫ਼ਲ ਵੈਕਸੀਨ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।

ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਆਪਣੀ ਸਿਹਤ ਵਿੱਚ ਹੋਣ ਵਾਲੇ ਮਾਮੂਲੀ ਬਦਲਾਵਾਂ 'ਤੇ ਪੂਰੀ ਨਿਗ੍ਹਾਂ ਬਣਾਈ ਰੱਖਣੀ ਪਵੇਗੀ ਅਤੇ ਜੇ ਕੋਈ ਬਦਲਾਅ ਹੁੰਦਾ ਹੈ ਤਾਂ ਤੁਰੰਤ ਸਿਹਤਕਰਮੀਆਂ ਨਾਲ ਸਾਂਝਾ ਕਰਨਾ ਪਵੇਗਾ।

ਕੋਵਾਸ਼ੀਲਡ

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ, ਕੋਰੋਨਾਵੈਕਸੀਨ ਦੇ ਨਿੱਜੀ ਹਸਪਤਾਲਾਂ ਵਿੱਚ ਲਾਉਣ ਦੇ ਪ੍ਰਬੰਧ 'ਤੇ ਵੀ ਕੰਮ ਚੱਲ ਰਿਹਾ ਹੈ

ਕੀ ਕੋਵਿਡ-19 ਵੈਕਸੀਨ ਬੱਚਿਆਂ ਲਈ ਸੇਫ਼ ਹੈ?

ਭਾਰਤ ਵਿੱਚ ਬਾਇਓਟੈਕ ਦੀ ਕੋਰੋਨਾ ਵੈਕਸੀਨ ਨੂੰ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਐਮਰਜੈਂਸੀ ਵਿੱਚ ਇਸਤੇਮਾਲ ਕਰਨ ਦੀ ਮਨਜੂਰੀ ਮਿਲ ਗਈ ਹੈ।

ਨਾਲ ਹੀ ਭਾਰਤ ਦੇ ਡਰੱਗ ਕੰਟਰੋਲ ਜਨਰਲ ਨੇ ਇਸ ਵੈਕਸੀਨ ਨੂੰ 18 ਸਾਲ ਤੋਂ ਘੱਟ ਉਮਰ ਦੇ ਅਲੱੜ੍ਹ ਉਮਰ ਦੇ ਲੋਕਾਂ 'ਤੇ ਟਰਾਇਲ ਕਰਨ ਦੀ ਆਗਿਆ ਦੇ ਦਿੱਤੀ ਹੈ।

ਇਸ ਤਹਿਤ ਜਿਨ੍ਹਾਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਉਨ੍ਹਾਂ ਦੇ ਸਿਹਤ ਸੰਬੰਧੀ ਲੱਛਣਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ।

ਕੋਵਾਸ਼ੀਲਡ ਅਤੇ ਕੌਵੈਕਸੀਨ ਅਸਰ ਕਿਵੇਂ ਕਰਨਗੀਆਂ?

ਆਕਸਫੋਰਡ ਐਸਟ੍ਰਾਜੇਨੇਕਾ ਦੀ ਵੈਕਸੀਨ ਨੂੰ ਭਾਰਤ ਤੋਂ ਪਹਿਲਾਂ ਯੂਕੇ, ਅਰਜਨਟੀਨਾ ਅਤੇ ਅਲ ਸਲਵਾਡੋਰ ਵਿੱਚ ਐਮਰਜੈਂਸੀ ਇਸਤੇਮਾਲ ਦੀ ਮੰਨਜੂਰੀ ਮਿਲ ਚੁੱਕੀ ਹੈ। ਭਾਰਤ ਵਿੱਚ ਵੈਕਸੀਨ ਦੇ ਨਿਰਮਾਣ ਪੂਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੋਵੀਸ਼ੀਲਡ ਨਾਮ ਅਧੀਨ ਕਰ ਰਹੀ ਹੈ।

ਇਸ ਵੈਕਸੀਨ ਦਾ ਵਿਕਾਸ ਕਾਮਨ ਕੋਲਡ ਏਡੇਨੇਵਾਇਰਸ ਤੋਂ ਕੀਤਾ ਗਿਆ ਹੈ। ਚਿੰਮਪਾਂਜੀਆਂ ਨੂੰ ਲਾਗ਼ ਲਾਉਣ ਵਾਲੇ ਇਸ ਵਾਇਰਸ ਵਿੱਚ ਬਦਲਾਅ ਕੀਤੇ ਗਏ ਹਨ, ਤਾਂ ਕਿ ਮਨੁੱਖਾਂ ਨੂੰ ਲਾਗ਼ ਲੱਗਣ ਤੋਂ ਬਚਾਅ ਹੋ ਸਕੇ।

ਇਸ ਦੇ ਨਾਲ ਹੀ ਵੈਕਸੀਨ ਦਾ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ 23,745 ਲੋਕਾਂ 'ਤੇ ਪਰੀਖਣ ਕੀਤਾ ਗਿਆ ਹੈ।

ਜਦੋਂ ਕਿ ਕੋਵੈਕਸੀਨ ਦਾ ਵਿਕਾਸ ਇੰਡੀਅਨ ਮੈਡੀਕਲ ਕਾਉਂਸਲ (ਆਈਸੀਐਮਆਰ) ਅਤੇ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੇ ਸੰਯੁਕਤ ਰੂਪ ਵਿੱਚ ਕੀਤਾ ਹੈ।

ਇਸ ਦੇ ਨਿਰਮਾਣ ਵਿੱਚ ਮ੍ਰਿਤ ਕੋਰੋਨਾਵਾਇਰਸ ਦੀ ਵਰਤੋਂ ਕੀਤੀ ਗਈ ਹੈ, ਤਾਂ ਕਿ ਉਹ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਏ। ਜਾਣਕਾਰਾਂ ਮੁਤਾਬਿਕ ਇਹ ਵੈਕਸੀਨ ਸਰੀਰ ਵਿੱਚ ਜਾਣ ਤੋਂ ਬਾਅਦ ਕੋਰੋਨਾ ਲਾਗ਼ ਦੇ ਵਿਰੁੱਧ ਐਂਟੀਬਾਡੀਜ਼ ਪੈਦਾ ਕਰਦੀ ਹੈ। ਇਸ ਵੈਕਸੀਨ ਦਾ ਅਸਰ ਹੋਣ ਲਈ ਦੋ ਖ਼ੁਰਾਕਾਂ ਲੈਣੀਆਂ ਜ਼ਰੂਰੀ ਹਨ।

ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਕਾਰ ਦਾ ਮੰਤਵ ਜੁਲਾਈ 2021 ਤੱਕ 30 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨ ਲਾਉਣ ਦਾ ਹੈ

ਵੈਕਸੀਨ ਦੀ ਮਨਜੂਰੀ 'ਤੇ ਕਿਉਂ ਖੜੇ ਹੋਏ ਸਵਾਲ?

ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮੰਨਜ਼ੂਰੀ ਦਿੱਤੇ ਜਾਣ 'ਤੇ ਬਹੁਤ ਵਿਵਾਦ ਛਿੜਿਆ ਰਿਹਾ ਹੈ। ਦੋਵਾਂ ਹੀ ਵੈਕਸੀਨਾਂ ਦੀ ਕਾਰਗੁਜ਼ਾਰੀ ਯਾਨੀ ਅਸਰ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ।

ਭਾਰਤ ਬਾਇਓਟੈਕ ਦੀ ਬਣਾਈ ਕੋਵੈਕਸੀਨ ਦੇ ਤੀਜੇ ਗੇੜ ਦੇ ਟਰਾਇਲ ਹਾਲੇ ਚੱਲ ਰਹੇ ਹਨ ਅਤੇ ਕਾਰਗੁਜ਼ਾਰੀ ਅੰਕੜੇ ਹਾਲੇ ਤੱਕ ਉਪਲੱਬਧ ਨਹੀਂ ਹਨ। ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕਿਹੜੀ ਵੈਕਸੀਨ ਕਿੰਨੀ ਅਸਰਦਾਰ ਹੈ।

ਭਾਰਤ ਬਾਇਓਟੈਕ ਦੇ ਐਮਡੀ ਕ੍ਰਿਸ਼ਣਾ ਏਲ਼ਾ ਨੇ ਆਪਣੀ ਵੈਕਸੀਨ ਸੰਬੰਧੀ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਾਫ਼ੀ ਭਾਵਨਾਤਮਕ ਹੁੰਦੇ ਹੋਏ ਕਈ ਦਲੀਲਾਂ ਨਾਲ ਆਪਣੀ ਵੈਕਸੀਨ ਦਾ ਬਚਾਣ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਕਿਹਾ, "ਕਿਸੇ ਕੰਪਨੀ ਨੇ ਮੈਨੂੰ (ਕੋਵੈਕਸੀਨ ਨੂੰ) ਪਾਣੀ ਦਾ ਨਾਮ ਦਿੱਤਾ ਹੈ। ਇਸ ਕਰਕੇ ਮੈਨੂੰ ਇਹ ਦੱਸਣਾ ਪੈ ਰਿਹਾ ਹੈ। ਜੇ ਮੈਂ ਥੋੜ੍ਹਾ ਨਾਰਾਜ਼ਗੀ ਨਾਲ ਬੋਲਾਂ ਤਾਂ ਮੈਨੂੰ ਮੁਆਫ਼ ਕਰੀਓ। ਇਸ ਸਭ ਨਾਲ ਦੁੱਖ ਹੁੰਦਾ ਹੈ। ਇੱਕ ਵਿਗਿਆਨਿਕ ਨੂੰ ਦੁੱਖ ਹੁੰਦੈ ਹੈ ਜੋ 24 ਘੰਟੇ ਕੰਮ ਕਰਦਾ ਹੈ। ਕਿਉਂਕਿ ਉਸ ਨੂੰ ਲੋਕਾਂ ਵਲੋਂ ਅਲੋਚਣਾ ਮਿਲਦੀ ਹੈ। ਉਹ ਵੀ ਲੋਕਾਂ ਦੇ ਸੁਆਰਥੀ ਕਾਰਨਾਂ ਕਰਕੇ। ਇਸ ਨਾਲ ਦੁੱਖ ਹੁੰਦਾ ਹੈ।"

ਕਈ ਵਿਗਿਆਨੀਕਾਂ ਨੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਪ੍ਰੀਕਿਰਿਆ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ, "ਇਹ ਰੈਗੂਲੇਟਰੀ ਦੇ ਮਾਪਦੰਡਾਂ 'ਤੇ ਹੀ ਖਰੀ ਨਹੀਂ ਉੱਤਰਦੀ।"

ਹਾਲਾਂਕਿ ਸਿਹਤ ਮੰਤਰੀ ਹਰਸ਼ ਵਰਧਨ ਨੇ ਕੋਵੈਕਸੀਨ ਦੇ ਨਿਰਮਾਣ ਨੂੰ "ਵੈਕਸੀਨ ਸੁਰੱਖਿਆ ਲਈ ਇੱਕ ਸੋਚਿਆ ਸਮਝਿਆ ਕਦਮ" ਦੱਸਿਆ ਅਤੇ ਕਿਹਾ ਕਿ " ਹਰ ਉਸ ਵਿਅਕਤੀ ਨੂੰ ਜਿਸਨੂੰ ਵੈਕਸੀਨ ਮਿਲੇਗੀ ਟਰੈਕ ਅਤੇ ਮੌਨੀਟਰ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਮੈਡੀਕਲ ਫ਼ੌਲੋਅਪ ਵੀ ਹੁੰਦਾ ਰਹੇਗਾ।"

ਦਿੱਲੀ ਦੇ ਏਮਜ਼ ਹਸਪਤਾਲ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਵੀ 'ਕੋਵੈਕਸੀਨ ਦੀ ਮਨਜ਼ੂਰੀ ਨੂੰ ਇੱਕ ਬੈਕਅੱਪ 'ਦੱਸਿਆ ਹੈ।

ਭਾਰਤ ਵਿੱਚ ਕੋਵਿਡ-19 ਵੈਕਸੀਨ ਦੇ ਭੰਡਾਰ ਅਤੇ ਸੰਚਾਰ ਦੇ ਕੀ ਪ੍ਰਬੰਧ ਹਨ?

ਸਰਕਾਰ ਦੀ ਯੋਜਨਾ ਹੈ ਕਿ ਵੈਕਸੀਨ ਪਹਿਲਾਂ ਨਿਰਮਾਤਾਵਾਂ ਤੋਂ ਚਾਰ ਵੱਡੇ ਕੋਲਡ ਸਟੋਰਾਂ ਕੇਂਦਰਾਂ (ਕਰਨਾਲ, ਮੁੰਬਈ, ਚੇਨੱਈ ਅਤੇ ਕੋਲਕਾਤਾ) ਤੱਕ ਪਹੁੰਚਾਈ ਜਾਵੇਗੀ ਜਿਥੋਂ 37 ਸੂਬਿਆਂ ਦੇ ਸਰਕਾਰੀ ਸਟੋਰਾਂ ਵਿੱਚ ਭੇਜੀ ਜਾਵੇਗੀ।

ਸਮਾਚਾਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਿਕ, ਇਸ ਟੀਕਾਕਰਨ ਮੁਹਿੰਮ ਲਈ ਸਰਕਾਰ ਨੇ ਦੇਸ ਭਰ 'ਚ ਕਰੀਬ 29 ਹਜ਼ਾਰ ਕੋਲਡ ਸਟੋਰ ਤਿਆਰ ਕੀਤੇ ਹਨ।

ਇਸ ਤੋਂ ਬਾਅਦ ਵੈਕਸੀਨ ਦੀਆਂ ਪੈਕਿੰਗਾਂ ਨੂੰ ਜ਼ਿਲ੍ਹਾ ਪੱਧਰ ਦੇ ਸਟੋਰਾਂ ਤੱਕ ਭੇਜਿਆ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਟੀਕਾਕਰਨ ਦੀ ਪ੍ਰੀਕਿਰਿਆ ਪੂਰਾ ਕਰਨ ਦੇ ਉਦੇਸ਼ ਨਾਲ ਕਰੀਬ ਸਾਢੇ ਚਾਰ ਲੱਖ ਕਰਮੀਆਂ ਨੂੰ ਸਿਖਲਾਈ ਦਿੱਤੀ ਗਈ ਹੈ।

ਭਾਰਤ ਅਤੇ ਦੁਨੀਆਂ ਵਿੱਚ ਹੋਰ ਕਿਹੜੀਆਂ ਕੋਵਿਡ-19 ਵੈਕਸੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ?

ਕੇਂਦਰੀ ਸਿਹਤ ਵਿਭਾਗ ਨੇ ਪਿਛਲੇ ਸਾਲ ਦਸੰਬਰ ਵਿੱਚ ਜਾਣਕਾਰੀ ਦਿੱਤੀ ਸੀ ਕਿ ਉਸ ਸਮੇਂ ਦੇਸ ਵਿੱਚ ਅੱਠ ਕੋਰੋਨਾ ਵੈਕਸੀਨਾਂ ਬਣ ਰਹੀਆਂ ਹਨ ਜੋ ਕਲੀਨੀਕਲ ਟਰਾਇਲਾਂ ਦੇ ਵੱਖ ਵੱਖ ਪੜਾਵਾਂ 'ਤੇ ਹਨ।

ਕੋਵਿਡਸ਼ੀਲ ਅਤੇ ਕੋਵੈਕਸੀਨ ਤੋਂ ਇਲਾਵਾ ਇਨ੍ਹਾਂ ਦੇ ਨਾਮ ਹਨ:

ZyCoV-D - ਕੈਡੀਲਾ ਹੈਲਥਕੇਅਰ ਦੀ ਇਹ ਵੈਕਸੀਨ ਡੀਐਨਏ ਪਲੇਟਫ਼ਾਰਮ 'ਤੇ ਬਣਾਈ ਜਾ ਰਹੀ ਹੈ। ਇਸ ਲਈ ਕੈਡੀਲਾ ਨੇ ਬਾਇਓਟੈਕਨਾਲੌਜੀ ਵਿਭਾਗ ਦੇ ਨਾਲ ਸਹਿਯੋਗ ਕੀਤਾ ਹੈ। ਇਸਦੇ ਤੀਸਰੇ ਗੇੜ ਕਲੀਨੀਕਲ ਟਰਾਇਲ ਜਾਰੀ ਹੈ।

ਸਪੁਤਨਿਕ-ਵੀ - ਇਹ ਰੂਸ ਦੀ ਗੇਮਾਲਾਇਆ ਨੈਸ਼ਨਲ ਸੈਂਟਰ ਦੀ ਬਣਾਈ ਹੋਈ ਵੈਕਸੀਨ ਹੈ ਜੋ ਹਿਊਮਨ ਏਡੇਨੋਵਾਇਰਸ ਪਲੇਟਫ਼ਾਰਮ 'ਤੇ ਬਣਾਈ ਜਾ ਰਹੀ ਹੈ।

ਵੱਡੇ ਪੈਨਾਨੇ 'ਤੇ ਇਸ ਦਾ ਉਤਪਾਦਨ ਹੈਦਰਾਬਾਦ ਦੀ ਡਾਕਟਰ ਰੈਡੀਜ਼ ਪ੍ਰਯੋਗਸ਼ਾਲਾ ਕਰ ਰਹੀ ਹੈ। ਇਹ ਵੈਕਸੀਨ ਤੀਸਰੇ ਗੇੜ ਦੇ ਕਲੀਨੀਕਲ ਟਰਾਇਲ ਤੱਕ ਪਹੁੰਚ ਚੁੱਕੀ ਹੈ।

ਅਮਰੀਕਾ ਦੀ ਐਮਆਈਟੀ ਦੀ ਬਣਾਈ ਪ੍ਰੋਟੀਨ ਐਂਟੀਜੇਨ ਆਧਾਰਿਤਵੈਕਸੀਨ ਦਾ ਉਤਪਾਦਨ ਹੈਦਰਾਬਾਦ ਦੀ ਬਾਇਓਲਾਜੀਕਲ ਈ ਲਿਮੀਟਡ ਕਰ ਰਹੀ ਹੈ। ਇਸ ਦੇ ਪਹਿਲੇ ਅਤੇ ਦੂਸਰੇ ਗੇੜ ਦੇ ਮਨੁੱਖੀ ਕਲੀਨੀਕਲ ਟਰਾਇਲ ਸ਼ੁਰੂ ਹੋ ਚੁੱਕੇ ਹਨ।

HGCO 19 - ਅਮਰੀਕਾ ਦੀ ਐਮਆਰਐਨਏ ਆਧਾਰਿਤ ਇਸ ਵੈਕਸੀਨ ਦਾ ਉਤਪਾਦਨ ਪੁਣੇ ਦੀ ਜਿਨੇਵਾ ਨਾਮ ਦੀ ਕੰਪਨੀ ਕਰ ਰਹੀ ਹੈ। ਇਸ ਵੈਕਸੀਨ ਦੇ ਜਾਨਵਰਾਂ 'ਤੇ ਹੋਣ ਵਾਲੇ ਟਰਾਇਲ ਮੁਕੰਮਲ ਹੋ ਚੁੱਕੇ ਹਨ ਅਤੇ ਜਲਦ ਹੀ ਇਸ ਦੇ ਪਹਿਲੇ ਅਤੇ ਦੂਜੇ ਗੇੜ ਦੇ ਮਨੁੱਖੀ ਕਲੀਨੀਕਲ ਟਰਾਇਲ ਸ਼ੁਰੂ ਹੋਣ ਵਾਲੇ ਹਨ।

ਅਮਰੀਕਾ ਦੀ ਔਰੋਵੇਕਸੀਨ ਦੇ ਨਾਲ ਮਿਲ ਕੇ ਭਾਰਤ ਦੀ ਅਰਬਿੰਦੂ ਫ਼ਾਰਮਾ ਇੱਕ ਵੈਕਸੀਨ ਬਣਾ ਰਹੀ ਹੈ ਜੋ ਹਾਲ ਦੀ ਘੜੀ ਪ੍ਰੀ-ਡੀਵੈਲਪਮੈਂਟ (ਨਿਰਮਾਣ ਦੇ ਮੁੱਢਲੇ ਪੱਧਰ 'ਤੇ) ਪੱਧਰ 'ਤੇ ਹੈ।

ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਦਾ ਕਹਿਣਾ ਹੈ ਕਿ ਜੇ ਕੋਈ ਵੈਕਸੀਨ 50 ਫ਼ੀਸਦ ਤੱਕ ਕਾਰਗਰ ਹੁੰਦੀ ਹੈ

ਵੈਕਸੀਨ ਕਿਵੇਂ ਬਣਦੀ ਹੈ ਅਤੇ ਉਸ ਨੂੰ ਉਕੇ ਕੌਣ ਕਰਦਾ ਹੈ?

ਭਾਰਤ ਵੈਕਸੀਨ ਬਣਾਉਣ ਦਾ ਪਾਵਰ ਹਾਊਸ ਹੈ ਇਥੇ ਦੁਨੀਆਂ ਭਰ ਦੀ 60 ਫ਼ੀਸਦ ਵੈਕਸੀਨ ਦਾ ਉਤਪਾਦਨ ਹੁੰਦਾ ਹੈ।

ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਪ੍ਰੋਗਰਾਮ ਵੀ ਭਾਰਤ ਵਿੱਚ ਹੀ ਚੱਲਦਾ ਹੈ ਜਿਸ ਤਹਿਤ ਸਲਾਨਾ 5.5 ਕਰੋੜ ਔਰਤਾਂ ਅਤੇ 39 ਕਰੋੜ ਨਵਜਨਮੇਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ।

ਸਭ ਤੋਂ ਪਹਿਲਾਂ ਕਿਸੇ ਵੀ ਵੈਕਸੀਨ ਦੇ ਪ੍ਰਯੋਗਸ਼ਾਲਾ ਵਿੱਚ ਟੈਸਟ ਹੁੰਦੇ ਹਨ। ਫ਼ਿਰ ਉਸ ਨੂੰ ਜਾਨਵਰਾਂ 'ਤੇ ਟੈਸਟ ਕੀਤਾ ਜਾਂਦਾ ਹੈ।

ਇਸਤੋਂ ਬਾਅਦ ਅਲੱਗ ਅਲੱਗ ਪੜਾਵਾਂ ਵਿੱਚ ਇਸਦਾ ਮਨੁੱਖਾਂ 'ਤੇ ਨਰੀਖਣ ਕੀਤਾ ਜਾਂਦਾ ਹੈ। ਫ਼ਿਰ ਅਧਿਐਨ ਕਰਦੇ ਹਨ ਕਿ ਕੀ ਇਹ ਸੁਰੱਖਿਅਤ ਹੈ, ਕੀ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੱਧੀ ਹੈ ਅਤੇ ਕੀ ਇਹ ਪ੍ਰਯੋਗਿਕ ਰੂਪ ਵਿੱਚ ਕੰਮ ਕਰ ਰਹੀ ਹੈ।

ਸਭ ਤੋਂ ਵੱਧ ਬਣਨ ਵਾਲੀਆਂ 3 ਵੈਕਸੀਨਾਂ ਇਹ ਹੁੰਦੀਆਂ ਹਨ:

ਲਾਈਵ ਵੈਕਸੀਨ

ਲਾਈਵ ਵੈਕਸੀਨ ਦੀ ਸ਼ੁਰੂਆਤ ਇੱਕ ਵਾਇਰਸ ਨਾਲ ਹੁੰਦੀ ਹੈ ਪਰ ਇਹ ਵਾਇਰਸ ਹਾਨੀਕਾਰਕ ਨਹੀਂ ਹੁੰਦੇ ਹਨ।

ਇਨਾਂ ਨਾਲ ਬੀਮਾਰੀਆਂ ਨਹੀਂ ਹੁੰਦੀਆਂ ਹਨ ਪਰ ਸਰੀਰ ਦੇ ਸੈੱਲਾਂ ਨਾਲ ਮਿਲਕੇ ਆਪਣੀ ਸੰਖਿਆ ਨੂੰ ਵਧਾਉਂਦੇ ਹਨ। ਇਸ ਨਾਲ ਸਰੀਰ ਦਾ ਰੋਗ ਪ੍ਰਤੀਰੋਧਕ ਤੰਤਰ ਸਰਗਰਮ ਹੋ ਜਾਂਦਾ ਹੈ।

ਇਸ ਤਰ੍ਹਾਂ ਦੀ ਵੈਕਸੀਨ ਵਿੱਚ ਬੀਮਾਰੀਆਂ ਵਾਲੇ ਵਾਇਰਸ ਨਾਲ ਮੇਲ ਖਾਂਦੇ ਜੈਨੇਟਕ ਕੋਡਾਂ ਅਤੇ ਉਸ ਤਰ੍ਹਾਂ ਦੇ ਸਤਹ ਵਾਲੇ ਪ੍ਰੋਟੀਨਾਂ ਵਾਲੇ ਵਾਇਰਸ ਹੁੰਦੇ ਹਨ ਜੋ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਜਦੋਂ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਉਸ ਦੇ ਸਰੀਰ 'ਚ ਇਨਾਂ 'ਚੰਗੇ' ਵਾਇਰਸਾਂ ਕਰਕੇ ਬੁਰੇ ਵਾਇਰਸਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਪੈਦਾ ਹੋ ਜਾਂਦੀ ਹੈ।

ਅਜਿਹੇ ਵਿੱਚ ਜਦੋਂ ਸਰੀਰ ਵਿੱਚ ਕੋਈ ਬੁਰਾ ਵਾਇਰਸ ਦਾਖ਼ਲ ਹੁੰਦਾ ਹੈ ਤਾਂ ਸਰੀਰ ਦੇ ਪ੍ਰਤਰੋਧਕ ਤੰਤਰ ਕਰਕੇ ਕੋਈ ਨੁਕਸਾਨ ਨਹੀਂ ਪਹੁੰਚਾ ਪਾਉਂਦਾ।

ਇੰਨਐਕਟੀਵੇਟਿਡ ਵੈਕਸੀਨ

ਇਸ ਤਰ੍ਹਾਂ ਦੀ ਵੈਕਸੀਨ ਵਿੱਚ ਕਈ ਸਾਰੇ ਵਾਇਰਲ ਪ੍ਰੋਟੀਨ ਅਤੇ ਇੰਨਐਕਟੀਵੇਡਿਟ (ਅਕ੍ਰਿਆਸ਼ੀਲ) ਵਾਇਰਸ ਹੁੰਦੇ ਹਨ। ਬੀਮਾਰ ਕਰਨ ਵਾਲੇ ਵਾਇਰਸਾਂ ਨੂੰ ਪੈਥੋਜਨ ਜਾਂ ਰੋਗਰੋਧਕ ਕਿਹਾ ਜਾਂਦਾ ਹੈ।

ਇੰਨਐਕਟੀਵੇਟਿਡ ਵੈਕਸੀਨ ਵਿੱਚ ਮਰੇ ਹੋਏ ਰੋਗਰੋਧਕ ਹੁੰਦੇ ਹਨ। ਇਹ ਮਰੇ ਹੋਏ ਰੋਗਰੋਧਕ ਸਰੀਰ ਵਿੱਚ ਜਾ ਕੇ ਆਪਣੀ ਗਿਣਤੀ ਨਹੀਂ ਵਧਾ ਸਕਦੇ ਪਰ ਸਰੀਰ ਇਨ੍ਹਾਂ ਨੂੰ ਬਾਹਰੀ ਹਮਲਾ ਹੀ ਮੰਨਦਾ ਹੈ ਅਤੇ ਇਸ ਦੇ ਵਿਰੁੱਧ ਸਰੀਰ ਵਿੱਚ ਰੋਗ ਪ੍ਰਤੀਰੋਧਕ ਵਿਕਸਿਤ ਹੋਣ ਲੱਗਦੇ ਹਨ।

ਇੰਨਐਕਟੀਵੇਟਿਡ ਵਾਇਰਸ ਨਾਲ ਬੀਮਾਰੀ ਦਾ ਕੋਈ ਖ਼ਤਰਾ ਨਹੀਂ ਹੁੰਦਾ। ਅਜਿਹੇ ਵਿੱਚ ਸਰੀਰ ਵਿੱਚ ਵਿਕਸਿਤ ਹੋਏ ਐਂਟੀਬਾਡੀਜ਼ ਵਿੱਚ ਅਸਲ ਵਾਇਰਸ ਆਉਣ 'ਤੇ ਵੀ ਬੀਮਾਰੀ ਨਹੀਂ ਫ਼ੈਲਦੀ ਅਤੇ ਇਹ ਇੱਕ ਭਰੋਸੇਯੋਗ ਤਰੀਕਾ ਦੱਸਿਆ ਜਾਂਦਾ ਹੈ।

*ਜੀਨ ਆਧਾਰਿਤ ਵੈਕਸੀਨ

ਅਕ੍ਰਿਆਸ਼ੀਲ ਵੈਕਸੀਨ ਦੇ ਮੁਕਾਬਲੇ ਵਿੱਚ ਜੀਨ ਆਧਾਰਿਤ ਵੈਕਸੀਨ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਨ੍ਹਾਂ ਦਾ ਉਤਪਾਦਨ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ।

ਜ਼ਾਹਰ ਹੈ, ਕੋਰੋਨਾ ਵਾਇਰਸ ਦੀ ਵੈਕਸੀਨ ਦੀਆਂ ਕਰੋੜਾਂ ਖ਼ੁਰਾਕਾਂ ਦੀ ਇਕੋ ਸਮੇਂ ਲੋੜ ਹੋਵੇਗੀ। ਜਿਨ ਆਧਾਰਿਤ ਵੈਕਸੀਨ ਵਿੱਚ ਕੋਰੋਨਾ ਵਾਇਰਸ ਦੇ ਡੀਐਨਏ ਜਾਂ ਐਮ-ਆਰਐਨਏ ਦੀ ਪੂਰੀ ਜੇਨੇਟਿਕ ਬਣਤਰ ਮੌਜੂਦ ਹੋਵੇਗੀ।

ਇਨਾਂ ਪੈਥੋਜਨਾਂ ਵਿੱਚ ਜੇਨੇਟਿਕ ਜਾਣਕਾਰੀ ਦੀਆਂ ਅਹਿਮ ਬਣਤਰਾਂ ਨੈਨੋਪਾਰਟੀਕਲਾਂ ਵਿੱਚ ਪੈਕ ਸੈੱਲਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।

ਇਹ ਸਰੀਰ ਲਈ ਨੁਕਸਾਨਦਾਇਕ ਨਹੀਂ ਹੁੰਦੀ ਅਤੇ ਜਦੋਂ ਇਹ ਜੇਨੇਟਿਕ ਜਾਣਕਾਰੀ ਸੈੱਲਾਂ ਨੂੰ ਮਿਲਦੀ ਹੈ ਤਾਂ ਉਹ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਰ ਨੂੰ ਸਰਗਰਮ ਕਰ ਦਿੰਦੀ ਹੈ। ਜਿਸ ਨਾਲ ਬੀਮਾਰੀ ਨੂੰ ਖ਼ਤਮ ਕੀਤਾ ਜਾਂਦਾ ਹੈ।

ਭਾਰਤ ਵਿੱਚ ਕਿਸੇ ਵੀ ਵੈਕਸੀਨ ਦੇ ਨਿਰਮਾਣ ਦੀ ਪ੍ਰੀਕਿਰਿਆ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਿਤ ਪੈਮਾਨਿਆਂ ਦੇ ਆਧਾਰ 'ਤੇ ਹੀ ਹੁੰਦੀ ਹੈ ਜਿਸ ਦੀ ਸਾਰੇ ਪੜਾਵਾਂ ਦੀ ਸਮੀਖਿਆ 'ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ' ਨਾਮ ਦੀ ਸੰਸਥਾ ਕਰਦੀ ਹੈ।

ਡੀਜੀਸੀਆਈ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਕਿਸੇ ਵੈਕਸੀਨ ਦੇ ਵੱਡੇ ਪੱਧਰ 'ਤੇ ਨਿਰਮਾਣ ਦੀ ਮੰਨਜੂਰੀ ਮਿਲਦੀ ਹੈ।

ਗੁਣਵੱਤਾ ਨਿਯੰਤਰਣ ਯਾਨੀ ਕਵਾਲਿਟੀ ਕੰਟਰੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਕਸੀਨ ਦੇ ਵੱਡੇ ਪੱਧਰ 'ਤੇ ਉਤਪਾਦਨ ਦੇ ਮਾਨਕ ਤਿਆਰ ਕੀਤੇ ਜਾਂਦੇ ਹਨ ਅਤੇ ਗੁਣਵੱਤਾ ਬਣਾਈ ਰੱਖਣ ਲਈ ਸਮੇਂ ਸਮੇਂ 'ਤੇ ਵਿਗਿਆਨਕਾਂ ਅਤੇ ਰੈਗੂਲੇਟਰੀ ਅਧਿਕਾਰੀਆਂ ਦੁਆਰਾ ਚੈਂਕਿੰਗ ਹੁੰਦੀ ਰਹਿੰਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)