ਦਿਲਜੀਤ ਦੋਸਾਂਝ ਨੇ CBDT ਵੱਲੋਂ ਜਾਰੀ ਪਲੈਟਿਨਮ ਸਰਟੀਫਿਕੇਟ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ- ਪ੍ਰੈੱਸ ਰਿਵੀਊ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸੀਬੀਡੀਟੀ ਵੱਲੋਂ ਉਨ੍ਹਾਂ ਨੂੰ ਜਾਰੀ ਹੋਏ ਸਰਟੀਫਿਕੇਟ ਨੂੰ ਜਾਰੀ ਕੀਤਾ ਹੈ। ਇਸ ਸਰਟੀਫਿਕੇਟ ਵਿੱਚ ਉਨ੍ਹਾਂ ਨੂੰ ਭਾਰਤ ਦੇ ਟੈਕਸ ਪੇਅਰ ਵਜੋਂ ਸਨਮਾਨਿਤ ਕੀਤਾ ਗਿਆ ਹੈ।

ਇਸ ਸਰਟੀਫਿਕੇਟ ਨੂੰ ਸਰਕਾਰ ਨੇ ਪਹਿਲਾਂ ਉਨ੍ਹਾਂ ਦੇ ਕੀਤੇ 'ਯੋਗਦਾਨਾਂ' ਲਈ ਧੰਨਵਾਦ ਕਰਦਿਆਂ ਦਿੱਤਾ ਸੀ।

ਟਵੀਟ ਵਿੱਚ ਦਿਲਜੀਤ ਦੋਸਾਂਝ ਨੇ ਲਿਖਿਆ, “"ਜੀ ਤਾਂ ਨਹੀਂ ਸੀ ਕਰਦਾ ਪਰ ਆਹ ਲਓ...ਅੱਜ ਹਾਲਾਤ ਇਹ ਬਣ ਗਏ ਆ ਕਿ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਹੋਣ ਦੇ ਵੀ ਸਬੂੀਤ ਦੇਣਾ ਪੈ ਰਿਹਾ...ਐਨੀ hate ਐਨੀ ਨਫ਼ਰਤ ਨਾਲ ਫ਼ੈਲਾਉ ਬੁੱਗੇ...ਹਵਾ ਵਿੱਚ ਤੀਰ ਨਹੀਂ ਚਲਾਈਦੇ... ਇੱਧਰ ਉੱਧਰ ਵੱਜ ਜਾਂਦੇ ਹੁੰਦੇ ਆ।"

ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਉਸੇ ਸਰਟੀਫਿਕੇਟ ਦੀ ਫ਼ੋਟੋ ਨਾਲ ਇੱਕ ਹੋਰ ਟਵੀਟ ਕੀਤਾ, “ਆਹ ਲਓ ਫੜ ਲਓ ਮੇਰਾ ਪਲਾਟੀਨਮ ਸਰਟੀਫਿਕੇਟ। ਇਸ ਮਹਾਨ ਦੇਸ਼ ਨੂੰ ਬਣਾਉਣ ਵਿੱਚ ਯੋਗਦਾਨ ਦੇ ਸਨਮਾਨ ਵਿੱਚ।

ਟਵਿੱਟਰ 'ਤੇ ਬੈਹ ਕੇ ਆਪਣੇ ਆਪ ਨੂੰ ਦੇਸ਼ ਭਗਤ ਦੱਸਣ ਨਾਲ ਤੁਸੀਂ ਦੇਸ਼ ਭਗਤ ਨਹੀਂ ਬਣ ਜਾਂਦੇ.. ਓਦੇ ਲਈ ਕੰਮ ਕਰਨਾ ਪੈਂਦਾ.."

ਇਹ ਵੀ ਪੜ੍ਹੋ

ਗੋਬਰ ਸੁੱਟਣ ਵਾਲੇ ਕਿਸਾਨਾਂ ਖ਼ਿਲਾਫ਼ ਕੀਤੀFIR ਰੱਦ ਨਾ ਹੋਈ ਤਾਂ ਰੋਡ ਕਰਾਂਗੇ ਬੰਦ

ਭਾਰਤੀ ਕਿਸਾਨ ਯੁਨੀਅਨ (ਰਾਜੇਵਾਲ) ਦੇ ਮੈਂਬਰਾਂ ਨੇ ਬੀਜੇਪੀ ਲੀਡਰ ਤਿਕਸ਼ਨ ਸੂਦ ਦੇ ਘਰ ਬਾਹਰ ਗੋਬਰ ਸੁੱਟਣ ਵਾਲਿਆਂ ਦੇ ਖ਼ਿਲਾਫ਼ ਕੀਤੀ ਗਈ ਐੱਫਆਈਆਰ ਨੂੰ ਵਾਪਸ ਲੈਣ ਲਈ ਚੇਤਾਵਨੀ ਦਿੱਤੀ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਉਨ੍ਹਾਂ ਕਿਹਾ ਕਿ ਜੇਕਰ 6 ਜਨਵਰੀ ਤੱਕ ਕਿਸਾਨਾਂ ਖ਼ਿਲਾਫ਼ ਕੀਤੀ ਗਈ ਐਫਆਈਆਰ ਨੂੰ ਨਹੀਂ ਰੱਦ ਕਰਨਗੇ ਤਾਂ ਉਹ ਜਲੰਧਰ ਦੇ ਸਾਰੇ ਰੋਡ ਬੰਦ ਕਰ ਦੇਣਗੇ।

ਮੈਂਬਰਾਂ ਦਾ ਕਹਿਣਾ ਹੈ ਕਿ ਕਿਸਾਨਾਂ 'ਚ ਤਿਕਸ਼ਨ ਸੂਦ ਵਲੋਂ ਦਿੱਲੀ ਬਾਰਡਰ ਦੇ ਬੈਠੇ ਕਿਸਾਨਾਂ ਦੀਆਂ ਹੋਈਆਂ ਮੌਤਾਂ ਤੋਂ ਬਾਅਦ ਦਿੱਤੇ ਬਿਆਨ ਕਰਕੇ ਰੋਸ ਹੈ।

ਦੂਜੇ ਪਾਸੇ ਬੀਜੇਪੀ ਲੀਡਰ ਤਿਕਸ਼ਨ ਸੂਦ ਦਾ ਕਹਿਣਾ ਹੈ, "ਇਸ ਮਾਮਲੇ ਵਿੱਚ ਧਾਰਾ 307 ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੋ ਵਾਰ ਮੇਰੇ ਘਰ ਅੰਦਰ ਟ੍ਰੈਕਟਰਾਂ ਨਾਲ ਵੜਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਆਪਣੀ ਸ਼ਿਕਾਇਤ 'ਤੇ ਅੜੇ ਹਾਂ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।"

ਇਹ ਵੀ ਪੜ੍ਹੋ

ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਛੱਡੇ ਅਥਰੂ ਗੈਸ ਦੇ ਗੋਲੇ

ਹਰਿਆਣਾ ਪੁਲਿਸ ਨੇ ਐਤਵਾਰ ਨੂੰ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਲਈ ਅਥਰੂ ਗੈਸ ਦੇ ਗੋਲੇ ਛੱਡੇ। ਇਹ ਕਿਸਾਨ ਜ਼ਿਆਦਾਤਰ ਰਾਜਸਥਾਨ ਦੇ ਦੱਸੇ ਜਾ ਰਹੇ ਹਨ ਜੋ ਕਿ ਦਿੱਲੀ ਦੇ ਬਾਰਡਰਾਂ 'ਤੇ ਹੋ ਰਹੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਸਨ।

ਇੰਡੀਅਨ ਐਕਪ੍ਰੈਸ ਅਖ਼ਬਾਰ ਮੁਤਾਬਕ ਐਤਵਾਰ ਨੂੰ ਕਰੀਬ ਸ਼ਾਮ 4 ਵਜੇ ਇਹ ਘਟਨਾ ਗੁਰੂਗ੍ਰਾਮ ਤੋਂ ਕਰੀਬ 16 ਕਿਲੋਮੀਟਰ ਦੂਰ ਰੇਵਾੜੀ ਜ਼ਿਲ੍ਹੇ ਦੇ ਸੰਘਵਾੜੀ ਪਿੰਡ ਦੀ ਹੈ।

ਡੀਐਸਪੀ ਰਾਜੇਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, "ਉਹ ਪ੍ਰਦਰਸ਼ਨਕਾਰੀ ਦਿੱਲੀ ਜਾ ਕੇ ਕਿਸਾਨਾਂ ਲਈ ਲੰਗਰ ਦੀ ਸੇਵਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਇਜਾਜ਼ਤ ਵੀ ਦਿੱਤੀ ਗਈ। ਪਰ ਉਹ ਗਰੁੱਪਾਂ 'ਚ ਆਏ ਅਤੇ ਉਨ੍ਹਾਂ ਨੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ।

ਵੀਰਵਾਰ ਨੂੰ ਕਰੀਬ 300 ਕਿਸਾਨ ਰਾਜਸਥਾਨ-ਹਰਿਆਣਾ ਬਾਰਡਰ 'ਤੇ ਬੈਰੀਕੇਡਿੰਗ ਤੋੜ ਕੇ ਅੱਗੇ ਵੱਧੇ ਸਨ। ਐਤਵਾਰ ਨੂੰ 50 ਹੋਰ ਕਿਸਾਨਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)