ਮੌਸਮ ਵਿਭਾਗ ਸ਼ਰਾਬ ਨਾ ਪੀਣ ਦੀ ਚੇਤਾਵਨੀ ਕਿਉਂ ਦੇ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਮੌਸਮ ਵਿਭਾਗ ਨੇ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਤੋਂ ਲੈ ਕੇ ਅਗਲੇ ਕਈ ਦਿਨਾਂ ਤੱਕ ਸ਼ੀਤ ਲਹਿਰ ਚੱਲਣ ਅਤੇ ਤਾਪਮਾਨ ਕਾਫ਼ੀ ਘੱਟ ਰਹਿਣ ਦੀ ਸੂਚਨਾ ਦਿੱਤੀ ਹੈ।
ਇਨ੍ਹਾਂ ਇਲਾਕਿਆਂ ਵਿੱਚ ਦਿੱਲੀ ਐਨਸੀਆਰ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸ਼ਾਮਿਲ ਹਨ ਜਿੱਥੇ ਬੀਤੇ ਕੁਝ ਦਿਨਾਂ ਤੋਂ ਤਾਪਮਾਨ ਸਿਫ਼ਰ ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਸਵੇਰ ਸਮੇਂ ਖੁੱਲ੍ਹੀਆਂ ਥਾਵਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਇਸ ਦੇ ਨਾਲ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਜਿਹਾ ਕਰਨ ਨਾਲ ਹਾਈਪੋਥਰਮੀਆ ਅਤੇ ਫ਼੍ਰਾਸਟਬਾਈਟ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।
ਹਾਈਪੋਥਰਮੀਆਂ ਹੋਣ 'ਤੇ ਤੁਹਾਡਾ ਸਰੀਰ ਅਸਧਾਰਨ ਰੂਪ ਵਿੱਚ ਘੱਟ ਤਾਪਮਾਨ ਤੱਕ ਪਹੁੰਚਣ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਉੱਥੇ ਹੀ ਫ਼੍ਰਾਸਟਬਾਈਟ ਯਾਨੀ ਕਿ ਠੰਡ ਨਾਲ ਸਰੀਰ ਦੇ ਕਿਸੇ ਹਿੱਸੇ ਜਿਵੇਂ ਹੱਥਾਂ ਪੈਰਾਂ ਦੀਆਂ ਉਂਗਲਾਂ, ਚਹਿਰਾ ਅਤੇ ਪਲਕਾਂ ਸੁੰਨ ਹੋ ਸਕਦੀਆਂ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੌਸਮ ਵਿਭਾਗ ਦੀ ਖ਼ਾਸ ਚੇਤਾਵਨੀ
ਮੌਸਮ ਵਿਭਾਗ ਨੇ ਆਪਣੇ ਨਿਰਦੇਸ਼ਾਂ ਵਿੱਚ ਸ਼ਰਾਬ ਨਾ ਪੀਣ ਦੀ ਸਲਾਹ ਵੀ ਦਿੱਤੀ ਹੈ। ਕਿਉਂਕਿ ਮੌਸਮ ਵਿਭਾਗ ਮੁਤਾਬਕ ਸ਼ਰਾਬ ਪੀਣ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ।
ਬੀਬੀਸੀ ਨੇ ਇਸ ਸਬੰਧੀ ਭਾਰਤੀ ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨਾਲ ਗੱਲਬਾਤ ਕੀਤੀ ਅਤੇ ਇਸ ਦਾ ਕਾਰਨ ਪੁੱਛਿਆ।
ਸ੍ਰੀਵਾਸਤਵ ਦੱਸਦੇ ਹਨ, "ਦਿੱਲੀ ਐਨਸੀਆਰ ਇਲਾਕੇ ਵਿੱਚ ਹਾਲੇ ਸ਼ੀਤ ਲਹਿਰ ਦੀ ਸਮੱਸਿਆ ਚੱਲ ਰਹੀ ਹੈ। ਅਜਿਹੇ ਵਿੱਚ ਤਾਪਮਾਨ ਚਾਰ ਡਿਗਰੀ ਜਾਂ ਉਸ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸਵੇਰ ਵੇਲੇ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।"
"ਤੇ ਜੇ ਤੁਸੀਂ ਸਫ਼ਰ ਕਰ ਰਹੇ ਹੋਵੋਂ ਤਾਂ ਸਵੇਰ ਸਮੇਂ ਧੁੰਦ ਕਰਕੇ ਵਿਜ਼ੀਬਿਲਟੀ ਵੀ ਘੱਟ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਫ਼ਾਗ ਲਾਈਟ ਦੀ ਵਰਤੋਂ ਕਰੋ ਅਤੇ ਗੱਡੀ ਹੌਲੀ ਚਲਾਓ। ਅਤੇ ਇਸ ਦੌਰਾਨ ਸ਼ਰਾਬ ਨਾ ਪੀਓ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘੱਟਦਾ ਹੈ।"
ਸ਼ਰਾਬ ਨਾ ਪੀਣ ਦੀ ਚੇਤਾਵਨੀ
ਮੌਸਮ ਵਿਭਾਗ ਪਹਿਲਾਂ 25 ਤਾਰੀਖ ਨੂੰ ਜਾਰੀ ਕੀਤੇ ਇੱਕ ਨਿਰਦੇਸ਼ ਪਰਚੇ ਵਿੱਚ ਵੀ ਸ਼ਰਾਬ ਨਾ ਪੀਣ ਦੀ ਹਦਾਇਤ ਦੇ ਚੁੱਕਿਆ ਹੈ। ਅਜਿਹੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਆਖ਼ਿਰ ਮੌਸਮ ਵਿਭਾਗ ਅਜਿਹੀ ਚੇਤਾਵਨੀ ਕਿਉਂ ਦੇ ਰਿਹਾ ਹੈ।
ਬੀਬੀਸੀ ਨੇ ਜਦੋਂ ਇਹ ਸਵਾਲ ਪੁੱਛਿਆ ਤਾਂ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ, "ਇਸ ਪੱਖ 'ਤੇ ਮੈਡੀਕਲ ਖੇਤਰ ਦੇ ਵਿਗਿਆਨੀਆਂ ਨੇ ਖੋਜ ਕੀਤੀ ਹੈ। ਅਤੇ ਉਸ ਦੇ ਆਧਾਰ 'ਤੇ ਹੀ ਆਈਐਮਡੀ ਇਹ ਚੇਤਾਵਨੀ ਜਾਰੀ ਕਰ ਰਿਹਾ ਹੈ।"
ਦੁਨੀਆਂ ਦੇ ਕਈ ਮੁਲਕ ਅਜਿਹੇ ਹਨ ਜਿੱਥੇ ਤਾਪਮਾਨ ਦਸ ਡਿਗਰੀ ਤੋਂ ਲੈ ਕੇ ਮਨਫ਼ੀ ਵੀਹ ਤੋਂ ਤੀਹ ਡਿਗਰੀ ਦਰਮਿਆਨ ਰਹਿੰਦਾ ਹੈ ਪਰ ਉੱਥੇ ਸ਼ਰਾਬ ਦੀ ਖ਼ਪਤ ਕਿਤੇ ਜ਼ਿਆਦਾ ਹੈ।

ਤਸਵੀਰ ਸਰੋਤ, Getty Images
ਇਨ੍ਹਾਂ ਵਿੱਚ ਰੂਸ, ਬੈਲਾਰੂਸ ਅਤੇ ਲਿਥੂਆਨੀਆ ਵਰਗੇ ਦੇਸ ਆਉਂਦੇ ਹਨ ਜਿੱਥੇ ਤਾਪਮਾਨ ਬੇਹੱਦ ਘੱਟ ਰਹਿੰਦਾ ਹੈ। ਇਹ ਦੇਸ ਦੁਨੀਆਂ ਵਿੱਚ ਸ਼ਰਾਬ ਦੀ ਵਰਤੋਂ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਹਨ।
ਇਸ ਦੇ ਨਾਲ ਹੀ ਇੱਕ ਆਮ ਧਾਰਨਾ ਇਹ ਹੈ ਕਿ ਸ਼ਰਾਬ ਪੀਣ ਨਾਲ ਸਰੀਰ ਵਿੱਚ ਗਰਮਾਹਟ ਆਉਂਦੀ ਹੈ।
ਅਜਿਹੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਆਈਐੱਮਡੀ ਦੀ ਇਸ ਚੇਤਾਵਨੀ ਵਿੱਚ ਕਿੰਨਾਂ ਕੁ ਜ਼ੋਰ ਹੈ ਕਿ ਸਰਦੀਆਂ ਵਿੱਚ ਸ਼ਰਾਬ ਪੀਣ ਤੋਂ ਬਚਣਾ ਚਾਹੀਦਾ ਹੈ।
ਬੀਬੀਸੀ ਨੇ ਇਸ ਮਾਮਲੇ ਦੀ ਜੜ੍ਹ ਤੱਕ ਜਾਣ ਲਈ ਮੈਡੀਕਲ ਖੇਤਰ ਨਾਲ ਜੁੜੇ ਮਾਹਰਾਂ ਨਾਲ ਗੱਲ ਕੀਤੀ ਤਾਂਕਿ ਇਹ ਸਮਝਿਆ ਜਾ ਸਕੇ ਕਿ ਸਰਦੀਆਂ ਵਿੱਚ ਸ਼ਰਾਬ ਪੀਣ ਦਾ ਤੁਹਾਡੇ ਸਰੀਰ 'ਤੇ ਕੀ ਅਸਰ ਹੁੰਦਾ ਹੈ।
ਕੀ ਕਹਿੰਦਾ ਹੈ ਵਿਗਿਆਨ?
ਇਨਸਾਨੀ ਸਰੀਰ ਦਾ ਮੂਲ ਤਾਪਨਾਮ 37 ਡਿਗਰੀ ਸੈਲਸੀਅਸ ਹੁੰਦਾ ਹੈ। ਪਰ ਜਦੋਂ ਤੁਹਾਡੇ ਸਰੀਰ ਦਾ ਤਾਪਮਾਨ ਘੱਟਣ ਲੱਗਦਾ ਹੈ ਤਾਂ ਸਰੀਰ ਉਰਜਾ ਦਾ ਇਸਤੇਮਾਲ ਆਪਣੇ ਮੂਲ ਤਾਪਮਾਨ ਨੂੰ ਬਣਾਈ ਰੱਖਣ ਲਈ ਕਰਦਾ ਹੈ।
ਪਰ ਜਦੋਂ ਸਰੀਰ ਦਾ ਤਾਪਮਾਨ ਨਿਰਧਾਰਿਤ ਸੀਮਾਂ ਤੋਂ ਘੱਟਣ ਲੱਗਦਾ ਹੈ ਤਾਂ ਤੁਸੀਂ ਹਾਈਪੋਥਰਮੀਆ ਦੇ ਸ਼ਿਕਾਰ ਹੋ ਸਕਦੇ ਹੋ।
ਮੌਸਮ ਵਿਭਾਗ ਦੀ ਚੇਤਾਵਨੀ ਮੁਤਾਬਕ, ਦਿੱਲੀ ਐੱਨਸੀਆਰ, ਪੰਜਾਬ, ਹਰਿਆਣਾ ਵਿੱਚ ਇਸ ਸਮੇਂ ਜਿੰਨਾਂ ਤਾਪਮਾਨ ਹੈ, ਉਸ ਵਿੱਚ ਜ਼ਿਆਦਾ ਸਮਾਂ ਬਾਹਰ ਰਹਿਣ ਨਾਲ ਲੋਕ ਹਾਈਪੋਥਰਮੀਆ ਦੇ ਸ਼ਿਕਾਰ ਹੋ ਸਕਦੇ ਹਨ।

ਤਸਵੀਰ ਸਰੋਤ, AFP via Getty Images
ਹੁਣ ਗੱਲ ਕਰਦੇ ਹਾਂ ਘੱਟ ਤਾਪਮਾਨ ਵਾਲੀ ਜਗ੍ਹਾ 'ਤੇ ਸ਼ਰਾਬ ਪੀਣ ਦਾ ਸਰੀਰ 'ਤੇ ਕੀ ਅਸਰ ਪੈਂਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਿੱਲੀ ਦੇ ਐੱਲਐਨਜੇਪੀ ਹਸਪਤਾਲ ਦੇ ਸੀਐਮਓ ਡਾ. ਰਿਤੂ ਸਕਸੇਨਾ ਸ਼ਰਾਬ ਅਤੇ ਠੰਡ ਦਾ ਆਪਸੀ ਸਬੰਧ ਕੁਝ ਇਸ ਤਰ੍ਹਾਂ ਸਮਝਾਉਂਦੇ ਹਨ।
ਉਹ ਕਹਿੰਦੇ ਹਨ, "ਜਦੋਂ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਸ਼ਰਾਬ ਤੁਹਾਡੇ ਸਰੀਰ ਵਿੱਚ ਜਾਣ ਤੋਂ ਬਾਅਦ 'ਵੇਜੋ ਡਾਅਏਲੇਸ਼ਨ' ਹੁੰਦਾ ਹੈ। ਇਸ ਕਰਕੇ ਤੁਹਾਡੇ ਹੱਥਾਂ ਪੈਰਾਂ ਦੀਆਂ ਖ਼ੂਨ ਦੀਆਂ ਨਾੜਾਂ ਦਾ ਵਿਸਥਾਰ ਹੁੰਦਾ ਹੈ, ਇਨ੍ਹਾਂ ਵਿੱਚ ਪਹਿਲਾਂ ਤੋਂ ਵੱਧ ਖ਼ੂਨ ਪ੍ਰਵਾਹ ਕਰਨ ਲੱਗਦਾ ਹੈ। "
ਉਹ ਅੱਗੇ ਕਹਿੰਦੇ ਹਨ, "ਇਸ ਕਰਕੇ ਤੁਹਾਨੂੰ ਗਰਮਾਹਟ ਮਹਿਸੂਸ ਹੁੰਦੀ ਹੈ। ਇਸੇ ਲਈ ਲੋਕਾਂ ਨੂੰ ਲੱਗਦਾ ਹੈ ਕਿ ਪੱਛਮੀ ਦੇਸਾਂ ਵਿੱਚ ਲੋਕ ਇਸ ਲਈ ਸ਼ਰਾਬ ਜ਼ਿਆਦਾ ਪੀਂਦੇ ਹਨ ਕਿਉਂਕਿ ਉੱਥੇ ਠੰਡ ਜ਼ਿਆਦਾ ਪੈਂਦੀ ਹੈ।"
ਉਹ ਦੱਸਦੇ ਹਨ, "ਪਰ ਅਸਲ ਵਿੱਚ ਸ਼ਰਾਬ ਦੀ ਵਜ੍ਹਾ ਨਾਲ ਹੱਥਾਂ ਪੈਰਾਂ ਵਿੱਚ ਖ਼ੂਨ ਦੀ ਮਾਤਰਾ ਵੱਧਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਗਰਮੀ ਲੱਗ ਰਹੀ ਹੈ। ਇਸ ਅਹਿਸਾਸ ਦੇ ਅਧਾਰ 'ਤੇ ਹੀ ਲੋਕ ਸਰਦੀਆਂ ਦੇ ਕੱਪੜੇ ਜਿਵੇਂ ਕਿ ਮਫ਼ਲਰ, ਜੈਕੇਟ, ਟੋਪੀ ਸਵੈਟਰ ਆਦਿ ਲਾਹ ਦਿੰਦੇ ਹਨ।"
"ਪਰ ਜਦੋਂ ਉਹ ਅਜਿਹਾ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਸਰੀਰ ਦਾ ਕੋਰ ਟੈਂਮਰੇਚਰ ਘੱਟ ਰਿਹਾ ਹੁੰਦਾ ਹੈ। ਅਤੇ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲਦੀ ਜੋ ਸਾਡੇ ਸਰੀਰ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ।"

ਤਸਵੀਰ ਸਰੋਤ, Hindustan Times
ਪਰ ਜੇ ਸ਼ਰਾਬ ਨਾਲ ਗਰਮੀ ਪੈਦਾ ਨਹੀਂ ਹੁੰਦੀ ਤਾਂ ਗਰਮਾਹਟ ਲਗਦੀ ਕਿਉਂ ਹੈ।
ਮੈਕਸ ਹੈਲਥਕੇਅਰ ਵਿੱਚ ਇੰਟਰਨਲ ਮੈਡੀਕਲ ਵਿਭਾਗ ਦੇ ਸਹਿ ਨਿਰਦੇਸ਼ਕ, ਡਾ. ਰੋਨੇਲ ਟਿੱਕੂ ਇਸ ਉਲੱਝਣ ਨੂੰ ਸੁਲਝਾਉਂਦਿਆਂ ਕਹਿੰਦੇ ਹਨ, "ਅਕਸਰ ਤੁਸੀਂ ਦੇਖਿਆ ਹੋਵੇਗਾ ਜੋ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਦਾ ਚਿਹਰਾ ਲਾਲ ਲਾਲ ਜਿਹਾ ਰਹਿੰਦਾ।"
"ਅਜਿਹਾ ਇਸ ਲਈ ਕਿਉਂਕਿ ਸ਼ਰਾਬ ਕਰਕੇ ਉਨ੍ਹਾਂ ਦੇ ਬਾਹਰੀ ਅੰਗਾਂ ਜਿਵੇਂ ਕਿ ਚਿਹਰੇ, ਹੱਥਾਂ, ਪੈਰਾਂ ਦੀਆਂ ਖੂਨ ਧੰਮਨੀਆਂ ਵਿੱਚ ਖ਼ੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ।"
"ਇਸ ਨਾਲ ਗਰਮੀ ਲੱਗਦੀ ਹੈ ਕਿਉਂਕਿ ਖ਼ੂਨ ਸਰੀਰ ਦੇ ਅੰਦਰੂਨੀ ਹਿੱਸੇ ਤੋਂ ਬਾਹਰ ਵੱਲ ਜਾਂਦਾ ਹੈ ਜਿਸ ਕਰਕੇ ਕੋਰ ਬਾਡੀ ਟੈਂਪਰੇਚਰ ਘੱਟ ਹੋ ਰਿਹਾ ਹੁੰਦਾ ਹੈ।"
"ਇਸ ਲਈ, ਠੰਡ ਦੇ ਮੌਸਮ ਵਿੱਚ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ ਅਤੇ ਜ਼ਿਆਦਾ ਪੀਂਦੇ ਹੋ ਤਾਂ ਤੁਹਾਡੇ ਸਰੀਰ ਦਾ ਕੋਰ ਟੈਂਪਰੇਚਰ ਘੱਟ ਹੋ ਜਾਂਦਾ ਹੈ। ਖ਼ੂਨ ਦਾ ਦੌਰਾ ਵੱਧਣ ਨਾਲ ਸਰੀਰ ਵਿੱਚ ਪਸੀਨਾ ਆਉਂਦਾ ਹੈ ਜਿਸ ਨਾਲ ਸਰੀਰ ਦਾ ਤਾਪਮਾਨ ਹੋਰ ਘੱਟ ਹੋ ਜਾਂਦਾ ਹੈ। ਇਸ ਕਰਕੇ ਠੰਡ ਦੇ ਮੌਸਮ ਵਿੱਚ ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਤੁਹਾਨੂੰ ਸਮੱਸਿਆ ਹੋ ਸਕਦੀ ਹੈ।"
ਹੁਣ ਸਵਾਲ ਖੜਾ ਹੁੰਦਾ ਹੈ ਕਿ ਕੀ ਸਰਦੀਆਂ ਦੇ ਮੌਸਮ ਵਿੱਚ ਸ਼ਰਾਬ ਪੀਣ ਨਾਲ ਤੁਹਾਡੀ ਜਾਨ ਜਾ ਸਕਦੀ ਹੈ?
ਜਾਨਲੇਵਾ ਹੋ ਸਕਦੀ ਹੈ ਸ਼ਰਾਬ?
ਡਾ. ਰਿਤੂ ਸਕਸੇਨਾ ਦੀ ਮੰਨੀਏ ਤਾਂ ਸਰਦੀਆਂ ਦੇ ਮੌਸਮ ਵਿੱਚ ਸ਼ਰਾਬ ਪੀਣ ਅਤੇ ਜ਼ਿਆਦਾ ਸ਼ਰਾਬ ਪੀਣ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ।
ਉਹ ਕਹਿੰਦੇ ਹਨ, "ਜੇ ਠੰਡ ਦੇ ਮੌਸਮ ਵਿੱਚ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਤਾਂ ਸਭ ਤੋਂ ਪਹਿਲੀ ਗੱਲ ਹੋਵੇਗੀ ਤੁਸੀਂ ਠੀਕ ਤਰੀਕੇ ਨਾਲ ਕੱਪੜੇ ਨਹੀਂ ਪਹਿਨੋਗੇ। ਸ਼ਰਾਬ ਕਰਕੇ ਤੁਹਾਡੇ ਦਿਮਾਗ 'ਤੇ ਜੋ ਅਸਰ ਹੋਵੇਗਾ, ਉਸ ਨਾਲ ਇਹ ਹੋਵੇਗਾ ਕਿ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਕਿਸ ਹਾਲਾਤ ਵਿੱਚ ਹੋ।"
"ਇਸ ਹਾਲਤ ਵਿੱਚ ਤੁਹਾਡੇ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਂਦਾ ਰਹੇਗਾ ਅਤੇ ਹੌਲੀ ਹੌਲੀ ਹਾਈਪੋਥਰਮੀਆ ਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਹਾਈਪੋਥਰਮੀਆ ਨਾਲ ਵਿਅਕਤੀ ਕੋਮਾ ਵਿੱਚ ਜਾ ਸਕਦਾ ਹੈ ਉਸਦੀ ਜਾਨ ਵੀ ਜਾ ਸਕਦੀ ਹੈ।"
ਉੱਥੇ ਹੀ ਜੇ ਉਨ੍ਹਾਂ ਦੇਸਾਂ ਦੀ ਗੱਲ ਕੀਤੀ ਜਾਵੇ ਜਿੱਥੇ ਤਾਪਮਾਨ ਘੱਟ ਹੈ ਅਤੇ ਸ਼ਰਾਬ ਜ਼ਿਆਦਾ ਪੀਤੀ ਜਾਂਦੀ ਹੈ ਤਾਂ ਰੂਸ ਅਜਿਹੇ ਹੀ ਦੇਸਾਂ ਵਿੱਚੋਂ ਇੱਕ ਹੈ।
ਓਸਕਫ਼ੋਰਡ ਯੂਨੀਵਰਸਿਟੀ ਦੀ ਇੱਕ ਖੋਜ ਕਹਿੰਦੀ ਹੈ ਕਿ ਰੂਸ ਵਿੱਚ ਜਿਥੇ ਵੋਦਕਾ ਦਾ ਸੇਵਨ ਕਾਫ਼ੀ ਆਮ ਹੈ, ਉੱਥੇ ਸ਼ਰਾਬ ਦੀ ਜ਼ਿਆਦਾ ਖ਼ਪਤ ਕਰਕੇ ਜੀਵਨ ਦੀਆਂ ਸੰਭਾਵਨਾਵਾਂ 'ਚ ਕਮੀ ਆਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












