ਕੋਰੋਨਾ ਵੈਕਸੀਨ: ਪੰਜਾਬ ਵਿੱਚ ਕਿਵੇਂ ਕੀਤਾ ਜਾਵੇਗਾ ਵਾਇਰਸ ਦੇ ਟੀਕੇ ਦਾ ਡਰਾਈ-ਰਨ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਕੋਵਿਡ-19 ਦੇ ਵੈਕਸੀਨ ਦਾ ਡਰਾਈ-ਰਨ ਪੰਜਾਬ ਵਿੱਚ 28 ਤੇ 29 ਦਸੰਬਰ ਨੂੰ ਹੋਣ ਜਾ ਰਿਹਾ ਹੈ। ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ, ਦੋ ਜਿਲ੍ਹੇ ਚੁਣੇ ਗਏ ਹਨ ਜਿੱਥੇ ਕੋਵਿਡ-19 ਦੇ ਵੈਕਸੀਨ ਦਾ ਡਰਾਈ-ਰਨ ਹੋਵੇਗਾ।

ਇਨ੍ਹਾਂ ਦੋ ਜ਼ਿਲ੍ਹਿਆਂ ਵਿੱਚ ਅੱਗੇ ਪੰਜ ਤੋਂ ਸੱਤ ਥਾਂਵਾਂ ਚੁਣੀਆਂ ਗਈਆਂ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ:

ਕੋਰੋਨਾ ਵੈਕਸੀਨ ਦੇ ਡਰਾਈ-ਰਨ ਦਾ ਮਕਸਦ ਕੀ?

ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਦੇ ਡਰਾਈ-ਰਨ ਲਈ ਪੰਜਾਬ ਨੂੰ ਚੁਣਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ, ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼,ਅਸਾਮ ਅਤੇ ਗੁਜਰਾਤ ਵਿੱਚ ਡਰਾਈ—ਰਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਦਾ ਮਕਸਦ ਕੋਵਿਡ-19 ਵੈਕਸੀਨ ਦੇ ਰੋਲ-ਆਊਟ ਮਕੈਨਿਜ਼ਮ ਦੀ ਪਰਖ ਕਰਨਾ ਹੈ, ਤਾਂ ਕਿ ਅਸਲ ਡਰਾਈਵ ਤੋਂ ਪਹਿਲਾਂ ਸਿਸਟਮ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਖਾਮੀਆਂ ਬਾਰੇ ਪਤਾ ਲਗ ਸਕੇ।

ਜ਼ਿਲ੍ਹਾ ਮੈਜਿਸਟ੍ਰੇਟ ਦੀ ਅਗਵਾਈ ਹੇਠ ਦੋਹਾਂ ਜ਼ਿਲ੍ਹਿਆਂ ਵਿੱਚ ਇਹ ਡਰਾਈ-ਰਨ ਕੀਤਾ ਜਾਣਾ ਹੈ।

ਯੁਨਾਈਟਿਡ ਨੇਸ਼ਨਜ਼ ਡਵੈਲਪਮੈਂਟ ਪ੍ਰੋਗਰਾਮ ਅਤੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਹੀ ਇਹ ਪ੍ਰਕਿਰਿਆ ਹੋ ਰਹੀ ਹੈ।

ਇਹ ਡਰਾਈ-ਰਨ ਅਸਲ ਦਿਨ ਦੀ ਪ੍ਰਕਿਰਿਆ ਨਾਲ ਬਿਲਕੁਲ ਰਲਦਾ-ਮਿਲਦਾ ਹੋਏਗਾ। ਡਰਾਈ-ਰਨ ਦੀ ਫੀਡਬੈਕ ਲੋੜੀਂਦੇ ਸੁਧਾਰ ਲਈ ਪ੍ਰਸੰਗਿਕ ਹੋਏਗੀ।

ਇਹ ਡਰਾਈ-ਰਨ ਕੋਵਿਡ-19 ਵੈਕਸੀਨ ਪ੍ਰਕਿਰਿਆ ਦੇ ਹਰ ਪੜਾਅ ਦਾ ਅਭਿਆਸ ਹੋਏਗਾ ਅਤੇ ਮੋਬਾਈਲ ਐਪਲੀਕੇਸ਼ਨ Co-WIN ਦੇ ਸਹਿਯੋਗ ਨਾਲ ਪਹਿਲਾਂ ਤੋਂ ਪਛਾਣ ਕੀਤੇ ਲਾਭਪਾਤਰੀਆਂ ਨੂੰ ਵੈਕਸੀਨ ਦਿੱਤੀ ਜਾਏਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਕਿਵੇਂ ਹੋਵੇਗਾ ਪੰਜਾਬ 'ਚ ਡਰਾਈ ਰਨ

ਇਸ ਡਰਾਈ-ਰਨ ਦਾ ਮੁੱਖ ਮੰਤਵ Co-WIN ਐਪਲੀਕੇਸ਼ਨ ਦੀ ਵਿਹਾਰਕਤਾ ਦੇ ਮੁਲਾਂਕਣ ਤੋਂ ਲੈ ਕੇ ਪਲਾਨਿੰਗ, ਇਸ ਨੂੰ ਲਾਗੂ ਕਰਨਾ ਅਤੇ ਰਿਪੋਰਟਿੰਗ ਮਕੈਨਿਜ਼ਮ ਕੜੀਆਂ ਦੀ ਪਰਖ, ਅਸਲ ਇਪਲੀਮੈਂਟੇਸ਼ਨ ਲਈ ਚੁਣੌਤੀਆਂ ਪਛਾਨਣਾ ਤੇ ਹੱਲ ਲੱਭਣਾ ਹੋਵੇਗਾ।

ਲੁਧਿਆਣਾ ਜ਼ਿਲ੍ਹੇ ਦੀ ਇਮਿਊਨਾਈਜੇਸ਼ਨ ਅਫ਼ਸਰ ਡਾ.ਕਿਰਨ ਗਿੱਲ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ, "ਲੁਧਿਆਣਾ ਜ਼ਿਲ੍ਹੇ ਵਿੱਚ ਇਸ ਮੌਕ-ਡਰਿੱਲ ਲਈ ਸੱਤ ਥਾਵਾਂ ਚੁਣੀਆਂ ਗਈਆਂ ਹਨ। ਇਨ੍ਹਾਂ ਵਿੱਚ ਲੁਧਿਆਣਾ ਦਾ ਸਰਕਾਰੀ ਜ਼ਿਲ੍ਹਾ ਹਸਪਤਾਲ, ਡੀਐੱਮਸੀ, ਸਿਵਲ ਹਸਪਤਾਲ ਜਗਰਾਓਂ, ਮਾਛੀਵਾੜਾ, ਖੰਨਾ, ਰਾਏਕੋਟ ਅਤੇ ਪਾਇਲ ਦੇ ਇੱਕ ਪਿੰਡ ਦਾ ਇੱਕ-ਇੱਕ ਹਸਪਤਾਲ ਸ਼ਾਮਿਲ ਹੈ।"

ਇਹ ਵੀ ਪੜ੍ਹੋ

ਉਨ੍ਹਾਂ ਦੱਸਿਆ, "Co-win ਮੋਬਾਈਲ ਐਪਲੀਕੇਸ਼ਨ ਵਿੱਚ ਕੁਝ ਹੈਲਥ ਵਰਕਰਜ਼ ਨੂੰ ਲਾਭਪਾਤਰੀਆਂ ਵਜੋਂ ਰਜਿਸਟਰ ਕੀਤਾ ਜਾਏਗਾ। ਫਿਰ ਹਰ ਚੁਣੀ ਹੋਈ ਜਗ੍ਹਾ 'ਤੇ 25-25 ਜਣਿਆਂ 'ਤੇ ਡਰਾਈ-ਰਨ ਹੋਏਗਾ। ਲਾਭਪਾਤਰੀ ਦੇ ਰਜਿਸਟਰ ਹੋਣ ਤੋਂ ਲੈ ਕੇ ਵੈਕਸੀਨ ਮਿਲਣ ਤੋਂ ਬਾਅਦ ਉਸ ਦੇ ਰਜਿਸਟਰ਼ ਮੋਬਾਈਲ ਨੰਬਰ 'ਤੇ ਮੈਸੇਜ ਆਉਣ ਤੱਕ ਦੀ ਸਾਰੀ ਪ੍ਰਕਿਰਿਆ ਇਸ ਡਰਾਈ-ਰਨ ਵਿੱਚ ਹੋਏਗੀ।"

ਉਹਨਾਂ ਕਿਹਾ ਕਿ ਸ਼ਨੀਵਾਰ ਨੂੰ ਉਹਨਾਂ ਦੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿਸ ਵਿੱਚ ਹਰ ਸ਼ਾਮਿਲ ਅਫਸਰ ਤੇ ਵਰਕਰ ਦੀ ਭੂਮਿਕਾ ਤੈਅ ਕੀਤੀ ਜਾਏਗੀ ਅਤੇ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ ਜਾਣਗੇ।

ਨਵਾਂਸ਼ਹਿਰ ਦੇ ਜ਼ਿਲ੍ਹਾ ਇਮਿਊਨਾਈਜੇਸ਼ਨ ਅਫ਼ਸਰ ਡਾ. ਦਵਿੰਦਰ ਨੇ ਦੱਸਿਆ ਕਿ ਸਿਰਫ਼ ਵੈਕਸੀਨ ਲਗਾਈ ਨਹੀਂ ਜਾਣੀ, ਬਾਕੀ ਅਸਲ ਪ੍ਰਕਿਰਿਆ ਦੀ ਹੂਬਹੂ ਡਮੀ ਪ੍ਰਕਿਰਿਆ ਕੀਤੀ ਜਾਵੇਗੀ।

ਉਨ੍ਹਾਂ ਕਿਹਾ, "ਦਰਅਸਲ ਇਹ ਸਾਰੀ ਪ੍ਰਕਿਰਿਆ ਦੇ ਆਨਲਾਈਨ ਸਿਸਟਮ ਦੀ ਪਰਖ ਲਈ ਹੋਵੇਗਾ ਕਿਉਂਕਿ ਵੈਕਸੀਨ ਕਾਫੀ ਮਹਿੰਗੀ ਹੈ ਅਤੇ ਸਾਰੀ ਅਸਲ ਪ੍ਰਕਿਰਿਆ ਵੀ ਆਨਲਾਈਨ ਰਹੇਗੀ।"

ਨਵਾਂਸ਼ਹਿਰ ਜ਼ਿਲ੍ਹੇ ਵਿੱਚ ਪੰਜ ਥਾਵਾਂ ਇਸ ਡਰਾਈ-ਰਨ ਲਈ ਚੁਣੀਆਂ ਗਈਆਂ ਹਨ। ਜਿਨ੍ਹਾਂ ਵਿੱਚ ਸਰਕਾਰੀ ਜ਼ਿਲ੍ਹਾ ਹਸਪਤਾਲ, ਆਈਵੀਵਾਈ ਹਸਪਤਾਲ, ਮੁਕੰਦਪੁਰ, ਜਾਡਲਾ ਅਤੇ ਉਸਮਾਨਪੁਰ ਦਾ ਇੱਕ-ਇੱਕ ਹਸਪਤਾਲ ਸ਼ਾਮਲ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)