ਕੀ ਕੋਰੋਨਾਵਾਇਰਸ ਦੇ ਨਵੇਂ ਰੂਪ 'ਤੇ ਵੈਕਸੀਨ ਕਾਰਗਰ ਨਹੀਂ ਹੋਵੇਗੀ

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਮਹਾਂਮਾਰੀ 'ਤੇ ਖੋਜ ਕਰਨ ਵਾਲੇ ਵਿਗਿਆਨੀਆਂ ਨੂੰ ਲੱਗਦਾ ਹੈ ਕਿ ਕੋਵਿਡ-19 ਦੀ ਲਾਗ ਸੰਬੰਧੀ ਵੀ ਉਸੇ ਤਰ੍ਹਾਂ ਖੋਜਾਂ ਹੋਣੀਆਂ ਚਾਹੀਦੀਆਂ ਹਨ ਜਿਸ ਤਰ੍ਹਾਂ ਪੋਲੀਓ ਵਾਇਰਸ ਦੇ ਮਾਮਲੇ ਵਿੱਚ ਹੁੰਦੀਆਂ ਰਹੀਆਂ ਹਨ।

ਖੋਜਾਂ ਕਰਕੇ ਹੀ ਪੋਲੀਓ ਦੇ ਫ਼ੈਲਾਅ 'ਤੇ ਕਾਬੂ ਪਾਉਣ ਵਿੱਚ ਪੂਰੀ ਦੁਨੀਆਂ ਸਫ਼ਲ ਹੋ ਸਕੀ ਹੈ।

ਇਨ੍ਹਾਂ ਖੋਜਕਰਤਾਵਾਂ ਨੇ ਕੋਵਿਡ-19 ਵਾਇਰਸ ਦੇ ਮਾਲੀਊਕੁਲਰ ਸਿਕਵੈਂਸਿੰਗ (ਵਿਸ਼ਾਣੂ ਦੇ ਅਣੂਕ੍ਰਮ) ਕਰਦੇ ਰਹਿਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ।

ਇਹ ਵੀ ਪੜ੍ਹੋ

ਮਾਹਰਾਂ ਦੀ ਇਹ ਸਲਾਹ ਅਜਿਹੇ ਸਮੇਂ ਆਈ ਹੈ ਜਦੋਂ ਯੂਕੇ ਵਿੱਚ ਕੋਵਿਡ-19 ਦੇ ਵਾਇਰਸ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ ਜਿਸ ਦੀ ਵਜ੍ਹਾ ਨਾਲ ਕੋਰੋਨਾ ਲਾਗ ਦੇ ਫ਼ੈਲਾਅ ਵਿੱਚ ਤੇਜ਼ੀ ਆਈ ਹੈ।

ਭਾਰਤ ਨੇ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਉਡਾਨਾਂ 'ਤੇ ਰੋਕ ਲਾ ਦਿੱਤੀ ਹੈ ਪਰ ਕੁਝ ਮਾਹਰਾਂ ਨੂੰ ਲੱਗਦਾ ਹੈ ਕਿ ਹੁਣ ਤੱਕ ਤਾਂ ਕੋਰੋਨਾ ਦਾ ਨਵਾਂ ਰੂਪ ਭਾਰਤ ਵਿੱਚ ਵੀ ਆ ਚੁੱਕਿਆ ਹੋਵੇਗਾ।

ਪਰ ਵਿਸ਼ਵ ਸਿਹਤ ਸੰਗਠਨ ਦੇ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਕਹਿਣਾ ਹੈ ਕਿ ਵਾਇਰਸ ਵਿੱਚ ਬਦਲਾਅ ਘਬਰਾਉਣ ਵਾਲੀ ਗੱਲ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਨਵੇਂ ਵਾਇਰਸ ਦੇ ਵੱਖ ਵੱਖ ਦੇਸਾਂ ਵਿੱਚ ਫ਼ੈਲਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਹਨ ਕਿ ਯੂਕੇ ਵਿੱਚ ਕੋਵਿਡ-19 ਦੇ ਵਾਇਰਸ ਨੂੰ ਲੈ ਕੇ ਲਗਾਤਾਰ 'ਜੀਨੋਮ ਸਿਕਵੈਂਸਿੰਗ' ਜਾਰੀ ਹੈ ਅਤੇ ਇਹ ਹੀ ਕਾਰਨ ਹੈ ਕਿ ਨਵੇਂ ਵਾਇਰਸ ਬਾਰੇ ਜਲਦੀ ਹੀ ਪਤਾ ਲਾ ਲਿਆ ਗਿਆ ਹੈ।

ਸਵਾਮੀਨਾਥਨ ਦੇ ਮੁਤਾਬਕ ਕੋਵਿਡ-19 ਦੇ ਨਵੇਂ ਰੂਪ ਤੋਂ ਬਚਣ ਲਈ ਹੁਣ ਤੱਕ ਜਿਹੜੀ ਵੈਕਸੀਨ ਆਈ ਹੈ ਉਸੇ 'ਤੇ ਹੀ ਭਰੋਸਾ ਕਰਨਾ ਪਵੇਗਾ।

ਗਿਰੀਧਰ ਆਰ ਬਾਬੂ ਭਾਰਤ ਵਿੱਚ ਕੋਵਿਡ-19 ਸੰਬੰਧੀ ਬਣਾਈ ਗਈ ਟਾਸਕ ਫ਼ੋਰਸ ਦੇ ਮੈਂਬਰ ਹਨ।

ਉਹ ਮੰਨਦੇ ਹਨ ਕਿ ਭਾਰਤ ਵਿੱਚ ਵੀ 'ਜੀਨੋਮ ਸਿਕਵੈਂਸਿੰਗ' 'ਤੇ ਕੰਮ ਚੱਲ ਰਿਹਾ ਹੈ ਜਿਸ ਨਾਲ ਵੈਕਸੀਨ ਹੋਰ ਅਸਰਦਾਰ ਬਣਾਉਣ ਵਿੱਚ ਮਦਦ ਮਿਲੇਗੀ। ਹਾਲ ਹੀ ਵਿੱਚ ਬੈਂਗਲੌਰ ਸਥਿਤ ਇੱਕ ਖੋਜ ਸੰਸਥਾ ਨੇ ਇਸ ਸੰਬੰਧੀ ਕੀਤੀ ਗਈ ਖੋਜ ਦੇ ਪੇਪਰ ਜਾਰੀ ਕੀਤੇ ਹਨ।

ਬਦਲਾਅ ਸੁਭਾਵਿਕ ਹਨ

ਬੀਬੀਸੀ ਨਾਲ ਗੱਲ ਕਰਦੇ ਹੋਏ ਉਹ ਕਹਿੰਦੇ ਹਨ ਕਿ ਵਾਇਰਸ ਵਿੱਚ ਬਦਲਾਅ ਬੇਸ਼ੱਕ ਹੋ ਰਿਹਾ ਹੈ ਪਰ ਜੋ ਵੈਕਸੀਨ ਬਣ ਰਹੀ ਹੈ ਉਹ ਨਵੇਂ ਵਾਇਰਸ 'ਤੇ ਵੀ ਅਸਰਦਾਰ ਹੋਵੇਗੀ।

ਗਿਰੀਧਰ ਬਾਬੂ ਮੰਨਦੇ ਹਨ ਕਿ ਸਤੰਬਰ ਵਿੱਚ ਯੂਕੇ ਵਿੱਚ ਇਹ ਵਾਇਰਸ ਪਾਇਆ ਗਿਆ ਇਸ ਲਈ ਲੰਡਨ ਜਾਂ ਯੂਕੇ ਤੋਂ ਆਉਣ ਵਾਲੀਆਂ ਉਡਾਨਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਲੱਭ ਕੇ ਉਨ੍ਹਾਂ ਦੀ ਨਵੇਂ ਸਿਰੇ ਤੋਂ ਜਾਂਚ ਹੋਣੀ ਚਾਹੀਦੀ ਹੈ।

ਉਹ ਕਹਿੰਦੇ ਹਨ, "ਇਨ੍ਹਾਂ ਸਾਰਿਆਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਲੱਭਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।"

"ਇਹ ਇਸ ਮਹਾਂਮਾਰੀ ਦੇ ਇਲਾਜ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਹੋਵੇਗਾ। ਵਾਇਰਸ ਵਿੱਚ ਬਦਲਾਅ ਆਉਣ ਤੋਂ ਬਾਅਦ ਲਾਗ ਦੇ ਫ਼ੈਲਾਅ ਵਿੱਚ ਕਮੀ ਲਿਆਂਦੀ ਜਾ ਸਕਦੀ ਹੈ ਬਸ਼ਰਤੇ ਲੋਕਾਂ ਬਾਰੇ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਬਾਰੇ ਜਲਦ ਤੋਂ ਜਲਦ ਪਤਾ ਕੀਤਾ ਜਾ ਸਕੇ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਸਫ਼ਦਰਜੰਗ ਹਸਪਤਾਲ ਵਿੱਚ ਕਮਿਊਨਿਟੀ ਮੈਡੀਸਨ ਦੇ ਮੁਖੀ ਜੁਗਲ ਕਿਸ਼ੋਰ ਕਹਿੰਦੇ ਹਨ ਕਿ ਵਾਇਰਸ ਵਿੱਚ ਬਲਦਾਅ ਨਵੀਂ ਗੱਲ ਨਹੀਂ ਹੈ।

ਉਹ ਕਹਿੰਦੇ ਹਨ ਕਿ ਸਿਰਫ਼ ਕੋਵਿਡ-19 ਦੇ ਵਾਇਰਸ ਵਿੱਚ ਅੱਠ ਬਦਲਾਅ ਦੇਖਣ ਨੂੰ ਮਿਲੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵਾਇਰਸ ਦਾ ਜੋ ਰੂਪ ਚੀਨ ਦੇ ਵੂਹਾਨ ਵਿੱਚ ਮਿਲਿਆ ਸੀ ਉਹ ਦੂਸਰੇ ਦੇਸਾਂ ਵਿੱਚ ਫ਼ੈਲੀ ਲਾਗ ਤੋਂ ਬਹੁਤ ਅਲੱਗ ਹੈ।

ਉਹ ਕਹਿੰਦੇ ਹਨ ਕਿ ਕਿਸੇ ਵੀ ਲਾਗ ਦਾ ਵਾਇਰਸ ਕਿਉਂ ਨਾ ਹੋਵੇ, ਉਸ ਵਿੱਚ ਬਦਲਾਅ ਆਉਣਾ ਸੁਭਾਵਿਕ ਹੈ ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ

ਬਦਲੇ ਹੋਏ ਰੂਪ 'ਤੇ ਵੈਕਸੀਨ ਅਸਰ ਕਿਉਂ ਨਹੀਂ ਕਰੇਗੀ?

ਯੂਕੇ ਵਿੱਚ ਵਾਇਰਸ ਦੀ ਨਵੀਂ ਕਿਸਮ ਫ਼ੈਲਣ ਦੀ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਵਿੱਚ ਕੋਵਿਡ-19 ਲਾਗ ਦੇ ਮਾਮਲਿਆਂ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਕਾਫ਼ੀ ਕਮੀ ਦਰਜ ਕੀਤੀ ਗਈ ਹੈ।

ਲਾਗ ਪ੍ਰਭਾਵਿਤ ਲੋਕਾਂ ਦੀ ਤਦਾਦ ਘੱਟਣ ਨਾਲ ਕਈ ਮਹੀਨਿਆਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪਰ ਯੂਕੇ ਤੋਂ ਆ ਰਹੀਆਂ ਖ਼ਬਰਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਇਸ ਲਈ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਇਸ ਵਾਇਰਸ ਦੇ ਰੂਪ ਨੂੰ ਲੈ ਕੇ ਖੋਜ ਹੋਰ ਵੀ ਤੇਜ਼ ਕਰ ਦੇਣੀ ਚਾਹੀਦੀ ਹੈ ਤਾਂ ਕਿ ਇਸਦਾ ਕਾਰਗਰ ਇਲਾਜ ਲੱਭਿਆ ਜਾ ਸਕੇ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਜੋ ਵੀ ਵੈਕਸੀਨ ਆਈ ਹੈ ਉਹ ਕੋਰੋਨਾਵਾਇਰਸ ਲਾਗ ਦੇ ਬਚਾਅ ਲਈ ਹੈ ਉਸ ਦਾ ਰੂਪ ਕੋਈ ਵੀ ਹੋਵੇ।

ਜੁਗਲ ਕਿਸ਼ੋਰ ਕਹਿੰਦੇ ਹਨ, "ਹਾਲੇ ਤੱਕ ਇਹ ਗੱਲ ਨਹੀਂ ਆਈ ਹੈ ਕਿ ਵਾਇਰਸ ਦੇ ਬਦਲੇ ਰੂਪ 'ਤੇ ਵੈਕਸੀਨ ਅਸਰ ਨਹੀਂ ਕਰੇਗੀ। ਵੈਕਸੀਨ ਲਾਗ ਤੋਂ ਬਚਾਅ ਲਈ ਹੈ।"

"ਹਾਲੇ ਤੱਕ ਦੀਆਂ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਇਰਸ ਦਾ ਰੂਪ ਕੋਈ ਵੀ ਹੋਵੇ, ਵੈਕਸੀਨ ਉਸ 'ਤੇ ਕੰਮ ਕਰੇਗੀ।"

ਮਾਹਰਾਂ ਦਾ ਕਹਿਣਾ ਹੈ ਕਿ ਵੈਕਸੀਨ ਵਾਇਰਸ ਦੇ ਪ੍ਰੋਟੀਨ ਨੂੰ ਖ਼ਤਮ ਕਰਦੀ ਹੈ ਇਸ ਲਈ ਵਰਤੋਂ ਸੁਰੱਖਿਅਤ ਹੈ।

ਸਮੇਂ ਸਮੇਂ ਵੈਕਸੀਨ ਵਿੱਚ ਵੀ ਖੋਜਾਂ ਦੇ ਆਧਾਰ 'ਤੇ ਬਦਲਾਅ ਹੋ ਸਕਦੇ ਹਨ ਪਰ ਇਹ ਕਹਿਣਾ ਗਲਤ ਹੋਵੇਗਾ ਕਿ ਹੁਣ ਜੋ ਵੈਕਸੀਨ ਆਈ ਹੈ ਉਹ ਕਾਰਗਰ ਸਾਬਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)