You’re viewing a text-only version of this website that uses less data. View the main version of the website including all images and videos.
ਸਾਲ 2021 'ਚ ਵਿੱਤੀ ਚਿੰਤਾਵਾਂ ਤੋਂ ਛੁਟਕਾਰਾ ਪਾਉਣ ਦੇ 5 ਤਰੀਕੇ
- ਲੇਖਕ, ਸੀਸੀਲੀਆ ਬਾਰ੍ਰੀਆ
- ਰੋਲ, ਬੀਬੀਸੀ ਨਿਊਜ਼ ਮੁੰਡੋ
ਜਦੋਂ ਅਮਾਂਡਾ ਕਲੇਮੈਨ ਨਿਊਯਾਰਕ ਵਿੱਚ ਸਨ ਤਾਂ ਕਰੈਡਿਟ ਕਾਰਡ ਤਹਿਤ ਲਏ ਕਰਜ਼ੇ ਵਿੱਚ ਇਸ ਤਰ੍ਹਾਂ ਫ਼ਸ ਚੁੱਕੇ ਸਨ ਕਿ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ।
ਅਮਰੀਕਾ ਵਿੱਚ ਫ਼ਾਇਨਾਂਸ਼ੀਅਲ ਥੈਰੇਪਿਸਟ (ਵਿੱਤੀ ਸਮੱਸਿਆਂਵਾਂ ਦਾ ਹੱਲ ਦੱਸਣ ਵਾਲੇ) ਅਮਾਂਡਾ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਉਸ ਸਥਿਤੀ ਨੇ ਮੈਨੂੰ ਇਨਾਂ ਸ਼ਰਮਿੰਦਾ ਕੀਤਾ ਕਿ ਮੈਨੂੰ ਲੱਗਿਆ ਮੇਰੀਆਂ ਪੇਸ਼ੇਵਰ ਅਤੇ ਨਿੱਜੀ ਪ੍ਰਾਪਤੀਆਂ ਸਭ ਕੁਝ ਝੂਠ ਹੈ।"
ਇੱਕ ਦਿਨ ਅਮਾਂਡਾ ਨੇ ਆਪਣੀ ਮਾਂ ਨੂੰ ਉਨ੍ਹਾਂ ਦੇ ਵਾਲ ਕੱਟਣ ਲਈ ਕਿਹਾ। ਪਰ ਮਾਂ ਨੇ ਜਿਸ ਤਰ੍ਹਾਂ ਵਾਲ ਕੱਟੇ ਉਹ ਬਹੁਤ ਹੀ ਖ਼ਰਾਬ ਲੱਗ ਰਹੇ ਸਨ। ਤਦ ਮਾਂ ਨੇ ਕਿਹਾ ਇਨਾਂ ਨੂੰ ਠੀਕ ਕਰਵਾਉਣ ਲਈ ਤੁਰੰਤ ਆਪਣੇ ਹੈਅਰਡਰੈਸਰ ਕੋਲ ਜਾਓ।
ਇਹ ਵੀ ਪੜ੍ਹੋ
ਪਰ ਅਮਾਂਡਾ ਨੇ ਕਿਹਾ, "ਮੈਂ ਨਹੀਂ ਜਾ ਸਕਦੀ। ਮੈਂ ਉਥੇ ਵਾਪਸ ਨਹੀਂ ਜਾ ਸਕਦੀ ਕਿਉਂਕਿ ਮੈਂ ਉਸਨੂੰ ਇੱਕ ਬਾਉਂਸ ਚੈਕ ਦਿੱਤਾ ਹੈ।"
ਉਸ ਸਮੇਂ ਅਮਾਂਡਾ ਨੇ ਆਪਣੀ ਮਾਂ ਨੂੰ ਪੂਰੀ ਸੱਚਾਈ ਦੱਸਣੀ ਪਈ। ਅਮਾਂਡਾ ਨੇ ਦੱਸਿਆ ਕਿ ਉਨ੍ਹਾਂ ਸਿਰ 19 ਹਜ਼ਾਰ ਡਾਲਰ (ਕਰੀਬ 14 ਲੱਖ ਰੁਪਏ) ਦਾ ਕਰਜ਼ ਹੈ।
ਵਿੱਤੀ ਯੋਜਨਾ
ਸਭ ਤੋਂ ਮਾੜੀ ਗੱਲ ਇਹ ਸੀ ਕਿ ਅਮਾਂਡਾ ਨੂੰ ਨਹੀਂ ਸੀ ਪਤਾ ਕਿ ਉਹ ਇੰਨੇ ਵੱਡੇ ਕਰਜ਼ੇ ਵਿੱਚੋਂ ਕਿਵੇਂ ਨਿਕਲਣਗੇ।
ਹਾਲਾਂਕਿ, ਉਸ ਸਮੇਂ ਮਾਂ ਦੀ ਮਦਦ ਨਾਲ ਅਮਾਂਡਾ ਨੇ ਆਪਣੇ ਬਿਲਾਂ ਦਾ ਭੁਗਤਾਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਮਹੀਨੇ ਦਾ ਇੱਕ ਬਜਟ ਬਣਾਇਆ ਅਤੇ ਵਿੱਤੀ ਯੋਜਨਾ ਬਣਾਈ। ਅਮਾਂਡਾ ਨੇ ਪਹਿਲਾਂ ਕਦੀ ਵੀ ਅਜਿਹਾ ਨਹੀਂ ਸੀ ਕੀਤਾ।
ਅਮਾਂਡਾ ਕਲੇਮੈਨ ਕਹਿੰਦੇ ਹਨ, "ਮੈਂ ਹਮੇਸ਼ਾਂ ਬਜਟ ਬਣਾਉਣ ਤੋਂ ਬਚਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਇਸ ਨਾਲ ਮੇਰੀ ਆਜ਼ਾਦੀ ਖ਼ਤਮ ਹੋ ਜਾਂਦੀ ਹੈ।"
ਪਰ ਬਜਟ ਬਣਾਉਣ ਨਾਲ ਪਤਾ ਲੱਗਿਆ ਕਿ ਇਸ ਨਾਲ ਉਨ੍ਹਾਂ ਦੀ ਆਜ਼ਾਦੀ ਵੱਧ ਗਈ ਹੈ ਅਤੇ ਹੌਲੀ ਹੌਲੀ ਖ਼ਰਚੇ ਵੀ ਘੱਟ ਹੋਏ ਹਨ। ਉਹ ਬਚਤ ਕਰ ਪਾ ਰਹੇ ਹਨ ਜਿਸ ਨਾਲ ਉਹ ਆਪਣੇ ਕਰਜ਼ਿਆਂ ਦਾ ਭੁਗਤਾਨ ਕਰ ਰਹੇ ਹਨ।
ਅਮਾਂਡਾ ਕਹਿੰਦੇ ਹਨ ਕਿ ਉਸ ਹੇਅਰਕੱਟ ਦੇ ਕਰਜ਼ ਕਰਕੇ ਮੈਨੂੰ ਮੇਰਾ ਸਹੀ ਰਾਹ ਮਿਲ ਗਿਆ ਜਿਥੇ ਮੈਂ ਪੈਸਿਆਂ ਨੂੰ ਲੈ ਕੇ ਵੱਧ ਸਮਝਦਾਰ ਹੋ ਗਈ ਅਤੇ ਮੈਨੂੰ ਮੇਰੀ ਜ਼ਿੰਦਗੀ ਦਾ ਜਨੂੰਨ ਮਿਲ ਗਿਆ।
ਕਈ ਸਾਲਾਂ ਤੱਕ ਸਮਾਜ ਸੇਵਾ ਦਾ ਕੰਮ ਕਰਨ ਤੋਂ ਬਾਅਦ ਆਪਣੇ ਇਸ ਜਨੂੰਨ ਕਰਕੇ ਅਮਾਂਡਾ ਕਲੇਮੈਨ ਇੱਕ ਫ਼ਾਈਨਾਂਸ਼ੀਅਲ ਥੈਰੇਪਿਸਟ ਬਣ ਗਏ ਹਨ।
ਵਿੱਤੀ ਘਬਰਾਹਟ ਕੀ ਹੈ
ਹੁਣ ਕਲੇਮੈਨ ਅਜਿਹੇ ਲੋਕਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਵਿੱਤੀ ਤਣਾਅ ਦੀ ਸਮੱਸਿਆ ਹੈ। ਉਹ ਕੰਪਨੀਆਂ ਦੇ ਨਾਲ ਜੁੜੇ ਹਨ, ਕੋਰਸ ਕਰਵਾਉਂਦੇ ਹਨ ਅਤੇ ਇਨਾਂ ਵਿਸ਼ਿਆਂ 'ਤੇ ਲਿਖਦੇ ਹਨ।
ਅਮਾਂਡਾ ਦੱਸਦੇ ਹਨ ਕਿ ਘਬਰਾਹਟ ਉਸ ਸਮੇਂ ਹੁੰਦੀ ਹੈ ਜਦੋਂ ਸਾਡਾ ਸਰੀਰ ਅਤੇ ਦਿਮਾਗ ਸੰਕੇਤ ਦਿੰਦਾ ਹੈ ਕਿ ਕੁਝ ਅਜਿਹਾ ਹੈ ਜੋ ਸਹੀ ਨਹੀਂ ਹੈ, ਉਸ 'ਤੇ ਧਿਆਨ ਦਿਓ।
ਇਹ ਸਾਡੇ ਲਈ ਖ਼ਤਰੇ ਦੀ ਘੰਟੀ ਹੈ ਕਿ ਹੁਣ ਉਸ ਮੁਸ਼ਕਿਲ ਸਥਿਤੀ ਨਾਲ ਨਜਿੱਠਣ ਦਾ ਸਮਾਂ ਆ ਗਿਆ ਹੈ। ਹਾਲਾਂਕਿ, ਅਕਸਰ ਹੁੰਦਾ ਇਹ ਹੈ ਕਿ ਲੋਕ ਜਦੋਂ ਘਬਰਾਹਟ ਮਹਿਸੂਸ ਕਰਦੇ ਹਨ ਤਾਂ ਮੁਸ਼ਕਿਲਾਂ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹਨ।
ਅਮਾਂਡਾ ਕਹਿੰਦੇ ਹਨ ਕਿ ਇਸ ਲਈ ਅਸੀਂ ਪੈਸਿਆਂ ਨੂੰ ਲੈ ਕੇ ਘਬਰਾਹਟ ਮਹਿਸੂਸ ਕਰਦੇ ਹਾਂ। ਅਸੀਂ ਅਕਸਰ ਇਸ ਬਾਰੇ ਸੋਚਦੇ ਨਹੀਂ ਅਤੇ ਹਾਲਤ ਹੋਰ ਖ਼ਰਾਬ ਹੋ ਜਾਂਦੀ ਹੈ ਕਿ ਅਸੀਂ ਜੋਸ਼ ਵਿੱਚ ਫ਼ੈਸਲੇ ਲੈ ਲੈਂਦੇ ਹਾਂ।
ਉਹ ਦੱਸਦੇ ਹਨ ਕਿ ਇਨਾਂ ਫ਼ੈਸਲਿਆ ਕਰਕੇ ਹਾਲਾਤ ਹੋਰ ਖ਼ਰਾਬ ਹੋ ਜਾਂਦੇ ਹਨ ਜਿਸ ਨਾਲ ਘਬਰਾਹਟ ਹੋਰ ਵੱਧ ਜਾਂਦੀ ਹੈ। ਇਸ ਤਰ੍ਹਾਂ ਅਸੀਂ ਚੱਕਰ ਵਿੱਚ ਫ਼ਸਦੇ ਤੁਰੇ ਜਾਂਦੇ ਹਾਂ।
ਇਸ ਲਈ ਸਭ ਤੋਂ ਪਹਿਲਾਂ ਆਪਣੀ ਘਬਰਾਹਟ ਵੱਲ ਧਿਆਨ ਦਿਓ ਅਤੇ ਗ਼ਹਿਰਾਈ ਨਾਲ ਸੋਚੋ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈ।
ਅਮਾਂਡਾ ਵਿੱਤੀ ਘਬਰਾਹਟ ਵਿੱਚੋਂ ਨਿਕਲਣ ਦੇ ਤਰੀਕੇ ਦੱਸਦੇ ਹਨ:
1. ਆਪਣੀ ਉਤਸੁਕਤਾ ਵਧਾਓ
ਪਹਿਲਾ ਕੰਮ ਇਹ ਹੈ ਕਿ ਪੈਸਿਆਂ ਨੂੰ ਲੈ ਕੇ ਉਤਸੁਕ ਹੋਣਾ ਸਿੱਖੋ। ਤੁਹਾਡੀ ਵਿੱਤੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਹੈ, ਇਹ ਉਸ ਵਿੱਚ ਅਸਲ ਦਿਲਚਸਪੀ ਲੈਣ ਵਰਗਾ ਹੈ ਬਜਾਇ ਇਸ ਦੇ ਕਿ ਤੁਸੀਂ ਸਿਰਫ਼ ਆਪਣੇ ਕਰਜ਼ੇ ਨਿਪਟਾਉਣ ਬਾਰੇ ਸੋਚੋ।
ਇਸ ਲਈ ਇੱਕ ਸਹੀ ਤਰੀਕਾ ਇਹ ਕਿ ਆਪਣੇ ਆਪ ਨੂੰ ਪੁੱਛੋ ਕਿ ਸਾਡੇ ਪੈਸਿਆਂ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ, ਕਿ ਅਸੀਂ ਆਪਣੇ ਸਮੇਂ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਾਂ ਅਤੇ ਸਾਡੇ ਲਈ ਕਿਹੜੀਆਂ ਚੀਜ਼ਾਂ ਅਸਲ ਵਿੱਚ ਮਹੱਤਵਪੂਰਣ ਹਨ।
ਇਹ ਵੀ ਪੜ੍ਹੋ
2. ਆਪਣੇ ਪੈਸਿਆਂ ਵੱਲ ਲਗਾਤਾਰ ਧਿਆਨ ਦਿਓ
ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਇਹ ਤਿੰਨ ਕੰਮ ਕਰੋ:
- ਇਹ ਦੇਖੋ ਕਿ ਤੁਹਾਡੇ ਬੈਂਕ ਖਾਤੇ ਵਿੱਚ ਕਿੰਨਾਂ ਪੈਸਾ ਆਉਂਦਾ ਹੈ ਅਤੇ ਕਿੰਨਾ ਬਚਦਾ ਹੈ।
- ਇਸ ਬਾਰੇ ਵਿਚਾਰ ਕਰੋ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਵਿੱਤੀ ਸਥਿਤੀ ਆਉਣ ਵਾਲੀ ਹੈ।
- ਇੱਕ ਯੋਜਨਾ ਬਣਾਓ।
ਉਦਾਹਰਣ ਲਈ, ਜੇਕਰ ਤੁਹਾਡਾ ਕਿਰਾਇਆ ਵੱਧ ਰਿਹਾ ਹੈ ਤਾਂ ਤੁਹਾਨੂੰ ਆਪਣੇ ਬਜਟ ਨੂੰ ਲੈ ਕੇ ਕੁਝ ਚੀਜ਼ਾਂ ਬਦਲਣੀਆਂ ਪੈਣਗੀਆਂ ਤਾਂ ਕਿ ਕਿਰਾਇਆ ਦੇਣ ਦਾ ਸਮਾਂ ਆਉਣ ਤੋਂ ਪਹਿਲਾਂ ਤੁਸੀਂ ਕੁਝ ਬੰਦੋਬਸਤ ਕਰ ਸਕੋ।
ਇਹ ਸਮੇਂ ਤੋਂ ਪਹਿਲਾਂ ਦੀ ਤਿਆਰੀ ਕਰਨਾ ਹੈ ਨਾ ਕਿ ਸਮਾਂ ਆਉਣ ਦੀ ਉਡੀਕ ਕਰਨਾ।
3. ਤੁਸੀਂ ਜੋ ਹਾਸਲ ਕੀਤਾ ਹੈ ਉਸ ਲਈ ਆਪਣੀਆਂ ਖ਼ੂਬੀਆਂ ਨੂੰ ਪਹਿਚਾਣੋ
ਇਹ ਬਹੁਤ ਅਹਿਮੀਅਤ ਰੱਖਦਾ ਹੈ ਕਿ ਤੁਸੀਂ ਜਾਣੋ ਕਿ ਤੁਸੀਂ ਆਪਣੀ ਮੰਜ਼ਿਲ ਵੱਲ ਕਿੰਨੇ ਅੱਗੇ ਵਧੇ ਹੋ। ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨਾ ਹੋਵੋ ਕਿ ਤੁਸੀਂ ਮੰਜ਼ਿਲ ਤੱਕ ਪਹੁੰਚੇ ਕਿਉਂ ਨਹੀਂ।
ਤੁਸੀਂ ਚਾਹੇ ਛੋਟੇ ਛੋਟੇ ਕਦਮ ਪੁੱਟ ਰਹੇ ਹੋਵੋਂ ਪਰ ਇਹ ਵੀ ਅਹਿਮ ਬਦਲਾਅ ਹੈ ਜੋ ਦੱਸਦਾ ਹੈ ਕਿ ਤੁਹਾਡੇ ਵਿੱਚ ਇਸਦੀ ਸਮਰੱਥਾ ਹੈ।
ਵਿੱਤੀ ਘਬਰਾਹਟ ਨੂੰ ਖ਼ਤਮ ਕਰਨਾ ਇੱਕ ਅਜਿਹੀ ਪ੍ਰੀਕਿਰਿਆ ਹੈ ਜੋ ਰਾਤੋ ਰਾਤ ਪੂਰੀ ਨਹੀਂ ਹੋ ਸਕਦੀ।
4. ਤਜ਼ਰਬੇ ਕਰਨ ਦਾ ਮੌਕਾ
ਅਸੀਂ ਆਮ ਤੌਰ 'ਤੇ ਚੀਜ਼ਾਂ ਉਨਾਂ ਦੇ 'ਸਹੀ ਤਰੀਕੇ' ਨਾਲ ਹੀ ਕਰਨਾ ਚਾਹੁੰਦੇ ਹਾਂ ਕਿਉਂਕਿ ਕੁਝ ਵੱਖਰਾ ਕਰਨ ਨਾਲ ਸਾਨੂੰ ਅਸਫ਼ਲ ਹੋਣ ਤੋਂ ਡਰ ਲੱਗਦਾ ਹੈ।
ਪਰ ਕਈ ਵਾਰ ਕਿਸੇ ਕੰਮ ਨੂੰ ਕਰਨ ਦਾ ਇੱਕ ਹੀ ਤਰੀਕਾ ਸਹੀ ਨਹੀਂ ਹੁੰਦਾ। ਜੇ ਅਸੀਂ ਥੋੜ੍ਹਾ ਹੋਰ ਸੋਚੀਏ ਤਾਂ ਕਈ ਹੋਰ ਰਾਹ ਵੀ ਖੁੱਲ੍ਹ ਸਕਦੇ ਹਨ।
ਸਾਨੂੰ ਆਪਣੇ ਆਪ ਨੂੰ ਹੋਰ ਰਚਨਾਤਮਕ ਹੋਣ ਦਾ ਮੌਕਾ ਦੇਣਾ ਚਾਹੀਦਾ ਹੈ।
5. ਪੈਸੇ ਨਾ ਹੋਣਾ ਚੰਗੀ ਖ਼ਬਰ ਹੈ
ਚਾਹੇ ਇਹ ਸੁਣਨ ਵਿੱਚ ਅਜੀਬ ਲੱਗਦਾ ਹੈ ਕਿ ਪੈਸੇ ਨਾ ਹੋਣਾ 'ਚੰਗੀ ਖ਼ਬਰ' ਹੈ ਪਰ ਇਹ ਹਾਲਾਤ ਨਾਲ ਨਜਿੱਠਣ ਲਈ ਸੋਚਣ ਦੇ ਤਰੀਕੇ ਨੂੰ ਬਦਲਣ ਵਰਗਾ ਹੈ।
ਇਹ ਕਦਮ ਸਾਡੇ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਅਹਿਮੀਅਤ ਦਰਸਾਉਂਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਚਣੌਤੀਆਂ ਦਾ ਜੁਆਬ ਕਿਸ ਤਰ੍ਹਾਂ ਦਿੰਦੇ ਹਾਂ ਅਤੇ ਉਨ੍ਹਾਂ ਨਾਲ ਨਿਪਟਣ ਲਈ ਲਚਕਤਾ ਕਿਸ ਤਰ੍ਹਾਂ ਅਪਣਾਉਂਦੇ ਹਾਂ।
"ਅਸੀਂ ਵਿੱਤੀ ਪਰੇਸ਼ਾਨੀਆਂ ਨਾਲ ਨਹੀਂ ਨਜਿੱਠ ਸਕਦੇ" ਇਹ ਸੋਚਣ ਦੀ ਬਜਾਇ ਸੋਚੋ ਕਿ "ਇਨਾਂ ਪਰੇਸ਼ਾਨੀਆਂ ਵਿੱਚੋਂ ਕਿਵੇਂ ਨਿਕਲਿਆ ਜਾਵੇ।"
ਇਸ ਪ੍ਰੀਕਿਰਿਆ ਵਿੱਚ ਸਾਨੂੰ ਆਪਣੇ ਬਾਰੇ ਕਈ ਦਿਲਚਸਪ ਗੱਲਾਂ ਪਤਾ ਲੱਗਦੀਆਂ ਹਨ ਅਤੇ ਅਸੀਂ ਇਹ ਵੀ ਸਮਝਾਂਗੇ ਕਿ ਵਿਅਕਤੀਗਤ ਮਾਮਲੇ ਕਿਵੇਂ ਪੈਸੇ ਸੰਭਾਲਣ ਦੇ ਸਾਡੇ ਤਰੀਕੇ ਨੂੰ ਪ੍ਰਭਾਵਿਤ ਕਰਦੇ ਹਨ।
ਇਹ ਕੋਈ ਜਾਦੂ ਨਹੀਂ ਹੈ
ਅਮਾਂਡਾ ਕਹਿੰਦੇ ਹਨ, "ਵਿੱਤੀ ਥੈਰੇਪੀ ਅਤੇ ਪੈਸਿਆਂ ਨੂੰ ਲੈ ਕੇ ਜੋ ਰਵੱਈਆ ਅਸੀਂ ਵਿਕਸਿਤ ਕਰਨਾ ਚਾਹੁੰਦੇ ਹਾਂ, ਇਹ ਸਭ ਕਿਸੇ ਜਾਦੂ ਦੀ ਸੋਟੀ ਵਰਗਾ ਨਹੀਂ ਹੈ।"
ਇਹ ਇੱਕ ਪ੍ਰੀਕਿਰਿਆ ਹੈ ਜੋ ਸਵੀਕਾਰ ਕਰਨ ਨਾਲ ਸ਼ੁਰੂ ਹੁੰਦੀ ਹੈ ਕਿ ਸਾਡੇ ਸਾਹਮਣੇ ਚੁਣੌਤੀ ਹੈ।
ਆਪਣੇ ਆਪ ਨੂੰ ਜਾਣਨ ਦਾ ਇਹ ਸਫ਼ਰ ਚਲਦਾ ਰਹਿੰਦਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਸੰਕੇਤ ਸਾਨੂੰ ਕੀ ਕਹਿਣਾ ਚਾਹੁੰਦੇ ਹਨ ਅਤੇ ਅਸੀਂ ਕੁਝ ਆਦਤਾਂ ਵਿੱਚ ਬਦਲਾਅ ਲਿਆਉਣ ਦੀ ਯੋਜਨਾ ਬਣਾ ਸਕੀਏ।
ਇਸ ਪ੍ਰੀਕਿਰਿਆ ਵਿੱਚ ਆਪਣੇ ਆਪ ਤੋਂ ਸਵਾਲ ਪੁੱਛਣਾ ਫ਼ਾਇਦੇਮੰਦ ਹੁੰਦਾ ਹੈ। ਜਿਵੇਂ ਕਿ ਤੁਹਾਡੇ ਕੰਮ ਦਾ ਮਤਲਬ ਕੀ ਹੈ, ਤੁਹਾਡੀਆਂ ਤਰਜੀਹਾਂ ਕੀ ਹਨ, ਤੁਹਾਡੇ ਉਦੇਸ਼ ਨੂੰ ਕੀ ਪ੍ਰਭਾਵਿਤ ਕਰਦਾ ਹੈ, ਕਿਹੜੇ ਰਿਸ਼ਤੇ ਤੁਹਾਡੀ ਵਿੱਤੀ ਹਾਲਤ ਨੂੰ ਪ੍ਰਭਾਵਿਤ ਕਰਦੇ ਹਨ, ਤੁਸੀਂ ਕਿੰਨਾਂ ਚੀਜ਼ਾਂ ਨੂੰ ਬਦਲ ਸਕਦੇ ਹੋ ਅਤੇ ਕਿੰਨਾਂ ਨੂੰ ਨਹੀਂ।
ਜੇ ਤੁਹਾਡੀ ਨੌਕਰੀ ਚਲੀ ਜਾਵੇ
ਅਜਿਹੀ ਸਥਿਤੀ ਵਿੱਚ ਵਿੱਤੀ ਥੈਰੇਪਿਸਟ ਸਲਾਹ ਦਿੰਦੇ ਹਨ ਕਿ ਤੁਹਾਨੂੰ ਪਹਿਲਾਂ ਸ਼ਾਂਤੀ ਨਾਲ ਬੈਠ ਕੇ ਮੌਜੂਦਾ ਹਾਲਾਤ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।
ਇੱਕ ਚੰਗਾ ਤਰੀਕਾ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰੋਂ ਜਿਨ੍ਹਾਂ ਨਾਲ ਤੁਹਾਡੇ ਵਿੱਤੀ ਸਰੋਕਾਰ ਹਨ ਜਿਵੇਂ ਕਿ ਮਕਾਨ ਮਾਲਕ ਨਾਲ ਗੱਲ ਕਰੋ ਅਤੇ ਉਸ ਨੂੰ ਕਿਰਾਏ ਲਈ ਥੋੜ੍ਹਾ ਵਕਤ ਦੇਣ ਲਈ ਕਹੋ।
ਜੇ ਨੌਕਰੀ ਜਾਣ ਤੋਂ ਪਹਿਲਾਂ ਤੁਹਾਡੀ ਕੁਝ ਬਚਤ ਹੈ ਤਾਂ ਯੋਜਨਾ ਬਣਾਓ ਕਿ ਤੁਸੀਂ ਉਸ ਨਾਲ ਵੱਧ ਤੋਂ ਵੱਧ ਕਿੰਨੇ ਦਿਨਾਂ ਤੱਕ ਖ਼ਰਚਾ ਚਲਾ ਸਕਦੇ ਹੋ।
ਇਹ ਇਸ ਬਾਰੇ ਸੋਚਣ ਵਿੱਚ ਵੀ ਮਦਦ ਕਰਦਾ ਹੈ ਕਿ ਤੁਹਾਨੂੰ ਹੋਰ ਸਾਧਨਾਂ, ਵਿਕਲਪਾਂ ਤੋਂ ਕਿਸ ਤਰ੍ਹਾਂ ਪੈਸੇ ਮਿਲ ਸਕਦੇ ਹਨ।
ਚਾਹੇ ਉਨਾਂ ਪੈਸਿਆਂ ਨਾਲ ਤੁਹਾਡੇ ਸਾਰੇ ਖ਼ਰਚੇ ਪੂਰੇ ਨਾ ਹੋਣ ਪਰ ਕਰਜ਼ਾ ਅਤੇ ਉਸਦੇ ਵਿਆਜ ਤੋਂ ਬਚਣ ਵਿੱਚ ਇਹ ਤਰੀਕਾ ਕਾਫ਼ੀ ਹੱਦ ਤੱਕ ਤੁਹਾਡੀ ਮਦਦ ਕਰ ਸਕਦਾ ਹੈ। ਨਾਲ ਹੀ ਆਪਣੇ ਖ਼ਰਚੇ ਘੱਟ ਕਰਨਾ ਨਾ ਭੁੱਲੋ।
ਇਸ ਸਭ ਤਰੀਕੇ ਇਹ ਜਾਣਨ ਦੀ ਕੋਸ਼ਿਸ਼ ਹਨ ਕਿ ਕਿੰਨਾਂ ਚੀਜ਼ਾਂ 'ਤੇ ਤੁਹਾਡਾ ਕਾਬੂ ਹੈ ਅਤੇ ਕਿਹੜੀਆਂ ਚੀਜ਼ਾਂ ਤੁਹਾਡੇ ਕਾਬੂ ਤੋਂ ਬਾਹਰ ਹਨ। ਇਸ ਨਾਲ ਸਾਨੂੰ ਸਾਡੇ ਟਿਚਿਆਂ ਵੱਲ ਵਧਣ ਵਿੱਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: