ਅਰਨਬ ਗੋਸਵਾਮੀ ਦੇ ਚੈਨਲ 'ਤੇ ਯੂਕੇ ਦੀ ਰੈਗੁਲੇਟਰੀ ਸੰਸਥਾ ਨੇ ਕਿਉਂ ਲਾਇਆ ਜੁਰਮਾਨਾ

ਰਿਪਬਲਿਕ ਟੀਵੀ ਦੇ ਹਿੰਦੀ ਨਿਊਜ਼ ਚੈਨਲ ਰਿਪਬਲਿਕ ਭਾਰਤ 'ਤੇ ਯੂਕੇ ਦੀ ਰੈਗੁਲੇਟਰੀ ਸੰਸਥਾ ਓਫਕੌਮ ਨੇ 20,000 ਪੌਂਡ ਦਾ ਜੁਰਮਾਨਾ ਲਾਇਆ ਹੈ।

ਇਹ ਜੁਰਮਾਨਾ ਓਫਕੌਮ ਨੇ 'ਗਲਤ ਸ਼ਬਦਾਵਲੀ', 'ਨਫ਼ਰਤ ਭਰੇ ਭਾਸ਼ਣ' ਅਤੇ 'ਵਿਅਕਤੀਆਂ, ਸਮੂਹਾਂ, ਧਰਮਾਂ ਜਾਂ ਫਿਰਕਿਆਂ ਲਈ ਅਪਸ਼ਬਦ ਜਾਂ ਬੇਇੱਜ਼ਤੀ ਵਾਲੇ ਵਤੀਰੇ' ਲਈ ਲਾਇਆ ਗਿਆ ਹੈ।

ਰਿਪਬਲਿਕ ਭਾਰਤ ਨੂੰ ਚੈਨਲ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਗਿਆ ਹੈ।

ਇੱਕ ਬਿਆਨ ਵਿੱਚ ਓਫ਼ਕੌਮ ਨੇ ਕਿਹਾ ਹੈ ਕਿ 6 ਸਤੰਬਰ, 2019 ਨੂੰ ਪ੍ਰਸਾਰਿਤ ਕੀਤੇ ਪ੍ਰੋਗਰਾਮ 'ਪੂਛਤਾ ਹੈ ਭਾਰਤ' ਤਹਿਤ ਟੀਵੀ ਦੇ ਐਂਕਰ ਅਤੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ਅਤੇ ਕੁਝ ਮਹਿਮਾਨਾਂ ਨੇ ਪ੍ਰਸਾਰਣ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਪਾਬੰਦੀਆਂ 'ਵਰਲਡਵਿਊ ਮੀਡੀਆ ਨੈੱਟਵਰਕ ਲਿਮਟਿਡ' 'ਤੇ ਲਗਾਈਆਂ ਗਈਆਂ ਹਨ, ਜਿਸ ਕੋਲ ਯੂਕੇ ਵਿੱਚ ਰਿਪਬਲਿਕ ਭਾਰਤ ਦਾ ਪ੍ਰਸਾਰਨ ਕਰਨ ਦਾ ਲਾਇਸੈਂਸ ਹੈ।

ਓਫ਼ਕੌਮ ਨੇ ਕੀ-ਕੀ ਇਤਰਾਜ਼ ਜ਼ਾਹਿਰ ਕੀਤੇ?

ਉਲੰਘਣਾ ਦੇ ਫੈਸਲੇ ਦੌਰਾਨ ਓਫਕੌਮ ਨੇ ਪਾਇਆ ਕਿ ਰਿਪਬਲਿਕ ਭਾਰਤ ਤੇ ਲਾਇਸੈਂਸ ਧਾਰਕ ਦੁਆਰਾ ਪ੍ਰਸਾਰਿਤ ਕੀਤੀ ਗਈ ਸਮੱਗਰੀ ਨੇ 2.3, 3.2 ਅਤੇ 3.3 ਨਿਯਮਾਂ ਦੀ ਉਲੰਘਣਾ ਕੀਤੀ ਹੈ।

ਓਫਕੌਮ ਨੇ ਪਾਇਆ ਕਿ ਪ੍ਰੋਗਰਾਮ 'ਪੂਛਤਾ ਹੈ ਭਾਰਤ' ਦੇ ਇੱਕ ਐਪੀਸੋਡ ਵਿੱਚ ਐਂਕਰ ਅਤੇ ਉਨ੍ਹਾਂ ਦੇ ਕੁਝ ਮਹਿਮਾਨਾਂ ਦੁਆਰਾ ਟਿੱਪਣੀਆਂ ਕੀਤੀਆਂ ਗਈਆਂ ਸਨ ਜੋ ਕਿ ਪਾਕਿਸਤਾਨੀ ਲੋਕਾਂ ਵਿਰੁੱਧ ਨਫ਼ਰਤ ਭਰੀਆਂ ਸਨ ਅਤੇ ਪਾਕਿਸਤਾਨੀ ਲੋਕਾਂ ਪ੍ਰਤੀ ਬੇਇੱਜ਼ਤੀ ਅਤੇ ਮਾੜਾ ਵਿਵਹਾਰ ਸਨ।

ਇਹ ਸਮਗਰੀ ਸੰਭਾਵੀ ਤੌਰ 'ਤੇ ਅਪਮਾਨਜਨਕ ਵੀ ਸੀ ਅਤੇ ਪ੍ਰਸੰਗ (ਕਨਟੈਕਸਟ) ਰਾਹੀਂ ਨਿਆਂਸੰਗਤ ਵੀ ਨਹੀਂ ਸੀ।

'ਪੂਛਤਾ ਹੈ ਭਾਰਤ' ਦੇ ਇਸ ਪ੍ਰਸਾਰਣ ਵਿੱਚ ਚੰਦਰਯਾਨ-2 ਨੂੰ ਪੁਲਾੜ ਵਿੱਚ ਭੇਜਣ ਸਬੰਧੀ ਚਰਚਾ ਹੋ ਰਹੀ ਸੀ। ਇਸ ਵਿੱਚ ਅਰਨਬ ਗੋਸਵਾਮੀ ਅਤੇ ਉਨ੍ਹਾਂ ਦੇ ਮਹਿਮਾਨਾਂ (ਤਿੰਨ ਭਾਰਤੀ ਅਤੇ ਤਿੰਨ ਪਾਕਿਸਤਾਨੀ) ਦਰਮਿਆਨ ਬਹਿਸ ਹੋਈ।

ਬਹਿਸ ਵਿੱਚ ਪਾਕਿਸਤਾਨ ਅਤੇ ਭਾਰਤ ਦੀ ਪੁਲਾੜ ਖੋਜ ਅਤੇ ਤਕਨਾਲੋਜੀ ਦੀ ਉੱਨਤੀ ਦੀ ਤੁਲਨਾ ਹੋ ਰਹੀ ਸੀ। ਇਸ ਦੇ ਨਾਲ ਹੀ ਭਾਰਤ ਖਿਲਾਫ਼ ਪਾਕਿਸਤਾਨ ਦੀਆਂ ਕਥਿਤ ਅੱਤਵਾਦੀ ਗਤੀਵਿਧੀਆਂ ਦੀ ਗੱਲਬਾਤ ਕੀਤੀ ਗਈ।

ਇਹ ਬਹਿਸ ਕਸ਼ਮੀਰ ਦੇ ਖੇਤਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਵਿਵਾਦ ਵਿੱਚ ਵੱਧ ਰਹੇ ਤਣਾਅ ਦੇ ਪਿਛੋਕੜ ਵਿੱਚ ਕੀਤੀ ਗਈ ਸੀ, ਜਿਸ 'ਤੇ ਦੋਵੇਂ ਦੇਸ ਦਾਅਵਾ ਕਰਦੇ ਹਨ।

ਪ੍ਰੋਗਰਾਮ ਵਿੱਚ ਕੀ ਸੀ ਇਤਰਾਜ਼ਯੋਗ?

ਪ੍ਰੋਗਰਾਮ ਵਿਚ ਐਂਕਰ ਅਤੇ ਉਨ੍ਹਾਂ ਦੇ ਕੁਝ ਮਹਿਮਾਨਾਂ ਨੇ ਇਹ ਵਿਚਾਰ ਜ਼ਾਹਰ ਕੀਤਾ ਕਿ ਸਾਰੇ ਪਾਕਿਸਤਾਨੀ ਲੋਕ ਦਹਿਸ਼ਤਗਰਦ ਹਨ।

ਇਸ ਵਿੱਚ ਇਹ ਵੀ ਕਿਹਾ ਗਿਆ, "ਉਨ੍ਹਾਂ ਦੇ ਵਿਗਿਆਨੀ, ਡਾਕਟਰ, ਆਗੂ, ਸਿਆਸਤਦਾਨ ਸਾਰੇ ਦਹਿਸ਼ਤਗਰਦ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਖਿਡਾਰੀ ਵੀ", "ਹਰੇਕ ਬੱਚਾ ਉੱਥੇ ਦਹਿਸ਼ਤਗਰਦ ਹੈ। ਹਰ ਬੱਚਾ ਦਹਿਸ਼ਤਗਰਦ ਹੈ। ਤੁਸੀਂ ਦਹਿਸ਼ਤਗਰਦੀ ਸੰਗਠਨ ਨਾਲ ਨਜਿੱਠ ਰਹੇ ਹੋ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇੱਕ ਮਹਿਮਾਨ ਨੇ ਪਾਕਿਸਤਾਨੀ ਵਿਗਿਆਨੀਆਂ ਨੂੰ "ਚੋਰ"ਕਿਹਾ, ਜਦੋਂਕਿ ਇੱਕ ਹੋਰ ਨੇ ਪਾਕਿਸਤਾਨੀ ਲੋਕਾਂ ਨੂੰ "ਭਿਖਾਰੀ" ਕਿਹਾ।

ਇਸ ਸੰਦਰਭ ਵਿੱਚ ਐਂਕਰ ਨੇ ਪਾਕਿਸਤਾਨ ਜਾਂ ਪਾਕਿਸਤਾਨੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਅਸੀਂ ਵਿਗਿਆਨੀ ਬਣਾਉਂਦੇ ਹਾਂ, ਤੁਸੀਂ ਦਹਿਸ਼ਤਗਰਦ ਬਣਾਉਂਦੇ ਹੋ।"

ਓਫਕੌੰਮ ਨੇ ਕਿਹਾ, ਅਸੀਂ ਇਨ੍ਹਾਂ ਬਿਆਨਾਂ ਨੂੰ ਪਾਕਿਸਤਾਨੀ ਲੋਕਾਂ ਦੀ ਸਿਰਫ਼ ਨਾਗਰਿਕਤਾ ਦੇ ਆਧਾਰ 'ਤੇ, ਅਸਹਿਣਸ਼ੀਲਤਾ ਦੇ ਅਧਾਰ 'ਤੇ ਨਫ਼ਰਤ ਦਾ ਪ੍ਰਗਟਾਵਾ ਮੰਨਿਆ।

"ਇਨ੍ਹਾਂ ਬਿਆਨਾਂ ਦੇ ਪ੍ਰਸਾਰਣ ਨੇ ਦਰਸ਼ਕਾਂ ਵਿੱਚ ਪਾਕਿਸਤਾਨੀ ਲੋਕਾਂ ਪ੍ਰਤੀ ਅਜਿਹੀ ਅਸਹਿਣਸ਼ੀਲਤਾ ਨੂੰ ਫੈਲਾਇਆ, ਭੜਕਾਇਆ, ਉਤਸ਼ਾਹਿਤ ਕੀਤਾ ਅਤੇ ਜਾਇਜ਼ ਠਹਿਰਾਇਆ।"

ਇਹ ਵੀ ਪੜ੍ਹੋ:

ਓਫਕੌਮ ਨੇ ਕਿਹਾ ਕਿ "ਇਨ੍ਹਾਂ ਬਿਆਨਾਂ ਨੂੰ ਸ਼ਾਬਦਿਕ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ, ਜਿਸ ਨੂੰ ਏਸ਼ੀਅਨ ਦਰਸ਼ਕ ਸਪਸ਼ਟ ਤੌਰ 'ਤੇ ਸਮਝ ਗਏ ਹੋਣਗੇ।"

"ਹਾਲਾਂਕਿ ਅਸੀਂ ਇਹ ਮੰਨਦੇ ਹਾਂ ਕਿ ਭਾਰਤੀ ਫੌਜ ਦੇ ਇੱਕ ਸੇਵਾਮੁਕਤ ਮੇਜਰ ਜਨਰਲ ਦੁਆਰਾ ਦਿੱਤਾ ਗਿਆ ਬਿਆਨ ਜਿਸ ਵਿੱਚ ਸਪੱਸ਼ਟ ਤੌਰ 'ਤੇ ਧਮਕੀ ਦਿੱਤੀ ਗਈ ਸੀ ਕਿ ਭਾਰਤੀ ਫੌਜ ਪਾਕਿਸਤਾਨੀ ਨਾਗਰਿਕਾਂ ਦੇ ਘਰਾਂ 'ਤੇ ਹਮਲਾ ਕਰੇਗੀ, ਇਹ ਇੱਕ ਅਹੁਦੇਦਾਰ ਵਿਅਕਤੀ ਵਲੋਂ ਨਫ਼ਰਤ ਅਤੇ ਮਾਰਨ ਦੀ ਇੱਛਾ ਸੀ।"

"ਸਾਡੇ ਵਿਚਾਰ ਵਿੱਚ ਇਨ੍ਹਾਂ ਬਿਆਨਾਂ ਦੇ ਪ੍ਰਸਾਰਣ ਨੇ ਪਾਕਿਸਤਾਨੀ ਲੋਕਾਂ ਪ੍ਰਤੀ ਨਫ਼ਰਤ ਅਤੇ ਅਸਹਿਣਸ਼ੀਲਤਾ ਨੂੰ ਵੀ ਉਤਸ਼ਾਹਤ ਕੀਤਾ।"

ਰਿਪਬਲਿਕ ਭਾਰਤ ਨੇ ਕੀ ਕਿਹਾ

ਓਫਕੌਮ ਮੁਤਾਬਕ ਰਿਪਬਲਿਕ ਭਾਰਤ ਨੇ ਕਿਹਾ ਕਿ ਉਹ "ਬੇਹੱਦ ਚਿੰਤਤ" ਹਨ ਕਿ ਪ੍ਰੋਗਰਾਮ ਪਾਕਿਸਤਾਨੀ ਲੋਕਾਂ ਦੀ ਅਸਹਿਣਸ਼ੀਲਤਾ ਦੇ ਅਧਾਰ 'ਤੇ ਨਫ਼ਰਤ ਦੇ ਪ੍ਰਗਟਾਵੇ ਵਜੋਂ ਦੇਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਸ਼ਮੀਰ ਦੇ ਵਿਸ਼ੇ 'ਤੇ ਚਰਚਾ ਕੀਤਾ ਸੀ ਅਤੇ ਇਸਦਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਕਾਰਨ ਇਹ ਦਰਸ਼ਕਾਂ ਵਿਚ ਚਰਚਾ ਦਾ ਵਿਸ਼ਾ ਸੀ।

ਲਾਇਸੰਸਧਾਰਕ ਨੇ ਮੰਨਿਆ ਕਿ ਉਹ "ਇਹ ਸਮਝਣ ਵਿੱਚ ਅਸਫਲ ਰਹੇ ਕਿ ਕੋਡ ਦੇ ਤਹਿਤ ਕਿਹੜੀ ਸਮਗਰੀ ਜਾਂ ਭਾਸ਼ਣ ਨਫ਼ਰਤ ਵਾਲਾ ਹੋ ਸਕਦਾ ਹੈ।"

ਲਾਈਸੈਂਸ ਧਾਰਕ ਨੇ ਕਿਹਾ ਕਿ ਉਨ੍ਹਾਂ 280 ਵਾਰ ਜਨਤਕ ਮਾਫ਼ੀ ਪ੍ਰਸਾਰਤ ਕੀਤੀ, 'ਇਹ ਸਾਬਤ ਕਰਨ ਲਈ ਕਿ ਅਸੀਂ ਕਿੰਨੇ ਸ਼ਰਮਸਾਰ ਹਾਂ। ' ਉਨ੍ਹਾਂ ਕਿਹਾ ਕਿ 'ਕਈ ਵਾਰ ਮਾਫ਼ੀ ਪ੍ਰਸਾਰਿਤ ਕਰਨਾ ਇਹ ਸੁਨੇਹਾ ਦਿੰਦਾ ਹੈ ਕਿ ਸਾਡੀ ਡੂੰਘਾਈ ਨਾਲ ਮਾਫ਼ੀ ਮੰਗਣ ਦੀ ਕੋਸ਼ਿਸ਼ ਹੈ।'

ਲਾਈਸੈਂਸ ਧਾਰਕ ਨੇ ਮੰਨਿਆ ਕਿ ਪ੍ਰੋਗਰਾਮ ਨੂੰ ਦੁਬਾਰਾ ਨਾ ਤਾਂ ਪ੍ਰਾਸਰਿਤ ਕੀਤਾ ਗਿਆ ਅਤੇ ਨਾ ਹੀ ਐਡਿਟ ਕਰਕੇ ਕਿਸੇ ਰੂਪ ਵਿਚ ਚਲਾਇਆ ਗਿਆ।

ਲਾਇਸੰਸ ਧਾਰਕ ਨੇ ਦਲੀਲ ਦਿੱਤੀ ਕਿ ਪ੍ਰਸਤਾਵਿਤ ਜੁਰਮਾਨੇ ਨਾਲ ਰਿਪਬਲਿਕ ਭਾਰਤ ਚੈਨਲ ਨੂੰ ਚਲਾਈ ਰੱਖਣਾ ਇੱਕ ਗੰਭੀਰ ਸਮੱਸਿਆ ਹੋ ਜਾਏਗਾ ਹੈ।

ਇਹ ਵੀ ਪੜ੍ਹੋ:

ਲਾਇਸੰਸ ਧਾਰਕ ਨੇ ਆਪਣੇ ਰੈਵੀਨਿਊ ਨੂੰ ਦੁਹਰਾਇਆ ਅਤੇ ਇਸ ਨੂੰ ਚਲਾਉਣ ਲਈ ਸੈਟੇਲਾਈਟ ਅਤੇ ਪਲੇਟਫਾਰਮ ਲਈ ਹਰ ਮਹੀਨੇ ਦੇ ਖਰਚਿਆਂ ਦਾ ਵੇਰਵਾ ਦਿੱਤਾ।

ਉਨ੍ਹਾਂ ਕਿਹਾ ਅਗਸਤ 2019 ਤੋਂ ਮਾਰਚ 2020 ਤੱਕ ਚੈਨਲ ਲਾਂਚ ਹੋਣ ਦੌਰਾਨ ਇੱਕ ਮਹੀਨੇ ਦੇ ਖਰਚਿਆਂ ਨੂੰ ਵੀ ਪੂਰਾ ਨਹੀਂ ਕਰ ਸਕਿਆ ਹੈ।

ਲਾਇਸੰਸਧਾਰਕ ਨੇ ਕਿਹਾ ਕਿ ਕੰਪਨੀ ਘਾਟੇ 'ਤੇ ਚੱਲ ਰਹੀ ਹੈ ਅਤੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਮਾਲੀਆ ਵਿਚ "ਭਾਰੀ ਗਿਰਾਵਟ" ਆਈ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)