US Election Results: ਅਮਰੀਕੀ ਚੋਣ ਨਤੀਜਿਆਂ ਦਾ ਕਿੱਥੇ ਫਸਿਆ ਹੋਇਆ ਹੈ ਪੇਚ, 8 ਨੁਕਤਿਆਂ ਵਿਚ ਸਮਝੋ ਪੂਰੀ ਕਹਾਣੀ

ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਇੱਕ ਦਿਨ ਬਾਅਦ ਅਜੇ ਵੀ ਜੇਤੂ ਦਾ ਫੈਸਲਾ ਦੂਰ ਦੀ ਕੋਡੀ ਦਿਖ ਰਿਹਾ ਹੈ। ਇਸ ਸਮੇਂ 160 ਮਿਲੀਅਨ ਅਮਰੀਕੀਆਂ ਵਲੋਂ ਬੈਲਟ ਪੇਪਰਾਂ ਰਾਹੀਆਂ ਪਾਈਆਂ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਇਸ ਸਮੇਂ ਥੋੜੀ ਤਸਵੀਰ ਜਰੂਰ ਦਿਖਣ ਲੱਗ ਪਈ ਹੈ।

ਡੌਨਲਡ ਟਰੰਪ ਆਪਣੇ ਵਿਰੋਧੀਆਂ ਉੱਤੇ ਘੋਟਾਲਾ ਕਰਨ ਦਾ ਇਲਜ਼ਾਮ ਲਾਉਦੇ ਹੋਏ ਆਪਣੀ ਗਲਤ ਤਰੀਕੇ ਨਾਲ ਹੀ ਜਿੱਤ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਈ ਟਵੀਟ ਕੀਤੇ ਅਤੇ ਵਿਵਾਦ ਖੜ੍ਹਾ ਕੀਤਾ ਅਤੇ ਇਲਜ਼ਾਮ ਲਾਇਆ ਕਿ ਵਿਰੋਧੀਆਂ ਨੇ ਜਾਅਲੀ ਵੋਟਾਂ ਪੁਆਈਆਂ ਹਨ।

ਪਰ ਅਜੇ ਇਹ ਮਾਮਲਾ ਇਸ ਤਰ੍ਹਾਂ ਦਾ ਨਹੀਂ ਦਿਖ ਰਿਹਾ, ਲੱਖਾਂ ਲੋਕਾਂ ਨੇ ਕਾਨੂੰਨੀ ਤਰੀਕੇ ਨਾਲ ਆਪਣੀਆਂ ਬੈਲਟ ਵੋਟਾਂ ਭੁਗਤਾਈਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਜਾਰੀ ਹੈ।

ਅਮਰੀਕੀ ਚੋਣਾਂ ਨਾਲ ਸਬੰਧਤ ਖਾਸ ਰਿਪੋਟਾਂ ਪੜ੍ਹੋ

ਪੌਲ ਡਨਹਰ, ਬੀਬੀਸੀ ਪੱਤਰਕਾਰ ਨੇ ਮੌਜੂਦਾ ਹਾਲਾਤ ਦਾ ਵੇਰਵਾ ਦੀ ਵਿਆਖਿਆ ਕੁਝ ਇਸ ਤਰ੍ਹਾਂ ਕੀਤੀ ਹੈ:

ਸਾਲ 2016 ਵਿੱਚ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਸੀ ਕਿ 2016 ਦੀਆਂ ਚੋਣਾਂ ਦੌਰਾਨ ਵਿਆਪਕ ਘਪਲੇਬਾਜ਼ੀ ਹੋਈ। ਉਨ੍ਹਾਂ ਨੇ ਇਨ੍ਹਾਂ ਚੋਣਾਂ ਨੂੰ "ਧੱਕੇਸ਼ਾਹੀ ਵਾਲੀ ਚੋਣ" ਕਿਹਾ ਸੀ ਜਿਨ੍ਹਾਂ ਵਿੱਚ "50 ਲੱਖ ਵੋਟਾਂ ਗੈਰ-ਕਾਨੂੰਨੀ ਤੌਰ 'ਤੇ ਪਈਆਂ ਸਨ" ਉਨ੍ਹਾਂ ਦਾ ਕਹਿਣਾ ਸੀ ਕਿ "ਅਸੀਂ ਨਹੀਂ ਚਾਹੁੰਦੇ ਇਹ ਚੋਣਾਂ ਸਾਥੋਂ ਚੋਰੀ ਕਰ ਲਈਆਂ ਜਾਣ"।

ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਮਈ 2017 ਵਿੱਚ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ "ਚੋਣਾਂ ਅਖੰਡਤਾ ਬਾਰੇ ਇੱਕ ਸਲਾਹਕਾਰ ਕਮਿਸ਼ਨ" ਬਣਾਇਆ। ਫਿਰ ਜਨਵਰੀ 2018 ਵਿੱਚ ਬਿਨਾਂ ਕਿਸੇ ਚੋਣ ਘਪਲੇ ਦਾ ਕੋਈ ਸਬੂਤ ਪੇਸ਼ ਕੀਤਿਆਂ ਹੀ ਕਮਿਸ਼ਨ ਦਾ ਚੁੱਪਚਪੀਤੇ ਹੀ ਬਿਸਤਰਾ ਬੰਨ੍ਹ ਦਿੱਤਾ ਗਿਆ।

ਸਤੰਬਰ 2020 ਵਿੱਚ ਕੇਂਦਰੀ ਏਜੰਸੀ ਐੱਫ਼ਬੀਆਈ ਦੇ ਨਿਰਦੇਸ਼ਕ ਕ੍ਰਿਸਟੋਫ਼ਰ ਵੈਰੀ ਨੇ ਕਿਹਾ," ਇਤਿਹਾਸਕ ਤੌਰ 'ਤੇ ਅਸੀਂ ਕਿਸੇ ਵੀ ਵੱਡੀ ਚੋਣ ਵਿੱਚ ਕਿਸੇ ਕਿਸਮ ਦੇ ਦੇਸ਼ ਵਿਆਪੀ ਚੋਣ ਘਪਲੇ ਦੀ ਕੋਸ਼ਿਸ਼ ਭਾਵੇਂ ਉਹ ਡਾਕ ਰਾਹੀਂ ਹੋਵੇ ਤੇ ਭਾਵੇਂ ਕਿਸੇ ਹੋਰ ਤਰ੍ਹਾਂ, ਨਹੀਂ ਦੇਖੀ ਹੈ।"

ਜਾਪਦਾ ਹੈ ਕਿ ਟਰੰਪ ਖੇਮੇ ਵੱਲੋਂ ਪੇਸ਼ ਕੀਤੀ ਜਾਣ ਵਾਲੀ ਕਾਨੂੰਨੀ ਚੁਣੌਤੀ "ਕਾਨੂੰਨੀ ਵੋਟ" ਦੀ ਪਰਿਭਾਸ਼ਾ ਬਾਰੇ ਬਹਿਸ ਛੇੜੇਗੀ। ਇਹ ਇਸ ਤਰਕ ਉੱਪਰ ਖੜ੍ਹਾ ਹੈ ਕਿ ਕੀ ਰਸਟ ਬੈਲਟ ਸਟੇਟਸ ਵੱਲੋਂ ਕੋਰੋਨਾ ਕਾਲ ਦੌਰਾਨ ਵੋਟਿੰਗ ਦੀਆਂ ਗੁੰਝਲਤਾਈਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਮਿਆਰਾਂ ਨੂੰ ਬਦਲਣਾ ਉਚਿਤ ਸੀ?

ਪੈਨਸਲਵੇਨੀਆ ਦੀ ਮਿਸਾਲ ਤੇ ਕਾਨੂੰਨੀ ਦਾਅ ਪੇਚ

ਇਸ ਦੀ ਸਭ ਤੋ ਵੱਡੀ ਮਿਸਾਲ ਹੈ ਪੈਨਸਲਵੇਨੀਆ ਹੈ, ਜਿੱਥੋਂ ਦੀ ਸੂਬਾਈ ਸੁਪਰੀਮ ਕੋਰਟ ਨੇ ਕਿਹਾ ਕਿ ਡਾਕ ਰਾਹੀਂ ਪਹੁੰਚਣ ਵਾਲੀਆਂ ਵੋਟਾਂ ਜਿਨ੍ਹਾਂ ਉੱਪਰ ਡਾਕਖਾਨੇ ਦੀ ਮੋਹਰ ਪੜ੍ਹੀ ਜਾ ਸਕਦੀ ਹੈ, ਤਿੰਨ ਨਵੰਬਰ ਤੱਕ ਅਤੇ ਜਿਨ੍ਹਾਂ ਉੱਪਰ ਮੋਹਰ ਸਪੱਸ਼ਟ ਨਹੀਂ ਹੈ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੱਕ ਸਵੀਕਾਰ ਕੀਤੀਆਂ ਜਾ ਸਕਣਗੀਆਂ। ਸੂਬਾ ਸਰਕਾਰ ਨੇ ਅਜਿਹਾ ਕੀਤਾ ਕਿਉਂਕਿ ਪੈਨਸਲਵੇਨੀਆ ਅਤੇ ਮਿਸ਼ੀਗਨ ਵਿੱਚ ਸਥਾਨਕ ਰਿਪਬਲੀਕਨਾਂ ਨੇ ਡੈਮੋਕ੍ਰੇਟਾਂ ਦੇ ਚੋਣਾਂ ਦੇ ਦਿਨ ਤੋਂ ਪਹਿਲਾਂ ਗਿਣਤੀ ਕਰਨ ਦੇ ਯਤਨਾਂ ਵਿੱਚ ਅੜਿਕਾ ਪਾਇਆ। ਜਿਸ ਨਾਲ ਗਿਣਤੀ ਲੰਬੀ ਖਿੱਚਣ ਦੀ ਸੰਭਾਵਨਾ ਵਧ ਗਈ।

ਇਹ ਮਸਲਾ ਸਨ ਬੈਲਟ ਸਟੇਟਸ ਜਿਵੇਂ- ਫਲੋਰਿਡਾ ਵਿੱਚ ਸਾਹਮਣੇ ਨਹੀਂ ਆਇਆ, ਜਿੱਥੇ ਡਾਕ ਰਾਹੀ ਪਹੁੰਚੀਆਂ ਵੋਟਾਂ ਚੋਣਾਂ ਦੇ ਦਿਨ ਤੋਂ ਪਹਿਲਾਂ ਗਿਣ ਲਈਆਂ ਗਈਆਂ ਸਨ।

ਰਾਸ਼ਟਰਪਤੀ ਦੇਰੀ ਨਾਲ ਗਿਣੀਆਂ ਜਾ ਰਹੀਆਂ ਵੋਟਾਂ ਦੀ ਮਾਨਤਾ ਇਹ ਕਹਿ ਕੇ ਰੱਦ ਕਰਵਾਉਣਾ ਚਾਹ ਰਹੇ ਹਨ ਕਿ ਬਾਇਡਨ ਦੀਆਂ ਵੋਟਾਂ ਅਚਾਨਕ 'ਮਿਲ ਰਹੀਆਂ' ਹਨ। ਜਦਕਿ ਅਜਿਹਾ ਨਹੀਂ ਹੈ, ਉਹ ਹੁਣ ਗਿਣੀਆ ਜਾ ਰਹੀਆਂ ਹਨ।

ਅਮਰੀਕਾ ਦੇ ਸੰਵਿਧਾਨ ਮੁਤਾਬਕ ਵੋਟਾਂ ਦੀ ਗਿਣਤੀ ਕਿਵੇਂ ਕਰਨੀ ਹੈ, ਇਹ ਸੂਬਿਆਂ ਨੇ ਤੈਅ ਕਰਨਾ ਹੈ। ਰਿਪਬਲੀਕਨ ਪਾਰਟੀ ਨੇ ਪੈਨਸਲਵੇਨੀਆ ਵਿੱਚ ਇਸ ਨੂੰ ਦੋ ਵਾਰ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਨੇ ਹਾਲੇ ਤੱਕ ਤਾਂ ਕਿਹਾ ਸੀ ਕਿ ਉਹ ਇਸ ਮਾਮਲੇ ਵਿੱਚ ਅਦਾਲਤਾਂ ਵੱਲੋਂ ਪਹਿਲਾਂ ਰੱਦ ਕੀਤੀਆਂ ਅਪੀਲਾਂ ਦਾ ਰਿਵੀਊ ਨਹੀਂ ਕਰੇਗੀ ਪਰ ਉਸ ਨੇ ਅੱਗੇ ਲਈ ਇਸ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ।

ਹਾਲਾਂਕਿ ਜੇ ਜਿੱਤ ਦਾ ਫ਼ਰਕ ਕੁਝ ਨਿਸ਼ਚਿਤ ਹੱਦ ਦੇ ਅੰਦਰ ਹੋਵੇ ਤਾਂ ਆਟੋਮੈਟਿਕ ਰੀ-ਕਾਊਂਟ ਨੇ ਨਿਯਮ ਵੀ ਪਹਿਲਾਂ ਤੋਂ ਤੈਅ ਹਨ।

ਇਸ ਵੇਲੇ ਦੇ ਕੀ ਨੇ ਹਾਲਾਤ ਸਮਝੋ ਇਨ੍ਹਾਂ 8 ਨੁਕਤਿਆਂ ਰਾਹੀ:

  • ਅਮਰੀਕੀ ਰਾਸ਼ਟਰਪਤੀ ਚੋਣਾਂ ਲੜ ਰਹੇ ਡੈਮੋਕਰੇਟ ਉਮੀਦਵਾਰ ਜੋ ਬਾਇਡਨ ਨੇ ਕਿਹਾ ਹੈ ਕਿ ਭਾਵੇਂ ਅਹਿਮ ਨਤੀਜੇ ਅਜੇ ਆਉਣੇ ਹਨ ਪਰ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਲਈ ਲੋੜੀਦੇ ਕਾਫ਼ੀ ਸੂਬੇ ਜਿੱਤ ਲਏ ਹਨ।
  • ਮਿਸ਼ੀਗਨ ਵਿਚ ਆਪਣੀ ਜਿੱਤ ਦਾ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਬਾਇਡਨ ਨੇ ਸੰਖੇਪ ਜਿਹੇ ਬਿਆਨ ਵਿਚ ਕਿਹਾ,"ਜਦੋਂ ਗਿਣਤੀ ਪੂਰੀ ਹੋਵੇਗੀ ਸਾਨੂੰ ਭਰੋਸਾ ਹੈ ਕਿ ਜਿੱਤ ਸਾਡੀ ਹੀ ਹੋਵੇਗੀ।"
  • ਜਿਨ੍ਹਾਂ ਸੂਬਿਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਜਿੱਥੇ ਦਾ ਪੂਰਾ ਨਤੀਜਾ ਨਹੀ ਆਇਆ ਹੈ ਉਸ ਵਿਚ ਐਰੀਜ਼ੋਨਾ, ਜੋਰਜੀਆ, ਵਿਸਕੋਨਸਿਨ ਅਤੇ ਪੈਨੇਸਲਵੇਨੀਆ ਸ਼ਾਮਲ ਹੈ।
  • ਟਰੰਪ ਨੂੰ ਇਹ ਖ਼ਬਰ ਲਿਖੇ ਜਾਣ ਸਮੇਂ ਜਿੰਨ੍ਹਾਂ 23 ਸੂਬਿਆਂ ਵਿਚ ਜਿੱਤ ਮਿਲਦੀ ਦਿਖ ਰਹੀ ਹੈ ਅਤੇ ਚੋਣ ਪੰਡਿਤਾਂ ਦੇ ਦਾਅਵੇ ਬਦਲਾ ਦਿੱਤੇ ਹਨ, ਉਨ੍ਹਾਂ ਵਿਚ ਟੈਕਸਸ, ਓਹਾਈਓ, ਫੋਲਰਿਡਾ ਸ਼ਾਮਲ ਹਨ।
  • ਟਰੰਪ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਘੋਟਾਲਾ ਹੋਣ ਦਾ ਇਲਜ਼ਾਮ ਲਾ ਰਹੇ ਹਨ ਅਤੇ ਉਹ ਸੁਪਰੀਕ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹਿ ਰਹੇ ਹਨ।
  • ਬਾਈਡਨ ਖੇਮੇ ਨੇ ਰਾਸ਼ਟਰਪਤੀ ਟਰੰਪ ਦੇ ਬਿਆਨ ਨੂੰ 'ਘਟੀਆ' ਦੱਸਿਆ ਹੈ ਅਤੇ ਕਿਹਾ ਹੈ ਕਿ ਵੋਟਾਂ ਦੀ ਗਿਣਤੀ ਜਾਰੀ ਰਹੇਗੀ।
  • ਅਮਰੀਕਾ ਵਿਚ ਇਹ ਇਸ ਸਦੀ ਦੀ ਸਭ ਵੱਧ ਵੋਟਿੰਗ ਹੋਈ ਹੈ ਅਤੇ ਹੋ ਸਕਦਾ ਹੈ ਕਿ ਪੂਰਾ ਨਤੀਜਾ ਆਉਣ ਨੂੰ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪਵੇ।
  • ਟਰੰਪ ਦੇ ਖੇਮੇ ਨੇ ਜੋਰਜੀਆ ਸੂਬੇ ਵਿਚ ਵੋਟਾਂ ਦੀ ਗਿਣਤੀ ਰੁਕਵਾਉਣ ਲਈ ਕੇਸ ਦਾਇਰ ਕਰ ਦਿੱਤਾ ਹੈ, ਕੇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ 53 ਵਿਅਕਤੀਆਂ ਨੂੰ ਲੰਘੇ ਸਮੇਂ ਤੋਂ ਬਾਅਦ ਪੋਸਟਲ ਵੋਟ ਪਾਉਂਦੇ ਦੇਖਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)