ਅਮਰੀਕੀ ਚੋਣਾਂ 2020 ਨਤੀਜਾ : ਜੋ ਬਾਈਡਨ ਰਾਸ਼ਟਰਪਤੀ ਬਣੇ ਤਾਂ ਚੀਨ ਨਾਲ ਕਿਵੇਂ ਨਿਪਟਣਗੇ

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

22 ਅਕਤੂਬਰ ਨੂੰ ਡੌਨਲਡ ਟਰੰਪ ਅਤੇ ਜੋ ਬਾਈਡਨ ਵਿਚਾਲੇ ਤੀਜੀ ਪ੍ਰੈਸੀਡੈਂਸ਼ੀਅਲ ਡਿਬੇਟ ਦੌਰਾਨ ਬਹਿਸ ਦੇ ਸੰਚਾਲਕ ਨੇ ਜੋ ਬਾਈਡਨ ਕੋਲੋਂ ਪੁੱਛਿਆ ਕਿ ਕੋਰੋਨਾਵਾਇਰਸ 'ਤੇ ਚੀਨ ਵੱਲੋਂ ਪਾਰਦਰਸ਼ਿਤਾ ਨਾ ਦਿਖਾਉਣ 'ਤੇ ਉਹ ਚੀਨ ਨੂੰ ਕਿਸ ਤਰ੍ਹਾਂ ਸਜ਼ਾ ਦੇਣਗੇ?

ਬਾਈਡਨ ਨੇ ਜਵਾਬ ਦਿੱਤਾ, "ਚੀਨ ਨੂੰ ਸਜ਼ਾ ਦੇਣ ਲਈ ਮੈਂ ਕੌਮਾਂਤਰੀ ਨਿਯਮਾਂ ਮੁਤਾਬਕ ਕਾਰਵਾਈ ਕਰਾਂਗਾ। ਚੀਨ ਨੂੰ ਵੀ ਕੌਮਾਂਤਰੀ ਨਿਯਮਾਂ ਮੁਤਾਬਕ ਚੱਲਣਾ ਹੋਵੇਗਾ।"

ਰਾਸ਼ਟਰਪਤੀ ਡੌਨਲਡ ਟਰੰਪ ਚੀਨ 'ਤੇ ਕੋਰੋਨਾ ਵਾਇਰਸ ਨਾਲ ਜੁੜੀਆਂ ਜਾਣਕਾਰੀਆਂ ਛੁਪਾਉਣ ਅਤੇ ਇਸ ਨੂੰ ਦੁਨੀਆਂ ਭਰ ਵਿੱਚ ਫੈਲਣ ਦੇਣ ਦਾ ਇਲਜ਼ਮਾ ਲਗਾਉਂਦੇ ਰਹੇ ਹਨ। ਚੀਨ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ-

ਅਮਰੀਕਾ ਵਿੱਚ ਵੀ ਕੋਰੋਨਾਵਾਇਰਸ ਨਾਲ 2,30,000 ਤੋਂ ਵੱਖ ਲੋਕ ਮਾਰੇ ਜਾ ਚੁੱਕੇ ਹਨ। ਅਮਰੀਕੀ ਅਰਥਵਿਵਸਥਾ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ।

ਅਮਰੀਕਾ ਦੀ ਡੈਲੇਵੇਅਰ ਯੂਨੀਵਰਸਿਟੀ ਵਿੱਚ ਕੌਮਾਂਤਰੀ ਮਾਮਲਿਆਂ ਦੇ ਪ੍ਰੋਫੈਸਰ ਮੁਕਤਦਰ ਖ਼ਾਨ ਇਸ ਬਿਆਨ ਨੂੰ ਗੁੰਮਰਾਹਕੁਨ ਮੰਨਦੇ ਹਨ।

ਉਨ੍ਹਾਂ ਨੇ ਕਿਹਾ ਹੈ, "ਬਹਿਸ ਤੋਂ ਪਹਿਲਾਂ ਵੀ ਵਿਦੇਸ਼ ਮਾਮਲਿਆਂ ਦੇ ਜਾਣਕਾਰਾਂ ਵਿੱਚ ਇਹ ਰਾਏ ਸੀ ਕਿ ਬਾਈਡਨ ਚੀਨ ਨੂੰ ਲੈ ਕੇ ਕਮਜ਼ੋਰ ਹੈ।"

ਟਰੰਪ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਸ਼ੁਰੂਆਤ ਵਿੱਚ ਚੀਨ ਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕੋਰੋਨਾਵਾਇਰਸ ਤੋਂ ਬਾਅਦ ਉਹ ਪਾਬੰਦੀਆਂ ਅਤੇ ਕਾਰਜਕਾਰੀ ਆਦੇਸ਼ਾਂ ਦੀ ਇਕਤਰਫ਼ਾ ਨੀਤੀ 'ਤੇ ਚੱਲੇ।

ਪ੍ਰੋਫੈਸਰ ਖ਼ਾਨ ਕਹਿੰਦੇ ਹਨ, "ਚੀਨ ਨਾ ਸਿਰਫ਼ ਅਮਰੀਕੀ ਸਰਦਾਰੀ ਨੂੰ ਚੁਣੌਤੀ ਦੇ ਰਿਹਾ ਹੈ ਬਲਕਿ ਕੌਮਾਂਤਰੀ ਨਿਯਮਾਂ ਅਤੇ ਪ੍ਰਬੰਧ ਨੂੰ ਵੀ ਚੁਣੌਤੀ ਦੇ ਰਿਹਾ ਹੈ। ਜੇਕਰ ਬਾਈਡਨ ਦੇ ਬਿਆਨ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ ਚੀਨ ਇੱਕ ਨਿਯਮਾਂ ਦਾ ਪਾਲਣ ਕਰਨ ਵਾਲਾ ਦੇਸ਼ ਹੈ ਅਤੇ ਉਸ ਨੂੰ ਉਤਸਾਹਿਤ ਦਿੱਤਾ ਜਾਣਾ ਚਾਹੀਦਾ ਹੈ।"

ਮੁਕਤਦਰ ਖ਼ਾਨ ਮੁਤਾਬਕ, ਬਾਈਡਨ ਦੀ ਵਿਦੇਸ਼ ਨੀਤੀ ਦਾ ਇਹ ਕਮਜ਼ੋਰ ਪੱਖ ਹੈ ਕਿ ਉਹ ਚੀਨ 'ਤੇ ਕਾਰਵਾਈ ਨੂੰ ਲੈ ਕੇ ਝਿਜਕ ਰਹੇ ਹਨ।

ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਗਿਰਾਵਟ ਆਈ ਹੈ, ਜਿਵੇਂ, ਕੋਰੋਨਾ ਮਹਾਮਾਰੀ ਨੂੰ ਲੈ ਕੇ ਚੀਨ ਦਾ ਰੁਖ਼, ਤਕਨੀਕ, ਹਾਂਗਕਾਂਗ, ਦੱਖਣੀ ਚੀਨ ਸਾਗਰ, ਵੀਗਰ ਮੁਸਲਮਾਨ, ਟਿਕਟੌਕ, ਖਵਾਵੇ, ਜਾਸੂਸੀ ਅਤੇ ਸਾਈਬਰ ਧਮਕੀਆਂ।

ਪੀਈਡਬਲਿਊ (ਪਿਊ) ਦੀ ਇੱਕ ਖੋਜ ਮੁਤਾਬਕ ਦੋ ਤਿਹਾਈ ਅਮਰੀਕੀ ਚੀਨ ਨੂੰ ਲੈ ਕੇ ਨਕਾਰਾਤਾਮਕ ਵਿਚਾਰ ਰੱਖਦੇ ਹਨ।

ਬੋਸਟਨ ਯੂਨੀਵਰਸਿਟੀ ਵਿੱਚ ਕੌਮਾਂਤਰੀ ਮਾਮਲਿਆਂ ਦੇ ਪ੍ਰੋਫੈਸਰ ਆਦਿਲ ਨਜਮ ਕਹਿੰਦੇ ਹਨ, "ਅਮਰੀਕੀ ਵਿਦੇਸ਼ ਨੀਤੀ ਵਿੱਚ ਮੁੱਦਾ ਨੰਬਰ ਇੱਕ, ਮੁੱਦਾ ਨੰਬਰ ਦੋ ਅਤੇ ਮੁੱਦਾ ਨੰਬਰ ਤਿੰਨ, ਸਭ ਚੀਨ ਹੀ ਹੈ।"

ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਚੀਨ 'ਤੇ ਹਮਲਾਵਰ ਹੋਣ ਨਾਲ ਵੋਟਾਂ ਮਿਲਣਗੀਆਂ ਜਾਂ ਨਹੀਂ, ਉਹ ਵੀ ਉਦੋਂ ਜਦੋਂ ਘਰੇਲੂ ਮੁੱਦਿਆਂ ਦੀ ਕੋਈ ਕਮੀ ਹੀ ਨਾ ਹੋਵੇ।

2017 ਵਿੱਚ ਜਾਰੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਵਿੱਚ ਚੀਨ ਦਾ ਜ਼ਿਕਰ 33 ਵਾਰ ਕੀਤਾ ਗਿਆ ਹੈ।

ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, "ਚੀਨ ਅਤੇ ਰੂਸ ਅਮਰੀਕੀ ਤਾਕਤ, ਪ੍ਰਭਾਵ ਅਤੇ ਹਿੱਤਾਂ ਨੂੰ ਚੁਣੌਤੀ ਦਿੰਦੇ ਹਨ ਅਤੇ ਉਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਖ਼ਤਮ ਕਰਨ ਦਾ ਯਤਨ ਕਰਦੇ ਹਨ। ਚੀਨ ਅਤੇ ਰੂਸ ਇੱਕ ਅਜਿਹੀ ਦੁਨੀਆਂ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਜੋ ਅਮਰੀਕੀ ਕਦਰਾਂ ਅਤੇ ਹਿੱਤਾਂ ਦੇ ਉਲਟ ਹੋਵੇ।"

ਸੂਬਿਆਂ ਦੇ ਗਵਰਨਰਾਂ ਨੂੰ ਫਰਵਰੀ ਵਿੱਚ ਦਿੱਤੇ ਗਏ ਭਾਸ਼ਣ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ਵੱਲੋਂ ਪੇਸ਼ ਸੰਭਾਵਿਤ ਖ਼ਤਰਿਆਂ ਦਾ ਜ਼ਿਕਰ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ, "ਚੀਨ ਨੇ ਸਾਡੀਆਂ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕੀਤਾ ਹੈ। ਉਸ ਨੇ ਸਾਡੀ ਸੁਤੰਤਰਤਾ ਦਾ ਫਾਇਦਾ ਚੁੱਕਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸੰਘੀ ਪੱਧਰ 'ਤੇ ਸੂਬੇ ਦੇ ਪੱਧਰ 'ਤੇ ਅਤੇ ਸਥਾਨਕ ਪੱਧਰ 'ਤੇ ਸਾਡੇ ਕੋਲੋਂ ਅੱਗੇ ਨਿਕਲ ਸਕੇ।"

ਟਰੰਪ ਪ੍ਰਸ਼ਾਸਨ ਨੇ ਚੀਨ ਖ਼ਿਲਾਫ਼ ਸਮਰਥਨ ਜਟਾਉਣ ਲਈ ਗਲੋਬਲ ਮੁਹਿੰਮ ਸ਼ੁਰੂ ਕੀਤੀ ਹੈ। ਟਰੰਪ ਵਾਰ-ਵਾਰ ਇਹ ਕਹਿੰਦੇ ਹਨ ਕਿ ਬਾਈਡਨ ਚੀਨ ਨੂੰ ਲੈ ਕੇ ਨਰਮ ਹਨ।

ਜੇਕਰ ਜੋ ਬਾਈਡਨ ਰਾਸ਼ਟਰਪਤੀ ਬਣਦੇ ਹਨ ਤਾਂ ਉਨ੍ਹਾਂ ਦਾ ਰੁਖ਼ ਕੀ ਹੋਵੇਗਾ? ਕੀ ਬਾਈਡਨ ਵੀ ਟਰੰਪ ਵਾਂਗ ਚੀਨ ਦੇ ਕਾਰੋਬਾਰ 'ਤੇ ਵੱਧ ਟੈਕਸ ਲਗਾ ਸਕਣਗੇ ਅਤੇ ਦੂਜੇ ਕਦਮ ਚੁੱਕ ਸਕਣਗੇ?

ਉਹ ਕਾਰੋਬਾਰ, ਮਨੁੱਖੀ ਅਧਿਕਾਰ, ਜਲਵਾਯੂ ਪਰਿਵਰਤਨ, ਹਾਂਗ-ਕਾਂਗ ਅਤੇ ਕੋਰੋਨਾਵਾਇਰਸ ਦੇ ਮੁੱਦੇ 'ਤੇ ਚੀਨ ਨਾਲ ਕਿਵੇਂ ਨਜਿੱਠਣਗੇ?

ਟਰੰਪ ਦੀ ਚੋਣ ਮੁਹਿੰਮ ਦੇ ਪ੍ਰਚਾਰ ਵਿੱਚ ਇੱਕ ਵੀਡੀਓ ਜਾਰੀ ਕੀਤ ਗਿਆ ਹੈ, ਜਿਸ ਵਿੱਚ ਜੋ ਬਾਈਡਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਗਲਾਸ ਟਕਰਾ ਰਹੇ ਹਨ ਅਤੇ ਕਹਿ ਰਹੇ ਹਨ, "ਚੀਨ ਨਾਲ ਸੁਖਾਵੇਂ ਸਬੰਧ ਹੋਣਾ ਸਾਡੇ ਹਿੱਤਾਂ ਵਿੱਚ ਹਨ।"

ਅਪ੍ਰੈਲ ਵਿੱਚ ਵਿਦੇਸ਼ ਨੀਤੀ 'ਤੇ ਲਿਖੇ ਲੇਖ ਵਿੱਚ ਜੋ ਬਾਈਡਨ ਨੇ ਜ਼ੋਰ ਦਿੱਤਾ ਸੀ ਕਿ ਅਮਰੀਕਾ ਨੂੰ ਚੀਨ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰਨ ਦੀ ਲੋੜ ਹੈ।

ਬਾਈਡਨ ਦੇ ਵਿਜ਼ਨ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, "ਭਵਿੱਖ ਵਿੱਚ ਚੀਨ ਜਾਂ ਕਿਸੇ ਹੋਰ ਦੇਸ਼ ਦੇ ਖ਼ਿਲਾਫ਼ ਮੁਕਾਬਲੇ ਵਿੱਚ ਅੱਗੇ ਰਹਿਣ ਲਈ ਸਾਨੂੰ ਆਪਣੀ ਨਵੇਂਪਣ ਦੀ ਧਾਰਾ ਨੂੰ ਹੋਰ ਤੇਜ਼ ਕਰਨਾ ਹੋਵੇਗਾ ਅਤੇ ਦੁਨੀਆਂ ਭਰ ਦੇ ਜਮਹੂਰੀ ਦੇਸ਼ਾਂ ਦੀ ਆਰਥਿਕ ਤਾਕਤ ਨੂੰ ਇੱਕਜੁੱਟ ਕਰਨਾ ਹੋਵੇਗਾ।"

ਇਹ ਵੀ ਪੜ੍ਹੋ-

ਕੁਝ ਲੋਕ ਕਹਿਣਗੇ ਕਿ ਟਰੰਪ ਦੇ ਉਲਟ ਬਹੁਪੱਖੀ ਨੀਤੀ ਲਈ ਵਿਆਪਕ ਰੂਪਰੇਖਾ ਹੋ ਸਕਦੀ ਹੈ ਪਰ ਇਸ ਦਾ ਉਲੇਖ ਕਿੱਥੇ ਹੈ?

ਪ੍ਰੋਫੈਸਰ ਖ਼ਾਨ ਕਹਿੰਦੇ ਹਨ, "ਟਰੰਪ ਦੇ ਪ੍ਰਸ਼ਾਸਨ ਵਿੱਚ ਨਜ਼ਰੀਆ ਇਹ ਰਿਹਾ ਹੈ ਕਿ ਅਮਰੀਕਾ ਨੇ ਚੀਨ ਨੂੰ ਮੁਕਾਬਲੇਬਾਜ਼ ਵਜੋਂ ਸਵੀਕਾਰ ਕਰ ਲਿਆ ਹੈ ਪਰ ਬਾਈਡਨ ਅਜੇ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਰਹੇ ਹਨ।"

ਬਾਈਡਨ ਚੀਨ ਦੇ ਆਲੋਚਕ ਹਨ, ਪਰ ਇੱਕ ਨਜ਼ਰੀਆ ਇਹ ਵੀ ਹੈ ਕਿ ਉਹ ਅਮਰੀਕਾ ਦੀ ਕਮਜ਼ੋਰੀ ਨੂੰ ਵੀ ਸਵੀਕਾਰ ਕਰਦੇ ਹਨ। ਇੱਕ ਨਜ਼ਰੀਆ ਇਹ ਵੀ ਹੈ ਕਿ ਅਮਰੀਕਾ ਦੀ ਚੀਨ ਨੂੰ ਕੰਟ੍ਰੋਲ ਕਰਨ ਦੀ ਨੀਤੀ ਵਿੱਚ ਹੁਣ ਬਹੁਤ ਦੇਰ ਹੋ ਗਈ ਹੈ।

ਰਿਸ਼ਤਿਆਂ ਦਾ ਰਸਤਾ

ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦਾ ਗਰਾਫ਼ ਦੇਖੀਏ ਤਾਂ ਕਈ ਮਜ਼ੇਦਾਰ ਚੀਜ਼ਾਂ ਨਜ਼ਰ ਆਉਂਦੀਆਂ ਹਨ?

1972 ਵਿੱਚ ਰਾਸ਼ਟਪਰਪਤੀ ਰਿਚਰਡ ਨਿਕਸਨ ਦੀ ਚੀਨ ਯਾਤਰਾ ਨੇ ਦੋਵਾਂ ਦੇਸ਼ਾਂ ਦੀ ਰਿਸ਼ਤਿਆਂ 'ਤੇ ਜੰਮੀ ਬਰਫ਼ ਹਟਾਈ ਸੀ।

ਅਮਰੀਕਾ ਚਾਹੁੰਦਾ ਸੀ ਕਿ ਚੀਨ ਇੱਕ ਅਜਿਹਾ ਦੇਸ਼ ਬਣੇ ਜੋ ਪੂਰੀ ਦੁਨੀਆਂ ਨਾਲ ਜੁੜਿਆ ਹੋਵੇ ਅਤੇ ਜ਼ਿੰਮੇਦਾਰ ਹੋਵੇ।

ਪਰ ਮਾਹਰ ਮੰਨਦੇ ਹਨ ਕਿ ਚੀਨ ਨੇ ਆਪਣੀ ਵਿਸ਼ਾਲ ਅਰਥਵਿਵਸਥਾ ਦੇ ਦਮ 'ਤੇ ਆਪਣੇ ਆਪ ਨੂੰ ਅਮਰੀਕਾ ਦਾ ਰਣਨੀਤਕ ਮੁਕਾਬਲੇਬਾਜ਼ ਬਣਾ ਲਿਆ ਹੈ।

ਦਿ ਹੰਡ੍ਰੈਡ ਮੈਰਾਥਨ ਕਿਤਾਬ ਦੇ ਲੇਖਕ ਅਤੇ ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਪਿਲਸਬਰੀ ਕਹਿੰਦੇ ਹਨ, "ਜਿਸ ਤਰ੍ਹਾਂ ਅਸੀਂ ਚੀਨ ਦਾ ਪ੍ਰਬੰਧ ਕਰ ਰਹੇ ਹਾਂ ਚੀਨ ਉਸ ਤੋਂ ਵਧੀਆ ਤਰੀਕੇ ਨਾਲ ਸਾਡਾ ਪ੍ਰਬੰਧ ਕਰ ਰਿਹਾ ਹੈ।"

ਇਸ ਕਿਤਾਬ ਦੇ ਕਵਰ 'ਤੇ ਲਿਖਿਆ ਹੈ, ਚੀਨ ਦੀ ਗੁਪਤ ਰਣਨੀਤੀ ਗਲੋਬਲ ਮਹਾਸ਼ਕਤੀ ਵਜੋਂ ਅਮਰੀਕਾ ਦੀ ਥਾਂ ਲੈਣਾ ਹੈ।

'ਅਮਰੀਕਾ ਦੀ ਥਾਂ ਨਹੀਂ ਲੈਣਾ ਚਾਹੁੰਦਾ ਚੀਨ'

ਵਾਸ਼ਿੰਗਟਨ ਸਥਿਤ ਥਿੰਕ ਟੈਂਕ ਹੈਰੀਟੇਜ ਫਾਊਂਡੇਸ਼ਨ ਨਾਲ ਜੁੜੇ ਵਿਦੇਸ਼ ਮਾਮਲਿਆਂ ਦੇ ਮਾਹਰ ਜੇਮਜ਼ ਜੇ. ਕੈਰਾਫਾਨੋ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਵਿੱਚ ਅਮਰੀਕੀ ਰਣਨੀਤੀ ਚੀਨ ਦੇ ਨਾਲ ਵਿਵਾਦਾਂ ਨੂੰ ਕਿਨਾਰੇ ਕਰ ਕੇ ਸਹਿਯੋਗ ਨੂੰ ਵਧਾਉਣ ਦੀ ਰਹੀ ਹੈ।

ਰਾਸ਼ਟਰਪਤੀ ਟਰੰਪ ਦੇ ਦੌਰ ਵਿੱਚ ਅਮਰੀਕਾ ਦੀ ਇਹ ਰਣਨੀਤੀ ਉਲਟ ਹੋ ਗਈ ਹੈ।

ਕੈਰਾਫਾਨੋ ਕਹਿੰਦੇ ਹਨ, "ਹੁਣ ਅਮਰੀਕਾ ਦੀ ਰਣਨੀਤੀ ਇਹ ਹੈ ਕਿ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇ, ਇਹ ਦਿਖਾਇਆ ਜਾਵੇ ਕਿ ਅਸੀਂ ਆਪਣੇ ਹਿੱਤਾਂ ਦੀ ਰੱਖਿਆ ਕਰਨ ਦਾ ਇਰਾਦਾ ਰੱਖਦੇ ਹਾਂ।"

ਕੈਰਾਫਾਨੋ ਕਹਿੰਦੇ ਹਨ, "ਬੇਸ਼ੱਕ ਹੀ ਜਨਵਰੀ 2021 ਤੋਂ ਬਾਅਦ ਅਮਰੀਕਾ ਵਿੱਚ ਨਵਾਂ ਰਾਸ਼ਟਰਪਤੀ ਹੋਵੇ ਪਰ ਚੀਨ ਨੂੰ ਲੈ ਕੇ ਅਮਰੀਕਾ ਦੀ ਰਣਨੀਤੀ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ।"

ਪਰ ਕੀ ਅਮਰੀਕਾ ਟਰੰਪ ਸਟਾਈਲ ਦਾ ਹਮਲਾਵਰ ਰੁਖ਼ ਜਾਰੀ ਰੱਖੇਗਾ ਜਾਂ ਬਾਈਡਨ ਦੀ ਅਗਵਾਈ ਵਿੱਚ ਵਧੇਰੇ ਵਧੇਰੇ ਕੂਟਨੀਤਕ ਅਤੇ ਗਿਣਿਆ-ਮਿਥਿਆ ਰਵੱਈਆ ਅਪਣਾਵੇਗਾ?

ਬਕਨੇਲ ਯੂਨੀਵਰਸਿਟੀ ਵਿੱਚ ਕੌਮਾਂਤਰੀ ਰਾਜਨੀਤੀ ਅਤੇ ਸਬੰਧਾਂ ਦੇ ਪ੍ਰੋਫੈਸਰ ਝੀਕੁਨ ਝੂ ਕਹਿੰਦੇ ਹਨ, "ਵਾਸ਼ਿੰਗਟਨ ਵਿੱਚ ਕੁਝ ਲੋਕ ਚੀਨ ਨੂੰ ਲੈ ਕੇ ਪਾਗਲ ਹਨ। ਚੀਨ ਦੁਨੀਆਂ ਦੀਆਂ ਮਹਾਂਸ਼ਕਤੀਆਂ ਵਿੱਚੋਂ ਇੱਕ ਬਣਨਾ ਚਾਹੁੰਦਾ ਹੈ ਨਾ ਕਿ ਅਮਰੀਕਾ ਨੂੰ ਹਟਾ ਕੇ ਉਸ ਦੀ ਥਾਂ ਲੈਣਾ ਚਾਹੁੰਦੀ ਹੈ।"

ਭਾਰਤ ਅਤੇ ਪਾਕਿਸਤਾਨ ਕੋਲ ਕੀ ਹੈ ਬਦਲ?

ਰਵਾਇਤੀ ਤੌਰ 'ਤੇ ਪਾਕਿਸਤਾਨ ਦਾ ਅਮਰੀਕਾ ਨਾਲ ਮਜ਼ਬੂਤ ਰਿਸ਼ਤਾ ਰਿਹਾ ਹੈ ਪਰ ਹੁਣ ਉਹ ਚੀਨ ਦੇ ਵਧੇਰੇ ਨੇੜੇ ਹੈ।

ਜੌਨ ਹਾਪਕਿਨਸ ਯੂਨੀਵਰਸਿਟੀ ਦੇ ਡਾਕਟਰ ਐੱਸਐੱਸ ਅਲੀ ਮੰਨਦੇ ਹਨ ਕਿ ਪਾਕਿਸਤਾਨੀ ਪੱਖ ਵਿੱਚ ਇਹ ਸਮਝ ਬਣੀ ਰਹੀ ਹੈ ਕਿ ਆਪਣਾ ਸਭ ਕੁਝ ਚੀਨ ਕੋਲ ਰੱਖਣ ਦੀ ਬਜਾਇ ਅਮਰੀਕਾ ਦੇ ਨਾਲ 70 ਸਾਲਾਂ ਤੋਂ ਚੱਲੇ ਆ ਰਹੇ ਰਿਸ਼ਤੇ ਨੂੰ ਅੱਖੋ-ਪਰੋਖੇ ਨਾ ਕੀਤਾ ਜਾਵੇ।

ਉਹ ਕਹਿੰਦੇ ਹਨ, "ਅਮਰੀਕਾ ਵੀ ਪਾਕਿਸਤਾਨ ਨੂੰ ਇੰਝ ਹੀ ਨਹੀਂ ਛੱਡ ਸਕਦਾ ਹੈ ਕਿਉਂਕਿ ਅਫ਼ਗਾਨਿਸਤਾਨ ਉਸ ਲਈ ਵੀ ਸਨਮਾਨ ਦਾ ਮੁੱਦਾ ਬਣ ਗਿਆ ਹੈ।"

ਭਾਰਤ ਨੂੰ ਹਮੇਸ਼ਾ ਤੋਂ ਹੀ ਆਪਣੇ ਗੁਟ ਨਿਰਪੱਖ ਵਿਦੇਸ਼ ਨੀਤੀ 'ਤੇ ਮਾਣ ਰਿਹਾ ਹੈ ਪਰ ਕੁਝ ਲੋਕ ਇਹ ਤਰਕ ਦੇ ਸਕਦੇ ਹਨ ਕਿ ਭਾਰਤ ਸੋਵੀਅਤ ਕੈਂਪ ਵਿੱਚ ਰਿਹਾ ਹੈ।

ਭਾਰਤ ਨੇ ਚੀਨ ਅਤੇ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਗਲਵਾਨ ਘਾਟੀ ਵਿੱਚ ਚੀਨ ਦੇ ਨਾਲ ਹਿੰਸਕ ਝੜਪ ਵਿੱਚ ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਅਮਰੀਕਾ ਦੇ ਕਰੀਬ ਆਉਣ ਵਿੱਚ ਹਿਚਕ ਨਹੀਂ ਦਿਖਾਈ ਹੈ।

ਕੈਰਾਫਾਨੋ ਮੰਨਦੇ ਹਨ ਕਿ ਅਮਰੀਕਾ ਚੀਨ ਨੂੰ ਆਪਣੀ ਹੋਂਦ ਲਈ ਖਤਰੇ ਵਜੋਂ ਨਹੀਂ ਦੇਖਦਾ ਹੈ ਪਰ ਭਾਰਤ ਗੁਟ ਨਿਰਪੱਖ ਦੇ ਦੌਰ ਤੋਂ ਅੱਗੇ ਵਧ ਗਿਆ ਹੈ।

ਉਹ ਕਹਿੰਦੇ ਹਨ, "ਭਾਰਤ ਹੁਣ ਦੁਨੀਆਂ ਵਿੱਚ ਇੱਕ ਚੀਨ ਵਿਰੋਧੀ ਤਾਕਤ ਹੈ।" ਹਾਲਾਂਕਿ ਪ੍ਰੋਫੈਸਰ ਝੂ ਦੇ ਵਿਚਾਰ ਇਸ ਦੇ ਉਲਟ ਹੈ। ਉਹ ਕਹਿੰਦੇ ਹਨ, "ਸ਼ੁਰੂਆਤ ਤੋਂ ਹੀ ਭਾਰਤ ਦੀ ਵਿਦੇਸ਼ ਨੀਤੀ ਸੁਤੰਤਰ ਰਹੀ ਹੈ। ਗੁਟ ਨਿਰਪੱਖ ਅੰਦੋਲਨ ਵਿੱਚ ਉਹ ਅਹਿਮ ਨੇਤਾ ਸੀ। ਮੈਨੂੰ ਲਗਦਾ ਹੈ ਕਿ ਭਾਰਤ ਨੂੰ ਇਸੇ ਰਸਤੇ 'ਤੇ ਰਹਿਣਾ ਚਾਹੀਦਾ ਹੈ।"

ਇਸ ਕੂਟਨੀਤਕ ਪੈਂਤਰੇਬਾਜ਼ੀ ਵਿੱਚ ਅਗਲੇ ਕਦਮ ਬਹੁਤ ਸੋਚ-ਸਮਝ ਕੇ ਚੁੱਕਣੇ ਹੋਣਗੇ।

ਐੱਮਆਈਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਐਡਨ ਮਿਲਿਫ ਕਹਿੰਦੇ ਹਨ, "ਐੱਸ, ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਹਮੇਸ਼ਾ ਆਪਣੇ ਪੱਖ ਚੁਣੇਗਾ... ਜੇਕਰ ਇਹ ਬਿਆਨ ਸੱਚ ਹੈ ਤਾਂ ਇਹ ਭਾਰਤ ਦੀ ਆਪਣਾ ਸੁਤੰਤਰਤਾ ਲਈ ਆਵਾਜ਼ ਚੁੱਕਣ ਦੀ ਲੰਬੀ ਅਤੇ ਮਜ਼ਬੂਤ ਪਰੰਪਰਾ ਦਾ ਹੀ ਹਿੱਸਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)